ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਟੋਰੋਂਟੋ 'ਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ:ਜਦੋਂ ਤੱਕ ਪੰਜਾਬੀ ਜਿਉਂਦੇ ਹਨ, ਪੰਜਾਬੀ ਨਹੀਂ ਮਰੇਗੀ
-ਕਾਨਫ਼ਰੰਸ ਦੌਰਾਨ ਓਨਟਾਰੀਓ ਦੇ ਕੈਬਨਿਟ ਮੰਤਰੀ ਹਰਿੰਦਰ ਤੱਖਰ, ਅਲਬਟਰਟਾ ਦੇ ਐਮ. ਪੀ. ਦਵਿੰਦਰ ਸ਼ੋਰੀ, ਓਨਟਾਰੀਓ ਦੇ ਐਮ. ਪੀ. ਗੁਰਬਖ਼ਸ਼ ਸਿੰਘ ਮੱਲੀ ਤੇ ਐਮ.ਪੀ. ਮਿੱਸ ਬੌਨੀ ਵਲੋਂ ਦੇਸ਼-ਵਿਦੇਸ਼ ਤੋਂ ਆਏ 60 ਲੇਖਕ ਤੇ ਵਿਦਵਾਨ ਸਨਮਾਨਿਤ - ਕਾਨਫ਼ਰੰਸ ਦੇ ਆਖਰੀ ਦਿਨ ਕੁੜੀਆਂ ਦੇ ਗਿੱਧੇ ਨੇ ਯਾਦਾਂ ਸਿਰਜੀਆਂ - ਦੋ ਦਰਜਨ ਪੁਸਤਕਾਂ ਰਿਲੀਜ਼ ਟੋਰੋਂਟੋ, (ਬਲਵਿੰਦਰ ਸਿੰਘ ਥਿੰਦ) :- ਸਥਾਨਕ ਸੰਸਥਾ 'ਕਲਮ' (ਕਲਾਕਾਰ ਲੇਖਕ ਮੰਚ) ਵਲੋਂ ਬਰੈਂਪਟਨ ਵਿਖੇ ਕਰਵਾਈ ਗਈ ਤਿੰਨ ਰੋਜ਼ਾ 'ਵਿਸ਼ਵ ਪੰਜਾਬੀ ਕਾਨਫ਼ਰੰਸ', ਜਿਸ ਦਾ ਉਦਘਾਟਨ ਕੈਨੇਡਾ ਦੇ ਸਿਟੀਜ਼ਨਸ਼ਿੱਪ, ਇੰਮੀਗ੍ਰੇਸ਼ਨ ਐਂਡ ਮਲਟੀ-ਕਲਚਰਰਿਜ਼ਮ ਮਨਿਸਟਰ ਜੇਸਨ ਕੈਨੀ ਨੇ 24 ਜੁਲਾਈ ਨੂੰ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਅਤੇ ਇਹ ਕਾਨਫ਼ਰੰਸ 26 ਜੁਲਾਈ ਨੂੰ ਵੰਨ-ਸੁਵੰਨੀਆਂ ਪੰਜਾਬੀ ਸੱਭਿਆਚਾਰਕ ਝਲਕੀਆਂ ਨਾਲ ਸਜੇ ਇਕ ਵਿਦਾਈ ਸਮਾਗਮ ਨਾਲ ਸਮਾਪਤ ਹੋਈ। ਇਸ ਸੱਭਿਆਚਾਰਕ ਸਮਾਗਮ ਵਿਚ ਓਨਟਾਰੀਓ ਦੇ ਕੈਬਨਿਟ ਮੰਤਰੀ ਹਰਿੰਦਰ ਤੱਖਰ, ਅਲਬਟਰਟਾ ਦੇ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਓਨਟਾਰੀਓ ਦੇ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲੀ ਅਤੇ ਇਕ ਹੋਰ ਮੈਂਬਰ ਪਾਰਲੀਮੈਂਟ ਮਿੱਸ ਬੌਨੀ ਨੇ ਦੇਸ਼-ਵਿਦੇਸ਼ ਤੋਂ ਆਏ ਹੋਏ, ਤਕਰੀਬਨ 60 ਲੇਖਕਾਂ ਅਤੇ ਵਿਦਵਾਨਾਂ ਨੂੰ ਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਇਹ ਵਿਦਵਾਨ ਭਾਰਤ, ਯੌਰਪ, ਕੈਨੇਡਾ ਅਤੇ ਅਮਰੀਕਾ ਤੋਂ ਆਏ ਹੋਏ ਸਨ। ਐੱਮ. ਪੀ. ਪੀ. ਵਿੱਕ ਢਿੱਲੋਂ ਨੇ ਤਿੰਨੇ ਹੀ ਦਿਨ ਇਸ ਕਾਨਫ਼ਰੰਸ ਦੀ ਹਾਜ਼ਰੀ ਭਰੀ। ਵਿਦਾਇਗੀ ਸਮਾਗਮ ਤੋਂ ਪਹਿਲੇ ਦੋ ਦਿਨਾਂ ਦੌਰਾਨ, ਭਾਰਤ ਦੀ ਨੈਸ਼ਨਲ ਸਾਹਿਤ ਅਕੈਡਮੀ ਦੇ ਮੀਤ ਪ੍ਰਧਾਨ ਡਾ. ਸਤਿੰਦਰ ਸਿੰਘ ਨੂਰ ਨੇ ਇਸ ਕਾਨਫ਼ਰੰਸ ਵਿਚ ਕੁੰਜੀਵਤ ਤਕਰੀਰ ਕਰਦਿਆਂ ਇਹੋ ਜਿਹੀਆਂ ਕਾਨਫ਼ਰੰਸਾਂ ਕਰਾਉਣ ਦੀ ਅਹਿਮੀਅਤ ਦਰਸਾਉਂਦਿਆਂ ਕਿਹਾ ਕਿ ਬਹੁਤ ਹੀ ਸਫ਼ਲ ਰਹੀ ਇਸ ਕਾਨਫ਼ਰੰਸ ਵਰਗੀਆਂ ਹੋਰ ਕਾਨਫ਼ਰੰਸਾਂ ਕਰਵਾਏ ਜਾਣ ਦੀ ਲੋੜ ਹੈ ਤਾਂ ਕਿ ਕੌਮਾਂਤਰੀ ਪੱਧਰ 'ਤੇ ਪੰਜਾਬੀ ਲੋਕ, ਆਪਣੀ ਭਾਸ਼ਾ, ਸੱਭਿਆਚਾਰ ਅਤੇ ਇਸੇ ਹੀ ਤਰ੍ਹਾਂ ਦੇ ਹੋਰ ਸਰੋਕਾਰਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰ ਸਕਣ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਬਾਰੇ ਫ਼ਿਕਰ ਜ਼ਾਹਰ ਕਰਦਿਆਂ ਉਨ੍ਹਾਂ ਨੇ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਏ ਲੋਕਾਂ ਨੂੰ, ਵੱਖ-ਵੱਖ ਭਾਰਤੀ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਸਾਹਿਤਕ ਅਤੇ ਸੱਭਿਆਚਾਰਕ ਪ੍ਰਾਜੈਕਟਾਂ ਬਾਰੇ ਵੀ ਦੱਸਿਆ। ਇਸ ਕਾਨਫ਼ਰੰਸ ਵਿਚ ਚਾਰ ਸੈਸ਼ਨਾਂ ਵਿਚ ਚਲਾਏ ਗਏ ਸੈਮੀਨਾਰ ਵਿਚ ਜਿਨ੍ਹਾਂ ਮੁੱਖ ਸਰੋਕਾਰਾਂ ਬਾਰੇ ਚਰਚਾ ਕੀਤੀ ਗਈ, ਉਨ੍ਹਾਂ ਵਿਚ ਸਾਹਿਤ, ਪੱਤਰਕਾਰੀ ਅਤੇ ਸੱਭਿਆਚਾਰਕ ਪ੍ਰਗਟਾਵਿਆਂ ਵਿਚ ਆਏ ਨਵੇਂ ਰੁਝਾਨਾਂ ਦੇ ਨਾਲ-ਨਾਲ ਨਾਰੀਵਾਦੀ ਮੁੱਦੇ, ਦਲਿਤਾਂ ਦੇ ਦੁੱਖੜੇ, ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੇ ਪ੍ਰਭਾਵ, ਸਾਹਿਤ ਵਿਚ ਵਿਸ਼ਾਗਤ ਲਹਿਰ ਅਤੇ ਨਿਰੰਤਰਤਾ ਤੋਂ ਦੂਰੀ ਅਤੇ ਸੱਭਿਆਚਾਰਕ ਪ੍ਰਗਟਾਵਿਆਂ ਵਿਚੋਂ ਰਵਾਇਤੀ ਰਹੁ-ਰੀਤਾਂ ਦਾ ਅਲੋਪ ਹੋਣਾ ਵੀ ਸ਼ਾਮਲ ਸਨ। ਇਸ ਕਾਨਫ਼ਰੰਸ ਵਿਚ ਮੁੱਖ ਪਰਚੇ, ਪ੍ਰੋਫੈਸਰ ਜਗਬੀਰ ਸਿੰਘ, ਪ੍ਰੋ. ਐੱਸ. ਐੱਸ. ਭੱਟੀ, ਪ੍ਰੋ. ਬਲਦੇਵ ਸਿੰਘ ਧਾਲੀਵਾਲ ਅਤੇ ਪ੍ਰੋ. ਹਰਜਿੰਦਰ ਸਿੰਘ ਵਾਲੀਆ ਨੇ ਪੜ੍ਹੇ। ਹੋਰ ਅਹਿਮ ਪਰਚੇ ਪੜ੍ਹਨ ਵਾਲਿਆਂ ਵਿਚ ਆਸਿਫ਼ ਸ਼ਾਹਕਾਰ (ਸਟਾਕਹੋਮ), ਐੱਨ. ਐੱਸ. ਕੌਸ਼ਲ (ਕੁਰੂਕਸ਼ੇਤਰ), ਬਲਬੀਰ ਸਿੰਘ ਮੋਮੀ (ਬਰੈਂਪਟਨ), ਡਾ. ਵਨੀਤਾ (ਨਵੀਂ ਦਿੱਲੀ), ਬਖ਼ਸ਼ਿੰਦਰ (ਜਲੰਧਰ), ਕਿਰਪਾਲ ਪੰਨੂ (ਕੈਨੇਡਾ), ਖ਼ਾਲਿਦ ਹੁਸੈਨ (ਓਸਲੋ), ਹਰਭਜਨ ਸਿੰਘ ਮਾਂਗਟ (ਵੈਨਕੋਵਰ) ਅਤੇ ਜਤਿੰਦਰ ਕੌਰ (ਲੁਧਿਆਣਾ), ਬਲਵਿੰਦਰ ਸਿੰਘ ਥਿੰਦ, ਸੁਰਿੰਦਰ ਪਾਮਾ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਪ੍ਰੋ. ਐੱਚ. ਐੱਸ. ਭਾਟੀਆ, ਡਾ. ਮਨਮੋਹਨ, ਪ੍ਰੋ. ਨਾਹਰ ਸਿੰਘ, ਪ੍ਰੋ. ਅਮਰਜੀਤ ਗਰੇਵਾਲ ਅਤੇ ਪ੍ਰੋ. ਕਰਮਜੀਤ ਸਿੰਘ ਵਲੋਂ ਲਿਖੇ ਹੋਏ ਪਰਚੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਪੜ੍ਹਾਏ ਗਏ। ਇਸ ਮੌਕੇ ਕੈਲਗਰੀ ਤੋਂ ਆਏ ਚਿੱਤਰਕਾਰ ਹਰਪ੍ਰਕਾਸ਼ ਸਿੰਘ ਜਨਾਗਲ ਨੇ ਇਕ ਚਿੱਤਰ ਪ੍ਰਦਰਸ਼ਨੀ ਲਗਾਈ, ਜਿਸ ਦਾ ਉਦਘਾਟਨ, ਔਂਟਾਰੀਓ ਦੇ ਕੈਬਨਿਟ ਮੰਤਰੀ ਹਰਿੰਦਰ ਤੱਖਰ ਨੇ ਕੀਤਾ। ਸ਼ੈਰੀਡਨ ਕਾਲਜ ਦੇ ਜਿਸ ਹਾਲ ਵਿਚ ਇਹ ਕਾਨਫ਼ਰੰਸ ਕਰਵਾਈ ਗਈ ਸੀ, ਉਸ ਵਿਚ 200 ਵਿਅਕਤੀਆਂ ਦੇ ਹੀ ਬੈਠਣ ਦਾ ਪ੍ਰਬੰਧ ਹੋਣ ਦੇ ਬਾਵਜੂਦ, ਇਸ ਤੋਂ ਕਿਤੇ ਵੱਧ ਗਿਣਤੀ ਵਿਚ ਲੋਕਾਂ ਨੇ ਖੜ੍ਹੇ ਹੋ ਕੇ ਵੀ ਪਰਚੇ ਸੁਣੇ। ਇਸ ਕਾਨਫ਼ਰੰਸ ਵਿਚ ਮੈਂਬਰ ਪਾਰਲੀਮੈਂਟ-ਰੂਬੀ ਢੱਲਾ, ਡਾ. ਕ੍ਰਿਸਟੀ ਡੰਕਨ, ਐਂਡਰੀਊ ਕੇਨੀਆ ਨੇ ਵੀ ਭਰਵੀਂ ਹਾਜ਼ਰੀ ਭਰੀ।ਇਸ ਮੌਕੇ ਭੂਰੀ ਵਾਲੇ ਸੰਤ ਮਹਾਰਾਜ ਚੇਤਨਾ ਨੰਦ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਕਾਨਫ਼ਰੰਸ ਦੇ ਸੈਮੀਨਾਰ ਇਜਲਾਸਾਂ ਦੌਰਾਨ ਲੋਕਾਂ ਵਿਚ ਛਾਈ ਰਹੀ ਚੁੱਪ ਅਤੇ ਸੰਜੀਦਗੀ ਆਪਣੇ-ਆਪ ਵਿਚ ਮਿਸਾਲਾਂ ਸਨ। ਇਸ ਮੌਕੇ ਪਟਿਆਲਾ ਤੋਂ ਆਏ ਡਾ. ਪ੍ਰਕਾਸ਼ ਸਿੰਘ ਜੰਮੂ ਨੇ ਉਸ ਸਮੇਂ ਇਕ ਹਲਚਲ ਜਿਹੀ ਮਚਾ ਦਿੱਤੀ ਜਦੋਂ ਉਨ੍ਹਾਂ ਨੇ ਇਹ ਕਹਿ ਦਿੱਤਾ ਕਿ ਯੂ. ਐੱਨ. ਓ. ਵਲੋਂ ਇਕ ਰਿਪੋਰਟ ਵਿਚ ਇਹ ਕਿਹਾ ਜਾ ਚੁੱਕਾ ਹੈ ਕਿ ਪੰਜਾਬੀ ਭਾਸ਼ਾ ਜਲਦੀ ਹੀ ਖ਼ਤਮ ਹੋ ਜਾਵੇਗੀ ਤੇ ਇਸ ਫ਼ਿਕਰ ਬਾਰੇ ਬਹੁਤ ਜ਼ਿਆਦਾ ਸੰਜੀਦਾ ਹੋਣਾ ਚਾਹੀਦਾ ਹੈ। ਇਸ ਦੇ ਉਲਟ ਡਾ. ਨੂਰ ਨੇ ਉਨ੍ਹਾਂ ਵਲੋਂ ਜ਼ਾਹਰ ਕੀਤੇ ਗਏ ਇਸ ਫ਼ਿਕਰ ਨੂੰ ਜਹਾਨ ਵਿਚ ਪੰਜਾਬੀ ਬੋਲਣ ਵਾਲਿਆਂ ਸਬੰਧੀ ਤਾਜ਼ਾ ਅੰਕੜੇ ਪੇਸ਼ ਕਰ ਕੇ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ, ''ਕੋਈ ਵੀ ਪੰਜਾਬੀਆਂ ਨੂੰ ਇਸ ਜਹਾਨ ਵਿਚੋਂ ਖ਼ਤਮ ਨਹੀਂ ਕਰ ਸਕਦਾ ਤੇ ਜਦੋਂ ਤੱਕ ਇਕ ਵੀ ਪੰਜਾਬੀ ਜਿਉਂਦਾ ਹੈ, ਪੰਜਾਬੀ ਨਹੀਂ ਮਰੇਗੀ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਬਾਰੇ ਕੀਤੀ ਗਈ ਇਸ ਟਿੱਪਣੀ ਤੋਂ ਅਗਲੀ ਸਤਰ ਵੀ ਪੜ੍ਹਨੀ ਚਾਹੀਦੀ ਹੈ, ਜੋ ਸਾਨੂੰ ਇਸ ਸਬੰਧ ਵਿਚ ਸੁੱਖ ਦਾ ਸਾਹ ਦਿੰਦੀ ਹੈ। ਇਸ ਲਈ ਸਾਨੂੰ ਇਸ ਰੌਲੇ-ਗੌਲੇ ਵਿਚ ਸ਼ਾਮਲ ਹੋਣ ਦੀ ਥਾਂ ਇਸ ਸਬੰਧੀ ਚੌਕਸ ਹੋਣ ਦੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹੋ ਜਿਹਾ ਰੌਲਾ ਪਾਉਣ ਨਾਲ ਵੀ ਇਹੋ ਜਿਹਾ ਨੁਕਸਾਨ ਹੋ ਸਕਦਾ ਹੈ, ਜਿਸ ਦੀ ਪੂਰਤੀ ਕਰਨੀ ਬਹੁਤ ਔਖੀ ਹੋ ਜਾਵੇਗੀ। ਵਰਲਡ ਪੰਜਾਬੀ ਸੈਂਟਰ, ਪਟਿਆਲਾ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਨੇ ਇਹ ਕਾਨਫ਼ਰੰਸ, ਕੌਮਾਂਤਰੀ ਪੱਧਰ 'ਤੇ ਬਹੁਤ ਹੀ ਅਰਥ ਭਰਪੂਰ ਅਤੇ ਸਾਰਥਕ ਕਰਾਰ ਦਿੱਤੀ। ਇਸ ਕਾਨਫ਼ਰੰਸ ਵਿਚ ਸ਼ਾਮਲ ਹੋਈਆਂ ਹੋਰ ਮਹੱਤਵਪੂਰਨ ਸ਼ਖ਼ਸੀਅਤਾਂ ਵਿਚ ਹਰਿਆਣਾ ਸਾਹਿਤ ਅਕੈਡਮੀ ਦੇ ਡਾਇਰੈਕਟਰ ਸੀ. ਆਰ. ਮੌਦਗਿਲ, ਸ਼ਾਇਰ ਮਿੰਦਰ ਬਾਗ਼ੀ (ਆਨੰਦਪੁਰ ਸਾਹਿਬ), ਨਾਟਕਕਾਰ ਆਤਮਜੀਤ (ਮੁਕੰਦਪੁਰ), ਪ੍ਰਿੰਸੀਪਲ ਗੁਰਮੋਹਨ ਵਾਲੀਆ (ਫ਼ਤਿਹਗੜ੍ਹ ਸਾਹਿਬ), ਪ੍ਰਿੰਸੀਪਲ ਦਲਜੀਤ ਸਿੰਘ (ਅੰਮ੍ਰਿਤਸਰ), ਪ੍ਰੋ. ਰਾਜਪਾਲ ਸਿੰਘ (ਪਟਿਆਲਾ), ਡਾ. ਸਵਰਾਜ ਸੰਧੂ (ਚੰਡੀਗੜ੍ਹ) ਸ਼ਾਇਰਾ ਹਰਿੰਦਰ ਬਰਾੜ (ਰੋਪੜ), ਸ਼ਾਇਰਾ ਜਸਵੀਰ (ਡੈਲਸ), ਡਾ. ਸਾਧੂ ਸਿੰਘ (ਵੈਨਕੋਵਰ) ਸ਼ਾਇਰ ਸੁਖਿੰਦਰ (ਮਿਸੀਸਾਗਾ) ਅਤੇ ਪ੍ਰਿੰਸੀਪਲ ਸਰਵਣ ਸਿੰਘ (ਬਰੈਂਪਟਨ) ਸਨ। ਇਸ ਕਾਨਫ਼ਰੰਸ ਦੇ ਚੀਫ਼-ਕੋਆਰਡੀਨੇਟਰ ਡਾ. ਦਰਸ਼ਨ ਸਿੰਘ ਬੈਂਸ (ਮੁੱਖ ਸੰਪਾਦਕ, 'ਅਜੀਤ ਵੀਕਲੀ') ਨੇ ਦੱਸਿਆ ਕਿ ਇਸ ਕਾਨਫ਼ਰੰਸ ਲਈ ਵੱਖ-ਵੱਖ ਵਿਦਵਾਨਾਂ ਵਲੋਂ ਲਿਖੇ ਹੋਏ 40 ਪਰਚੇ ਆਏ ਸਨ, ਜਿਨ੍ਹਾਂ ਵਿਚੋਂ 25 ਪਰਚੇ ਇਸ ਮੌਕੇ ਪੜ੍ਹੇ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰੇ ਪਰਚੇ ਇਕ ਪੁਸਤਕ ਦੇ ਰੂਪ ਵਿਚ ਛਾਪੇ ਜਾਣਗੇ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਕਾਨਫ਼ਰੰਸ ਵਿਚ ਵੱਖ-ਵੱਖ ਲੇਖਕਾਂ ਦੀਆਂ ਕਰੀਬ ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ।
More