ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > 68 ਵਰ੍ਹਿਆਂ ਪਿਛੋਂ ਅਲੀ ਮਿਲੇਗਾ 'ਮੋਹਣੇ' ਯਾਰ ਨੂੰ
ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਬਚਪਨ ਦੇ ਦੋਸਤ ਰਾਜਾ ਮੁਹੰਮਦ ਅਲੀ।
ਅਟਾਰੀ/ਅੰਮ੍ਰਿਤਸਰ, 23 ਮਈ (ਜਗਤਾਰ ਸਿੰਘ ਲਾਂਬਾ, ਰਜਿੰਦਰ ਸਿੰਘ ਰੂਬੀ)-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਬਚਪਨ ਦਾ ਲੰਗੋਟੀਆ ਮਿੱਤਰ ਰਾਜਾ ਮੁਹੰਮਦ ਅਲੀ (79) ਅੱਜ ਅਟਾਰੀ ਸਰਹੱਦ ਰਸਤੇ ਅੰਮ੍ਰਿਤਸਰ ਪੁੱਜ ਗਿਆ ਅਤੇ ਕੱਲ੍ਹ ਸ਼ਾਮ 24 ਮਈ ਨੂੰ ਦਿੱਲੀ ਲਈ ਰਵਾਨਾ ਹੋਏਗਾ, ਜਿਥੇ ਕਰੀਬ 68 ਵਰ੍ਹਿਆਂ ਬਾਅਦ ਉਹ ਆਪਣੇ ਪੁਰਾਣੇ ਯਾਰ ਨੂੰ ਮਿਲੇਗਾ, ਜਿਸ ਨਾਲ ਉਹ ਚੌਥੀ ਜਮਾਤ ਤੱਕ ਇਕੋ ਸਕੂਲ ਤੇ ਇਕੋ ਜਮਾਤ ਵਿਚ ਪੜ੍ਹਿਆ ਸੀ। ਰਾਜਾ ਮੁਹੰਮਦ ਅਲੀ ਪਿੰਡ ਗਾਹ ਜ਼ਿਲ੍ਹਾ ਚਕਵਾਲ ਇਸਲਾਮਾਬਾਦ ਦਾ ਰਹਿਣ ਵਾਲਾ ਹੈ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀ ਇਹੀ ਜੱਦੀ ਪਿੰਡ ਹੈ। ਅਟਾਰੀ ਸਰਹੱਦ ਰਸਤੇ ਇਥੇ ਪੁੱਜੇ ਰਾਜਾ ਮੁਹੰਮਦ ਅਲੀ ਦੇ ਨਾਲ ਉਸ ਦਾ ਭਤੀਜਾ ਹਾਜੀ ਮੁਹੰਮਦ ਅਹਿਮਦ ਵੀ ਹੈ ਅਤੇ ਉਹ ਇਕ ਮਹੀਨੇ ਦੇ ਵੀਜ਼ੇ 'ਤੇ ਭਾਰਤ ਆਏ ਹਨ। ਰਾਜਾ ਮੁਹੰਮਦ ਅਲੀ ਉਥੇ ਆੜ੍ਹਤ ਦਾ ਕੰਮ ਕਰਦਾ ਹੈ। ਉਹ ਆਪਣੇ ਮਿੱਤਰ ਮੋਹਣੇ (ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਬਚਪਨ ਦਾ ਨਾਂਅ) ਲਈ ਸੁਨਹਿਰੀ ਤਿੱਲੇ ਵਾਲੀ ਨੋਕਦਾਰ ਮੁਲਤਾਨੀ ਜੁੱਤੀ ਲੈ ਕੇ ਆਇਆ ਹੈ । ਇਸ ਤੋਂ ਇਲਾਵਾ ਉਹ ਮਨਮੋਹਨ ਸਿੰਘ ਨਾਲ ਜੁੜੀਆਂ ਕੁਝ ਹੋਰ ਵਸਤਾਂ ਲੈ ਕੇ ਆਇਆ ਹੈ। ਬਚਪਨ ਦੇ ਦਿਨ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਪਿਤਾ ਦਾ ਡਰਾਈਫਰੂਟ ਦਾ ਕਾਰੋਬਾਰ ਸੀ, ਉਹ ਅਕਸਰ ਸਕੂਲ ਡਰਾਈਫਰੂਟ ਲੈ ਕੇ ਆਉਂਦੇ ਸਨ ਅਤੇ ਮੈਂ ਇਹ ਡਰਾਈਫਰੂਟ ਚੋਰੀ ਕੱਢ ਕੇ ਖਾ ਲੈਂਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਮਿੱਤਰ ਲਈ ਪਿਆਰ ਤੇ ਬਚਪਨ ਦੀਆਂ ਯਾਦਾਂ ਲੈ ਕੇ ਆਇਆ ਹੈ। ਉਸ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਕੋਈ ਅਗਾਊਂ ਸਮਾਂ ਨਹੀਂ ਲਿਆ। ਉਹ ਸਿੱਧਾ ਉਸ ਦੇ ਘਰ ਜਾਣਗੇ।
ਰਾਜਾ ਮੁਹੰਮਦ ਅਲੀ ਪ੍ਰਧਾਨ ਮੰਤਰੀ ਲਈ ਸੁਗਾਤ ਵਜੋਂ ਪਾਕਿਸਤਾਨ ਤੋਂ ਲਿਆਂਦੀ ਪੰਜਾਬੀ ਨੋਕ ਵਾਲੀ ਜੁੱਤੀ ਨੂੰ ਵਿਖਾਉਂਦੇ ਹੋਏ। (ਸੱਜੇ) ਡੀ.ਏ.ਵੀ. ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਦੇ ਬੱਚਿਆਂ ਨਾਲ ਰਾਜਾ ਮੁਹੰਮਦ ਅਲੀ ਭੰਗੜਾ ਪਾਉਂਦੇ ਹੋਏ। ਤਸਵੀਰਾਂ : ਰੂਬੀ
ਸਿੱਧੇ-ਸਾਦੇ ਤੇ ਚਿੱਟੇ ਲਿਬਾਸ ਵਿਚ ਉਧਰ ਦੀ ਰਵਾਇਤੀ ਪਗੜੀ ਸਜਾਈ ਜਨਾਬ ਰਾਜਾ ਨੇ ਦੱਸਿਆ ਕਿ ਹੁਣ ਤਾਂ ਗਾਹ ਪਿੰਡ ਦਾ ਨਕਸ਼ਾ ਬਦਲ ਚੁਕਾ ਹੈ ਪਰ ਪੁਰਾਣਾ ਸਾਂਝਾ ਖੂਹ ਅੱਜ ਵੀ ਹੈ। ਸਕੂਲ ਵਿਚ ਹਾਈ ਸਕੂਲ ਉਸਾਰੀ ਅਧੀਨ ਹੈ ਅਤੇ ਇਸ ਸਕੂਲ ਦਾ ਨਾਂਅ ਡਾ: ਮਨਮੋਹਨ ਸਿੰਘ ਦੇ ਨਾਂਅ 'ਤੇ ਰੱਖਿਆ ਜਾਏਗਾ। ਇਸੇ ਤਰ੍ਹਾਂ ਲਾਹੌਰ-ਇਸਲਾਮਾਬਾਦ ਸੜਕ ਡਾ: ਮਨਮੋਹਨ ਸਿੰਘ ਦੀ ਪੁਸ਼ਤੈਨੀ ਜ਼ਮੀਨ ਦੇ ਵਿਚੋਂ ਵੰਡ ਕੇ ਲੰਘਦੀ ਹੈ। ਉਸ ਨੇ ਕਿਹਾ ਕਿ ਇਹ ਮੇਰੇ ਲਈ ਅਤੇ ਮੇਰੇ ਪਿੰਡ ਲਈ ਫ਼ਖਰ ਦੀ ਗੱਲ ਹੈ ਕਿ ਡਾ: ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਹਨ। ਅੱਜ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਡੀ. ਏ. ਵੀ. ਪਬਲਿਕ ਸਕੂਲ ਅੰਮ੍ਰਿਤਸਰ ਦੀ ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ, ਸ: ਐਸ. ਐਸ. ਛੀਨਾ, ਕਸਟਮ ਦੇ ਸਹਾਇਕ ਕਮਿਸ਼ਨਰ ਵੀ. ਡੀ. ਚੌਧਰੀ ਅਤੇ ਸ: ਜੀ. ਐਸ. ਭੱਟੀ ਆਦਿ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਸਕੂਲ ਦੇ ਬੱਚਿਆਂ ਵੱਲੋਂ ਸਵਾਗਤ ਵਿਚ ਭੰਗੜਾ ਵੀ ਪਾਇਆ ਗਿਆ। ਅੱਜ 24 ਮਈ ਨੂੰ ਇਥੇ ਡੀ. ਏ. ਵੀ. ਪਬਲਿਕ ਸਕੂਲ ਵਿਚ ਉਹ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰਨਗੇ ਅਤੇ ਖ਼ਾਲਸਾ ਕਾਲਜ ਦੀ ਇਤਿਹਾਸਕ ਇਮਾਰਤ ਨੂੰ ਦੇਖਣ ਉਪਰੰਤ ਸ਼ਾਮ ਨੂੰ ਰੇਲ ਗੱਡੀ ਰਾਹੀਂ ਦਿੱਲੀ ਰਵਾਨਾ ਹੋਣਗੇ।
More