ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਮਾਂ ਬੋਲੀ -ਇਕ ਡਾਕਟਰੀ ਦ੍ਰਿਸ਼ਟੀਕੋਣ
ਮੇਰੇ ਵੱਲੋਂ :
ਮੈਨੂੰ ਬਚਪਨ ਵਿੱਚ ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਇਕ ਦੰਤ ਕਥਾ ਸੁਣਾਇਆ ਕਰਦੇ ਸਨ, ਜੋ ਉਨ੍ਹਾਂ ਨੂੰ ਮੇਰੇ ਦਾਦਾ ਜੀ ਨੇ ਸੁਣਾਈ ਸੀ ਤੇ ਉਨ੍ਹਾਂ ਨੂੰ ਮੇਰੇ ਪੜਦਾਦਾ ਜੀ ਨੇ। ਹੋਇਆ ਇੰਝ ਕਿ ਅਕਬਰ ਬਾਦਸ਼ਾਹ ਵੇਲੇ ਦਰਬਾਰ ਵਿੱਚ ਰੱਬ ਦੀ ਬੋਲੀ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਮੁਲਾਣੇ ਕਹਿਣ ਕਿ ਰੱਬ ਦੀ ਬੋਲੀ ਅਰਬੀ ਹੈ ਤੇ ਪੰਡਿਤ ਕਹਿਣ ਕਿ ਸੰਸਕ੍ਰਿਤ ਹੈ। ਇਸ ਗੱਲ ਦਾ ਫ਼ੈਸਲਾ ਕਰਨ ਲਈ ਕੁਝ ਗੁੰਗੇ ਤੇ ਬੋਲ਼ੇ ਬੰਦੇ ਲੱਭੇ ਗਏ ਤੇ ਉਨ੍ਹਾਂ ਨੂੰ ਇਕ ਕਿਲ੍ਹੇ ਅੰਦਰ ਬੰਦ ਕਰ ਦਿਤਾ ਗਿਆ। ਪੰਦਰਾਂ ਸਾਲਾਂ ਬਾਅਦ ਉਨ੍ਹਾਂ ਦੇ ਬੱਚੇ ਬਾਹਰ ਕੱਢੇ ਗਏ ਤਾਂ ਜੋ ਉਨ੍ਹਾਂ ਦੀ ਬੋਲੀ ਤੋਂ ਇਹ ਪਤਾ ਲੱਗ ਸਕੇ ਕਿ ਰੱਬ ਦੀ ਬੋਲੀ ਕੀ ਹੈ; ਜਦੋਂ ਉਨ੍ਹਾਂ ਨੂੰ ਬੋਲਣ ਲਈ ਕਿਹਾ ਗਿਆ ਤਾਂ ਉਹ ਸਾਰੇ ਊਂ, ਆਂ, ਕਰ ਕੇ ਹੀ ਚੁੱਪ ਹੋ ਗਏ। ਇਸ ਤੋਂ ਇਹ ਤਾਂ ਸਾਬਤ ਹੋ ਹੀ ਗਿਆ ਕਿ ਰੱਬ ਦੀ ਆਪਣੀ ਕੋਈ ਬੋਲੀ ਨਹੀਂ।
ਬੱਚੇ ਉਹੀ ਬੋਲਦੇ ਹਨ ਜੋ ਉਹ ਸੁਣਦੇ ਹਨ। ਜਦੋਂ ਗੁੰਗੇ ਬੋਲ਼ੇ ਬੰਦਿਆਂ ਦੇ ਬੱਚਿਆਂ ਨੇ ਕਿਸੇ ਨੂੰ ਬੋਲਦੇ ਸੁਣਿਆਂ ਹੀ ਨਹੀਂ ਸੀ ਤਾਂ ਉਹ ਵੀ ਉਹੀ ਆਵਾਜ਼ਾਂ ਕੱਢ ਸਕਦੇ ਸਨ, ਜਿਹੜੀਆਂ ਉਨ੍ਹਾਂ ਦੇ ਮਾਪੇ ਕੱਢ ਰਹੇ ਸਨ। ਨਤੀਜੇ ਵਜੋਂ ਸੁਣ ਬੋਲ ਸਕਣ ਦੇ ਕਾਬਲ ਹੁੰਦੇ ਹੋਏ ਵੀ ਬੱਚੇ ਗੁੰਗੇ ਬਣ ਕੇ ਰਹਿ ਗਏ ਸਨ। ਇਸ ਦਾ ਮਤਲਬ ਸਾਫ਼ ਹੈ ਕਿ ਬੱਚੇ ਲਈ ਉਸਦੀ ਮਾਂ ਹੀ ਰੱਬ ਦਾ ਰੂਪ ਹੈ ਤੇ ਜਿਹੜੀ ਜ਼ਬਾਨ ਮਾਂ ਬੋਲ ਰਹੀ ਹੋਵੇ, ਉਹੀ ਬੱਚੇ ਲਈ ਰੱਬ ਦੀ ਬੋਲੀ ਬਣ ਗਈ।
ਹਾਲੇ ਤੱਕ ਭਾਸ਼ਾ -ਵਿਗਿਆਨੀਆਂ ਤੇ ਧੁਨੀ ਵਿਗਿਆਨੀਆਂ ਨੇ ਬੋਲੀ ਬਾਰੇ ਬਹੁਤੀ ਖੋਜ ਕੀਤੀ ਹੈ ਤੇ ਖੋਜ ਪੱਤਰ ਲਿਖੇ ਹਨ। ਜੇ ਗ਼ੌਰ ਨਾਲ ਵੇਖੀਏ ਤਾਂ ਬੋਲਣ ਲਈ ਜਿਹੜੇ ਜੰਤਰਾਂ ਦੀ ਲੋੜ ਹੁੰਦੀ ਹੈ, ਉਹ ਹਨ: ਕੰਨ, ਅੱਖ, ਸੰਘ, ਤਾਲੂ, ਉਪਰਲੇ ਦੰਦਾਂ ਦਾ ਅੰਦਰਲਾ ਹਿੱਸਾ, ਬੁੱਲ੍ਹ ਤੇ ਜੀਭ ਇਹ ਸਾਰੇ ਅੰਗਾਂ ਦਾ ਬਰੀਕੀ ਨਾਲ ਅਧਿਐਨ ਕਰਨਾ ਡਾਕਟਰੀ ਪੜ੍ਹਾਈ ਦਾ ਅਹਿਮ ਹਿੱਸਾ ਹੈ।
ਜੇ ਇਹ ਸਭ ਠੀਕ ਹੈ ਤਾਂ ਕਿਸੇ ਡਾਕਟਰ ਵੱਲੋਂ ਬੋਲੀ ਉੱਤੇ ਲਿਖਣਾ ਤੇ ਉਸਦਾ ਬੱਚੇ ਉੱਤੇ ਪੈਂਦੇ ਮਾਨਸਿਕ ਪ੍ਰਭਾਵ ਨੂੰ ਘੋਖਣਾ ਜਾਇਜ਼ ਹੈ।
ਇਸੇ ਲਈ ਮੈਂ ਬੱਚਿਆਂ ਦੀ ਡਾਕਟਰ ਹੁੰਦੇ ਹੋਏ ਇਹ ਵਿਸ਼ਾ ਚੁਣਿਆ ਹੈ, ਕਿਉਂਕਿ ਬੱਚੇ ਦੇ ਸ਼ਖ਼ਸੀਅਤ ਉਭਾਰਨ ਵਿੱਚ ਮਾਂ ਬੋਲੀ ਇਹ ਅਹਿਮ ਰੋਲ ਅਦਾ ਕਰਦੀ ਹੈ ਆਪਣੀ ਮਾਂ ਬੋਲੀ ਨੂੰ ਨੀਵਾਂ ਸਮਝਣ ਵਾਲੇ ਆਪਣੇ ਆਪ ਨੂੰ ਵੀ ਹੀਣ ਸਮਝਣ ਲੱਗ ਪੈਂਦੇ ਹਨ ਤੇ ਆਪਣੇ ਸਭਿਆਚਾਰ ਤੇ ਪਿਛੋਕੜ ਨੂੰ ਵੀ।
ਮੈਨੂੰ ਆਪਣੀ ਮਾਂ ਬੋਲੀ ਤੇ ਫ਼ਖ਼ਰ ਹੈ ਤੇ ਮੈਂ ਇਸਨੂੰ ਦੁਨੀਆਂ ਦੇ ਹਰ ਕੋਨੇ ਤੱਕ ਫੈਲਦੀ ਤੇ ਛਲਾਂਗਾਂ ਮਾਰਦੀ ਉਤਾਂਹ ਚੜ੍ਹਦੀ ਵੇਖਣਾ ਚਾਹੁੰਦੀ ਹਾਂ। ਇਸੇ ਲਈ ਮਾਂ ਬੋਲੀ ਦੇ ਹਰ ਪਹਿਲੂ ਨੂੰ ਘੋਖ ਕੇ ਮੈਂ ਹਰ ਉਸ ਪੰਜਾਬੀ ਦੀ ਜ਼ਮੀਰ ਨੂੰ ਹਲੂਣ ਦੇਣਾ ਚਾਹੁੰਦੀ ਹਾਂ, ਜਿਸਦੇ ਦਿਲ ਵਿਚ ਪੰਜਾਬ , ਪੰਜਾਬੀ ਤੇ ਪੰਜਾਬੀਅਤ ਬਾਰੇ ਰਤਾ ਵੀ ਪੀੜ ਹੈ।
ਮੈਨੂੰ ਮਾਣ ਹੈ ਕਿ ਮੈਂ ਉਸ ਪਿਓ ਦੀ ਧੀ ਹਾਂ, ਜਿਸਨੇ ਜ਼ਿੰਦਗੀ ਭਰ ਪੰਜਾਬੀ ਬੋਲੀ ਦੇ ਹੱਕ ਵਿਚ ਹਿੱਕ ਤਾਣ ਕੇ ਹਰ ਮੁਸੀਬਤ ਝੱਲੀ ਹੈ ਤੇ ਆਪਣੀ ਕਮਾਣ ਨਹੀਂ ਛੱਡੀ ਮੈਂ ਉਸੇ ਝੰਡਾਬਰਦਾਰ ਦਾ ਪਰਛਾਵਾਂ ਹਾਂ ਤੇ ਉਹੀ ਝੰਡਾ ਲਹਿਰਾਉਣ ਦੀ ਮੈਂ ਵੀ ਕਸਮ ਖਾਧੀ ਹੈ।
ਮੈਂ ਸ਼ੁਕਰਗੁਜ਼ਾਰ ਹਾਂ ਸਰਦਾਰ ਗੁਰਿੰਦਰ ਸਿੰਘ ਢੱਟ ਜੀ ਦੀ, ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਬੈਠ ਕੇ ਵੀ ਮੈਨੂੰ ਹੱਲਾਸ਼ੇਰੀ ਜਾਰੀ ਰੱਖੀ ਤਾਂ ਜੋ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਸਕਾਂ ਹੋਰ ਵੀ ਅਨੇਕ ਐਨ. ਆਰ. ਆਈ. ਵੀਰ ਭੈਣ ਜਿਹੜੇ ਸਮੇਂ ਸਮੇਂ ਸਿਰ ਮੇਰੀ ਹਿੰਮਤ ਵਧਾਉਂਦੇ ਰਹਿੰਦੇ ਹਨ, ਦਾ ਵੀ ਸ਼ੁਕਰੀਆ ਕੀਤੇ ਬਗੈਰ ਮੈਂ ਨਹੀਂ ਰਹਿ ਸਕਦੀ।
ਮੈਂ ਸ਼ੁਕਰਗੁਜ਼ਾਰ ਹਾਂ ਉਨ੍ਹਾਂ ਪੰਜਾਬੀਆਂ ਦੀ ਵੀ ਜਿਨ੍ਹਾਂ ਨੇ ਆਪਣੀ ਮਿੱਠੀ ਮਾਂ ਬੋਲੀ ਨੂੰ ਇਉਂ ਵਗਾਹ ਸੁੱਟਿਆ ਹੈ, ਜਿਵੇਂ ਅੱਖਾਂ ਵਿਚੋਂ ਹੰਝੂ, ਕਿਉਂਕਿ ਉਨ੍ਹਾਂ ਨੂੰ ਜਗਾਉਣ ਸਦਕਾ ਹੀ ਇਹ ਕਿਤਾਬ ਹੋਂਦ ਵਿਚ ਆਈ ਹੈ।
ਪੰਜਾਬ ਦੇ ਚੋਟੀ ਦੇ ਭਾਸ਼ਾ ਸ਼ਾਸਤਰੀ ਡਾ. ਟੀ. ਆਰ. ਸ਼ਰਮਾ ਜੀ ਨੇ ਮੇਰੀ ਕਿਤਾਬ ਨੂੰ ਪਰੀਚਿਤ ਕਰਵਾਉਣ ਦੀ ਖੇਚਲ ਕਰ ਕੇ ਇਸ ਕਿਤਾਬ ਨੂੰ ਭਾਗ ਲਾ ਦਿੱਤੇ ਹਨ।
ਮੈਂ ਕਿਵੇਂ ਭੁੱਲ ਸਕਦੀ ਹਾਂ ਆਪਣੇ ਭਾਪਾ ਜੀ ਦੀ ਲਗਾਤਾਰ ਮਿਲਦੀ ਹੱਲਾਸ਼ੇਰੀ, ਜਿਸ ਤੋਂ ਬਿਨਾਂ ਮੇਰਾ ਲੇਖਕਾ ਵਾਲਾ ਵਜੂਦ ਹੀ ਅਧੂਰਾ ਸੀ। ਮੇਰੇ ਪਤੀ ਡਾ. ਗੁਰਪਾਲ ਸਿੰਘ ਤੇ ਬੱਚੇ ਸੁਖਮਨੀ ਤੇ ਨਾਨਕਜੋਤ ਦੇ ਪਿਆਰ ਦੁਲਾਰ ਸਦਕਾ ਮੈਨੂੰ ਆਪਣੇ ਰੁਝੇਵਿਆਂ ਭਰੇ ਵਕਤ ਵਿਚ ਥਕੇਵਾਂ ਮਹਿਸੂਸ ਹੀ ਨਹੀਂ ਹੋਇਆ ਤੇ ਇਸ ਕਿਤਾਬ ਦਾ ਕੰਮ ਬਿਨਾਂ ਰੁਕੇ ਪੂਰਾ ਹੋ ਗਿਆ।
ਅੰਤ ਵਿਚ ਮੈਂ ਇਸ ਮੌਕੇ ਦਾ ਫਾਇਦਾ ਉਠਾ ਕੇ ਮੈਂ ਆਪਣੀ ਸਵਰਗਵਾਸੀ ਮਾਂ ਦਾ ਵੀ ਸ਼ੁਕਰੀਆ ਕਰਦੀ ਹਾਂ, ਜਿਸਨੇ ਮੈਨੂੰ ਏਨੀ ਪਿਆਰੀ ਤੇ ਏਨੀ ਮਿੱਠੀ ਜ਼ਬਾਨ ਨਾਲ ਧਨੀ ਕਰ ਦਿੱਤਾ ਹੈ।
ਮੈਂ ਇੱਥੇ ਜਲੰਧਰ ਤੋਂ ਨਿਕਲਦੇ ਰੋਜ਼ਾਨਾ ਅਜੀਤ ਦੇ ਮੁਖ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਦਾ ਵੀ ਸ਼ੁਕਰੀਆ ਕਰਨਾ ਨਹੀਂ ਭੁੱਲ ਸਕਦੀ, ਕਿਉਂਕਿ ਉਨ੍ਹਾਂ ਨੇ ਮੇਰੇ ਲੇਖਾਂ ਨੂੰ ਆਪਣੇ ਅਖ਼ਬਾਰ ਵਿਚ ਥਾਂ ਦੇ ਕੇ ਸਾਰੀ ਦੁਨੀਆਂ ਵਿਚ ਪਹੁੰਚਾਇਆ। ਪੰਜਾਬੀ ਵਿਚ ਛਪਦਾ ਉਨ੍ਹਾਂ ਦਾ ਅਖ਼ਬਾਰ ਵਿਦੇਸ਼ਾਂ ਵਿਚ ਬੈਠੇ ਆਪਣੇ ਭੈਣ ਭਰਾਵਾਂ ਨਾਲ ਸਾਂਝ ਬਣਾਉਣ ਦਾ ਸਾਧਨ ਬਣ ਚੁੱਕਾ ਹੈ।
ਜਿਸ ਜ਼ਾਤੀ ਧਿਆਨ ਨਾਲ ਸਰਦਾਰ ਗੁਰਸਾਗਰ ਸਿੰਘ ਜੀ ਨੇ ਇਸ ਕਿਤਾਬ ਦੀ ਦੱਖ ਉਘਾੜੀ ਹੈ, ਇਸ ਲਈ ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਦੀ ਹਾਂ।
ਡਾ. ਹਰਸ਼ਿੰਦਰ ਕੌਰ ਐਮ. ਡੀ. (ਬੱਚਿਆਂ ਦੀ ਮਾਹਿਰ)
More