کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਤੀਜੇ ਪੰਜਾਬ ਵਲੋਂ ਆਪਣੀ ਬੋਲੀ ਤੇ ਵਸੇਬ ਲਈ ਮੇਲਜੋਲ ਦਾ ਆਹਰ

ਤੀਜੇ ਪੰਜਾਬ ਵਲੋਂ ਆਪਣੀ ਬੋਲੀ ਤੇ ਵਸੇਬ ਲਈ ਮੇਲਜੋਲ ਦਾ ਆਹਰ

ਖ਼ਾਲਿਦ ਹੁਸੈਨ ਥੁਥਾਲ

July 31st, 2009

4 / 5 (9 Votes)

 

 

ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋ 24 ਤੋਂ 26 ਜੁਲਾਈ 2009 ਆਲਮੀ ਪੱਧਰ 'ਤੇ ਪੰਜਾਬੀ ਬੋਲੀ, ਸਾਹਿਤ ਤੇ ਵਸੇਬ ਦੀ ਏਕਤਾ ਅਤੇ ਮੇਲ-ਮਿਲਾਪ ਦੇ ਸਾਂਗੇ ਇੱਕ ਬੜੀ ਸਫ਼ਲ ਕਾਨਫ਼ਰੰਸ ਹੋਈ ਏ। ਇਹਨੂੰ ਅਸੀਂ ਤੀਜੇ ਪੰਜਾਬ ਦੇ ਭਰਵੇਂ ਰੰਗ ਰੂਪ ਦਾ ਵਿਖਾਲਾ ਵੀ ਆਖ ਸਕਦੇ ਹਾਂ। ਆਪਣੀ ਵੰਨਗੀ ਦੀ ਇਸ ਨਿਵੇਕਲੀ ਕਾਨਫ਼ਰੰਸ ਨੂੰ ਅਸੀਂ ਇਸ ਲਈ ਵੀ ਸਲਾਹਉਨੇ ਹਾਂ ਜੋ ਤੀਜੇ ਪੰਜਾਬ ਵੱਲੋਂ ਜਗਤ ਪੱਧਰ 'ਤੇ ਪੰਜਾਬੀ ਬੋਲੀ ਸਾਹਿਤ ਤੇ ਵਸੇਬ ਦਾ ਇੰਝ ਦਾ ਆਹਰ ਪੰਜਾਬੀ ਬੋਲੀ ਲਈ ਹੋਰ ਵੀ ਉਚੇਚਾ ਇਸ ਲਈ ਵੀ ਹੋ ਜਾਂਦਾ ਏ ਕਿ ਯੂ.ਐਨ.ਓ. ਵੱਲੋਂ ਤੁਰੀ ਇੱਕ ਖ਼ਬਰ ਸੁਣਾਈ ਜਾ ਰਹੀ ਸੀ ਕਿ ਅਗਲੇ 50 ਸਾਲਾਂ ਵਿੱਚ ਪੰਜਾਬੀ ਬੋਲੀ ਮੁੱਕ ਮਿਟ ਜਾਵੇਗੀ। ਇਸ ਵੇਲੇ ਇਸ ਖ਼ਬਰ ਦਾ ਮੁਲਾਹਜ਼ਾ ਤਾਂ ਅਸੀਂ ਨਹੀਂ ਕਰਦੇ ਪਰ ਇਹ ਜਾਨਣ ਦੀ ਲੋੜ ਤਾਂ ਹੈ ਕਿ ਇਸ ਅਦਾਰੇ ਨੇ ਇਸ ਨੀਂਹ 'ਤੇ ਇਹ ਦੱਸ ਉਸਾਰੀ ਹੈ।

ਕਾਨਫ਼ਰੰਸ ਦਾ ਮੁੱਢ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪਿਛੋਕੜ ਵਾਲੇ ਤੀਜੇ ਪੰਜਾਬ ਦੇ ਦੋ ਹੋਣਹਾਰ ਪੱਤਰਕਾਰਾਂ ਸੰਨੀ ਬੈਂਸ ਤੇ ਨਾਦੀਆ ਜ਼ੈਦੀ ਹੋਰਾਂ ਲੋਕਾਂ ਨੂੰ 'ਜੀ ਆਇਆਂ' ਆਖ ਕੇ ਕੀਤਾ ਅਤੇ ਕਾਨਫ਼ਰੰਸ ਦੀ ਲੋੜ ਇਸ ਦੇ ਪਿਛੋਕੜ ਤੇ ਸਿੱਟਿਆਂ ਦੀ ਜਾਣਕਾਰੀ ਕਰਵਾਈ। ਕਾਨਫ਼ਰੰਸ ਦਾ ਉਦਘਾਟਨ ਇੱਕ ਵਜ਼ੀਰ ਜੈਸਨ ਕੈਨੀ ਹੋਰਾਂ ਕੀਤਾ। ਸਟੇਜ ਦੀ ਵਾਗਡੋਰ ਡਾ. ਆਤਮਜੀਤ ਹੋਰਾਂ ਦੇ ਹੱਥ ਆਈ। ਪਹਿਲੇ ਸ਼ੈਸਨ ਦੇ ਪ੍ਰਧਾਨ ਡਾ. ਸੁਤਿੰਦਰ ਸਿੰਘ ਨੂਰ ਹੋਰਾਂ ਜਗਤ ਪੱਧਰ 'ਤੇ ਪੰਜਾਬੀਆਂ ਦੇ ਇੰਝ ਦੇ ਮੇਲ-ਜੋਲ ਦੀ ਉਚੇਚਤਾ ਨੂੰ ਬੜਾ ਲੋੜਵੰਦਾ ਆਖਿਆ ਤੇ ਪੰਜਾਬੀਆਂ ਦੇ ਦੁਨੀਆਂ ਦੇ ਹਰ ਪਾਸੇ ਵਸੇਬੇ ਸੰਗ ਜੁੜੇ ਕੁਝ ਅਦਾਰਿਆਂ ਦੇ ਸਾਹਿਤਕ ਤੇ ਵਸੇਬੀ ਮਨਸੂਬਿਆਂ ਦੀ ਦੱਸ ਪਾਈ। ਕਾਨਫ਼ਰੰਸ ਵਿਚ ਦੱਸਿਆ ਗਿਆ ਕਿ ਪਾਕਿਸਤਾਨ ਦੇ 12 ਲਿਖਾਰੀਆਂ ਨੇ ਵੀਜ਼ੇ ਅਪਲਾਈ ਕੀਤੇ ਪਰ ਇਸ ਵੇਲੇ ਤਾਈਂ ਕਿਸੇ ਨੂੰ ਵੀ ਵੀਜ਼ੇ ਦਾ ਜੁਆਬ ਨਹੀਂ ਲੱਭਾ। ਇਸ ਘਾਟ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਿਆ ਗਿਆ। ਸਵੀਡਨ ਦੇ ਆਸਿਫ਼ ਸ਼ਾਹਕਾਰ ਤੇ ਨਾਰਵੇ ਵਾਸੀ ਤੇ ਇਨ੍ਹਾਂ ਸਤਰਾਂ ਦੇ ਲਿਖਾਰੀ ਦੇ ਰਲਤੀ ਹੋਣ ਨਾਲ ਪਾਕਿਸਤਾਨੀ ਪੰਜਾਬ ਦੇ ਲਿਖਾਰੀਆਂ ਦੀ ਰਲਤ ਦੀ ਕੁਝ ਗੱਲ ਬਣ ਗਈ। ਭਾਰਤ ਤੇ ਦੂਜੇ ਦੇਸਾਂ ਤੋਂ ਅਨੇਕ ਹੀ ਲਿਖਾਰੀ ਆ ਕੇ ਰਲੇ। ਸੂਝਵਾਨਾਂ ਅਤੇ ਲਿਖਾਰੀਆਂ ਦੇ 40 ਪਰਚਿਆਂ ਵਿੱਚੋਂ 25 ਪਰਚੇ ਪੜ੍ਹੇ ਗਏ। ਪਰਚਿਆਂ ਦੇ ਮਜ਼ਮੂਨ ਗਲੋਬਲਾਈਜੇਸ਼ਨ, ਨਿੱਜੀਕਰਨ ਤੇ ਸੁਆਣੀਆਂ ਦੀ ਹਯਾਤੀ ਜਿਹੇ ਖੇਤਰ ਰਹੇ।

ਇਕ ਗੱਲ 'ਤੇ ਬੜੀ ਖੁੱਲ੍ਹ ਕੇ ਚਰਚਾ ਹੋਈ ਕਿ ਚੜ੍ਹਦੇ ਪੰਜਾਬ ਦੇ ਲਿਖਾਰੀਆਂ ਦੇ ਪਰਚਿਆਂ ਵਿੱਚ ਹਿੰਦੀ ਦੀ ਚੋਖੀ ਵਰਤੋਂ ਕਾਰਨ ਆਮ ਬੰਦਾ ਪਰਚੇ ਦੀ ਸਮਝ ਤੋਂ ਬਾਹਰ ਰਿਹਾ। ਇਸ ਗੱਲ ਦਾ ਜ਼ਿਕਰ ਆਸਿਫ਼ ਸ਼ਾਹਕਾਰ ਹੋਰਾਂ ਨੇ ਵੀ ਆਪਣੇ ਪਰਚੇ ਵਿੱਚ ਕੀਤਾ ਤੇ ਦੂਜੇ ਲੋਕਾਂ ਨੇ ਵੀ ਇਸ ਗੱਲ ਨੂੰ ਸਾਂਝਿਆਂ ਕੀਤਾ। ਡਾ. ਪ੍ਰਕਾਸ਼ ਸਿੰਘ ਜੰਮੂ ਹੋਰਾਂ ਨੇ ਇਹੀ ਗੱਲ ਦੂਜੇ ਸ਼ੈਸਨ ਨੇ ਜ਼ਬਾਨੀ ਕਲਾਮੀ ਕੀਤੀ।

ਇਸ ਲਿਖਤ ਵਿੱਚ ਲਿਖਾਰੀਆਂ ਦੇ ਪਰਚਿਆਂ ਦੇ ਗੁਣ ਤੇ ਔਗੁਣ ਦੱਸਣ ਤੋਂ ਇਲਾਵਾ ਇਹ ਦੱਸਣਾ ਚੋਖਾ ਲੋੜੀਂਦਾ ਏ ਕਿ ਪਰਚਿਆਂ ਦੀ ਪੱਧਰ ਆਮ ਕਾਨਫ਼ਰੰਸਾਂ ਨਾਲੋਂ ਚੰਗੀ ਤੇ ਮਜ਼ਮੂਨ ਦੀ ਵੰਨਗੀ ਵੀ ਬੜੀ ਖਿਲਾਰਵੀਂ ਆਈ। ਪਰ ਮੇਰੀ ਜਾਚੇ ਇੱਕ ਹੋਰ ਪੱਖ ਜਿਸ ਨੂੰ ਕੋਈ ਇਥੋਂ ਦਾ ਲਿਖਾਰੀ ਹੀ ਪੂਰ ਸਕਦਾ ਹੈ ਜਿਸ ਰਾਹੀਂ ਇਥੋਂ ਦੀ ਨਵੀਂ ਪੀੜ੍ਹੀ ਦੇ ਜੀਵਨ, ਉਸਦੀ ਸਫ਼ਲਤਾ ਤੇ ਔਕੜਾਂ ਦੀ ਦੱਸ ਪੈਂਦੀ ਹੈ। ਇੰਝ ਇਹ ਪੰਜਾਬੀ ਕਮਿਊਨਿਟੀ ਦੀ ਅੱਜ ਦੀ ਸੂਰਤ ਹਾਲ ਬਾਰੇ ਪਰਚਾ ਵੀ ਸਾਨੂੰ ਤੀਜੇ ਪੰਜਾਬ ਦੇ ਬਾਰੇ ਜਾਣਕਾਰੀ ਕਰਾ ਸਕਦਾ ਹੈ। ਇਹ ਇਸ ਲਈ ਵੀ ਲੋੜਵੰਦਾ ਏ ਕਿ ਤੀਜਾ ਪੰਜਾਬ ਕਈ ਪੱਖਾਂ ਤੋਂ ਆਪਣੇ ਪਿਛੋਕੜ ਲਈ ਬੜੀ ਉਚੇਚ ਰੱਖਦਾ ਏ। ਜਿਹਦੇ ਲਈ ਸਭ ਤੋਂ ਉਘੜਵਾਂ ਆਰਥਿਕ ਪੱਖ ਏ। ਕਾਨਫ਼ਰੰਸ ਵਿਚ ਪੇਸ਼ ਪਰਚਿਆਂ ਵਾਲੇ ਦੋਹਾਂ ਦਿਨਾਂ ਦੇ ਸੈਸ਼ਨਾਂ ਵਿਚ ਰਲਤੀ ਲੋਕਾਂ ਦੀ ਗਿਣਤੀ ਕੋਈ 200 ਦੇ ਕਰੀਬ ਰਹੀ। ਇਸ ਕਾਨਫ਼ਰੰਸ ਦੀ ਖ਼ਾਸ ਪਹਿਚਾਣ ਇਹ ਰਹੀ ਕਿ ਜਿੰਨੇ ਲੋਕ ਵੀ ਕਾਨਫ਼ਰੰਸ ਰਲੇ ਉਹ ਸਾਰੇ ਹਾਲ ਦੇ ਅੰਦਰ ਸਨ ਤੇ ਉਨ੍ਹਾਂ ਬੜੇ ਹੀ ਧਿਆਨ ਨਾਲ ਪਰਚੇ ਸੁਣੇ।

ਪਰਚਿਆਂ ਦੇ ਚਾਰ ਸ਼ੈਸਨਾਂ ਤੋਂ ਬਾਅਦ ਮੁਸ਼ਾਇਰੇ ਵਿਚ ਵੀ ਹਾਜ਼ਰੀਨ ਸਰੋਤਿਆਂ ਨੇ ਸ਼ਾਇਰਾਂ ਨੂੰ ਬੜੀ ਧਿਆਨ ਨਾਲ ਸੁਣਿਆ। ਇੰਝ ਲੱਗਦਾ ਏ ਕਿ ਲੋਕ ਇਸ ਆਹਰ ਨੂੰ ਆਪਣੀ ਵਸੇਬੀ ਪਹਿਚਾਣ ਅਤੇ ਆਪਣੇ ਵਸੇਬੀ ਪਿਛੋਕੜ ਨਾਲ ਪਿਆਰ ਤੇ ਜੁੜਤ ਦਾ ਸੁਆਦ ਪਏ ਮਾਣਦੇ ਨੇ। ਇਸ ਕਾਨਫ਼ਰੰਸ ਵਿਚ ਵਡੇਰੀ ਉਮਰ ਦੇ ਢੇਰ ਸਾਰੇ ਲੋਕੀ ਵੀ ਸਾਰਾ ਦਿਨ ਬੈਠੇ ਰਹੇ। ਚੜ੍ਹਦੇ ਪੰਜਾਬ ਦੇ ਢੇਰ ਅਜਿਹੇ ਲੋਕ ਵੀ ਮਿਲੇ ਜਿਹੜੇ ਆਪ ਜਾਂ ਉਨ੍ਹਾਂ ਦੇ ਵਡਕੇ ਲਹਿੰਦੇ ਪੰਜਾਬ ਵਿਚੋਂ ਚੜ੍ਹਦੇ ਪੰਜਾਬ ਗਏ, ਜਿਨ੍ਹਾਂ ਵਿਚੋਂ ਲਾਇਲਪੁਰ, ਗੁਜਰਾਂਵਾਲਾ, ਗੁਜਰਾਤ ਤੇ ਸ਼ੇਖੂਪੁਰਾ ਦੇ ਸਨ। ਤੀਜਾ ਦਿਨ ਵਸੇਬੀ ਆਹਰਾਂ ਦਾ ਦਿਨ ਰਿਹਾ। ਕੁੜੀਆਂ ਤੇ ਮੁਟਿਆਰਾਂ ਭੰਗੜਾ ਤੇ ਗਿੱਧਾ ਪਾਇਆ, ਜਿਨ੍ਹਾਂ ਨੂੰ ਵੇਖਣ ਵਾਲੇ ਬਹੁਤ ਮੋਹਿਤ ਹੋਏ। ਇਸ ਤੋਂ ਵੱਖ ਕੁਝ ਮੁਕਾਮੀ ਗਾਉਣ ਵਾਲਿਆਂ ਜਿਵੇਂ ਮਨਮੋਹਨ ਸਿੰਘ ਪਟਿਆਲਵੀ, ਸੁਰਿੰਦਰ ਲਾਡੀ ਤੇ ਦੂਜਿਆਂ ਨੇ ਗਾ ਕੇ ਇਸ ਰੌਣਕ ਵਿਚ ਹੋਰ ਵੀ ਵਾਧਾ ਕੀਤਾ। ਲਿਖਾਰੀਆਂ, ਰਲਤੀਆਂ ਤੇ ਹੱਥ ਵੰਡਾਉਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਵਾਰ ਵੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਦਰਸ਼ਨ ਸਿੰਘ ਬੈਂਸ ਹੋਰਾਂ ਦੀ ਕਲਮ ਫਾਉਂਡੇਸ਼ਨ, ਓਂਟਾਰੀਓ ਫਰੈਂਡਜ਼ ਕਲੱਬ, ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਤੇ ਪੰਜਾਬੀ ਮੀਡੀਆ ਐਸੋਸਿਏਸ਼ਨ ਦੇ ਇਸ ਸਾਂਝੇ ਉੱਦਮ ਤੇ ਸਾਂਝ ਸੀਰ ਨਾਲ ਇਹ ਕਾਨਫ਼ਰੰਸ ਬੜੇ ਚੰਗੇ ਭਾਗੀਂ ਸੁਹਣੇ ਤੇ ਸੁਚੱਜੇ ਢੰਗ ਨਾਲ ਤੋੜ ਚੜ੍ਹੀ।

 

More

Your Name:
Your E-mail:
Subject:
Comments: