ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਹਿੰਦੁਸਤਾਨ: ਨੌਕਰੀ ਲੱਭਣੀ ਹੈ ਤਾਂ ਤਿਹਾੜ ਜੇਲ ਚਲੇ ਜਾਉ
ਹਿੰਦੁਸਤਾਨ ਦੀ ਮਸ਼ਹੂਰ ਤਿਹਾੜ ਜੇਲ ਨੇ ਨਿੱਜੀ ਕੰਪਨੀਆਂ ਨਾਲ ਰਲ ਕੇ ਇਕ ਮਨਸੂਬਾ ਛੋਹਿਆ ਹੈ ਜਿਹਦੇ ਹੇਠ ਇਹ ਕੰਪਨੀਆਂ ਜੇਲ੍ਹ ਦੇ ਕੈਦੀਆਂ ਦਾ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਇਹੋ ਜਿਹੀਆਂ ਨੌਕਰੀਆਂ ਦਿੰਦੀਆਂ ਹਨ ਜਿਹੜੀਆਂ ਉਹ ਆਪਣੀ ਸਜ਼ਾ ਕੱਟਣ ਮਗਰੋਂ ਸ਼ੁਰੂ ਕਰ ਸਕਦੇ ਹਨ।
ਹਿੰਦੁਸਤਾਨੀ ਦਾਰੁਲ ਹਕੂਮਤ ਨਵੀਂ ਦਿੱਲੀ ਵਿੱਚ ਬਣੀ ਤਿਹਾੜ ਜੇਲ ਵਿੱਚ ਨੇੜੇ ਤੇੜੇ 13 ਹਜ਼ਾਰ ਕੈਦੀ ਆਪਣੇ ਜੁਰਮਾਂ ਦੀਆਂ ਸਜ਼ਾਵਾਂ ਕੱਟ ਰਹੇ ਹਨ। ਆਖਿਆ ਜਾਂਦਾ ਹੈ ਪਈ ਏਸ਼ੀਆ ਦੀ ਸੱਭ ਤੋਂ ਵੱਡੀ ਇਸ ਜੇਲ੍ਹ ਵਿੱਚ ਭਾਰਤ ਦੇ ਸੱਭ ਤੋਂ ਖ਼ਤਰਨਾਕ ਮੁਜਰਮ ਵੀ ਕੈਦ ਹਨ। ਇਸ ਜੇਲ੍ਹ ਬਾਰੇ ਆਏ ਦਿਨ ਅਖ਼ਬਾਰਾਂ ਵਿੱਚ ਕੁੱਝ ਨਾ ਕੁੱਝ ਛਪਦਾ ਰਹਿੰਦਾ ਹੈ। ਪਰ ਅੱਜਕਲ੍ਹ ਜਿਸ ਗੱਲ ਤੇ ਇਹ ਜੇਲ੍ਹ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਹੈ ਉਹ ਕੁੱਝ ਵੱਖਰੀ ਹੈ।
ਇਸ ਜੇਲ੍ਹ ਦੇ ਪ੍ਰਬੰਧੀਆਂ ਨੇ ਨਿੱਜੀ ਕੰਪਨੀਆਂ ਅਤੇ ਕੁੱਝ ਬੈਂਕਾਂ ਦੇ ਨਾਲ ਰਲ ਕੇ ਕੈਦੀਆਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਆਸ ਬਨ੍ਹਾਉਨ ਲਈ ਜਿਹੜਾ ਮਨਸੂਬਾ ਛੋਹਿਆ ਹੈ ਉਹਨੂੰ ਉੱਕਾ ਕੈਦੀ ਹੀ ਨਹੀਂ ਸਗੋਂ ਇਨਸਾਨੀ ਹੱਕਾਂ ਦੇ ਅਦਾਰੇ ਵੀ ਸਲਾਹੁੰਦੇ ਹਨ। ਜੇਲ੍ਹ ਪ੍ਰਬੰਧੀਆਂ ਦਾ ਆਖਣਾ ਹੈ ਪਈ ਗੁਣੀ ਅਤੇ ਅਹਿਲ ਕੈਦੀਆਂ ਦੀ ਬਹਾਲੀ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੌਕੇ ਦੇਣ ਦਾ ਮਕਸਦ ਉਨ੍ਹਾਂ ਲਈ ਇਕ ਨਵੀਂ ਹਯਾਤੀ ਸ਼ੁਰੂ ਕਰਨ ਵਿਚ ਉਨ੍ਹਾਂ ਦੀ ਮਦਦ ਕਰਨਾ ਹੈ।
ਇਸ ਜੇਲ੍ਹ ਵਿੱਚ ਹੁਣ ਅਕਸਰ ਵੱਖੋ ਵਖ ਕੰਪਨੀਆਂ ਕੈਦੀਆਂ ਕੋਲੋਂ ਇੰਟਰਵਿਊ ਕਰਦੀਆਂ ਹਨ ਅਤੇ ਮੌਕੇ ਤੇ ਹੀ ਉਨ੍ਹਾਂ ਨੂੰ ਨੌਕਰੀ ਦੇ ਦਿੱਤੀ ਜਾਂਦੀ ਹੇ ਜਿਹੜੀ ਆਪਣੀ ਸਜ਼ਾ ਕੱਟਣ ਮਗਰੋਂ ਉਹ ਸ਼ੁਰੂ ਕਰ ਸਕਦੇ ਹਨ।
ਇਸ ਜੇਲ੍ਹ ਵਿੱਚ ਅਨਫ਼ਾਰਮੀਸ਼ਨ ਟੈਕਨਾਲੋਜੀ ਤੋਂ ਲੈ ਕੇ ਸਿਲਾਈ ਕੜ੍ਹਾਈ, ਖਾਣ ਪਕਾਉਣ, ਤਰਖਾਣੇ ਦਾ ਕੰਮ ਉਤੇ ਬਿਊਟੀ ਪਾਰਲਰ ਤੀਕਰ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੈਦੀ ਬੜੇ ਚਾਵਾਂ ਨਾਲ ਆਪਣੀਆਂ ਹਯਾਤੀਆਂ ਬਦਲਣ ਲਈ ਰਾਜ਼ੀ ਜਾਪਦੇ ਹਨ।
More