ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਸੈਕਸ ਬੜਾ ਪੁਆੜਾ ਹੈ।।ਦਲਾਈ ਲਾਮਾ
ਲਵੋ ਜੀ ਹੋਰ ਸੁਣੋ। ਤਿੱਬਤ ਦੇ ਮਹਾ ਬਲੀ ਦਲਾਈ ਲਾਮਾ ਹੋਰਾਂ ਨੇ ਫ਼ਤਵਾ ਦਿੱਤਾ ਹੈ ਜੋ ਸੈਕਸ ਤੋਂ ਬਚਣਾ ਚਾਹੀਦਾ ਹੈ ਇਸ ਨਾਲ ਬੜੇ ਪੁਆੜੇ ਪੈਂਦੇ ਨੇਂ।ਸਾਡਾ ਖ਼ਿਆਲ ਸੀ ਜੋ ਸਾਡੇ ਮੁੱਲਾਂ ਤੇ ਤਾਲਿਬਾਨ ਹੀ ਜ਼ਨਾਨੀ ਮਰਦ ਦੇ ਮਿਲਾਪ ਦੇ ਵਿਰੋਧੀ ਹਨ ਪਤਾ ਲੱਗਾ ਜੋ ਹਰ ਮਜ਼ਹਬ ਦਾ ਆਲਮ ਇਕ ਹੀ ਤਰ੍ਹਾਂ ਸੋਚਦਾ ਹੈ ।
ਪਹਿਲਾਂ ਮੈਂ ਸੋਚਿਆ ਜੋ ਦਲਾਈ ਲਾਮਾ ਹੋਰੀਂ ਉਸ ਸੈਕਸ ਦੀ ਗੱਲ ਕਰ ਰਹੇ ਹਨ ਜੋ ਬਿਨਾ ਵਿਆਹ ਦੇ ਮਰਦ ਔਰਤ ਵਿਚਕਾਰ ਹੁੰਦੀ ਹੈ। ਪਰ ਨਹੀਂ ਜੀ ਉਨ੍ਹਾਂ ਖਿਲਾਰ ਕੇ ਦੱਸਿਆ ਜੋ ਵਿਆਹ ਕਰਕੇ ਨਿਆਣੇ ਜਮ ਕੇ ਵੀ ਕੰਮ ਖ਼ਰਾਬ ਹੁੰਦਾ ਹੈ ਕਿਉਂ ਜੋ ਬੰਦੇ ਦਾ ਮੋਹ ਆਪਣੇ ਬਾਲ ਬੱਚੇ ਨਾਲ ਲੱਗ ਜਾਂਦਾ ਹੈ ਤੇ ਉਹ ਚੰਗੇ ਕੰਮ ਨਹੀਂ ਕਰ ਸਕਦਾ। ਇਸ ਲਈ ਮਜਰਦ ਜ਼ਿੰਦਗੀ ਹੀ ਸਬ ਤੋਂ ਵਧੀਆ ਹੈ। ਨਾ ਕੋਈ ਫ਼ਿਕਰ ਤੇ ਨਾ ਕੋਈ ਫ਼ਾਕਾ। ਬੰਦਾ ਦੁਨੀਆ ਦਾਰੀ ਦੇ ਪਵਾੜਿਆਂ ਤੋਂ ਬਾਹਰ ਰਹਿ ਕੇ ਸਬ ਭਲੇ ਕੰਮ ਕਰ ਸਕਦਾ ਹੈ।
ਅਸੀਂ ਇਕ ਗੱਲ ਤੇ ਮੰਨੇ ਹਾਂ ਜੋ ਬੰਦੇ ਦਾ ਬਾਲ ਬੱਚਾ ਉਸ ਨੂੰ ਬੜਾ ਸੌੜਾ ਤੇ ਖ਼ੁਦ ਗ਼ਰਜ਼ ਬਣਾ ਦਿੰਦਾ ਹੈ। ਆਪਣੇ ਨਿਆਣਿਆਂ ਲਈ ਬੰਦਾ ਸਾਰੀ ਦੁਨੀਆ ਨੂੰ ਲੁੱਟਦਾ ਹੈ ਦੂਜਿਆਂ ਦਾ ਹੱਕ ਮਾਰਦਾ ਹੈ। ਪਰ ਅਸੀਂ ਬੇ ਉਲਾਦੀਆਂ ਤੇ ਛੜਿਆਂ ਨੂੰ ਵੀ ਕਦੀ ਹੱਕ ਦਿੰਦਿਆਂ ਨਹੀਂ ਵੇਖਿਆ। ਇਹ ਸਮਾਜ ਹੀ ਮਾਰਾ ਮਾਰੀ ਦਾ ਹੈ ਇਸ ਵਿਚ ਵਿਆਹੇ ਤੇ ਛੜੇ ਇਕੋ ਜੇਡ ਹਨ। ਪਰ ਅੱਲਾਮਾ ਦਲਾਈ ਲਾਮਾ ਨੂੰ ਕੌਣ ਸਮਝਾਵੇ?
ਮੇਰਾ ਖ਼ਿਆਲ ਹੈ ਜੋ ਚੀਨੀਆਂ ਨੂੰ ਦਲਾਈ ਲਾਮਾ ਦੀ ਇਹ ਗੱਲ ਮਨ ਕੇ ਤਿੱਬਤ ਵਿਚ ਚੰਗੀ ਤਰ੍ਹਾਂ ਨਸ਼ਰ ਕਰਨੀ ਚਾਹੀਦੀ ਹੈ। ਜੇ ਦਲਾਈ ਲਾਮਾ ਦੇ ਤਿੱਬਤੀ ਪੈਰੋਕਾਰ ਸੈਕਸ ਨੂੰ ਉੱਕਾ ਛੱਡ ਦੇਣ ਤੇ ਸਾਰੇ ਤਿੱਬਤੀ ਅਗਲੇ ਸੱਠ ਸਤਰ ਸਾਲਾਂ ਵਿਚ ਮੁੱਕ ਮੁਕਾ ਜਾਣਗੇ ਤੇ ਦਲਾਈ ਲਾਮਾ ਹੋਰੀਂ ਜਾਕੇ ਰੱਕੜ ਤਿੱਬਤ ਸਾਂਭ ਲੈਣ। ਦਲਾਈ ਲਾਮਾ ਵਰਗੀਆਂ ਜੋਗੀਆਂ ਨੂੰ ਇਹ ਸਮਝ ਨਹੀਂ ਆਉਂਦੀ ਜੋ ਸੈਕਸ ਕਰਨ ਵਾਲੇ ਦੁਨੀਆ ਦਾਰ ਹੀ ਉਨ੍ਹਾਂ ਦੀ ਖਾਹਦ ਖ਼ਵਾਰਾਕ ਤੇ ਹੋਰ ਅੱਯਾਸ਼ੀਆਂ ਦਾ ਬੰਦੋਬਸਤ ਕਰਦੇ ਹਨ।
ਇਥੇ ਸਾਨੂੰ ਮੀਆਂ ਵਾਰਿਸ ਹੋਰੀਂ ਯਾਦ ਆਗਏ।ਜਦ ਰਾਂਝਾ ਬਾਲਨਾਥ ਜੋਗੀ ਕੋਲੋਂ ਜੋਗ ਲੈ ਲੈਂਦਾ ਹੈ ਤੇ ਜੋਗੀ ਉਸ ਨੂੰ ਹੁਕਮ ਦਿੰਦਾ ਹੈ ਜੋ ਉਹ ਮੰਗਣ ਦੀ ਫੇਰੀ ਤੇ ਨਿਕਲੇ ਤੇ ਨਾਲ ਇਹ ਵੀ ਦਸਦਾ ਹੈ ਜੋ ਹਰ ਵੱਢੀ ਔਰਤ ਨੂੰ ਮਾਂ ਤੇ ਨਿੱਕੀ ਨੂੰ ਭੈਣ ਬਰਾਬਰ ਜਾਣਨਾ ਹੈ। ਰਾਂਝੇ ਦਾ ਮੀਟਰ ਘੁੰਮ ਜਾਂਦਾ ਹੇ ਤੇ ਉਹ ਕਹਿੰਦਾ ਹੈ ਜੋ ਮੈਂ ਤੇ ਇਕ ਜ਼ਨਾਨੀ ਪਿੱਛੇ ਹੀ ਜੋਗੀ ਹੋਇਆਂ , ਜੇ ਮੈਂ ਹਰ ਇਕ ਨੂੰ ਮਾਂ ਭੈਣ ਜਾਣ ਸਕਦਾ ਤੇ ਮੈਂ ਏਨੀਆਂ ਉਖਤਾਂ ਵਿਚ ਕਿਉਂ ਪੈਂਦਾ। ਫਿਰ ਉਹ ਕਹਿੰਦਾ ਹੈ :
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਇਹ ਗੁਰੂ ਨਾ ਬੰਨ ਕੇ ਚੋਓਨੇ ਨੀ
ਇਸ ਤੋਂ ਪਹਿਲਾਂ ਵੀ ਵਾਰਿਸ ਸ਼ਾਹ ਨੇ ਜੋਗੀਆਂ ਦੇ ਪੰਥ ਦਾ ਚੰਗਾ ਠੱਠਾ ਲਾਇਆ ਸੀ:
ਹਉਕਾ ਫਿਰੇ ਦਿੰਦਾ ਪਿੰਡਾ ਵਿਚ ਸਾਰੇ ਆਉ ਕਿਸੇ ਫ਼ਕੀਰ ਜੇ ਹੋਵਣਾ ਜੇ ਮੰਗ ਖਾਵਣਾ ਕੰਮ ਨਾ ਕਾਜ ਕਰਨਾ ਨਾ ਕੋ ਚਾਰਨਾ ਤੇ ਨਾ ਹੀ ਚੋਓਨਾ ਜੇ ਜ਼ਰਾ ਕਣ ਪੜਾ ਕੇ ਸਿਵਾ ਮਿਲਣੀ ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ ਨਹੀਂ ਦੇਣੀ ਵਧਾਈ ਫਿਰ ਜਮਨੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਓਨਾ ਜੇ ਮੰਗ ਖਾਵਣਾ ਅਤੇ ਮਸੀਤ ਸੋਨਾ, ਨਾ ਕੁੱਝ ਬੋਓਨਾ ਤੇ ਨਾ ਕੁੱਝ ਲੋਓਨਾ ਜੇ ਨਾਲੇ ਮੰਗਣਾ ਤੇ ਨਾਲੇ ਘੋਰਨਾਈ ਦੇਣ ਦਾਰ ਨਾ ਕਿਸੇ ਦਾ ਹੋਵਣਾ ਜੇ ਖ਼ੁਸ਼ੀ ਅਪਣੀ ਉਠਣਾ ਮੀਆਂ ਵਾਰਿਸ ਅਤੇ ਅਪਣੀ ਨੀਂਦਰੇ ਸੋਓਨਾ ਜੇ
More