کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਫ਼ਾਲਕਨ

ਫ਼ਾਲਕਨ

ਜਾਵੇਦ ਬੂਟਾ

October 29th, 2014

 

 

ਫ਼ਾਲਕਨ
(24 ਦਸੰਬਰ 1953 ਤੋਂ 17 ਫ਼ਰਵਰੀ 2014)
('ਅਕੈਡਮੀ ਆਫ਼ ਦੀ ਪੰਜਾਬ ਇਨ ਨਾਰਥ ਅਮਰੀਕਾ'(ਅਪਣਾ) ਦਾ ਇੱਕ ਮੁਢਲਾ ਥੰਮ)

ਜਾਵੇਦ ਬੂਟਾ
23 ਫ਼ਰਵਰੀ 2014
22 ਵਰ੍ਹੇ ਪਹਿਲਾਂ ਦੀ ਗੱਲ ਏ। ਮੈਂ ਉਦੋਂ ਵਾਸ਼ਿੰਗਟਨ ਡੀ ਸੀ ਵਿਚ ਟੈਕਸੀ ਚਲਾਉਂਦਾ ਸਾਂ, ਹੁਣ ਵੀ ਚਲਾਉਣਾ। ਉਦੋਂ ਸੈੱਲ (ਮੁਬਾਇਲ) ਫ਼ੋਨ ਅੱਜ ਵਾਂਗ ਆਮ ਨਹੀਂ, ਟਾਂਵੇਂ ਟਾਂਵੇਂ ਹੁੰਦੇ ਸਨ। ਲਗਭਗ ਹਰ ਟੈਕਸੀ ਡਰਾਈਵਰ ਨੇ ਆਪਣੀ ਸਹੂਲਤ ਲਈ ਆਪਣੀ ਟੈਕਸੀ ਵਿਚ (CB) 'Citizens Band’ ਰੇਡੀਓ ਰੱਖਿਆ ਹੁੰਦਾ ਸੀ। ਤਾਂ ਜੇ ਵਿਹਲੇ ਵੇਲੇ ਆਪਣੇ ਯਾਰਾਂ ਮਿੱਤਰਾਂ ਨਾਲ਼ ਗੱਪਾਂ ਵੀ ਵਢੇ ਤੇ ਲੋੜ ਪਾਰੋਂ ਇੱਕ ਦੂਜੇ ਦੀ ਮਦਦ ਵੀ ਕਰ ਸਕੇ ਤੇ ਇੱਕ ਦੂਜੇ ਤੋਂ ਮਦਦ ਵੀ ਮੰਗ ਸਕੇ। ਏਸ ਸੀ ਬੀ ਰੇਡੀਓ ਵਿਚ ਕੋਈ 40 ਕੁ ਪਬਲਿਕ ਚੈਨਲ ਹੁੰਦੇ ਸਨ। ਇੱਕ ਚੈਨਲ ਪੁਲਿਸ ਦਾ ਵੀ ਹੁੰਦਾ ਸੀ। ਲੋੜ ਵੇਲੇ ਕੋਈ ਇੱਤਲਾ ਦੇਣ ਜਾਂ ਮਦਦ ਮੰਗਣ ਲਈ। ਵੱਖ ਵੱਖ ਢਾਣੀਆਂ ਵੱਖੋ ਵੱਖ ਚੈਨਲਾਂ ਉਤੇ ਇੱਕ ਦੂਜੇ ਨਾਲ਼ ਰਾਬਤੇ ਵਿਚ ਰਹਿੰਦੀਆਂ ਸਨ। ਕੋਈ ਢਾਣੀ ਜਾਂ ਕੋਈ ਬੰਦਾ ਕਿਸੇ ਚੈਨਲ ਉਤੇ ਮੱਲ ਨਹੀਂ ਮਾਰ ਸਕਦਾ ਸੀ ਕਿਉਂਜੇ ਇਹ ਪਬਲਿਕ ਚੈਨਲ ਹੁੰਦੇ ਸਨ ਤੇ ਕੋਈ ਵੀ ਵਰਤ ਸਕਦਾ ਸੀ।
ਘਰੋਂ ਕੰਮ ਕਰਨ ਲਈ ਨਿਕਲ਼ਨਾ ਤਾਂ ਲਾਟੂ ਘੁਮਾ ਕੇ ਓਸੇ ਚੈਨਲ ਉਤੇ ਕਰ ਲੈਣਾ ਤਾਂ ਜੇ ਪਤਾ ਲੱਗੇ ਜੋ ਆਪਣੇ ਬੇਲੀਆਂ ਵਿਚੋਂ ਕਿਹੜਾ ਕਿਹੜਾ ਕੰਮ ਤੇ ਆਇਆ ਹੋਇਆ ਏ ਤੇ ਸਭੇ ਖ਼ੈਰਾਂ ਮੇਹਰਾਂ ਨੇਂ।
ਕਦੇ ਕਦਾਈਂ ਸਾਡੇ ਵਾਲੇ ਚੈਨਲ ਉਤੇ ਇੱਕ ਬੜੀ ਖਰਜਦਾਰ ਆਵਾਜ਼ ਸੁਣਾਈ ਦਿੰਦੀ ਸੀ। ਕੜਕਦਾਰ ਜਾਂ ਗਰਜਦਾਰ ਨਹੀਂ, 'ਖਰਜਦਾਰ'। ਕੜਕਦਾਰ ਤੇ ਗਰਜਦਾਰ ਆਵਾਜ਼ ਤੁਹਾਨੂੰ ਚੁਭਦੀ ਵੀ ਏ ਤੇ ਡਰਾਉਂਦੀ ਵੀ ਏ, ਪਰ ਏਸ ਖਰਜਦਾਰ ਆਵਾਜ਼ ਵਿਚ ਇੱਕ ਨਿੱਘ ਤੇ ਅਪਨ੍ਨੀਅਤ ਦਾ ਰਸ ਤੇ ਚੱਸ ਹੁੰਦਾ ਸੀ। ਇੱਕ ਦਿਨ ਏਸ ਖਰਜਦਾਰ ਆਵਾਜ਼ ਨੇ ਸਾਡੇ ਵਾਲੇ ਚੈਨਲ ਉਤੇ ਇੱਕ ਐਲਾਨ ਕੀਤਾ, ''ਮੇਰੇ ਘਰ ਪੁੱਤਰ ਹੋਇਆ ਏ। ਮੈਂ 'Grand Hyatt' ਹੋਟਲ ਦੇ ਨਾਲ਼ 10th ਸਟਰੀਟ ਉੱਤੇ ਖਲੋਤਾਂ, ਆ ਕੇ ਲੱਡੂ ਖਾਓ।'
ਮੈਂ ਗੱਲ ਆਈ ਗਈ ਕਰ ਛੱਡੀ। ਕੋਈ ਅੱਧੇ ਕੁ ਘੰਟੇ ਬਾਦੋਂ ਫੇਰ ਇਹੋ ਐਲਾਨ ਹੋਇਆ, ਪੁੱਤਰ ਜੰਮਣ ਦਾ ਤੇ ਲੱਡੂ ਖਾਣ ਦਾ। ਅਸੀਂ ਫੇਰ ਕੰਨਾ ਰੇਹੜੇ ਮਾਰ ਛੱਡੀ ਤੇ ਡਾਲਰਾਂ ਪਿੱਛੇ ਗੱਡੀ ਦੌੜਾਂਦੇ ਰਹੇ। ਲਗਭਗ ਇੱਕ ਘੰਟੇ ਬਾਦੋੰ ਏਸ ਖਰਜਦਾਰ ਆਵਾਜ਼ ਨੇ ਭਰਵੇਂ ਜੋਸ਼ ਤੇ ਨਿੱਘ ਨਾਲ਼ ਫੇਰ ਐਲਾਨ ਕੀਤਾ।
''ਮੈਂ ਅੱਜ ਕੰਮ ਨਹੀਂ ਕਰਨਾ ਐਥੇ ਈ 10th ਸਟਰੀਟ ਉੱਤੇ 'Grand Hyatt' ਹੋਟਲ ਦੇ ਨਾਲ਼ ਖਲੋਤਾ ਲੱਡੂ ਵੰਡ ਰਿਹਾਂ । ਮੇਰੇ ਘਰ ਪੁੱਤਰ ਹੋਇਆ ਏ ਆ ਕੇ ਲੱਡੂ ਖਾਓ। ਖੁੱਲਾ ਸੱਦਾ ਏ।''
ਮੈਂ ਕੋਈ ਚਾਰ ਪੰਜ ਬਲਾਕ ਈ ਦੂਰ ਸਾਂ ਓਸ ਵੇਲੇ। ਮੈਂ ਆਪਣੇ ਆਪ ਨੂੰ ਆਖਿਆ, 'ਚੱਲ ਮਨਾਂ ਲੱਡੂ ਖਾਈਏ'। ਮੈਂ ਗੱਡੀ ਓਧਰ ਨੂੰ ਤੋਰ ਦਿੱਤੀ। ਮੈਂ ਦੱਸ ਸਟਰੀਟ ਉੱਤੇ ਅਪੜਿਆ ਤਾਂ ਵੇਖਿਆ। ਤਿੰਨ ਚਾਰ ਗੱਡੀਆਂ ਖਲੋਤੀਆਂ ਨੇਂ, ਇੱਕ ਗੱਡੀ ਦੀ ਡਿੱਗੀ ਖੁੱਲੀ ਏ ਤੇ ਇੱਕ ਬੰਦਾ ਜਿਹਨੇ ਚਿੱਟਾ ਕੁੜਤਾ ਚਿੱਟੀ ਸ਼ਲਵਾਰ ਤੇ ਸਿਰ ਉੱਤੇ ਚਿੱਟੀ ਨਮਾਜ਼ੀਆਂ ਵਾਲੀ ਟੋਪੀ ਪਹਿਨੀ ਹੋਈ ਏ ਜਿਵੇਂ ਹੁਣੇ ਨਮਾਜ਼ ਪੜ੍ਹ ਕੇ ਆਇਆ ਏ ਜਾਂ ਪੜ੍ਹਨ ਲਈ ਚਲਿਆ ਏ, ਲੱਡੂ ਵੰਡ ਰਿਹਾ ਸੀ। ਮੈਂ ਵੀ ਗੱਡੀ ਇੱਕ ਪਾਸੇ ਖਲ੍ਹਾਰੀ ਤੇ ਅਗਾਂਹ ਓਹਦੇ ਵੱਲ ਹੋ ਗਿਆ। ਮੈਂ ਅਜੇ ਕੋਲ਼ ਅਪੜਿਆ ਈ ਸਾਂ ਕੇ ਓਹਨੇ ਮੇਰੇ ਬੋਲਣ ਤੋਂ ਪਹਿਲਾਂ ਈ ਲੱਡੂ ਮੇਰੇ ਹੱਥ ਫੜਾ ਦਿੱਤਾ, '' ਲਓ ਜੀ, ਲੱਡੂ ਖਾਓ।''
ਮੈਂ ਲੱਡੂ ਫੜਦਿਆਂ ਮੁਬਾਰਕ ਦਿੱਤੀ ਤੇ ਦੋ ਕੁ ਪੈਰ ਪਰਾਂਹ ਹੋ ਕੇ ਲੱਡੂ ਖਾਣ ਲੱਗ ਪਿਆ ਕਿਉਂ ਜੇ ਕਿਸੇ ਵੀ ਬੰਦੇ ਨਾਲ਼ ਮੇਰੀ ਕੋਈ ਵਾਕਫ਼ੀ ਨਹੀਂ ਸੀ। ਮੈਂ ਲੱਡੂ ਖਾ ਕੇ ਟੁਰਨ ਲੱਗਾ ਤਾਂ ਓਹਨੇ ਇੱਕ ਲੱਡੂ ਹੋਰ ਮੇਰੇ ਹੱਥ ਫੜਾਉਂਦਿਆਂ ਆਖਿਆ, ''ਇੱਕ ਹੋਰ ਖਾਓ ਜੀ।'' ਮੈਂ ਲੱਡੂ ਫੜਿਆ ਤੇ ਖਾਂਦਾ ਹੋਇਆ ਆਪਣੀ ਗੱਡੀ ਵਲੇ ਟੁਰ ਪਿਆ। ਲੱਡੂ ਮੁਕਾਇਆ ਤੇ ਗੱਡੀ ਸਟਾਰਟ ਕਰ ਕੇ ਆਪਣੀ ਰਾਹੇ ਪੈ ਗਿਆ।
ਮੈਂ ਤੇ ਮੇਰੇ ਮਿੱਤਰਾਂ ਦੀ ਢਾਣੀ ਰਾਤ ਨੂੰ ਕੰਮ ਕਰਦੀ ਸੀ। ਡਿਨਰ ਦਾ ਵੇਲ਼ਾ ਸੀ ਤੇ ਸਵਾਰੀਆਂ ਦੀ ਉਡੀਕ ਵਿਚ ਅਸੀਂ ਕੁਝ ਯਾਰ ਦੋਸਤ 'Ho Gates' ਰੈਸਟੋਰੈਂਟ ਦੇ ਟੈਕਸੀ ਸਟੈਂਡ ਤੇ ਖਲੋਤੇ ਗੱਪਾਂ ਵੱਢ ਰਹੇ ਸਾਂ।(ਸਾਊਥ ਵੈਸਟ ਵਾਸ਼ਿੰਗਟਨ ਡੀ ਸੀ ਵਿਚ ਪਟੋਮ੍ਕ ਦਰਿਆ ਦੇ ਕੰਡੇ ਮੱਛੀ ਮੰਡੀ ਏ ਤੇ ਓਹਦੇ ਨਾਲ਼ ਦਰਿਆ ਦੇ ਕੰਡੇ ਕੰਡੇ 'ਸੀ ਫ਼ੂਡ' ਦੇ ਵੱਡੇ ਵੱਡੇ ਰੈਸਟੋਰੈਂਟ ਨੇਂ ਜਿਹਨਾਂ ਵਿਚੋਂ ਇੱਕ ਦਾ ਨਾਂ ਸੀ 'Ho-gates'। ਓਹਨੂੰ ਢਾ ਦਿੱਤਾ ਗਿਆ ਏ ਤੇ ਅੱਜ ਕੱਲ੍ਹ ਓਥੇ 'ਟੈਨਿਸ ਕੋਰਟ' ਬਣਿਆ ਹੋਇਆ ਏ।) ਸ਼ੂੰ ਕਰ ਕੇ ਇੱਕ ਟੈਕਸੀ ਸਾਡੇ ਕੋਲ਼ ਆ ਕੇ ਰੁਕੀ ਤੇ ਓਹਦੇ ਵਿਚੋਂ ਓਹ ਲੱਡੂ ਵਰਤਾਓਣ ਵਾਲਾ ਬੰਦਾ ਉੱਤਰ ਕੇ ਸਾਡੇ ਵੱਲ ਵਧਿਆ ਜਿਹਦੇ ਨਾਲ਼ ਸੱਤ ਅੱਠ ਮਹੀਨੇ ਪਹਿਲਾਂ ਮੇਲ ਹੋਇਆ ਸੀ।
''ਸਲਾਮਾਂ ਲੈਕਮ! ਉਣਤਾਲ਼ੀ ਨੰਬਰ (ਟੈਕਸੀ) ਕਿਹੜੇ ਸਾਹਿਬ ਚਲਾਉਂਦੇ ਨੇਂ?'' ਓਹਨੇ ਆਪਣੀ ਖਰਜਦਾਰ ਆਵਾਜ਼ ਵਿਚ ਪੁੱਛਿਆ। ਅਸਾਂ ਸਾਰੇ ਬੇਲੀਆਂ ਹੈਰਾਨੀ ਨਾਲ਼ ਸਲਾਮ ਦਾ ਜਵਾਬ ਦਿੱਤਾ। ਮੇਰੇ ਕੰਨ ਖਲੋ ਗਏ। ਪਤਾ ਨਹੀਂ ਕੀ ਗੱਲ ਏ। ਖ਼ਬਰੇ ਕੋਈ ਗੜਬੜ ਹੋਈ ਏ ਮੇਰੇ ਤੋਂ। ''ਮੈਂ ਚਲਾਉਣਾ।'' ਮੈਂ ਆਖਿਆ।
''ਤੁਹਾਡਾ ਨਾਂ ਜਵੇਦ ਬੂਟਾ ਏ ? ''
''ਜੀ, ਮੇਰਾ ਨਾਂ ਜਾਵੇਦ ਬੂਟਾ ਏ।''
''ਮੇਰਾ ਨਾਂ ਫ਼ਾਲਕਨ ਏ। ਸੁਣਿਆ ਏ ਤੁਸੀਂ ਪੰਜਾਬੀ ਦੀਆਂ ਕੋਈ ਮੀਟਿੰਗਾਂ ਸ਼ੀਟਗਾਂ ਕਰਦੇ ਓ ?''
''ਜੀ ਕਰਨੇ ਆਂ।'' ਮੈਂ ਜਵਾਬ ਦਿੱਤਾ।
''ਕਿੱਥੇ ਕਰਦੇ ਓ ? ਮੈਨੂੰ ਵੀ ਦੱਸੋ। ਮੈਨੂੰ ਵੀ ਪੰਜਾਬੀ ਦਾ ਸ਼ੌਂਕ ਏ। ਮੈਂ ਵੀ ਆਉਣਾ ਚਾਹੁਣਾ।''
ਲਓ ਜੀ, ਫ਼ਾਲਕਨ ਹੋਰੀਂ ਸਾਡੇ ਨਾਲ਼ ਜੁੜ ਗਏ, ਜਾਂ ਓਨ੍ਹਾਂ ਸਾਨੂੰ ਆਪਣੇ ਨਾਲ਼ ਜੋੜ ਲਿਆ,ਜਾਂ ਅਸੀਂ ਓਨ੍ਹਾਂ ਨੂੰ ਆਪਣੇ ਨਾਲ਼ ਜੋੜ ਲਿਆ? ਖ਼ੈਰ ਸਾਂਝ ਬਣ ਗਈ ਤੇ ਪੀਂਘ ਪੈ ਗਈ।
ਵਾਸ਼ਿੰਗਟਨ ਡੀ ਸੀ ਵਿਚ H ਸਟਰੀਟ ਤੇ 5 ਸਟਰੀਟ ਨਾਰਥ ਵੈਸਟ ਦੀ ਨੁੱਕਰੇ ਇੱਕ ਹੋਟਲ ਏ ਮੇਰਾ ਖ਼ਿਆਲ ਏ ਜਿਹਦਾ ਨਾਂ 'Comfort inn' ਹੁੰਦਾ ਸੀ। ਅੱਜਕਲ੍ਹ ਓਹਦਾ ਨਾਂ ਏ 'Fairfield Inn'। 'ਤਖ਼ਤ ਲਹੌਰ' ਨਾਟਕ ਖੇਡਣ ਬਾਦੋੰ ਅਸੀਂ ਚਾਰ ਜਣੇ, ਫ਼ਾਲਕਨ, ਮਨਜ਼ੂਰ ਇਜਾਜ਼, ਫ਼ਾਰੂਕ ਅਹਿਮਦ ਤੇ ਮੈਂ (ਜਾਵੇਦ ਬੂਟਾ), ਏਸ ਹੋਟਲ ਦੇ ਰੈਸਟੋਰੈਂਟ ਵਿਚ ਹਫ਼ਤਾ ਵਾਰ ਬੈਠਕਾਂ ਕਰਨ ਲੱਗ ਪਏ। 1331 H ਸਟਰੀਟ ਉੱਤੇ ਫ਼ਾਰੂਕ ਹੋਰਾਂ ਦਾ ਰੈਸਟੋਰੈਂਟ ਸੀ, ਓਨ੍ਹਾਂ ਓਥੋਂ ਆ ਜਾਣਾ , ਚਾਰ ਤੇ ਪੰਜ ਸਟਰੀਟ ਦੇ ਵਿਚਾਲੇ 'ਆਈ' ਸਟਰੀਟ ਉੱਤੇ ਮਨਜ਼ੂਰ ਹੋਰਾਂ ਦਾ ਦਫ਼ਤਰ ਸੀ, ਓਹ ਵੀ ਪੰਜ ਵਜੇ ਛੁੱਟੀ ਬਾਦੋਂ ਓਥੇ ਆ ਜਾਂਦੇ ਸਨ। ਮੈਂ ਤੇ ਫ਼ਾਲਕਨ ਰਾਤ ਨੂੰ ਟੈਕਸੀ ਚਲਾਉਂਦੇ ਸਾਂ, ਅਸੀਂ ਵੀ ਘਰੋਂ ਭੋਰਾ ਛੇਤੀ ਨਿਕਲ਼ ਆਓਣਾ ਤੇ ਠਕ ਪੰਜ ਵਜੇ ਅੱਡੇ ਉੱਤੇ ਅੱਪੜ ਜਾਣਾ। ਘੰਟਾ ਡੇਢ ਜਾਂ ਦੋ ਘੰਟੇ ਗੱਪਾਂ ਵਢਨ੍ਨੀਆਂ, ਪੰਜਾਬੀ ਬਾਰੇ ਕੋਈ ਗੱਲਬਾਤ ਕਰਨੀ, ਪੰਜਾਬੀ ਦੀ ਕੋਈ ਕਹਾਣੀ, ਜਾਂ ਕੋਈ ਕਵਿਤਾ ਪੜ੍ਹਨੀ ਤੇ ਓਹਦੇ ਉਤੇ ਵਿਚਾਰ ਵਟਾਂਦਰਾ ਕਰਨਾ। ਚੜ੍ਹਦੇ ਲਹਿੰਦੇ ਪੰਜਾਬ ਵਿਚ ਪੰਜਾਬੀ ਦੀ ਸੂਰਤ-ਏ-ਹਾਲ ਬਾਰੇ ਵੀ ਵਿਚਾਰ ਵਟਾਂਦਰਾ ਕਰਨਾ। ਵਾਹਵਾ ਚਿਰ ਇਹ ਹਫ਼ਤਾ ਵਾਰ ਬੈਠਕ ਸਜਦੀ ਰਹੀ। ਫੇਰ ਇੱਕ ਦਿਨ ਸਾਨੂੰ ਇਹ ਵਿਚਾਰ ਫੁਰਿਆ, ਭਈ ਅਸੀਂ ਚਾਰੇ ਜਣੇ ਕਦੋਂ ਤਾਈਂ ਇੰਜ ਮਿਲਦੇ ਰਹਾਂਗੇ, ਕਿਉਂ ਨਾ ਇਹਦਾ ਘੇਰ ਮੋਕਲ਼ਾ ਕੀਤਾ ਜਾਏ, ਹੋਰ ਪੰਜਾਬੀ ਪਿਆਰੇਆਂ ਨੂੰ ਨਾਲ਼ ਰਲਾਇਆ ਜਾਏ, ਪੰਜਾਬੀ ਦੀ ਕੋਈ ਸੇਵਾ ਕੀਤੀ ਜਾਏ, ਕੋਈ ਆਰਗੈਨਾਈਜੇਸ਼ਨ ਬਣਾਈ ਜਾਏ।
ਲਓ ਜੀ, ਓਨ੍ਹਾਂ ਬੈਠਕਾਂ ਵਿਚ (ਅਪਣਾ) 'ਅਕੈਡਮੀ ਆਫ਼ ਦੀ ਪੰਜਾਬ ਇਨ ਨਾਰਥ ਅਮਰੀਕਾ' ਦੀ ਨੀਂਹ ਰੱਖੀ ਗਈ ਤੇ (ਅਪਣਾ) ਦਾ ਜਨਮ ਹੋ ਗਿਆ। ਇੱਕ ਹੋਰ ਠੁਕਵੇਂ ਪੰਜਾਬੀ ਪਿਆਰੇ ਸਫ਼ੀਰ ਰਾਮਾ ਵੀ ਸਾਡੇ ਨਾਲ਼ ਸਨ। ਅੱਜਕਲ੍ਹ ਤਾਂ (ਅਪਣਾ) ਦੀ ਵੈਬਸਾਇਟ ਦਾ ਸਾਰਾ ਭਾਰ ਓਨ੍ਹਾਂ ਦੇ ਮੋਢਿਆਂ ਨੇ ਈ ਚੁੱਕਿਆ ਹੋਇਆ ਏ।
ਫ਼ਾਲਕਨ ਹੋਰਾਂ ਦਾ ਅਸਲੀ ਨਾਂ ਮਹਿਮੂਦ ਰਜ਼ਾ ਤਾਰਿਕ ਏ। ਬਹੁਤੇਂਆਂ ਲੋਕਾਂ ਨੂੰ ਏਸ ਨਾਂ ਦਾ ਕੋਈ ਇਲਮ ਈ ਨਹੀਂ। ਕਾਰਨ ਇਹ ਏ ਕਿ ਵਾਸ਼ਿੰਗਟਨ ਡੀ ਸੀ ਵਿਚ (ਦੂਸਰੀਆਂ ਥਾਂਵਾਂ ਦਾ ਮੈਨੂੰ ਕੋਈ ਇਲਮ ਨਹੀਂ) ਟੈਕਸੀ ਡਰਾਈਵਰਾਂ ਨੇ ਆਪ ਜਾਂ ਓਨ੍ਹਾਂ ਦੇਆਂ ਮਿੱਤਰਾਂ ਸੀ ਬੀ ਰੇਡੀਓ ਉਤੇ ਆਵਾਜ਼ ਮਾਰਨ ਲਈ ਵੱਖੋ ਵੱਖ ਤੇ ਅਵਲੇ ਜਿਹੇ ਨਾਂ ਰੱਖੇ ਹੋਏ ਸਨ। ਜਿਵੇਂ ਮਨੇਜਰ, ਲ੍ਫ੍ਤਟੈਨੋ, ਚੇਅਰ ਮੈਨ, ਯੂਨੀਵਰਸਲ। ਡਾਇਨਾਮਾਇਟ, ਹਾਜੀ ਕੋਬਰਾ, ਮੂਨ ਲਾਈਟ, ਫ਼ਾਲਕਨ। ਹੋਰਾਂ ਬਾਰੇ ਤਾਂ ਮੈਨੂੰ ਕੋਈ ਖ਼ਾਸ ਚਾਨਣ ਨਹੀਂ ਭਈ ਓਨ੍ਹਾਂ ਦਾ ਨਾਂ ਓਨ੍ਹਾਂ ਦੀ ਸ਼ਖ਼ਸੀਅਤ ਨਾਲ਼ ਢੁੱਕਦਾ ਏ ਜਾਂ ਨਹੀਂ। ਪਰ ਮਹਿਮੂਦ ਰਜ਼ਾ ਤਾਰਿਕ ਦਾ ਨਾਂ 'ਫ਼ਾਲਕਨ' ਓਹਦੀ ਸ਼ਖ਼ਸੀਅਤ ਨਾਲ਼ ਸੋ ਫੀਸਦੀ ਠੁਕਵਾਂ ਢੁੱਕਦਾ ਏ। ਸ਼ਿਕਰੇ ਵਰਗੀ ਤਿਖੀ ਅੱਖ, ਮਾਮਲੇ ਦੇ ਧੁਰ ਅੰਦਰ ਜਾ ਵੜਦੀ। ਅੰਤਾਂ ਦਾ 'ਸ਼ਾਰਪ ਫ਼ੋਕਸ'। ਜਿਹੜਾ ਕੰਮ ਕਰਨ ਦੀ ਹਾਮ੍ਹੀ ਭਰ ਲਈ ਓਹ ਫੇਰ ਤੋੜ ਸਿਰੇ ਚਾੜ੍ਹ ਕੇ ਈ ਸਾਹ ਲੈਣਾ ਏ।
1995 ਵਿਚ ‘ਨਜਮ ਹੁਸੈਨ ਸੱਯਦ’ ਹੋਰਾਂ ਦਾ ਲਿਖਯਾ ਪੰਜਾਬੀ ਨਾਟਕ 'ਤਖ਼ਤ ਲਹੌਰ' ਸ਼ੁਰੂ੍ ਹੋਇਆ। ਓਹਦੇ ਵਿਚ ਪਾਤਰ ਬੜੇ ਸਨ ਪਰ ਸਾਨੂੰ ਐਕਟਰਾਂ ਦੀ ਥੋੜ ਸੀ। ਫ਼ਾਲਕਨ ਹੋਰੀਂ ਵੀ ਰੀਹਰਸਲਾਂ ਵਿਚ ਪੱਕ ਨਾਲ਼ ਆਉਂਦੇ ਸਨ ਤੇ ਬੜੀ ਰੀਝ ਨਾਲ਼ ਕੰਮਾਂ ਕਾਰਾਂ ਵਿਚ ਹੱਥ ਵੰਡਾਉਂਦੇ ਤੇ ਹੱਥ ਪੱਲਾ ਮਾਰਦੇ ਸਨ। ਜਿਹੜੇ ਪਾਤਰਾਂ ਲਈ ਐਕਟਰ ਅਜੇ ਨਹੀਂ ਲੱਭੇ ਸਨ ਓਨ੍ਹਾਂ ਪਾਤਰਾਂ ਦੇ ਮੁਕਾਲਮੇ ਪੜ੍ਹਨ ਦੀ ਜ਼ਿੰਮੇਵਾਰੀ ਫ਼ਾਲਕਨ ਹੋਰਾਂ ਆਪਣੇ ਸਿਰ ਲੈ ਲਈ। ਇੱਕ ਦਿਨ ਰੀਹਰਸਲ ਬਾਦੋਂ ਐਕਟਰਾਂ ਦੀ ਥੋੜ ਪਾਰੋਂ ਲੰਮਾ ਚੌੜਾ ਵਿਚਾਰ ਵਟਾਂਦਰਾ ਹੋਇਆ। ਰਲਵੀਂ ਸਲਾਹ ਨਾਲ਼ ਇੱਕ 'ਰੋਲ਼' ਫ਼ਾਲਕਨ ਹੋਰਾਂ ਨੂੰ ਖੇਡਣ ਲਈ ਆਖਿਆ ਗਿਆ। ਫ਼ਾਲਕਨ ਹੋਰਾਂ ਓਸ ਵੇਲੇ ਕੋਈ ਹਾਮ੍ਹੀ ਨਾ ਭਰੀ ਕਿਉਂਜੇ ਓਨ੍ਹਾਂ ਨੂੰ ਇਹੋ ਜਿਹਾ ਕੋਈ ਤਜਰਬਾ ਈ ਨਹੀਂ ਸੀ ਪਹਿਲਾਂ। ਖ਼ੈਰ ਅਗਲੀ ਰੀਹਰਸਲ ਤੇ ਫ਼ਾਲਕਨ ਹੋਰਾਂ ਆਉਂਦੇਆਂ ਈ ਭਰਵੇਂ ਜੋਸ਼ ਨਾਲ਼ ਹਾਮ੍ਹੀ ਭਰ ਲਈ। ਲਓ ਜੀ, ਕਮਾਲ ਦੀ ਗੱਲ ਇਹ ਏ ਕਿ ਫ਼ਾਲਕਨ ਹੋਰਾਂ ਇੱਕ ਨਹੀਂ ਦੋ 'ਰੋਲ਼ ਪੱਲੇ' ਕੀਤੇ। ਮੈਂ ਏਸ ਗੱਲ ਦਾ ਜਿਕਰ ਕਰਨਾ ਵੀ ਲਾਜ਼ਮੀ ਸਮਝਣਾ ਕਿ 'ਤਖ਼ਤ ਲਹੌਰ’ ਦੇ ਸਦਕੇ, ਅੱਲਾਹ ਬਖ਼ਸ਼ੇ 'ਅਨਿਲ ਗੁਲਾਟੀ' ਰੱਬ ਨੂੰ ਪਿਆਰੇ ਹੋ ਗਏ ਨੇਂ,ਸਾਡੇ ਨਾਲ ਰਲੇ। ਗੁਰਸ਼ਰਨ ਸਿੰਘ, ਰਾਜ ਵਿਰਕ ਤੇ ਭੂਪਿੰਦਰ ਸਹਿਗਲ ਵਰਗੇ ਪੰਜਾਬੀ ਪਿਆਰੇ ਸਾਡੇ ਨਾਲ਼ ਜੁੜੇ ਤੇ ਅੱਜ ਵੀ (ਅਪਣਾ) ਦੇ ਠੁਕਵੇਂ ਮੈਂਬਰ ਨੇਂ।
(ਅਪਣਾ) ਨੇ ਕਿਤਾਬਾਂ ਛਾਪਣ ਤੇ ਉਲੱਥੇ ਕਰਨ ਦਾ ਕੰਮ ਛੋਹਿਆ ਤਾਂ ਫ਼ਾਲਕਨ ਹੋਰਾਂ ਵੀ ਪੰਜਾਬੀ ਦੀ ਗੁਰਮੁਖੀ ਲਿਪੀ ਸਿੱਖੀ ਤੇ (ਅਪਣਾ) ਵੱਲੋਂ ਪੰਜਾਬੀ ਦੀ ਸ਼ਾਹਮੁਖੀ ਲਿਪੀ ਵਿਚ ਛਪਣ ਵਾਲੀ ਪਹਿਲੀ ਕਿਤਾਬ, ਪਾਸ਼ ਦੀ ਚੋਣਵੇਂ ਕਵਿਤਾ 'ਇਨਕਾਰ' ਵਿਚ ਹਿੱਸਾ ਪਾ ਦਿੱਤਾ।
(ਅਪਣਾ) ਦੀ ਹਫ਼ਤਾ ਵਾਰ ਇੱਕ ਬੈਠਕ ਵਿਚ ‘ਮੰਟੋ’ ਹੋਰਾਂ ਦਾ ਜਿਕਰ ਛਿੜਿਆ ਤੇ ਫ਼ਾਲਕਨ ਹੋਰਾਂ ਬੜੇ ਜੋਸ਼ ਨਾਲ਼ ਸਲਾਹ ਦਿੱਤੀ ਕਿ ‘ਮੰਟੋ’ ਹੋਰਾਂ ਦੀਆਂ ਚੋਣਵੀਆਂ ਕਹਾਣੀਆਂ ਦਾ ਪੰਜਾਬੀ ਵਿਚ ਉਲਥਾ ਕਰ ਕੇ (ਅਪਣਾ) ਵੱਲੋਂ ਇੱਕ ਪਰਾਗਾ ਛਾਪਣਾ ਚਾਹੀਦਾ ਏ ਭਾਵੇਂ ਪਹਿਲਾਂ ਵੀ ਪੰਜਾਬੀ ਵਿਚ ਓਨ੍ਹਾਂ ਦੀਆਂ ਕਹਾਣੀਆਂ ਦੇ ਉਲੱਥੇ ਛੁਪ ਚੁੱਕੇ ਨੇਂ। …ਗੱਲ ਆਈ ਗਈ ਹੋ ਗਈ, ਹਫ਼ਤਾ ਵਾਰ ਬੈਠਕਾਂ ਸਜਦੀਆਂ ਰਹੀਆਂ, ਫ਼ਾਲਕਨ ਹੋਰਾਂ ਵੀ ਮੁੜ ਆਪਣੀ ਓਸ ਜੋਸ਼ੀਲੀ ਸਲਾਹ ਦਾ ਕੋਈ ਜਿਕਰ ਨਾ ਕੀਤਾ।
ਲਗਭਗ ਮਹੀਨੇ ਡੇਢ ਬਾਦੋਂ ਹਫ਼ਤਾ ਵਾਰ ਬੈਠਕ ਦੀ ਕਾਰਵਾਈ ਸ਼ੁਰੂ੍ ਹੋਣ ਤੋਂ ਪਹਿਲਾਂ ਫ਼ਾਲਕਨ ਹੋਰਾਂ ਬੜੇ ਜੋਸ਼ ਨਾਲ਼ ਬੇਨਤੀ ਕੀਤੀ 'ਭਈ ਏਜੰਡੇ ਮੂਜਬ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਕੁਝ ਪਲ ਦਿਓ ਮੈਂ ਇੱਕ ਸ਼ੈ ਤੁਹਾਨੂੰ ਸੁਣਾਉਣੀ ਏ।'
ਸਰਕਾਰ ਮੇਰੀ, ਫ਼ਾਲਕਨ ਹੋਰਾਂ ‘ਮੰਟੋ’ ਦੀ ਕਹਾਣੀ 'ਟੀਟਵਾਲ ਕਾ ਕੁੱਤਾ' ਦਾ ਪੰਜਾਬੀ ਉਲਥਾ ਪੜ੍ਹਨਾ ਛੂਹ ਦਿੱਤਾ, ਸਾਰੀ ਮਹਿਫ਼ਲ ਦੀਆਂ ਅੱਖਾਂ ਟੱਡੀਆਂ ਤੇ ਮੂੰਹ ਖੁੱਲੇ ਰਹਿ ਗਏ, …ਏਸ ਕਦਰ ਸੋਹਣੀ ਤੇ ਨਿਰੋਲ ਬੋਲੀ, ਏਡਾ ਠੁਕਵਾਂ ਮੁਹਾਵਰਾ ਕਹਾਣੀ ਦੀ ਪੱਕੀ ਪੀਡੀ ਬਣਤਰ, ਓਹਦੀ ਟੋਰ, ਓਹਦਾ ਤੱਤ ਸੱਤ, …ਵਾਹ ਜੀ ਵਾਹ। ਇੰਜ ਜਾਪਦਾ ਸੀ ਇਹ ਉਰਦੂ ਤੋਂ ਉਲਥਾ ਨਹੀਂ ਬਲਕਿ ਇਹ ਕਹਾਣੀ ਅਸਲ ਵਿਚ ਪੰਜਾਬੀ ਵਿਚ ਈ ਲਿਖੀ ਗਈ ਹੋਵੇਗੀ। ਫ਼ਾਲਕਨ ਹੋਰਾਂ ਪੰਜਾਬੀ ਵਿਚ ਉਲੱਥ ਕੇ ਓਸ ਕਹਾਣੀ ਦਾ ਹੱਕ ਅਦਾ ਕਰ ਦਿੱਤਾ ਸੀ।
ਕੁਝ ਚਿਰਾਂ ਤੋਂ ਵਾਰ ਵਾਰ ਓਨ੍ਹਾਂ ਦਾ ਮਨ ਕਰਦਾ ਸੀ ਕਿ 'ਟੋਬਾ ਟੇਕ ਸਿੰਘ' ਨੂੰ ਪੰਜਾਬੀ ਨਾਟਕ ਦੀ ਸ਼ਕਲ ਦੇ ਕੇ ਸਟੇਜ ਉੱਤੇ ਖੇਡਿਆ ਜਾਏ। ਅਫ਼ਸੋਸ ਕਿ ਓਹ ਆਪਣੀ ਖੇਡ ਈ ਮੁਕਾ ਗਏ।
ਮੈਨੂੰ ਨਹੀਂ ਯਾਦ ਪੈਂਦਾ ਕਿ ਫ਼ਾਲਕਨ ਅੱਜ ਤਾਈਂ ਕਿਸੇ ਨਾਲ਼ ਲੜੇ ਝਗੜੇ ਹੋਣ। ਹਾਂ, ਇਖ਼ਤਲਾਫ਼ ਲਾਜ਼ਮੀ ਕਰਦੇ ਸਨ। ਇਖ਼ਤਲਾਫ਼ ਵੀ ਬਰਾਏ ਇਖ਼ਤਲਾਫ਼ ਨਹੀਂ। ਓਹਦੇ ਪਿੱਛੇ ਠੁਕਵੀਂ ਦਲੀਲ ਤੇ ਭਰਵਾਂ ਲਾਜਕ ਹੁੰਦਾ ਸੀ। ਤੇ ਹਿਮਾਇਤ ਵੀ ਓਸੇ ਤਰ੍ਹਾਂ ਈ, ਬਰਾਏ ਸ਼ਖ਼ਸੀਅਤ ਨਹੀਂ।
… ਫ਼ਾਲਕਨ ਹੋਰਾਂ ਕੁਝ ਅਰਸਾ ਟੈਕਸੀ ਛੱਡ ਕੇ 'Limousine' ਚਲਾਉਣੀ ਸ਼ੁਰੂ ਕਰ ਦਿੱਤੀ ਸੀ। 'Limousine' ਵਿਚ ਆਮ ਬੰਦਾ ਤਾਂ ਬੈਠਦਾ ਈ ਨਹੀਂ। ਪੇਸ਼ਗੀ ਬੁਕਿੰਗ ਹੁੰਦੀ ਏ। ਭਾਰੀਆਂ ਤੇ ਉੱਚੇ ਕੱਦ ਕਾਠ ਵਾਲੀਆਂ ਸ਼ਖ਼ਸੀਅਤਾਂ ਈ ਇਹ ਮਹਿੰਗੀ ਸਵਾਰੀ ਵਰਤਦੀਆਂ ਨੇਂ। ਮੇਰੇ ਨਾਲ਼ ਜਦੋਂ ਵੀ ਮੇਲ ਹੋਣਾ ਜਾਂ ਫ਼ੋਨ ਰਾਹੀਂ ਗੱਲਬਾਤ ਹੋਣੀ ਤਾਂ ਓਨ੍ਹਾਂ ਦੱਸਣਾ, …ਅੱਜ ਮੇਰਾ ਫ਼ਲਾਣੇ ਸੈਨੇਟਰ ਨਾਲ਼ ਜਾਂ ਕਾਂਗਰਸ ਮੈਨ ਨਾਲ਼ ਮੇਲ ਹੋਇਆ ਏ, ਅੱਜ ਫ਼ਲਾਣੇ ਟੀ ਵੀ ਚੈਨਲ ਦੇ ਫ਼ਲਾਣੇ ਬੰਦੇ ਨਾਲ਼ ਟਾਕਰਾ ਹੋਇਆ ਏ। ਫ਼ਲਾਣੇ ਅਖ਼ਬਾਰ ਦੇ ਰਿਪੋਰਟਰ ਜਾਂ ਫ਼ਲਾਣੇ ਜਰਨਲਿਸਟ ਨਾਲ਼ ਮੇਲ ਹੋਇਆ ਏ। 'ਬੜੀਆਂ ਖੁੱਲ੍ਹ- ਖੁਲਾਕੇ ਗੱਲਾਂ ਹੋਈਆਂ ਨੇਂ। ਭਾਈਆਨ (ਭਾਈ ਜਾਨ), ਮੈਂ ਵੀ ਫੇਰ ਖਰੀਆਂ ਖਰੀਆਂ ਸੁਣਾਈਆਂ'’। …ਮੈਂ ਆਖਣਾ, 'ਯਾਰ ਫ਼ਾਲਕਨ ਹੱਥ ਹੋਲਾ ਰੱਖਿਆ ਕਰ ਜੇ ਓਨ੍ਹਾਂ ਤੇਰੀ ਕੰਪਨੀ ਨੂੰ ਸ਼ਿਕਾਇਤ ਕਰ ਦਿੱਤੀ ਤਾਂ ਕਿਧਰੇ ਨੌਕਰੀ ਨਾ ਜਾਂਦੀ ਰਵੇ ਤੇਰੀ'। ਅੱਗੋਂ ਜਵਾਬ ਕੀ ਆਓਣਾ, 'ਵੇਖੋ ਜੀ ਫ਼ਰੀ ਕੰਟਰੀ ਏ। ਹਰ ਇੱਕ ਨੂੰ ਬੋਲਣ ਦਾ ਹੱਕ ਏ। ਕੀ ਕਰ ਲੈਣਗੇ ਮੇਰਾ? ਬਹੁਤਾ ਹੋਵੇਗਾ ਤਾਂ ਛੁੱਟੀ ਦੇ ਦੇਣਗੇ ਫਾਹੇ ਤਾਂ ਨਹੀਂ ਲਾ ਦੇਣਗੇ ਨਾ ਮੈਨੂੰ। ਵੇਖੋ ਜੀ, ਠੀਕ ਏ ਹੁਣ ਇਹੋ ਈ ਸਾਡਾ ਮੁਲਕ ਏ। ਮਰਨ ਜੀਵਨ ਇਹਦੇ ਨਾਲ਼ ਐਥੇ ਈ ਏ, ਪਰ ਯਾਰ ਜੀ, ਜੰਮੇ ਪਲੇ ਤਾਂ ਪਾਕਿਸਤਾਨ ਵਿਚ ਆਂ। ਜਨਮ ਭੂਮੀ ਦੀ ਪੀੜ ਤਾਂ ਰਹਿੰਦੀ ਏ ਨਾ ਸਾਰੀ ਹਯਾਤੀ’।
ਯਾਰਾਂ ਨਾਲ਼ ਯਾਰੀਆਂ ਵੀ ਆਪਣੇ ਆਪਣੇ ਅੰਗ ਪੱਖ ਤੋਂ ਵੱਖੋ ਵੱਖ ਢ੍ਬ ਦੀਆਂ। ਜੇ ਕਿਸੇ ਮਿੱਤਰ ਨੂੰ ਸੰਗੀਤ ਦਾ ਸ਼ੌਂਕ ਏ ਤਾਂ ਓਹਦੇ ਲਈ ਕਲਾਸੀਕਲ ਤੋਂ ਲੈ ਕੇ ਫੋਕ, ਲੋਕ ਤੇ ਫ਼ਿਲਮੀ ਸੰਗੀਤ ਦੀਆਂ ਨਵੀਆਂ ਪੁਰਾਣੀਆਂ ਸ਼ੈਵਾਂ ਦੀ ਸਾਂਝ ਪਾਓਣੀ। ਉਰਦੂ ਦੇ ਸ਼ੌਂਕੀ ਮਿੱਤਰ ਨਾਲ਼ ਉਰਦੂ ਦੀ ਸਾਂਝ। ਪੰਜਾਬੀ ਦੇ ਸਮੁੰਦਰ ਵਿਚੋਂ ਤਾਂ ਟੁੱਭੀਆਂ ਮਾਰ ਮਾਰ ਕੇ ਨਵੇਂ ਨਵੇਂ ਤੇ ਅਵੱਲੇ ਮੋਤੀ ਕੱਢ ਕੇ ਲਿਆਓਣੇ ਤੇ ਪੰਜਾਬੀ ਪਿਆਰੇਆਂ ਨਾਲ਼ ਸਾਂਝੇ ਕਰਨੇ। ਸਿਆਸੀ ਮਿੱਤਰਾਂ ਨਾਲ਼ ਸਿਆਸੀ ਭਾਈਵਾਲੀ। ਛੜੀ ਸਾਂਝ ਈ ਨਹੀਂ ਪਾਓਣੀ ਬਲਕਿ ਵਿਚਾਰ ਵਟਾਂਦਰਾ ਵੀ ਕਰਨਾ ਤੇ ਉਸ਼ਕਲ ਵੀ ਦੇਣੀ, ਭਈ ਏਸ ਪੱਖ ਤੋਂ ਵੀ ਸੁਣੋ, ਵੇਖੋ, ਪੜ੍ਹੋ ਤੇ ਸੋਚ ਵਿਚਾਰ ਵੀ ਕਰੋ।
ਬੇਲਾਗ ਯਾਰੀ ਦਾ ਚੱਸ ਤਾਂ ਓਹਦੇ ਪਰਵਾਰ ਨਾਲ਼ ਮੇਲ ਪਾਰੋਂ ਹੁੰਦਾ ਸੀ। ਓਹਦੇ ਘਰ ਵਾਲੇ ਇੰਜ ਆਦਰ ਤੇ ਟਹਿਲ ਸੇਵਾ ਕਰਦੇ ਸਨ ਜਿਵੇਂ ਅਸੀਂ ਫ਼ਾਲਕਨ ਦੇ ਯਾਰ ਬੇਲੀ ਨਹੀਂ ਬਲਕਿ ਪੀਰ ਮੁਰਸ਼ਦ ਆਂ।
ਕੁਝ ਅਰਸੇ ਤੋਂ ਫ਼ਾਲਕਨ ਭੋਰਾ ਉਖੜੇ ਉਖੜੇ ਜਾਪਦੇ ਸਨ। ਓਨ੍ਹਾਂ ਦਾ ਬਹਿਣ ਖਲੋਣ, ਮਿਲਣ ਵਰਤਣ, ਗੱਲਬਾਤ, ਵੇਖਣ ਚਾਖਣ ਦਾ ਢੰਗ ਵਾਹਵਾ ਬਦਲ ਗਿਆ ਸੀ। ਜਿਵੇਂ ਓਹ ਥਿੜਕ ਗਏ ਹੋਣ ਆਪਣੀ ਲੀਹ ਤੋਂ ਜਾਂ ਕੋਈ ਸ਼ੈ ਖੜਇਚ ਗਈ ਹੋਵੇ ਤੇ ਓਹਨੂੰ ਲੱਭ ਰਹੇ ਹੋਣ। ਸ਼ਿਕਰੇ ਦੀ ਅੱਖ ਵਿਚ ਵੇਖੇਆਂ ਇੰਜ ਜਾਪਦਾ ਸੀ ਜਿਵੇਂ ਓਹਨੂੰ ਕਿਸੇ ਸ਼ੈ ਦੀ ਭਾਲ਼ ਏ। ਸ਼ਿਕਰਾ ਓਸ ਕੂੰਜ ਵਾਂਗ ਜਾਪਣ ਲੱਗ ਪਿਆ ਸੀ ਜਿਹੜੀ ਆਪਣੀ ਡਾਰ ਤੋਂ ਵਿਛੜ ਗਈ ਹੋਵੇ ਤੇ ਆਪਣੀ ਡਾਰ ਦੇ ਵਿਛੋੜੇ ਵਿਚ ਅੰਦਰੋਂ ਅੰਦਰ ਕੁਰਲਾ ਰਹੀ ਹੋਵੇ। ਤਬੀਅਤ ਦੇ ਟਿੱਕਾ ਦੀ ਥਾਂ ਬੇਚੈਨੀ ਨੇ ਮੱਲ ਮਾਰ ਲਈ ਸੀ। ਖ਼ਬਰੇ ਇਹੋ ਕਾਰਨ ਸੀ ਜੋ ਫ਼ਾਲਕਨ ਹੋਰਾਂ ਨਾਲ਼ ਪਿਛਲੇ ਕੁਝ ਵਰ੍ਹਿਆਂ ਤੋਂ ਮੇਲ ਮੁਲਾਕਾਤਾਂ ਘਟਣ ਲੱਗ ਪਈਆਂ,…ਮੇਲ ਹੋਣਾ, ਤਾਂ ਹੂੰ ਹਾਂ ਤੋਂ ਅਗਾਂਹ ਗੱਲ ਈ ਨਾ ਟੁਰਨੀ, …ਫ਼ੋਨ ਰਾਹੀਂ ਵੀ ਰਾਬਤਾ ਘੱਟ ਗਿਆ, …ਮੈਂ ਫ਼ੋਨ ਕਰਨਾ ਤਾਂ ਦੋ ਦੋ ਦਿਨਾਂ ਬਾਦੋਂ ਜਵਾਬ ਮਿਲਣਾ, …ਫੇਰ ਓਹਦੇ ਬਾਕਾਇਦਾ ਫ਼ੋਨ ਆਓਣ ਲੱਗ ਪਏ। ਸਵਾਦੀ ਗੱਲ ਇਹ ਸੀ ਕਿ ਫ਼ੋਨ ਫ਼ਾਲਕਨ ਹੋਰਾਂ ਕਰਨਾਂ ਤੇ ਗੱਲਾਂ ਮੈਂ ਕਰਨੀਆਂ। ਫ਼ਾਲਕਨ ਹੋਰਾਂ ਦਾ ਜਵਾਬ ਹੂੰ ਹਾਂ, ਠੀਕ ਏ ਜੀ, ਅੱਛਾ ਜੀ, ਦਾ ਹੱਦ ਬਿਨਾ ਨਹੀਂ ਸੀ ਟੱਪਦਾ। ਖਰਜਦਾਰ ਨਿੱਘੀ ਆਵਾਜ਼ ਠੰਡੀ ਤੇ ਮਿੱਠੀ ਪੈ ਗਈ ਸੀ। ਰਾਬਤਾ ਫੇਰ ਟੁੱਟ ਗਿਆ। …ਯਾਰਾਂ ਬੇਲੀਆਂ ਤੋਂ ਪੁੱਛਗਿੱਛ ਕੀਤੀ, ਕਿਸੇ ਨਾਲ਼ ਕੋਈ ਰਾਬਤਾ ਨਹੀਂ।
ਇੱਕ ਦਿਨ ਅਚਨਚੇਤ ਫ਼ਾਲਕਨ ਹੋਰਾਂ ਦੀ ਖਰਜਦਾਰ ਲਿਸ਼ਕਦੀ ਨਿੱਘੀ ਆਵਾਜ਼ ਵਿਚ ਫ਼ੋਨ ਆ ਗਿਆ।
''ਸਲਾਮਾਂ ਲੈਕਮ!, ਭਾਈਆਨ, ਮੈਂ ਇਥੇ Fairfax ਹਸਪਤਾਲ ਵਿਚ ਆਂ ਪਿਛਲੇ ਦਸਾਂ ਕੁ ਦਿਨਾਂ ਤੋਂ। ਮੇਰੇ ਪੱਟ ਦਾ ਇੱਕ ਬੜਾ ਪੁਰਾਣਾ ਫੱਟ ਖੁਲ ਗਿਆ ਸੀ। ਠੀਕ ਹੋ ਗਿਆ ਏ। ਇਲਾਜ ਕਰਦਿਆਂ ਡਾਕਟਰਾਂ ਨੂੰ ਪਤਾ ਲੱਗਾ ਏ ਕਿ ਮੈਨੂੰ ਬੜਾ ਡਾਢਾ 'ਡਿਪਰੈਸ਼ਨ' ਏ। ਮੈਂ ਘਰ ਨਹੀਂ ਜਾ ਸਕਦਾ ਏਸ ਲਈ ਓਨ੍ਹਾਂ ਮੈਨੂੰ 'Psychiatric' ਵਾਰਡ ਵਿਚ ਭੇਜ ਦਿੱਤਾ ਏ। ਮੈਂ ਸੋਚਿਆ ਮੈਂ ਤੁਹਾਨੂੰ ਦੱਸ ਦੇਆਂ ਹੁਣ ਮੈਂ ਠੀਕ ਆਂ”। ਹਸਪਤਾਲ ਦਾ ਸੁਣ ਕੇ ਮੇਰਾ ਤਰਾਹ ਨਿਕਲ਼ ਗਿਆ ਪਰ ਆਵਾਜ਼ ਦੀ ਲਿਸ਼ਕ ਨੇ ਹੌਸਲਾ ਵੀ ਬੜਾ ਦਿੱਤਾ। ਮੈਂ ਆਪਣੇ ਇੱਕ ਸਾਂਝੇ ਬੇਲੀ 'ਗੌਹਰ ਖ਼ਾਂ' ਨੂੰ ਦੱਸਿਆ ਤੇ ਅਸੀਂ ਰਲ਼ ਕੇ ਓਸੇ ਦਿਨ ਲੌਢੇ ਵੇਲੇ ਹਸਪਤਾਲ ਜਾ ਅੱਪੜੇ। ਪਹਿਲੇ ਵਾਲਾ ਫੁਰਤੀਲਾ ਫ਼ਾਲਕਨ ਵੇਖ ਕੇ, ਖਰਜਦਾਰ ਨਿੱਘੀ ਆਵਾਜ਼ ਸੁਣ ਕੇ ਮਨ ਬੜਾ ਰਾਜ਼ੀ ਹੋਇਆ। ਪੁਰਾਣੇ ਵੇਲੇ ਚਿਤਾਰਦਿਆਂ ਰੱਜ ਕੇ ਗੱਪਾਂ ਵਢੀਆਂ। ਦੋ ਦਿਨਾਂ ਬਾਦੋਂ ਫ਼ਾਲਕਨ ਹੋਰਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਤੇ ਮੇਲ ਮੁਲਾਕਾਤਾਂ ਵੀ ਫੇਰ ਤੋਂ ਚਾਲੂ ਹੋ ਗਈਆਂ।
ਦਿਲ ਦਾ ਪਸਾਰ ਰੱਜ ਕੇ ਮੋਕਲ਼ਾ, ਆਪਣੀ ਕੋਈ ਭੁੱਲ, ਬੁਰਾਈ ਜਾਂ ਕਮਜ਼ੋਰੀ ਲੁਕਾਓਣ ਦਾ ਤਾਂ ਵੱਲ ਈ ਨਹੀਂ ਸੀ ਓਸ ਬੰਦੇ ਨੂੰ। …ਮੇਰਾ ਪਿਛਲੇ ਕੋਈ ਇੱਕ ਡੇਢ ਮਹੀਨੇ ਤੋਂ ਓਹਦੇ ਨਾਲ਼ ਕੋਈ ਰਾਬਤਾ ਨਹੀਂ ਸੀ ਹੋ ਰਿਹਾ। ਇਹ ਕੋਈ ਅਵੱਲੀ ਗੱਲ ਨਹੀਂ ਸੀ ਸ਼ਿਕਰਾ ਕਦੇ ਕਦੇ ਉੱਚੀ ਉਡਾਰੀ ਮਾਰ ਜਾਈਆ ਕਰਦਾ ਸੀ। ਘਰ ਵੀ ਬਦਲੀ ਕਰ ਰਿਹਾ ਸੀ। ਰੁੱਤ ਵੀ ਖ਼ਰਾਬ ਸੀ, ਬਰਫ਼ਬਾਰੀ ਤੇ ਅੰਤਾਂ ਦੀ ਠੰਡ। ਮੇਰੀ ਤਬੀਅਤ ਵੀ ਵਾਹਵਾ ਖ਼ਰਾਬ ਰਹੀ। ਮੇਰੇ ਫ਼ੋਨ ਦਾ ਵੀ ਕੋਈ ਜਵਾਬ ਨਹੀਂ ਆਉਂਦਾ ਸੀ।
ਇੱਕ ਦਿਨ ਅਚਨਚੇਤ ਫ਼ਾਲਕਨ ਹੋਰਾਂ ਦਾ ਫ਼ੋਨ ਆ ਗਿਆ। ਸਲਾਮ ਦੁਆ ਤੇ ਖ਼ੈਰ ਖੈਰੀਅਤ ਪੁੱਛਣ ਦੱਸਣ ਬਾਦੋਂ ਮੈਂ ਉਲਾਮ੍ਹਾ ਦਿੱਤਾ, ''ਯਾਰ ਫ਼ਾਲਕਨ ਤੈਨੂੰ ਬੜੇ ਫ਼ੋਨ ਕੀਤੇ ਨੇਂ, ਕੋਈ ਜਵਾਬ ਈ ਨਹੀਂ।''
ਅੱਗੋਂ ਜਵਾਬ ਕੀ ਮਿਲਦਾ ਏ, ''ਭਾਈਆਨ (ਭਾਈ ਜਾਨ), ਜਵਾਬ ਕਿਥੋਂ ਮਿਲਦਾ ਤੁਹਾਨੂੰ। ਫ਼ੋਨ ਈ ਕੱਟਿਆ ਹੋਇਆ ਸੀ। ਬਿਲ ਈ ਨਹੀਂ ਸੀ ਦਿੱਤਾ। ਬਿਲ ਤਾਰ ਦਿੱਤਾ ਏ। ਫ਼ੋਨ ਚਾਲੂ ਹੋ ਗਿਆ ਏ।''
ਮੇਰਾ ਹਾਸਾ ਨਿਕਲ਼ ਗਿਆ ਤੇ ਮੈਂ ਆਖਿਆ ''ਤੇ ਫੇਰ ਮੁਲਾਕਾਤ ਪਾਓ।''
''ਠੀਕ ਏ। ਕੰਮ ਤੇ ਨਿਕਲੋ ਤਾਂ ਸ਼ਹਿਰ ਆ ਕੇ ਟੱਲੀ ਖੜਕਾ ਦੇਣਾ ਮੁਲਾਕਾਤ ਹੋ ਜਾਏਗੀ।'' ਹੁੰਦਾ ਵੀ ਇੰਜ ਈ ਸੀ।
17 ਫ਼ਰਵਰੀ ਨੂੰ ਮੈਂ ਇਹ ਸੋਚ ਕੇ ਛੇਤੀ ਨਾਸ਼ਤਾ ਕੀਤਾ ਕਿ ਲਗਭਗ ਡੇਢ ਮਹੀਨਾ ਹੋ ਗਿਆ ਏ ਕੰਮ ਨਹੀਂ ਕੀਤਾ, ਮਨਾ! ਚੱਲ ਸ਼ਹਿਰ ਫੇਰਾ ਟੋਰਾ ਈ ਮਾਰ ਆਈਏ। ਹੋਰ ਕੁਝ ਨਹੀਂ ਤਾਂ ਸੁਸਤੀ ਝੜੇਗੀ। ਮੌਸਮ ਤੇ ਤਬੀਅਤ ਦੀ ਖ਼ਰਾਬੀ ਦਾ ਪੱਜ ਵੀ ਮੁਕੇਗਾ।
ਉਤੇ ਆਪਣੇ ਕਮਰੇ ਵਿਚ ਜਾ ਕੇ ਕੱਪੜੇ ਬਦਲਣ ਲਈ ਪੌੜ੍ਹੀਆਂ ਚੜ੍ਹਦਿਆਂ ਮੇਰਾ ਧਿਆਣ ਹੱਥ ਵਿਚ ਫੜੇ ਮੁਬਾਇਲ ਫ਼ੋਨ ਦੀ ਚਮਕਾਰੇ ਮਾਰਦੀ ਲਾਲ਼ ਬੱਤੀ ਉਤੇ ਪਿਆ। ਮੈਂ ਆਦਤ ਮੂਜਬ ਬੇਧਿਆਨੇ ਵੇਖਣ ਲੱਗ ਪਿਆ ਭਈ ਮੈਂ ਕੀਹਦਾ ਫ਼ੋਨ ਮਿਸ ਕੀਤਾ ਏ? ਫ਼ੋਨ ਤਾਂ ਨਹੀਂ ਟੈਕਸਟ ਮੈਸਿਜ ਸੀ। ਮੈਸਿਜ ਦੀ ਮੈਨੂੰ ਸਮਝ ਨਾ ਪਈ ਜਾਂ ਖ਼ਬਰੇ ਮੈਂ ਸਮਝਣਾ ਈ ਨਹੀਂ ਚਾਹੁੰਦਾ ਸਾਂ। ਮੈਂ ਝਬਦੇ ਫ਼ੋਨ ਬੰਦ ਕਰ ਦਿੱਤਾ ਪਰ ਮਨ ਵਿਚ ਕਾਂਬਾ ਛਿੜ ਪਿਆ ਸੀ। ਪੌੜ੍ਹੀਆਂ ਦੇ ਜੰਗਲੇ ਕੋਲ਼ ਝੱਟ ਕੁ ਖਲੋ ਕੇ ਬੜੀ ਹਿੰਮਤ ਨਾਲ਼ ਮੈਸਿਜ ਫੇਰ ਪੜ੍ਹਿਆ,
GOHAR KHAN: AOA how r u Bhai Jan Our loving friend Falcon has passed away this morning
ਲਗਭਗ ਅੱਧਾ ਘੰਟਾ ਡੋਰ ਭੋਰਾ ਅੱਖਾਂ ਪਾੜ ਪਾੜ ਕੇ ਪੁਲਾੜ ਵਿਚ ਝਾਤੀਆਂ ਮਾਰਦਾ ਰਿਹਾ। ਮਨ ਇਹ ਖ਼ਬਰ ਮੰਨਣ ਲਈ ਰਾਜ਼ੀ ਨਹੀਂ ਹੋ ਰਿਹਾ ਸੀ। ਪਰ ਹਕੀਕਤ ਤਾਂ ਹਕੀਕਤ ਸੀ।
ਅੱਧੀ ਰਾਤ ਬਾਦੋਂ ਸਵਾ ਕੁ ਦੋ ਵਜੇ 'ਫੇਸ ਬੁੱਕ' ਉਤੇ ਮਿੱਤਰਾਂ ਨੂੰ ਫੁੱਲਾਂ ਦਾ ਇੱਕ ਗੁਲਦਸਤਾ ਤੇ 'Have a nice day' ਪੋਸਟ ਕਰ ਕੇ ਬੰਦਾ ਇਹੋ ਜਿਹਾ ਸੁੱਤਾ ਕਿ ਸਵੇਰੇ ਉਠਿਆ ਈ ਨਹੀਂ। ਖ਼ਬਰੇ ਕਿਹੜੇ ਵੇਲੇ 'Brain Hemorrhage' ਹੋਇਆ ਤੇ ਸ਼ਿਕਰਾ ਹਮੇਸ਼ਾਂ ਲਈ ਉਡਾਰੀ ਮਾਰ ਗਿਆ। ਰੱਬ ਓਨ੍ਹਾਂ ਨੂੰ ਬਹਿਸ਼ਤ ਵਿਚ ਠੰਢੀਆਂ ਹਵਾਵਾਂ ਦੀ ਨਿੱਘ ਵਿਚ ਸੁਖੀ ਰੱਖੇ। ਆਮੀਨ!

ਫ਼ਾਲਕਨ ਨਾਲ਼ ਮੁਲਾਕਾਤ ਨਾ ਹੋਣ ਦੀ ਸੂਲ ਤਾ ਹਯਾਤੀ ਮੇਰੇ ਜਿਗਰ ਵਿਚ ਰੜਕਦੀ ਰਹੇਗੀ।
-------*-------

 

More

Your Name:
Your E-mail:
Subject:
Comments: