ਮੁਢਲਾ ਵਰਕਾ > ਹੀਰ ਵਾਰਿਸ ਸ਼ਾਹ: ਬੰਦ 90
ਚੂਚਕ ਆਖਿਆ ਕੂੜੀਆਂ ਕਰੇਂ ਗੱਲਾਂ ਹੀਰ ਖੇਡਦੀ ਨਾਲ ਸਹੇਲੀਆਂ ਦੇ ਪੀਂਘਾਂ ਪਾਇਕੇ ਸਈਆਂ ਦੇ ਨਾਲ ਝੂਟੇ ਤ੍ਰਿੰਜਣ ਜੋੜਦੀ ਵਿਚ ਹਵੇਲੀਆਂ ਦੇ ਇਹ ਚੁਗ਼ਲ ਜਹਾਨ ਦਾ ਮਗਰ ਲੱਗਾ ਫ਼ਕ਼ਰ ਜਾਂਦੇ ਹੋ ਨਾਲ ਸਹਿਲੀਆਂ ਦੇ ਕਦੀ ਨਾਲ ਮਦਾਰੀਆਂ ਭੰਗ ਘੋਟੇ ਕਦੀ ਜਾਂਚੇ ਨਾਲ ਚੇਲਿਆਂ ਦੇ ਨਹੀਂ ਚੂੜ੍ਹੇ ਦਾ ਪੁੱਤ ਹੋ ਸਈਅਦ ਘੋੜੇ ਹੋਣ ਨਹੀਂ ਪੁੱਤਰ ਲੇਲਿਆਂ ਦੇ ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ
ਔਖੇ ਲਫ਼ਜ਼ਾਂ ਦੇ ਮਾਅਨੇ
ਕੂੜੀਆਂ: ਝੂਠੀਆਂ ਸੇਲ੍ਹੀ: ਬੱਕਰੀਆਂ ਦੀ ਹੱਤ ਯਾਂ ਕਾਲੀ ਉੰਨ ਦ ਪਤਲੀ ਰੱਸੀ ਜਿਹੜੀ ਸਥਰ ਤੇ ਫ਼ਕੀਰਾਂ ਦੇ ਗਲ਼ ਵਿਚ ਪੰਜ ਛੇ ਘੇਰੀਆਂ ਵਿਚ ਹੁੰਦੀ ਸੀ। ਮਦਾਰੀ: ਹਜ਼ਰਤ ਸ਼ਾਹ ਮਦਾਰ ਨੂੰ ਮੰਨਣ ਵਾਲੇ ਜੱਟਾ-ਧਾਰੀ ਫ਼ਕੀਰ
ਸਿੱਧੇ ਮਾਅਨੇ
[ਹੀਰ ਦੇ ਪਿਓ ਚੂਚਕ ਨੇ ਕੈਦੋ ਨੂੰ ਜਵਾਬ ਦਿੰਦਿਆਂ ਕਹਿਆ] ਤੂਂ ਝੂਠੀ ਗੱਲਾਂ ਕਰ ਰਿਹਾ ਹੈਂ ਕਿਉਂ ਜੇ ਹੀਰ ਤੇ ਸਹੇਲੀਆਂ ਨਾਲ ਖੇਡਦੀ ਹੈ (ਮਤਲਬ ਰਾਂਝੇ ਨੂੰ ਮਿਲਣ ਨਹੀਂ ਜਾਂਦੀ) ਉਹ ਤੇ ਆਪਣੀਆਂ ਸਹੇਲੀਆਂ ਨਾਲ ਪੀਂਘਾਂ ਪਾ ਕੇ ਝੂਟਦੀ ਹੈ ਤੇ ਹਵੇਲੀ ਦੇ ਅੰਦਰ ਹੀ ਤ੍ਰਿੰਜਣ ਜੋੜਦੀ ਹੈ। ਇਹ [ਕੈਦੋ] ਸਾਰੇ ਜਹਾਨ ਦਾ ਵੱਡਾ ਚੁਗ਼ਲਖ਼ੋਰ ਹੈ ਜਿਸ ਨੇ ਗੱਲ ਵਿੱਚ ਫ਼ਕੀਰਾਂ ਵਾਲੀ ਮਾਲਾ ਪਾਈ ਹੋਈ ਹੈ। ਇਹ ਕਦੀ ਮਦਾਰੀਆਂ ਨਾਲ ਬਹਿ ਕੇ ਭੰਗ ਘੋਟਦਾ ਹੈ ਕਦੀ ਆਪਣਿਆਂ ਚੇਲਿਆਂ ਨਾਲ ਰਲ਼ ਕੇ ਨੱਚਦਾ ਹੈ। ਚੂਹੜੇ ਦਾ ਪੁੱਤਰ ਕਦੀ ਸਈਅਦ ਨਹੀਂ ਹੁੰਦਾ ਜਿਵੇਂ ਘੋੜੇ ਭੇਡਾਂ ਦੇ ਘਰ ਨਹੀਂ ਜੰਮਦੇ। ਵਾਰਿਸ ਸ਼ਾਹ ਕਹਿੰਦਾ ਹੈ ਜੋ ਜੱਟਾਂ, ਮੋਚੀਆਂ ਤੇ ਤੇਲੀਆਂ ਦੇ ਮੁੰਡੇ ਫ਼ਕੀਰ ਨਹੀਂ ਬਣ ਸਕਦੇ।
ਖਲਾਰਵਾਂ ਮਤਲਬ ਇਹ ਬੰਦ ਸਿੱਧਾ ਪੱਧਰਾ ਹੈ ਜਿਸ ਵਿੱਚ ਹੀਰ ਦਾ ਪਿਓ ਕੈਦੋ ਦੇ ਇਲਜ਼ਾਮਾਂ ਨੂੰ ਨਿੰਦਾ ਹੈ। ਪਹਿਲਾਂ ਤਾਂ ਉਹ ਹੀਰ ਦੇ ਰੋਜ਼ ਦੀਹਾੜੇ ਦੇ ਵਰਤਾਰੇ ਬਾਰੇ ਦੱਸਦਾ ਹੈ ਜੋ ਉਹ ਤੇ ਸਿਰਫ਼ ਆਪਣੀਆਂ ਸਹੇਲੀਆਂ ਨਾਲ ਹੀ ਮੌਜ-ਮੇਲਾ ਕਰਦੀ ਹੈ। ਤੇ ਫਿਰ ਵਕੀਲਾਂ ਵਾਂਗ ਕੈਦੋ ਦੇ ਬਤੌਰ ਗਵਾਹ ਹੋਵਣ ਨੂੰ ਸ਼ੱਕ ਸ਼ੁਬ੍ਹੇ ਵਿਚ ਪਾਵਣ ਦਾ ਜਤਨ ਕਰਦਾ ਹੈ।
ਚੂਚਕ ਕਹਿੰਦਾ ਹੈ ਜੋ ਇਕ ਤੇ ਕੈਦੋ ਇੰਜ ਹੀ ਚੁਗ਼ਲਖ਼ੋਰੀ ਵਿਚ ਮਸ਼ਹੂਰ ਹੈ ਤੇ ਦੂਜੇ ਜਿਹੜਾ ਬੰਦਾ ਮਦਾਰੀਆਂ ਨਾਲ ਬਹਿ ਕੇ ਭੰਗ ਘੋਟ ਕੇ ਪੀਵੇ ਯਾ ਚੇਲਿਆਂ ਨਾਲ ਰਲ਼ ਕੇ ਨੱਚੇ ਉਸਦੀ ਗੱਲ ਤੇ ਇਤਬਾਰ ਕਿਵੇਂ ਕੀਤਾ ਜਾ ਸਕਦਾ ਹੈ। ਮਤਲਬ ਗਵਾਹ ਵੀ ਕੋਈ ਸਾਉ ਬੰਦਾ ਹੋਣਾ ਚਾਹੀਦਾ ਹੈ। ਚੂਚਕ ਦਾ ਇਹ ਉਹ ਪੈਂਤਰਾ ਹੈ ਜਿਹੜਾ ਹਾਕਮ ਮੇਲ਼ ਅਦਾਲਤਾਂ ਵਿਚ ਮੁਕੱਦਮੇ ਜਿੱਤਣ ਲਈ। ਥੱਲੜੇ ਮੇਲ਼ ਦੇ ਲੋਕਾਂ ਦੇ ਖ਼ਿਲਾਫ਼ ਵਰਤਦਾ ਹੈ। ਉਨ੍ਹਾਂ ਦੀ ਨਿੱਕੀ ਮੋਟੀ ਚੋਰੀ ਚਕਾਰੀ ਦੀ ਚਰਚਾ ਕਰਕੇ ਉਨ੍ਹਾਂ ਦੇ ਸੱਚ ਨੂੰ ਵੀ ਝੂਟ ਸਾਬਤ ਕਰ ਦਿੱਤਾ ਜਾਂਦਾ ਹੈ।
ਅਖ਼ੀਰੀ ਦੋ ਤੁੱਕਾਂ ਵਿਚ ਵਾਰਿਸ ਸ਼ਾਹ ਆਪਣੇ ਵੇਲ਼ੇ ਮਤਲਬ ਜਾਗੀਰਾਦਾਰ ਵੱਸੋਂ ਦੀ ਮੰਤਕ ਵਰਤਦਾ ਹੈ । ਇਸ ਮੰਤਕ ਵਿਚ ਯਾ ਕੋਈ ਸ਼ੈਅ ਚਿੱਟੀ ਹੁੰਦੀ ਹੈ ਯਾ ਕਾਲੀ ਯਾ ਕੋਈ ਗੱਲ ਝੂਟ ਹੁੰਦੀ ਹੈ ਯਾ ਸੱਚ। ਕਾਲੇ ਤੇ ਚਿੱਟੇ , ਝੂਟ ਤੇ ਸੱਚ ਦੇ ਵਿਚਕਾਰ ਕੁੱਝ ਨਹੀਂ ਹੁੰਦਾ। ਵਾਰਿਸ ਸ਼ਾਹ ਬੜਾ ਅਗੂਂਹੀ ਵਿਚਾਰਾਂ ਵਾਲਾ ਰੌਸ਼ਨ ਖ਼ਿਆਲ ਵਿਚਾਰਵਾਨ ਹੈ ਪਰ ਆਪਣੇ ਵੇਲ਼ੇ ਦੀਆਂ ਹੱਦਾਂ ਦਾ ਕੈਦੀ ਵੀ ਹੈ। ਕੋਈ ਬੰਦਾ ਅਪਣੇ ਵੇਲ਼ੇ ਦੀਆਂ ਹੱਦਾਂ ਉਲੰਘ ਨਹੀਂ ਸਕਦਾ। ਉਹ ਉਸ ਦੇ ਅੰਦਰ ਹੀ ਰਹਿ ਕੇ ਅਗੂਂਹੇ ਖ਼ਿਆਲ ਘੜ ਸਕਦਾ ਹੈ।
ਇਸੇ ਨੂੰ ਮੁੱਖ ਰੱਖਦਿਆਂ ਵਾਰਿਸ ਸ਼ਾਹ ਦੀਆਂ ਮਿਸਾਲਾਂ ਵੇਖੋ, ਜੋ ਕਦੀ ਚੂਹੜੇ ਦਾ ਪੁੱਤਰ ਸਈਅਦ ਨਹੀਂ ਹੋ ਸਕਦਾ ਜਿਵੇਂ ਭੇਡ ਦਾ ਜੰਮਿਆ ਘੋੜਾ ਨਹੀਂ ਹੋ ਸਕਦਾ। ਚੂਹੜੇ ਤੇ ਭੇਡ ਨੂੰ ਇਕ ਹੀ ਮਨ ਕੇ ਨਤੀਜੇ ਕੱਢਣਾ ਜਾਗੀਰਦਾਰ ਵਾਰੇ ਦੇ ਵਿਚਾਰ ਦੀ ਮਿਥੀ ਹੋਈ ਮੰਤਕ ਹੈ। ਮਤਲਬ ਜ਼ਾਤ-ਪਾਤ ਦਾ ਨਿਜ਼ਾਮ ਇੰਜ ਬਝਾ ਹੋਇਆ ਜਿਵੇਂ ਇਹ ਰੱਬੀ ਕਾਨੂੰਨ ਹੋਵੇ। ਇਹੋ ਗੱਲ ਹੀ ਅਖ਼ੀਰੀ ਤੁੱਕ ਵਿਚ ਸਾਹਮਣੇ ਆਉਂਦੀ ਹੈ ਜੋ ਜੱਟਾਂ ਤੇਲੀਆਂ ਤੇ ਮੋਚੀਆਂ ਦੇ ਪੁੱਤਰ ਫ਼ਕੀਰ ਨਹੀਂ ਬਣ ਸਕਦੇ। ਇਸ ਵਿਚ ਲੁਕੀ ਹੋਈ ਸੈਂਤ ਇਹ ਹੇ ਜੋ ਪੰਡਤ ਤੇ ਸਈਅਦ ਹੀ ਫ਼ਕੀਰੀ ਦੀਆਂ ਮੰਜ਼ਿਲਾਂ ਮਾਰ ਸਕਦੇ ਹਨ।
ਜਾਗੀਰਦਾਰੀ ਵਾਰੇ ਦੇ ਸਮਾਜ ਵਿਚ ਹਰ ਬੰਦੇ ਦਾ ਰੋਲ (ਪਾਤਰ) ਮਿਥਿਆ ਹੁੰਦਾ ਹੈ। ਮੋਚੀ ਦੇ ਪੁੱਤਰ ਨੇ ਮੋਚੀ ਬਣਨਾ ਹੈ ਤੇ ਤੇਲੀ ਦੇ ਪੁੱਤਰ ਨੇ ਤੇਲੀ। ਜੱਟ ਨੇ ਵਾਹੀ ਕਰਨੀ ਹੈ ਤੇ ਉਸਦੀ ਸੰਤਾਨ ਨੇ ਵੀ। ਮੋਚੀ ਤੇਲੀ ਨਹੀਂ ਬਣ ਸਕਦਾ ਤੇ ਜੱਟ ਮੋਚੀ ਨਹੀਂ ਹੋ ਸਕਦਾ। ਸਬ ਦੇ ਰੋਲ ਜੰਮਣ ਤੋਂ ਪਹਿਲਾਂ ਹੀ ਮਿੱਥੇ ਹੋਏ ਨੇਂ। ਵਾਰਿਸ ਸ਼ਾਹ ਦਾ ਇਹ ਤੇ ਹੋਰ ਬਹੁਤ ਸਾਰੇ ਬੰਦ ਇਸ ਕਤਈਅਤ ਪਸੰਦੀ ਦਾ ਲਿਸ਼ਕਾਰਾ ਮਾਰਦੇ ਹਨ ਤੇ ਸਾਨੂੰ ਦੱਸਦੇ ਹਨ ਜੋ ਕਿਵੇਂ ਵੇਲਾ ਅਗੂਂਹੇ ਤੋਂ ਅਗੂਂਹੇ ਵਿਚਾਰਵਾਨ ਦੀ ਰਾਹ ਮਿਥਦਾ ਹੈ।
ਇਸ ਗੱਲ ਨੂੰ ਐਵੇਂ ਵੀ ਲਿਆ ਜਾ ਸਕਦਾ ਹੈ ਜੋ ਇਸ ਬੰਦ ਵਿਚ ਵਾਰਿਸ ਸ਼ਾਹ ਹੀਰ ਦੇ ਪਿਓ ਚੂਚਕ ਦਾ ਬੁਲਾਰਾ ਹੁੰਦਿਆਂ ਉਸੇ ਦੀ ਮੰਤਕ ਵਿਚ ਗੱਲ ਕਰ ਰਿਹਾ ਹੈ ਤੇ ਚੂਚਕ ਵਰਗੇ ਬੰਦੇ ਅਪਣੀ ਗੱਲ ਦੇ ਸਬੂਤ ਵਿਚ ਇਸੇ ਤਰ੍ਹਾਂ ਦੀਆਂ ਮਿਸਾਲਾਂ ਦਿੰਦੇ ਹਨ। ਉਨ੍ਹਾਂ ਦਾ ਵਰਤਾਰਾ ਜ਼ਾਤ-ਪਾਤ ਤੇ ਚਲਦਾ ਹੈ ਤੇ ਉਹ ਉਸ ਨੂੰ ਹੀ ਮਜ਼੍ਹਬ ਤਰ੍ਹਾਂ ਮੰਨ ਕੇ ਅਪਣੀ ਗੱਲ ਮਨਵਾਉਂਦੇ ਹਨ।
More