ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 93
ਗ਼ੁੱਸੇ ਨਾਲ ਮਲਕੀ ਤਪ ਲਾਲ ਹੋਈ ਝੱਬ ਦੌੜ ਤੂੰ ਮਿਠੀਏ ਨੈਣੇ ਨੀ ਸੱਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡੈਣੇ ਨੀ ਖੜ-ਦੁੰਬੀਏ ਸੋਹਣੀਏ ਪਾਹੜੀਏ ਨੀ ਮੁਸ਼ਟੰਡੀਏ ਬਾਰ ਦੀਏ ਵੈਣੇ ਨੀ ਵਾਰਿਸ ਸ਼ਾਹ ਵਾਂਗੂੰ ਕਿਤੇ ਡੁੱਬ ਮੋਏਂ ਘਰ ਆ ਸਿਆਪੇ ਦੀਏ ਨੈਣੇ ਨੀ
ਔਖੇ ਲਫ਼ਜ਼ਾਂ ਦੇ ਮਾਅਨੇ ਝੱਬ।ਛੇਤੀ ਖੜ-ਦੁੰਬੀਏ: ਆਪਣੇ ਮਖ਼ਸੂਸ ਉਜ਼ਵ ਤੋਂ ਪੂਛ ਚੁਕ ਕੇ ਤੁਰਨ ਵਾਲੀ, ਬੇ-ਹਯਾ। ਮੋਹਣੀ: ਹੁਸਨ ਰੂਪ ਦੇ ਫ਼ਰੇਬ ਨਾਲ ਲੁੱਟਣ ਵਾਲੀ ਪਾੜ੍ਹੀ: ਚਿਤਕਬਰੀ ਹਿਰਨੀ, ਬਾਰਾ ਸੰਘੀ ਮੁਸ਼ਟੰਡੀ। ਮੱਛਰੀ ਹੋਈ, ਲੁੱਚੀ ਲਫ਼ੰਗੀ ਯਾਰੇ ਦੀ ਵਾਹਣ। ਜਿਸ ਨੂੰ ਯਾਰ ਵਾਹੁੰਦਾ ਹੈ, ਯਾ ਜਿਹੜੀ ਯਾਰੀ ਦੇ ਰਸਤੇ ਤੇ ਚੱਲਦੀ ਹੈ ਕਿਉਂਕਿ ਵਾਹਣ ਦਾ ਮਤਲਬ ਰਸਤਾ ਵੀ ਹੈ। ਬਾਰ: ਬੇ-ਆਬਾਦ, ਜੰਗਲੀ ਇਲਾਕਾ ਸਿਆਪੇ ਦੀ ਨੈਣ:ਜਿਹੜੇ ਘਰ ਵਿੱਚ ਸੋਗ ਹੋਵੇ ਉਥੇ ਪ੍ਰਾਹੁਣੇ ਆਉਂਦੇ ਰਹਿੰਦੇ ਹਨ ਇਸ ਲਈ ਉਥੇ ਨੈਣ ਖਾਣਾ ਪਕਾਉਣ ਲਈ ਮੁਸਲਸਲ ਕਈ ਦਿਹਾੜ ਰਹਿੰਦੀ ਹੈ ਤੇ ਆਪਣੇ ਘਰ ਨਹੀਂ ਜਾ ਸਕਦੀ।
ਸਿੱਧਾ ਮਤਲਬ
ਰਿਸ਼ਤੇਦਾਰਨੀਆਂ ਦੀਆਂ ਗੱਲਾਂ ਸੁਣ ਕੇ ਹੀਰ ਦੀ ਮਾਂ ਮਲਕੀ ਗ਼ੁੱਸੇ ਨਾਲ ਤਪ ਕੇ ਲਾਲ ਰੱਤੀ ਹੋ ਗਈ ਤੇ ਪਿੰਡ ਦੀ ਨੈਣ ਨੂੰ ਕਹਿਣ ਲੱਗੀ ਕਿ ਉਸਦੇ ਪਿੱਛੇ ਛੇਤੀ ਤੋਂ ਛੇਤੀ ਜਾ। ਤੂੰ ਹੀਰ ਨੂੰ ਲੱਭ ਕੇ ਲੈ ਆ, ਉਸਨੂੰ ਆਖੀਂ ਕਿ ਡੈਣੇ ਤੈਨੂੰ ਮਾਂ ਸੱਦਦੀ ਹੈ। ਉਹਨੂੰ ਆਖੀਂ ਤੂੰ ਦੁੱਮ ਖੜੀ ਕਰ ਕੇ ਵਿਹਰ (ਜਿਨਸੀ ਮੰਗ ਤੇ ਆਈ ਮੱਝ ਗਾਂ) ਤੇ ਆਈ ਹੋਈ ਹੈਂ, ਤੈਨੂੰ ਹੁਸਨ ਦਾ ਫ਼ਰੇਬ ਚੜ੍ਹਿਆ ਹੋਇਆ ਹੈ ਜਿਵੇਂ ਚਿਤਕਬਰੀ ਹਿਰਨੀ ਹੁੰਦੀ ਹੈ।ਤੂੰ ਲੁੱਚੀ ਲਫ਼ੰਗੀ ਹੋ ਗਈ ਹੈਂ ਤੇ ਆਪਣੇ ਯਾਰ ਦੀ ਰਾਹ ਤੇ ਤੁਰਦੀ ਹੈਂ (ਯਾ ਯਾਰ ਤੈਨੂੰ ਵਾਹੁੰਦਾ ਹੈ) ਤੇਰਾ ਹਾਲ ਵੀ ਵਾਰਿਸ ਸ਼ਾਹ ਵਾਂਗ ਹੈ ਜਿਹੜਾ ਪਤਾ ਨਹੀਂ ਕਿੱਥੇ ਡੁੱਬ ਮੋਇਆ ਹੈ, ਤੂੰ ਘਰ ਵਿੱਚ ਸਿਆਪੇ ਦੀ ਨੈਣ ਹੈਂ ਯਾ ਤੂੰ ਘਰ ਵਿੱਚ ਸੋਗ ਦੀ ਸੈਨਤ ਬਣ ਗਈ ਹੈਂ।
ਖਲਾਰਵਾਂ ਮਤਲਬ
ਇਸ ਬੰਦ ਵਿਚ ਵੇਖੋ ਕਿ ਹੀਰ ਦੀ ਮਾਂ ਕ੍ਰੋਧ ਵਿਚ ਇੰਜ ਹੀ ਬੋਲ ਰਹੀ ਹੈ ਜਿਵੇਂ ਕੈਦੋ ਉਸ ਤੇ ਚੜ੍ਹਾਈ ਕੀਤੀ ਸੀ। ਮਰਦ ਅਪਣਾ ਸਾਰਾ ਭਾਰ ਤੇ ਗ਼ੁੱਸਾ ਜ਼ਨਾਨੀ ਤੇ ਪਾ ਦਿੰਦਾ ਹੈ। ਜੇ ਇਸ ਨੂੰ ਬਾਹਰ ਕੋਈ ਮੰਦਾ ਬੋਲਦਾ ਹੈ ਤੇ ਉਹ ਘਰ ਆ ਕੇ ਉਸੇ ਤਰ੍ਹਾਂ ਅਪਣੀ ਜ਼ਨਾਨੀ ਨਾਲ ਮੰਦਾ ਬੋਲ ਕੇ ਅਪਣਾ ਦਿਮਾਗ਼ੀ ਭਾਰ ਹੌਲ਼ਾ ਕਰਦਾ ਹੈ। ਘਰ ਦੀ ਜ਼ਨਾਨੀ ਅਪਣਾ ਭਾਰ ਨਿਆਣਿਆਂ ਤੇ ਹੋਰ ਆਪਣੇ ਤੋਂ ਥੱਲੇ ਦੇ ਤਬਕਿਆਂ ਦੇ ਲੋਕਾਂ ਤੇ ਲਾਹੁੰਦੀ ਹੈ। ਇਹ ਉਹ ਰਾਹ ਹੈ ਜਿਸ ਥਾਈਂ ਹਾਕਮਾਂ ਦਾ ਜਬਰ ਮਾੜੇ ਲੋਕਾਂ ਤੀਕਰ ਪੋੜੀਓ ਪੌੜੀ ਪੁੱਜਦਾ ਹੈ।
ਇਹੋ ਜਿਹੇ ਮੌਕੇ ਤੇ ਜਦੋਂ ਗੱਲ ਪਰਦੇ ਵਾਲੀ ਹੋਵੇ ਤੇ ਜ਼ਿਮੀਂਦਾਰ ਲੋਕਾਂ ਦਾ ਭਾਰ ਕੰਮੀ ਹੀ ਚੁੱਕਦੇ ਹਨ। ਇਸੇ ਲਈ ਹੀਰ ਦੀ ਮਾਂ ਮਿੱਠੀ ਨੈਣ ਦੇ ਸਾਹਮਣੇ ਉਸ ਨੂੰ ਰੱਜ ਕੇ ਗਾਲ੍ਹਾਂ ਕੱਢਦੀ ਹੈ। ਉਸ ਨੂੰ ਡੈਣ, ਜਿਣਸ ਦੀ ਭੁੱਖੀ ਤੇ ਯਾਰ ਕੋਲ ਬਹਿੰਦੀ ਤੀਕਰ ਆਖ ਦਿੰਦੀ ਹੈ। ਉਸ ਨੂੰ ਪਤਾ ਹੈ ਕਿ ਮਿੱਠੀ ਇਕ ਕੰਮੀ ਨੈਣ ਹੈ ਉਹ ਸਾਰੀਆਂ ਗੱਲਾਂ ਪੀ ਜਾਵੇਗੀ ਤੇ ਗੱਲ ਬਾਹਰ ਨਹੀਂ ਜਾਵੇਗੀ।
ਪਰ ਤੁਸੀਂ ਅਖ਼ੀਰੀ ਮਿਸਰੇ ਵਿਚ ਵੇਖੋ ਕਿ ਜਿਸ ਨੈਣ ਕੋਲੋਂ ਗੱਲ ਲੁਕਾਉਣ ਦਾ, ਕੁੜੀ ਨੂੰ ਘਰ ਲਿਆਉਣ ਦਾ ਕੰਮ ਲਿਤਾ ਜਾ ਰਿਹਾ ਹੈ ਉਸੇ ਨੈਣ ਨੂੰ ਸਿਆਪੇ ਨਾਲ ਜੋੜ ਦਿੱਤਾ ਗਿਆ ਹੈ।
ਜਾਗੀਰਦਾਰੀ ਸਮਾਜ ਵਿਚ ਮੰਦੇ ਕੰਮਾਂ ਲਈ ਬਣੇ ਮੁਹਾਵਰੇ ਵੀ ਕੰਮੀ ਤੇ ਥੱਲੜੇ ਤਬਕੇ ਨਾਲ ਜੋੜੇ ਗਏ ਹੁੰਦੇ ਹਨ ਜਿਵੇਂ ਜੁਲਾਹੇ ਦਾ ਮਸ਼ਕਰੀਆਂ ਮਾਂ ਭੈਣ ਦੇ ਨਾਲ ਯਾ ਕਿਹਾ ਜਾਂਦਾ ਹੈ ਕਿ "ਤੂੰ ਬੰਦਾ ਹੈਂ ਕਿ ਨਾਈ"। ਇਥੇ ਵੀ ਵੇਖੋ ਸਿਆਪੇ ਵੇਲ਼ੇ ਜ਼ਿਮੀਂਦਾਰਾਂ ਦਾ ਭਾਰ ਚੁੱਕਣ ਵਾਲੀ ਨੈਣ ਨੂੰ ਕਿਵੇਂ ਭੈੜੇ ਅੰਗ ਵਿਚ ਵਰਤਿਆ ਗਿਆ ਹੈ।
ਇਸ ਪੱਖ ਤੋਂ ਵੇਖੋ ਤੇ ਤਬਕਾਤੀ ਨਿਜ਼ਾਮ ਦੀ ਜ਼ਬਾਨ ਹੀ ਉਸ ਦੇ ਵਿੱਚ ਉੱਚੇ ਨੀਵੇਂ ਬੰਦਿਆਂ ਦੀ ਵੰਡ ਤੋਂ ਕਿਵੇਂ ਅਸਰ ਲੈਂਦੀ ਹੈ। ਸੋ ਉਤਲੇ ਤਬਕੇ ਦੀ ਕੁੜੀ ਸਬ ਤੋਂ ਭੈੜਾ ਕੰਮ ਕਰਕੇ ਉਹ ਨੈਣ ਬਣ ਗਈ ਹੈ ਜਿਹੜੀ ਸਿਆਪੇ ਵੇਲ਼ੇ ਮੌਜੂਦ ਰਹਿੰਦੀ ਹੈ।
More