کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਇੱਕ ਇਤਿਹਾਸਕ ਲਹਿਰ ਦੀ ਸ਼ੁਰੂਆਤ

ਇੱਕ ਇਤਿਹਾਸਕ ਲਹਿਰ ਦੀ ਸ਼ੁਰੂਆਤ

ਆਸਿਫ਼ ਸ਼ਾਹਕਾਰ

July 31st, 2009

5 / 5 (5 Votes)

 

 

ਪੰਜਾਬੀ ਕਾਨਫ਼ਰੰਸਾਂ ਇੱਕ ਤਰ੍ਹਾਂ ਦਾ ਕਾਰੋਬਾਰ ਬਣ ਗਿਆ ਹੈ ਅਤੇ ਲਗਭਗ ਹਰ ਸਾਲ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਪੰਜਾਬੀ ਕਾਨਫ਼ਰੰਸ ਹੋ ਰਹੀ ਹੁੰਦੀ ਹੈ। ਇਨ੍ਹਾਂ ਕਾਨਫ਼ਰੰਸਾਂ ਦੇ ਅਕਸਰ ਸੱਦੇ ਮੈਨੂੰ ਆਉਂਦੇ ਰਹਿੰਦੇ ਹਨ। ਪਰ ਮੈਂ ਇਨ੍ਹਾਂ ਨਾਮ ਨਿਹਾਦ ਕਾਨਫ਼ਰੰਸਾਂ ਵਿੱਚ ਨਹੀਂ ਜਾਂਦਾ। ਮੈਨੂੰ ਨਹੀਂ ਯਾਦ ਕਿ ਛੇਕੜਲੀ ਵਾਰੀ ਮੈਂ ਕਦੋਂ ਕਿਸੇ ਅਜਿਹੀ ਕਾਨਫ਼ਰੰਸ ਵਿਚ ਗਿਆ ਹੋਵਾਂਗਾ। ਇਨ੍ਹਾਂ ਕਾਨਫ਼ਰੰਸਾਂ ਵਿੱਚ ਨਾ ਜਾਣ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਇਨ੍ਹਾਂ ਕਾਨਫ਼ਰੰਸਾਂ ਦਾ ਜੋ ਇਸ਼ਤਿਹਾਰ ਦਿੱਤਾ ਜਾਂਦਾ ਹੈ, ਜਦੋਂ ਇਹ ਕਾਨਫ਼ਰੰਸ ਹੁੰਦੀ ਹੈ ਤਾਂ ਵਿਚੋਂ ਪੱਟਿਆ ਪਹਾੜ ਤੇ ਨਿਕਲਿਆ ਚੂਹਾ ਵਾਲੀ ਗੱਲ ਹੁੰਦੀ ਹੈ। ਇਨ੍ਹਾਂ ਕਾਨਫ਼ਰੰਸਾਂ ਬਾਰੇ ਮੇਰੀ ਮਾਯੂਸੀ ਵੇਖ ਕੇ ਇੱਕ ਵਾਰ ਮੇਰੇ ਇੱਕ ਬਹੁਤ ਪੁਰਾਣੇ ਦੋਸਤ ਨੇ ਕਿਹਾ ਸੀ, "ਇਨ੍ਹਾਂ ਕਾਨਫ਼ਰੰਸਾਂ ਵਿੱਚੋਂ ਨਿਕਲਣਾ ਕੀ ਹੁੰਦਾ ਹੈ ਇਹ ਤਾਂ ਬੱਸ ਲੋਕਾਂ ਨੂੰ ਮਿਲਣ ਦਾ ਇੱਕ ਬਹਾਨਾ ਹੁੰਦਾ ਹੈ। ਲਿਖਾਰੀ ਤੇ ਦਾਨਿਸ਼ਵਰ ਇੱਕ ਦੂਜੇ ਨੂੰ ਮਿਲ ਲੈਂਦੇ ਨੇ, ਬਾਕੀ ਇਹ ਸਾਰੀਆਂ ਕਾਨਫ਼ਰੰਸਾਂ ਹਾਥੀ ਦੇ ਦੰਦਾਂ ਵਾਂਗੂੰ ਹੁੰਦੀਆਂ ਨੇ। ਬਾਹਰ ਲੋਕਾਂ ਸਾਹਮਣੇ ਕੁਝ ਨਾਟਕ ਤੇ ਅੰਦਰ ਕੁਝ ਬੰਦਿਆਂ ਦੇ ਮੁਫ਼ਾਦਾਂ ਦਾ ਸੌਦਾ। ਮੈਨੂੰ ਜਿਥੋਂ ਤੱਕ ਯਾਦ ਏ ਕਿ ਮੈਂ ਪਹਿਲੀ ਵਾਰ ਜਿਸ ਕਾਨਫ਼ਰੰਸ ਵਿੱਚ ਸ਼ਾਮਲ ਹੋਇਆ ਸਾਂ, ਇਹ 1978 ਵਿੱਚ ਬਰਤਾਨੀਆਂ ਵਿੱਚ ਹੋਈ ਸੀ। ਇਹਦਾ ਨਾਮ "ਆਲ ਬ੍ਰਿਟਨ ਪੰਜਾਬੀ ਰਾਇਟਰਜ਼ ਕਾਨਫ਼ਰੰਸ" ਸੀ। ਇਹਦਾ ਆਹਰ ਕਰਨ ਵਾਲਿਆਂ ਵਿੱਚ ਸੰਤੋਖ ਸਿੰਘ ਸੰਤੋਖ ਸੀ, ਜਿਹਦੇ ਨਾਲ ਮੇਰੀ ਪੁਰਾਣੀ ਦੋਸਤੀ ਸੀ ਤੇ ਓਹਨੇ ਮੈਨੂੰ ਸੱਦਾ ਘੱਲਿਆ ਸੀ। ਇਹ ਕਾਨਫ਼ਰੰਸ ਸਾਰੇ ਬਰਤਾਨੀਆਂ ਦੀ ਸੀ, ਜਿਹਦੇ ਵਿੱਚ ਬਰਤਾਨੀਆਂ ਦੇ ਸਾਰੇ ਹਿੱਸਿਆਂ ਦੇ ਲਗਭਗ ਸਾਰੇ ਸ਼ਹਿਰਾਂ ਵਿੱਚੋਂ ਲਿਖਾਰੀ ਤੇ ਦਾਨਿਸ਼ਵਰ ਆਏ ਸਨ। ਬਰਤਾਨੀਆਂ ਤੋਂ ਬਾਹਰੋਂ ਮੈਂ ਤੇ ਨਾਟਕਕਾਰ ਖੋਸਲਾ ਆਏ ਸਾਂ। ਇਹ ਇੱਕ ਨਿੱਕੀ ਜਿਹੀ ਕਾਨਫ਼ਰੰਸ ਸੀ, ਜਿਹਦੇ ਵਿੱਚ ਕੁਝ ਪਰਚੇ ਪੜ੍ਹੇ ਗਏ ਤੇ ਕੁਝ ਗੱਲਬਾਤ ਹੋਈ। ਇੱਕ ਨਿੱਕਾ ਜਿਹਾ ਕਵੀ ਦਰਬਾਰ ਤੇ ਬਹੁਤ ਸਾਰਾ ਦਾਰੂ। ਇਸ ਕਾਨਫ਼ਰੰਸ ਵਿੱਚੋਂ ਕੀ ਨਿਕਲਿਆ! ਨਾ ਤਾਂ ਮੈਨੂੰ ਕਦੇ ਇਹਦਾ ਪਤਾ ਲੱਗਾ ਤੇ ਨਾ ਹੀ ਮੈਨੂੰ ਕੁਝ ਯਾਦ ਹੈ। ਇਸ ਕਾਨਫ਼ਰੰਸ ਰਾਹੀਂ ਮਿਲੇ ਲੋਕਾਂ ਨਾਲ ਕੁਝ ਚਿਰ ਟੈਲੀਫ਼ੋਨ ਰਾਹੀਂ ਰਾਬਤਾ ਕਾਇਮ ਰਿਹਾ ਤੇ ਫਿਰ ਹੌਲੀ-ਹੌਲੀ ਮੁੱਕ ਗਿਆ ਤੇ ਅੱਜ ਮੈਨੂੰ ਉਨ੍ਹਾਂ ਦੇ ਨਾਮ ਵੀ ਯਾਦ ਨਹੀਂ ਹਨ।

ਦੂਜੀ ਕਾਨਫ਼ਰੰਸ ਜਿਹਦੇ ਨਾਲ ਮੇਰਾ ਵਾਹ ਪਿਆ ਇਹ 1983 ਵਿੱਚ ਬੈਂਕਾਕ ਵਿੱਚ ਹੋਈ ਸੀ। ਮੈਂ ਉਨ੍ਹਾਂ ਦਿਨਾਂ ਵਿੱਚ ਸਿੰਗਾਪੁਰ ਰਹਿੰਦਾ ਸਾਂ ਤੇ ਇਸ ਕਾਨਫ਼ਰੰਸ ਦਾ ਸੱਦਾ ਮੇਰੇ ਬਹੁਤ ਹੀ ਪਿਆਰੇ ਦੋਸਤ ਐਸ. ਐਸ. ਮੀਸ਼ਾ ਰਾਹੀਂ ਮਿਲਿਆ। ਇਸ ਕਾਨਫ਼ਰੰਸ ਦਾ ਪ੍ਰਬੰਧ ਨਾਮਧਾਰੀ ਸੰਗਤ ਨੇ ਬੈਂਕਾਕ ਦੇ ਇੱਕ ਬਹੁਤ ਵੱਡੇ ਤੇ ਮਹਿੰਗੇ ਹੋਟਲ ਵਿੱਚ ਕੀਤਾ ਜਿਹਦੇ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਸੈਂਕੜੇ ਲੋਕ ਆਏ ਸਨ। ਭਾਰਤ ਤੋਂ ਬਾਹਰੋਂ ਸਿਰਫ਼ 3 ਬੰਦੇ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਸਾਂ। ਇਹ ਕਾਨਫ਼ਰੰਸ ਕਿਸੇ ਹਾਲ ਵਿੱਚ ਘੱਟ ਤੇ ਹੋਟਲ ਦਿਆਂ ਕਮਰਿਆਂ ਤੇ ਬੈਂਕਾਕ ਦੇ ਬਜ਼ਾਰਾਂ ਵਿੱਚ ਬਹੁਤੀ ਹੋਈ। ਬਹੁਤੇ ਬੰਦੇ ਜਾਂ ਤਾਂ ਆਪਣੇ ਕਮਰਿਆਂ ਵਿੱਚ ਬਹਿ ਕੇ ਦਾਰੂ ਪੀਂਦੇ ਤੇ ਗੱਪਸ਼ੱਪ ਲਗਾਉਂਦੇ ਜਾਂ ਫਿਰ ਬੈਂਕਾਕ ਦੀਆਂ ਗਲੀਆਂ ਤੇ ਬਜ਼ਾਰਾਂ ਵਿੱਚ ਨਜ਼ਰ ਆਉਂਦੇ ਸਨ। ਇਸ ਕਾਨਫ਼ਰੰਸ ਵਿੱਚ ਮੈਂ ਇਕੱਲਾ ਪਾਕਿਸਤਾਨੀ ਪੰਜਾਬੀ ਲਿਖਾਰੀ ਸਾਂ ਤੇ ਇਸੇ ਪਾਰੋਂ ਮੈਨੂੰ ਖ਼ਾਸ ਤਵੱਜੋਂ ਮਿਲੀ। ਕੁਝ ਲੋਕਾਂ ਦੇ ਖਿਆਲ ਵਿੱਚ ਇਸ ਤਵੱਜੋਂ ਦੀ ਵਜ੍ਹਾ ਮੇਰੀ ਸਵੀਡਿਸ਼ ਬੀਵੀ ਵੀ ਸੀ ਜੋ ਇਸ ਕਾਨਫ਼ਰੰਸ ਵਿੱਚ ਇਕੱਲੀ ਗੋਰੀ ਸੀ। ਇਹ ਜੋ ਭੱਜੀ-ਟੁੱਟੀ ਕਾਨਫ਼ਰੰਸ ਹੋਈ, ਓਹਦੇ ਵਿੱਚ ਬਹੁਤਾ ਜ਼ੋਰ ਤਕਰੀਰਾਂ ਤੇ ਭਾਸ਼ਨਾ 'ਤੇ ਸੀ। ਇਨ੍ਹਾਂ ਭਾਸ਼ਨਾਂ ਦਾ ਕੇਂਦਰ ਬਿੰਦੂ ਦੋ ਸ਼ਖ਼ਸੀਅਤਾਂ ਸਨ। ਇੱਕ ਤਾਂ ਨਾਮਧਾਰੀ ਸੰਗਤ ਦੇ ਸਤਿਗੁਰੂ ਜਗਜੀਤ ਸਿੰਘ ਤੇ ਦੂਜੇ ਬੂਟਾ ਸਿੰਘ ਸਨ। ਬੂਟਾ ਸਿੰਘ ਉਸ ਵੇਲੇ ਕਾਂਗਰਸ ਸਰਕਾਰ ਦਾ ਕੇਂਦਰੀ ਵਜ਼ੀਰ ਸੀ। ਭਾਸ਼ਨਾਂ ਤੋਂ ਵੱਖ ਜੋ ਗਿਣੇ-ਚੁਣੇ ਲੇਖ ਪੜ੍ਹੇ ਗਏ ਉਨ੍ਹਾਂ ਵਿੱਚੋਂ ਇੱਕ ਲੇਖ ਮੇਰਾ ਵੀ ਸੀ, ਜਿਹਨੇ ਮੇਰੀ ਜ਼ਾਤ ਦੀ ਜਾਣਕਾਰੀ ਪੂਰਬੀ ਪੰਜਾਬ ਨਾਲ ਕਰਵਾਈ ਤੇ ਅੱਜ ਤੀਕ ਵੀ ਬਹੁਤ ਸਾਰੇ ਲੋਕ ਮੈਨੂੰ ਇਸੇ ਲੇਖ ਰਾਹੀਂ ਜਾਣਦੇ ਨੇ। ਇਸ ਵਜ੍ਹਾ ਤੋਂ ਮੈਂ ਇਸ ਕਾਨਫ਼ਰੰਸ ਦਾ ਸਾਰੀ ਜ਼ਿੰਦਗੀ ਧੰਨਵਾਦੀ ਰਹਾਂਗਾ। ਇਸ ਤੋਂ ਵੱਖ ਇਸ ਕਾਨਫ਼ਰੰਸ ਨੇ ਪੰਜਾਬੀ ਜ਼ਬਾਨ ਜਾਂ ਪੰਜਾਬੀਅਤ ਵਿੱਚ ਕੀ ਵਾਧਾ ਕੀਤਾ ਇਸ ਗੱਲ ਦਾ ਮੈਨੂੰ ਅੱਜ ਤੀਕ ਇਲਮ ਨਹੀਂ ਹੋ ਸਕਿਆ। ਇਸ ਕਾਨਫ਼ਰੰਸ ਮਗਰੋਂ ਇਹਦੇ ਮੁਕਾਬਲੇ 'ਤੇ ਦਿੱਲੀ ਵਿੱਚ ਕਾਨਫ਼ਰੰਸ ਹੋਈ, ਜਿਹਦੇ ਕਰਤਾ-ਧਰਤਾ ਸਵਰਗਵਾਸੀ ਵੀ. ਐਨ. ਤਿਵਾੜੀ ਸਨ, ਜਿਹਨਾਂ ਦਾਅਵਾ ਕੀਤਾ ਕਿ ਬੈਂਕਾਕ ਵਿੱਚ ਹੋਣ ਵਾਲੀ ਕਾਨਫ਼ਰੰਸ ਤਾਂ ਕਾਨਫ਼ਰੰਸ ਹੀ ਨਹੀਂ ਸੀ। ਮਜ਼ੇ ਦੀ ਗੱਲ ਇਹ ਸੀ ਕਿ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੇ ਸਾਰੇ ਉਹ ਲੋਕ ਸਨ, ਜਿਨ੍ਹਾਂ ਬੈਂਕਾਕ ਵਾਲੀ ਕਾਨਫ਼ਰੰਸ ਵਿਚ ਹਿੱਸਾ ਲਿਆ ਸੀ। ਜਿਥੋਂ ਤੱਕ ਇਸ ਕਾਨਫ਼ਰੰਸ ਵਿੱਚ ਪੜ੍ਹੇ ਗਏ ਲੇਖਾਂ ਤੇ ਮੁੱਦਿਆਂ ਦਾ ਤੁਅੱਲਕ ਸੀ ਉਹ ਨਾਂਹ ਹੋਣ ਦੇ ਬਰਾਬਰ ਸਨ। ਸਾਰਾ ਜ਼ੋਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਲਾਇਆ ਗਿਆ ਜੋ ਇਸ ਕਾਨਫ਼ਰੰਸ ਦੀ ਖ਼ਾਸ ਮਹਿਮਾਨ ਸੀ। ਉਹਦੇ ਮਗਰੋਂ ਦੂਜੀ ਸ਼ਖ਼ਸੀਅਤ ਗਿਆਨੀ ਜ਼ੈਲ ਸਿੰਘ ਸਨ ਜੋ ਉਸ ਵੇਲੇ ਭਾਰਤ ਦੇ ਰਾਸ਼ਟਰਪਤੀ (ਸਦਰ) ਸਨ। ਇਹ ਕਾਨਫ਼ਰੰਸ ਵੀ. ਐਨ. ਤਿਵਾੜੀ ਦੀ ਬੱਲੇ-ਬੱਲੇ ਲਈ ਸੀ।

ਜੇ ਬੈਂਕਾਕ ਦੀ ਕਾਨਫ਼ਰੰਸ ਵਾਲੀ ਕਾਨਫ਼ਰੰਸ ਅੱਧੀ ਸਰਕਾਰੀ ਸੀ ਤਾਂ ਇਹ ਦਿੱਲੀ ਵਾਲੀ ਕਾਨਫ਼ਰੰਸ ਪੂਰੀ ਸਰਕਾਰੀ ਸੀ। ਮੇਰਾ ਇਨ੍ਹਾਂ ਦੋਨਾਂ ਕਾਨਫ਼ਰੰਸਾਂ ਮਗਰੋਂ ਏਨਾ ਦਿਲ ਭੈੜਾ ਹੋਇਆ ਕਿ ਮੈਂ ਫ਼ੈਸਲਾ ਕੀਤਾ ਕਿ ਇਸ ਤੋਂ ਬਾਅਦ ਮੈਂ ਕਿਸੇ ਕਾਨਫ਼ਰੰਸ ਵਿੱਚ ਨਹੀਂ ਜਾਣਾ। ਕਾਨਫ਼ਰੰਸਾਂ ਤਾਂ ਹੁੰਦੀਆਂ ਰਹੀਆਂ ਕੁਝ ਦੇ ਮੈਨੂੰ ਸੱਦੇ ਆਏ ਤੇ ਕੁਝ ਦੇ ਨਾ ਆਏ ਪਰ ਮੈਂ ਆਪਣੇ ਫ਼ੈਸਲੇ 'ਤੇ ਕਾਇਮ ਰਿਹਾ। ਹਰ ਕਾਨਫ਼ਰੰਸ ਮਗਰੋਂ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਰੱਜ ਕੇ ਇਹਦੇ ਬਾਰੇ ਲਿਖਿਆ। ਹਰ ਕਾਨਫ਼ਰੰਸ ਦਾ ਲਗਭਗ ਇੱਕੋ ਜਿਹਾ ਹੀ ਤੱਤ ਨਿਕਲਦਾ ਸੀ ਕਿ ਇਹ ਸਰਕਾਰੀ ਸੀ, ਧਾਰਮਿਕ ਸੀ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਇਹ ਕਾਨਫ਼ਰੰਸ ਸੀ ਪਰ ਅਸਲ ਵਿੱਚ ਇਹ ਕਾਨਫ਼ਰੰਸ ਇੱਕ ਕਾਰੋਬਾਰ ਸੀ। ਇਹ ਕਾਨਫ਼ਰੰਸਾਂ ਘੱਟ ਤੇ ਇੱਕ ਦੂਜੇ ਨੂੰ ਗਾਹਲਾਂ ਕੱਢਣ ਤੇ ਇਲਜ਼ਾਮ ਲਾਉਣ ਦਾ ਜ਼ਰੀਆ ਵੱਧ ਸਨ।

ਇੱਕ ਲੰਮਾ ਚਿਰ ਇਨ੍ਹਾਂ ਕਾਨਫ਼ਰੰਸਾਂ ਤੋਂ ਦੂਰ ਰਹਿਣ ਮਗਰੋਂ ਮੈਂ ਇੱਕ ਵਾਰ ਫਿਰ ਕਾਨਫ਼ਰੰਸ ਵਿੱਚ ਜਾ ਬੈਠਾ। ਇਹ ਕਾਨਫ਼ਰੰਸ ਕੈਨੇਡਾ ਦੇ ਸ਼ਹਿਰ ਪ੍ਰਿੰਸ ਜਾਰਜ ਵਿੱਚ ਸੀ। ਇਹ ਕਹਿਣ ਨੂੰ ਤਾਂ ਇੰਟਰਨੈਸ਼ਨਲ ਸੀ ਪਰ ਇਹਦੇ ਵਿਚ ਬਹੁਤ ਘੱਟ ਬੰਦੇ ਕੈਨੇਡਾ ਤੇ ਅਮਰੀਕਾ ਤੋਂ ਬਾਹਰੋਂ ਆਏ ਸਨ। ਇਹ ਇੱਕ ਮਿੰਨੀ ਕਾਨਫ਼ਰੰਸ ਸੀ, ਜਿਹਦੇ ਵਿੱਚ ਸ਼ਾਮਲ ਦਾਨਿਸ਼ਵਰਾਂ ਲੋਕਾਂ ਦੀ ਗਿਣਤੀ ਉਂਗਲੀਆਂ 'ਤੇ ਗਿਣੀ ਜਾ ਸਕਦੀ ਸੀ। ਘੱਟ ਗਿਣਤੀ ਤੋਂ ਵੱਖ ਇਹ ਇੱਕ ਤਰ੍ਹਾਂ ਦੀ ਸਿਆਸੀ ਕਾਨਫ਼ਰੰਸ ਸੀ ਜਿਹਦੇ ਵਿੱਚ ਪੰਜਾਬੀ ਜ਼ੁਬਾਨ ਤੇ ਕੌਮ ਨੂੰ ਖੱਬੇ ਪਾਸੇ ਦੀ ਸਿਆਸਤ ਵਾਲੀ ਐਨਕ ਨਾਲ ਵੇਖਿਆ ਗਿਆ ਸੀ। ਜਿਥੋਂ ਤੱਕ ਇਸ ਕਾਨਫ਼ਰੰਸ ਦੇ ਸਰਕਾਰੀ ਜਾਂ ਕਾਰੋਬਾਰੀ ਹੋਣ ਦਾ ਤੁਅੱਲਕ ਸੀ, ਇਹ ਕਾਨਫ਼ਰੰਸ ਇਨ੍ਹਾਂ ਇਲਜ਼ਾਮਾਂ ਤੋਂ ਪਾਕਿ ਸੀ।

ਇਨ੍ਹਾਂ ਕਾਨਫ਼ਰੰਸਾਂ ਦੀ ਬਦਨਾਮੀ ਮਗਰੋਂ ਮੇਰੇ ਅੰਦਰ ਹਮੇਸ਼ ਇਹ ਖ੍ਵਾਹਿਸ਼ ਜਾਗਦੀ ਸੀ ਕਿ ਕਾਸ਼ ਕਦੇ ਕੋਈ ਅਜਿਹੀ ਪੰਜਾਬੀ ਕਾਨਫ਼ਰੰਸ ਹੋਵੇ ਜੋ ਨਾ ਤਾਂ ਧਾਰਮਿਕ ਹੋਵੇ, ਨਾ ਸਿਆਸੀ ਤੇ ਨਾ ਹੀ ਕੁਝ ਕੁਰੱਪਟ ਲਿਖਾਰੀਆਂ ਦਾ ਕਾਰੋਬਾਰ। ਇਸ ਤੋਂ ਵੱਖ ਇਹ ਸਹੀ ਮਾਅਨਿਆਂ ਵਿੱਚ ਆਲਮੀ (ਵਿਸ਼ਵੀ) ਹੋਵੇ।

ਅੱਜ ਜਦ ਮੈਂ ਟੋਰਾਟੋਂ ਦੀ ਇਸ ਕਾਨਫ਼ਰੰਸ ਦਾ ਮੁਕਾਬਲਾ ਉਨ੍ਹਾਂ ਕਾਨਫ਼ਰੰਸਾਂ ਨਾਲ ਕਰਦਾ ਹਾਂ, ਜਿਨ੍ਹਾਂ ਦਾ ਜ਼ਿਕਰ ਮੈਂ ਹੁਣੇ-ਹੁਣੇ ਕੀਤਾ ਹੈ ਤੇ ਮੈਨੂੰ ਇੱਕ ਫ਼ਰਕ ਸਪਸ਼ਟ ਨਜ਼ਰ ਆਉਂਦਾ ਹੈ। ਪਹਿਲੀ ਗੱਲ ਧਰਮ ਹੈ। ਭਾਵੇਂ ਇਸ ਕਾਨਫ਼ਰੰਸ ਦਾ ਆਹਰ ਕਰਨ ਵਾਲਿਆਂ ਤੇ ਇਹਦੇ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਹੁਤੀ ਗਿਣਤੀ ਸਿੱਖਾਂ ਪੰਜਾਬੀਆਂ ਦੀ ਸੀ ਤੇ ਇਹਦੇ ਵਿੱਚ ਗੁਰੂ ਨਾਨਕ ਤੋਂ ਵੱਖ ਸਿੱਖ ਪੰਥ ਦਾ ਵੀ ਜ਼ਿਕਰ ਹੋਇਆ ਪਰ ਇਹਨੂੰ ਕਿਸੇ ਪੱਖੋਂ ਵੀ ਧਾਰਮਿਕ ਜਾਂ ਕੱਟੜ ਕਾਨਫ਼ਰੰਸ ਨਹੀਂ ਆਖਿਆ ਜਾ ਸਕਦਾ। ਦੂਜੀ ਅਹਿਮ ਗੱਲ ਸਿਆਸਤ ਹੈ। ਭਾਵੇਂ ਇਸ ਕਾਨਫ਼ਰੰਸ ਦਾ ਫ਼ੀਤਾ ਇੱਕ ਵਜ਼ੀਰ ਨੇ ਆ ਕੇ ਕੱਟਿਆ ਤੇ ਇਹਦੇ ਵਿੱਚ ਬਹੁਤ ਸਾਰੇ ਸਿਆਸਤਦਾਨ ਵੀ ਸ਼ਾਮਲ ਹੋਏ ਪਰ ਨਾ ਤਾਂ ਇਹ ਸਿਆਸੀ ਤੇ ਨਾ ਹੀ ਕਿਸੇ ਧੜੇ ਦੀ ਤਰਫ਼ਦਾਰੀ ਕਰਦੀ ਸੀ। ਜਿਥੋਂ ਤੀਕ ਕੁਰੱਪਟ ਲਿਖਾਰੀਆਂ ਦੇ ਕਾਰੋਬਾਰ ਦਾ ਤੁਅੱਲਕ ਹੈ, ਇਸ ਕਾਨਫ਼ਰੰਸ ਦਾ ਪ੍ਰਬੰਧ ਕਰਨ ਵਾਲਿਆਂ ਨੇ ਜੇ ਪੈਸੇ ਆਪਣੀਆਂ ਜੇਬਾਂ 'ਚੋਂ ਲਾਏ ਤੇ ਨਾਲ ਹੀ ਉਨ੍ਹਾਂ ਬੂਹੇ-ਬੂਹੇ ਜਾ ਕੇ ਚੰਦਾ ਇਕੱਠਾ ਕੀਤਾ ਤੇ ਇਹ ਚੰਦਾ ਇਕੱਠਾ ਕਰਨਾ ਕੋਈ ਸੁਖਾਲਾ ਕੰਮ ਨਹੀਂ ਸੀ। ਸਾਡੇ ਲੋਕ ਕਬੱਡੀ ਦੇ ਨਾ 'ਤੇ ਚੰਦਾ ਤਾਂ ਦੇ ਦਿੰਦੇ ਹਨ ਤੇ ਧਰਮ ਦੇ ਨਾਮ 'ਤੇ ਵੀ ਚੰਦਾ ਦੇ ਦਿੰਦੇ ਹਨ ਪਰ ਜਦੋਂ ਪੰਜਾਬੀ ਬੋਲੀ ਬਚਾਉਣ ਤੇ ਪੰਜਾਬੀਅਤ ਦਾ ਵੀ ਸੁਆਲ ਆਉਂਦਾ ਹੈ ਤਾਂ ਉਹ ਬਹਾਨੇ ਬਨਾਉਣ ਲੱਗ ਪੈਂਦੇ ਹਨ। ਜਦਕਿ ਪੰਜਾਬੀ ਬੋਲੀ ਸਾਡੀ ਜ਼ਬਾਨ ਹੈ ਤੇ ਪੰਜਾਬੀਅਤ ਸਾਡੀ ਪਹਿਚਾਣ ਹੈ। ਬੋਲੀ ਬਿਨਾਂ ਅਸੀਂ ਗੂੰਗੇ ਹਾਂ ਤੇ ਪੰਜਾਬੀਅਤ ਬਿਨਾਂ ਸਾਡਾ ਕੋਈ ਮੁਹਾਂਦਰਾ ਹੀ ਨਹੀਂ ਹੈ।

ਮੇਰੀ ਨਜ਼ਰੇ ਇਹ ਕਾਨਫ਼ਰੰਸ ਅੱਜ ਤੱਕ ਤੋਂ ਪਹਿਲਾਂ ਦੀਆਂ ਹੋਈਆਂ ਕਾਨਫ਼ਰੰਸਾਂ ਵਿੱਚੋਂ ਸਭ ਤੋਂ ਵੱਧ ਅਰਥ ਭਰਪੂਰ, ਬਾਮਾਅਨੀ, ਬਾਮਕਸਦ ਤੇ ਮੁਨਜ਼ਮ ਸੀ। ਇਸ ਕਾਨਫ਼ਰੰਸ ਦਾ ਆਹਰ ਕਰਨ ਵਾਲਿਆਂ ਵਿੲਚ ਪੰਜਾਬੀ ਬੋਲੀ ਵਾਸਤੇ ਇੲਕ ਮਿਸ਼ਨਰੀ ਰੂਹ ਸੀ ਤੇ ਉਨ੍ਹਾਂ ਅਣਥੱਕ ਕੰਮ ਕੀਤਾ। ਇਸ ਤੋਂ ਵੱਖ ਇਸ ਕਾਨਫ਼ਰੰਸ ਦੇ ਬਹੁਤ ਸਾਰੇ ਹੋਰ ਉਸਾਰੂ ਪਹਿਲੂ ਵੀ ਸਨ। ਇਨ੍ਹਾਂ ਤਾਮਾਮ ਉਸਾਰੂ ਖ਼ੂਬੀਆਂ ਦੇ ਬਾਵਜ਼ੂਦ ਇਸ ਕਾਨਫ਼ਰੰਸ ਨੂੰ ਅਸੀਂ ਖ਼ਾਮੀਆਂ ਤੋਂ ਖਾਲੀ ਨਹੀਂ ਕਹਿ ਸਕਦੇ। ਇਸ ਕਾਨਫ਼ਰੰਸ ਵਿਚ ਇੱਕ ਘਾਟ ਪੱਛਮੀ ਪੰਜਾਬ ਤੋਂ ਆਉਣ ਵਾਲੇ ਲਿਖਾਰੀਆਂ ਦੀ ਗ਼ੈਰਹਾਜ਼ਰੀ ਸੀ, ਜਿਸ ਦੀ ਵਜ੍ਹਾ ਤੋਂ ਕਾਨਫ਼ਰੰਸ ਦੀ ਦਿੱਖ ਉਂਝ ਦੀ ਨਾ ਬਣ ਸਕੀ ਜਿਵੇਂ ਦੀ ਚਾਹੀਦੀ ਸੀ। ਭਾਰਤ ਤੋਂ ਆਏ ਲਿਖਾਰੀਆਂ ਤੇ ਦਾਨਿਸ਼ਵਰਾਂ ਨੇ ਕਿਸੇ ਹੱਦ ਤੱਕ ਇਸ ਘਾਟ ਨੂੰ ਸਹੀ ਕੀਤਾ। ਇਹ ਕਮੀ ਕੈਨੇਡਾ ਦੀ ਸਰਕਾਰ ਵੱਲੋਂ ਰਹੀ। ਪ੍ਰਬੰਧਕਾਂ ਨੂੰ ਇਸ ਵਾਸਤੇ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਸਾਰੇ ਪੰਜਾਬੀ ਪ੍ਰੇਮੀਆਂ ਨੇ ਸਰਕਾਰਾਂ ਤੇ ਦੇਸ਼ਾਂ ਦੇ ਕਾਨੂੰਨ ਘਾੜਿਆਂ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਸ ਘਾਟ ਨੂੰ ਪੂਰਿਆਂ ਕਰਨ ਲਈ ਵੀਜ਼ਿਆਂ ਦੀਆਂ ਸ਼ਰਤਾਂ ਕੁਝ ਢਿੱਲੀਆਂ ਕੀਤੀਆਂ ਜਾਣ। ਕੁਝ ਵੀ ਹੋਵੇ ਫਿਰ ਵੀ ਸਾਨੂੰ ਇਨ੍ਹਾਂ ਕਮੀਆਂ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਪਹਿਲੀ ਕੋਸ਼ਿਸ਼ ਤੇ ਕੋਈ ਵੀ ਪਹਿਲਾ ਉਦਮ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦਾ। ਮੈਨੂੰ ਪੂਰੀ ਉਮੀਦ ਹੈ ਕਿ ਇਸ ਕਾਨਫ਼ਰੰਸ ਦੇ ਪ੍ਰਬੰਧਕ ਅਗਲੀ ਵਾਰੀ ਇਨ੍ਹਾਂ ਘਾਟਿਆਂ ਨੂੰ ਪੂਰਾ ਕਰਨ ਲਈ ਪੂਰਾ ਜ਼ੋਰ ਲਗਾਉਣਗੇ। ਕੁੱਲ ਮਿਲਾ ਕੇ ਮੇਰੀ ਜਾਚੇ ਇਹ ਇੱਕ ਇਤਿਹਾਸਿਕ ਲਹਿਰ ਦਾ ਮੁੱਢ ਹੈ।

 

More

Your Name:
Your E-mail:
Subject:
Comments: