کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਪਾਕਿਸਤਾਨ, ਧੋਤੀ ਤੇ ਧਮੋੜੀ (ਭਿੜ)

ਪਾਕਿਸਤਾਨ, ਧੋਤੀ ਤੇ ਧਮੋੜੀ (ਭਿੜ)

ਡਾਕਟਰ ਮਨਜ਼ੂਰ ਇਜਾਜ਼

August 7th, 2008

 

 

ਅਪਣੀ ਕਿਤਾਬ ਖ਼ਾਕੋ ਜੇਡ ਨਾ ਕੋਅ ਦੇ ਪਹਿਲੇ ਮਜ਼ਮੂਨ "ਆਬ ਆਬ ਕਰ ਮੋਈਉਂ ਬਚੜਾ "ਦੇ ਸ਼ੁਰੂ ਵਿਚ ਨਜਮ ਹੁਸੈਨ ਸਈਅਦ ਹੋਰੀਂ ਦੋ ਪੁਰਾਣੀਆਂ ਬਾਤਾਂ ਸੁਣਾਉਂਦੇ ਹਨ। ਇਕ ਤੇ ਉਹ ਸੀ ਜਿਹੜੀ ਅਸੀਂ ਪਿਛਲੀ ਵਾਰ ਤੁਹਾਨੂੰ ਸੁਣਾਈ ਜੋ ਕਿਵੇਂ ਮੁੰਡਾ ਆਬ ਆਬ ਕਰਦਾ ਮਰ ਗਿਆ ਤੇ ਮਾਂ ਸਣੇ ਸਾਰੇ ਪਿੰਡ ਨੂੰ ਪਤਾ ਨਾ ਲੱਗਾ ਜੋ ਉਹ ਪਾਣੀ ਮੰਗ ਰਿਹਾ ਏ। ਤੇ ਦੂਜੀ ਇਹ ਹੇ ਜਿਹੜੀ ਚਸਕੇ ਵਾਲੀ ਵੀ ਐ ਤੇ ਡੂਹੰਗੀ ਰਮਜ਼ ਵਾਲੀ ਵੀ।

"ਮੁਗ਼ਲਾਂ ਵੇਲ਼ੇ ਕਨਜਾਹ ਨੇੜੇ ਇਕ ਵੱਡੇ ਆਲਮ ਸਨ ਮੌਲਵੀ ਗ਼ਨੀਮਤ। ਫ਼ਾਰਸੀ ਸ਼ਾਇਰ ਆਹੇ , ਫ਼ਾਰਸੀ ਕਿਤਾਬਾਂ ਲਿਖੀਆਂ । ਨਾਂ ਕਮਾਇਆ। ਫ਼ਾਰਸੀ ਵਿਚ ਬਹਿਰ ਏਡਾ ਖੱਲ ਗਿਆ ਜੋ ਆਮ ਗੱਲ ਬਾਤ ਵੀ ਫ਼ਾਰਸੀ ਵਿਚ ਕਰਨ ਲੱਗ ਪਏ। ਮਜਾਲ ਐ ਜੋ ਭੁੱਲ ਭੁਲੇਖੇ ਵੀ ਪੰਜਾਬੀ ਹਰਫ਼ ਮੂੰਹੋਂ ਕੱਢ ਜਾਣ। ਲੋਕਾਂ ਸੋ ਖੇਖਣ ਕਰਨੇ ਪਰ ਮੌਲਵੀ ਹੋਰਾਂ ਨਾ ਥੜਕਨਾ । ਇਕ ਦਿਨ ਕੀਹ ਹੋਇਆ ਮੌਲਵੀ ਹੋਰੀਂ ਆਪ ਧਿਆਨੈ ਬੈਠੇ ਫ਼ਾਰਸੀ ਸ਼ਿਅਰ ਪਏ ਬੋਲਦੇ ਸਨ। ਇਕ ਧਮੋੜੀ ਤਹਮਤੀ ਵਿਚ ਜਾ ਵੜੀ। ਧਮੋੜੀ ਲੜੀ ਤੇ ਮੌਲਵੀ ਹੋਰਾਂ ਉਭੜਵਾਹੇ ਤਹਮਤੀ ਤੇ ਹਥ ਮਾਰ ਕੇ ਆਖਿਆ "ਉਹ ਤੇਰੀ ਮਾਂ ਨੂੰ "(ਜਿਹੜੇ ਬਜ਼ੁਰਗ ਲੋਕ ਮੰਦੇ ਤੋਂ ਸੰਗਦੇ ਨੇਂ ਉਹ ਆਂਹਦੇ ਨੇਂ ਮੌਲਵੀ ਹੋਰਾਂ "ਹਾਏ ਉਹ ਬੇ ਬੇ " ਆਖਿਆ ਸੀ।) ਮੌਲਵੀ ਹੋਰਾਂ ਜੋ ਵੀ ਆਖਿਆ ਉਹ ਫ਼ਾਰਸੀ ਨਾ ਆਹੀ। ਸੋ ਸ਼ਾਗਿਰਦ ਨੱਸਦੇ ਗਏ ਤੇ ਪਿੰਡ ਵਾਲਿਆਂ ਨੂੰ ਦਸਿਉ ਨੇਂ ਬਈ ਮੌਲਵੀ ਹੋਰੀਂ ਬੋਲ ਪਏ ਜੇ।"

ਇਸ ਕਹਾਣੀ ਦੀਆਂ ਬਹੁਤ ਪਰਤਾਂ ਨੇਂ ਪਰ ਕੁੱਝ ਗੱਲਾਂ ਤੇ ਸਿੱਧੀਆਂ ਨੇਂ । ਇਕ ਤੇ ਇਹ ਜੋ ਮੌਲਵੀ ਹੋਰਾਂ ਨੂੰ ਫ਼ਾਰਸੀ ਏਨੀ ਚੜ੍ਹ ਗਈ ਸੀ ਜੋ ਹਨ ਉਨ੍ਹਾਂ ਨੂੰ ਨਾ ਤੇ ਪੰਜਾਬੀ ਸੁਣੀਂਦੀ ਸੀ ਤੇ ਨਾ ਹੀ ਉਨ੍ਹਾਂ ਕੋਲੋਂ ਬੋਲੀਂਦੀ ਸੀ। ਤੇ ਦੂਜੀ ਇਹ ਜੋ ਜਿਨਾਂ ਚਿਰ ਤਾਈਂ ਧਮੋੜੀ ਤਹਮਤੀ ਵਿਚ ਨਾ ਵੜੇ ਤੇ ਡੰਗ ਨਾ ਮਾਰੇ ਮੂੰਹੋਂ ਸੱਚੇ ਬੋਲ ਨਹੀਂ ਅਲੀਨਦੇ (ਨਿਕਲਦੇ ) । ਬਸ ਇਹ ਸਮਝੋ ਇਹ ਤਾਰੀਖ਼ ਨੇ ਲੋਹੇ ਤੇ ਲੀਕ ਵਾਹੀ ਹੋਈ ਏ।

ਫ਼ਾਰਸੀ ਚੜ੍ਹੀ ਇਸ ਲਈ ਸੀ ਜੋ ਉਸ ਵੇਲ਼ੇ ਰੋਟੀ ਰੋਜ਼ਗਾਰ ਤੇ ਆਦਰ ਭਾਅ (ਇੱਜ਼ਤ ) ਇਸੇ ਤਰ੍ਹਾਂ ਮਿਲਦੀ ਸੀ। ਨਜਮ ਹੋਰਾਂ ਦੇ ਕਹਿਣ ਮੂਜਬ ਤਾਰੀਖ਼ ਦਾਨ ਦੱਸਦੇ ਨੇਂ ਜੋ ਮੌਲਵੀ ਗ਼ਨੀਮਤ ਹਵਾਰਾਂ ਦੇ ਪੀਵਦਾ ਕਨਜਾਹ ਵਿਚ ਫ਼ਤਵਾ ਚਲਦਾ ਸੀ ਤੇ ਮੌਲਵੀ ਸਾਹਿਬ ਦੀ ਲਾਹੌਰ ਦੇ ਗਵਰਨਰ ਨਾਲ ਯਾਦ ਅੱਲ੍ਹਾ (ਮਿਲ ਮੁਲਾਕਾਤ ) ਸੀ । ਹਰ ਉਹ ਬੰਦਾ ਜਿਨੂੰ ਹਾਕਮੀ ਕਰਨ ਦਾ ਯਾ ਹਾਕਮਾਂ ਕਰਨ ਦਾ ਯਾ ਹਾਕਮਾਂ ਦੇ ਨੇੜੇ ਤੇੜੇ ਰਹਿਣ ਦਾ ਸਵਾਦ ਸੀ ਉਹਨੂੰ ਫ਼ਾਰਸੀ ਚੜ੍ਹਾਉਨੀ ਪੈਂਦੀ ਸੀ।

ਸੋ ਅਠ ਸੌ ਸਾਲ ਪੂਰੇ ਹਿੰਦੁਸਤਾਨ ਨੂੰ ਫ਼ਾਰਸੀ ਚੜ੍ਹੀ ਰਹੀ। ਹਾਕਮੀ ਲਈ ਫ਼ਾਰਸੀ ਦਾ ਚੜ੍ਹਾਉਨਾ ਏਡਾ ਜ਼ਰੂਰੀ ਸੀ ਜੋ ਰਣਜੀਤ ਸਿੰਘ ਵਰਗਾ ਜੱਟ ਵੀ ਉਸ ਤੋਂ ਬਚ ਨਾ ਸਕਿਆ। ਇਹ ਇੰਜ ਹੀ ਹੈ ਜਿਵੇਂ ਪੰਜਾਬ ਨੂੰ 1849 ਤੋਂ ਲੈ ਕੇ ਹੁਣ ਤੀਕਰ ਅੰਗਰੇਜ਼ੀ ਤੇ ਉਰਦੂ ਚੜ੍ਹੀ ਹੋਈ ਏ ਤੇ ਇਨ੍ਹਾਂ ਦੋ ਜ਼ਬਾਨਾਂ ਬਿਨਾ ਬੰਦਾ ਬੰਦਾ ਹੀ ਨਹੀਂ ਸਮਝਿਆ ਜਾਂਦਾ।

ਕੋਈ ਸ਼ੈਅ ਚੜ੍ਹ ਜਾਣ ਦਾ ਵੀ ਅਪਣਾ ਹੀ ਤੁਰ ਹੁੰਦਾ ਹੈ। ਬੰਦੇ ਨੂੰ ਜੋ ਕੁੱਝ ਵੀ ਚੜ੍ਹ ਜਾਵੇ ਉਹ ਸੂਰਤ ਗੁਆ ਦਿੰਦਾ ਹੈ । ਇਹ ਸ਼ਰਬ ਦਾ ਨਸ਼ਾ ਹੋਵੇ, ਆਪਣੇ ਜ਼ੋਰ ਤੇ ਤਾਕਤ ਦਾ, ਲਾਲਚ ਦਾ ਪਿਆਰ ਦਾ ਇਹਨਾਂ ਦਾ ਕੰਮ ਇਹ ਹੇ ਜੋ ਬੰਦੇ ਨੂੰ ਸਿੱਧਾ ਦੱਸਣਾ ਬੰਦ ਹੋ ਜਾਂਦਾ ਹੇ। ਕਿਸੇ ਸ਼ਰਾਬੀ ਨੂੰ ਪੁੱਛੋ ਉਹ ਆਪਣੇ ਆਪ ਵਿਚ ਦੂਜਿਆਂ ਨਾਲੋਂ ਬਹੁਤੀ ਹੋਸ਼ ਵਿਚ ਹੁੰਦਾ ਹੈ, ਕਿਸੇ ਲਾਲਚੀ ਨਾਲ ਗੱਲ ਕਰੋ ਤੇ ਉਹਦੇ ਕੋਲ ਸਤ ਸਬੱਬ ਹੁੰਦੇ ਨੇਂ ਆਪਣੇ ਠੀਕ ਹੋਵਣ ਦੇ । ਕਿਸੇ ਜ਼ਾਲਮ ਹਾਕਮ ਕੋਲੋਂ ਪਛੋਤੇ ਉਹ ਵੀ ਆਪਣੇ ਆਪ ਵਿਚ ਸਿਆਨਫ਼ ਤੇ ਇਨਸਾਫ਼ ਦਾ ਬੁਰਜ ਮੀਨਾਰਾ ਹੁੰਦਾ ਹੈ ਸੋ ਗੱਲ ਇਹ ਹੋਈ ਜੋ ਜੇ ਕਿਸੇ ਨੂੰ ਕੁੱਝ ਵੀ ਚੜ੍ਹ ਜਾਏ ਉਹ ਸ਼ਰਾਬ, ਤਾਕਤ, ਲਾਲਚ ਯਾ ਜ਼ਬਾਨ ਹੋਵੇ ਉਸ ਨੂੰ ਸਿੱਧੀ ਰਾਹ ਦੱਸਣਾ ਬੰਦ ਹੋ ਜਾਂਦੀ ਏ।

ਹਿੰਦੁਸਤਾਨ ਵਿਚ ਅਠ ਸੌ ਸਾਲ ਫ਼ਾਰਸੀ ਚੜ੍ਹੀ ਰਹੀ ਤੇ ਇਹ ਕਿਸੇ ਨੂੰ ਪਤਾ ਵੀ ਨਾ ਲੱਗਾ ਜੋ ਇਹ ਛੜਾ ਇਸ ਵੇਲ਼ੇ ਦਾ ਨਸ਼ਾ ਹੈ। ਇਹਦੀ ਕੁਲ ਕੋਈ ਨ੍ਹੀਂ। ਮੌਲਵੀ ਗ਼ਨੀਮਤ ਵਾਂਗ ਲੱਖਾਂ ਆਲਮਾਂ ਸ਼ਾਇਰਾਂ ਫ਼ਾਰਸੀ ਵਿਚ ਆਪਣੇ ਵਾਜੇ ਵਜਾਏ ਤੇ ਗਮਾਂ ਕਰਦੇ ਗਏ ਜੋ ਉਹ ਸਦਾ ਲਈ ਉਮਰ ਹੂਗਏ ਨੇਂ। ਫਿਰ ਇਕ ਦਿਨ ਆਇਆ (ਯਾ ਅੰਗਰੇਜ਼ ਆਇਆ ) ਤੇ ਫ਼ਾਰਸੀ ਦਾ ਜਹਾਨ ਕੱਚੇ ਬੱਦਲਾਂ ਵਾਂਗ ਕਿਤੇ ਹਵਾ ਵਿਚ ਉੱਡ ਗਿਆ। ਅੱਜ ਉਹ ਕਿੱਥੇ ਨੇਂ ਸਾਰੇ ਆਲਮ ਤੇ ਵਿਚਾਰ ਵਾਂ ਜਿਨ੍ਹਾਂ ਫ਼ਾਰਸੀ ਚੜ੍ਹਾ ਕੇ ਸ਼ੋਭਾ ਖੱਟੀ ਸੀ ਤੇ ਬਾਦਸ਼ਾਹਾਂ ਦੀਆਂ ਖ਼ਲਾਤਾਂ ਲਈਆਂ ਸਨ?

ਅੱਜ ਜਿਨ੍ਹਾਂ ਨੂੰ ਅੰਗਰੇਜ਼ੀ ਤੇ ਉਰਦੂ ਚੜ੍ਹਾਈ ਹੋਈ ਹੈ ਉਹ ਵੀ ਮੌਲਵੀ ਗ਼ਨੀਮਤ ਹੋਰਾਂ ਵਾਂਗ ਨਸ਼ੇ ਵਿੱਚ ਵੇਖ ਨਹੀਂ ਰਹੇ ਜੋ ਕੀਹ ਅੱਜ ਤੋਂ ਅਠ ਸੋਸਾਲ ਮਗਰੋਂ ਉਨ੍ਹਾਂ ਦਾ ਅੰਗਰੇਜ਼ੀ ਫ਼ਾਰਸੀ ਜਹਾਨ ਕਿਤੇ ਹੋਵੇ ਗਾ? ਉਹ ਕਦੀ ਵੇਖ ਹੀ ਨਹੀਂ ਸਕਦੇ ਜਦ ਤਾਈਂ ਕੋਈ ਧਮੋੜੀ ਉਨ੍ਹਾਂ ਦੀ ਧੋਤੀ ਵਿਚ ਵੜ ਕੇ ਡੰਗ ਨਾ ਮਾਰ ਦੇਵੇ!

ਧੋਤੀ ਵਿਚ ਧਮੋੜੀ ਵੜਨਾ ਵੀ ਜੇ ਇਕ ਰਮਜ਼ ਸਮਝ ਲਿਆ ਜਾਵੇ ਤੇ ਇਸ ਧਮੋੜੀ ਦੇ ਕਈ ਵੇਸ (ਭੇਸ ) ਨੇਂ। ਇਹ ਬੰਦਿਆਂ ਦਾ ਸਮਾਜ ਵਿਚ ਆਪਣੇ ਆਪ ਕੋਲੋਂ ਹੀ ਦੂਰੀ ਤੇ ਇਕਲਾਪੇ ਦੀ ਪੀੜ ਵੀ ਹੈ ਤੇ ਆਪਣੇ ਗਵਾਚਣ ਤੇ ਫਾਡੀ (ਬਹੁਤ ਪਿਸਮਾਂਦਾ ) ਰਹਿਣ ਦਾ ਅਹਿਸਾਸ ਵੀ । ਇਹ ਸਿਆਸੀ ਗੁੜ ਬੁੜ ਤੇ ਮੁਆਸ਼ੀ ਗ਼ਰੀਬੀ ਬਣ ਕੇ ਵੀ ਆਉਂਦੀ ਏ ਤੇ ਬਾਹਰ ਦੇ ਹਮਲਾ ਆਵਰ ਬਣ ਕੇ ਵੀ। ਇਸ ਤਰ੍ਹਾਂ ਦੀਆਂ ਕਈ ਧਮੂੜੀਆਂ ਪਾਕਿਸਤਾਨ ਦੀ ਧੋਤੀ ਵਿਚ ਵੜੀਆਂ ਡੰਗ ਮਾਰ ਰਹੀਆਂ ਨੇਂ ਪਰਹਾਕਮਾਂ ਦਾ ਅਜੇ ਨਸ਼ਾ ਏਨਾ ਏ ਕਿ ਉਹ ਇੰਨੇ ਵਾਹ ਮਾਰਾ ਮਾਰੀ ਕਰੀ ਜਾ ਰਹੇ ਨੇਂ ਤੇ ਲੋਕ ਵੀ ਸੀਤ ਵੱਟ ਕੇ ਸਹੀ ਜਾ ਰਹੇ ਨੇਂ। ਅਜੇ "ਹਾਏ ਬੇ ਬੇ "ਨਹੀਂ ਸੁਣੀਂਦਾ ਪਿਆ ।

ਜ਼ਬਾਨ ਦੀ ਧਮੋੜੀ ਹੀ ਲਵੋ। ਇਹ ਪਾਕਿਸਤਾਨ ਦੀ ਧੋਤੀ ਵਿਚ ਕਾਇਦ ਆਜ਼ਮ ਦੇ ਵੇਲ਼ੇ ਐਸੀ ਵੜੀ ਜੋ ਅਖ਼ੀਰ ਅੱਧਾ ਮੁਲਕ ਵੱਖਰਾ ਹੋਗਿਆ ਪਰ ਪਾਕਿਸਤਾਨ ਦੇ ਹਾਕਮ ਮਿਲ ਦੇ ਮੂੰਹੋਂ ਮੌਲਵੀ ਗ਼ਨੀਮਤ ਹੋਰਾਂ ਵਾਂਗ "ਉਏ ਤੇਰੀ ਮਾਂ ਨੂੰ "ਯਾ "ਹਾਏ ਬੇ ਬੇ "ਨਹੀਂ ਨਿਕਲਿਆ। ਉਨ੍ਹਾਂ ਕਹਿਆ ਇਹ ਇਸ ਲਈ ਹੋਇਆ ਜੋ ਸਾਨੂੰ ਚੜ੍ਹੀ ਹੋਈ ਘੱਟ ਸੀ। ਸੋ ਭੁੱਟੋ ਤੋਂ ਲੈ ਜ਼ਿਆ ਅਲਹਕ ਤਾਈਂ, ਉਨ੍ਹਾਂ ਦੀ ਆਲ ਔਲਾਦ ਤੇ ਉਨ੍ਹਾਂ ਦੀ ਜਾਇਜ਼ ਨਾਜਾਇਜ਼ ਪੈਦਾਵਾਰ ਦਾੜ੍ਹੀਆਂ ਤੇ ਸੁੱਟਾਂ ਵਾਲੇ, , ਗਰਗਾਬੀਆਂ ਤੇ ਬੂਟਾਂ ਵਾਲੇ ਜਹਾਦੀਆਂ ਮਜ਼ਹਬ , ਉਰਦੂ ਤੇ ਅੰਗਰੇਜ਼ੀ ਦਾ ਹੋਰ ਨਸ਼ਾ ਵਧਾਣਾ ਸ਼ੁਰੂ ਕਰਦਿੱਤਾ। ਹਨ ਅੱਜ ਇਹ ਨਸ਼ਾ ਅਪਣੀ ਸਿਖ਼ਰ (ਇੰਤਹਾ) ਤੇ ਹੈ।

ਇਹੋ ਜਿਹੇ ਨਸ਼ੇ ਵਿੱਚ ਕੋਈ ਨ੍ਹੀਂ ਵੇਖ ਰਿਹਾ ਜੋਗ਼ਰੀਬੀ ਵੱਧ ਰਹੀ ਏ, ਧਰਤੀ ਬਰਬਾਦ ਹੋ ਰਹੀ ਏ, ਲੋਕਾਂ ਦੀ ਜ਼ਬਾਨ ਤੇ ਰੇਤ ਰਿਵਾਜ ਗਵਾਚ ਰਹੇ ਨੇਂ। ਉਰਦੂ, ਅੰਗਰੇਜ਼ੀ ਤੇ ਮਜ਼੍ਹਬੀ ਸੁੜ ਪੁਣੇ (ਤੰਗ ਨਜ਼ਰੀ ) ਦਾ ਬਹਿਰ ਖੁੱਲਾ ਹੋਇਆ ਏ ਪਰ ਨਾਲ ਨਾਲ ਧਮੋੜੀ ਵੀ ਧੋਤੀ ਵਿਚ ਵੜ ਰਹੀ ਏ ਜਿਹੜੀ ਕਿਸੇ ਨੂੰ ਵੀ ਦੱਸ ਨਹੀਂ ਰਹੀ, ਇਹ ਡੰਗ ਮਾਰੇਗੀ  ਤੇ ਫਿਰ ਹੀ ਮਾਂ ਬੋਲੀ ਵੀ ਯਾਦ ਆਵੇਗੀ  ਤੇ ਅੱਜ ਦੇ ਮੌਲਵੀ ਗ਼ਨੀਮਤ ਕਹਿਣਗੇ  "ਉਏ ਤੇਰੀ ਮਾਂ ਨੂੰ "

ਨੋਟ : ਪੜ੍ਹਿਆਰਾਂ ਕੋਲੋਂ ਮੁਆਫ਼ੀ। ਨਜਮ ਹੁਸੈਨ ਸਈਅਦ ਹਵਾਰਾਂ ਦਾ ਇਕ ਮਜ਼ਮੂਨ ਉਨ੍ਹਾਂ ਦੀ ਕਿਤਾਬ "ਖ਼ਾਕੋ ਜੇਡ ਨਾ ਕੋ "ਆਬ ਆਬ ਕਰ ਮੋਈਉਂ "ਦੇ ਸਿਰਨਾਵੇਂ ਹੇਠ ਛੁਪਿਆ ਹੋਇਆ ਏ ਮੈਂ "ਆਬ ਆਬ ਕਰ ਮੋਈਉਂ ਬਚੜਾ ਫ਼ਾਰਸੀਆਂ ਘਰ ਘਾਲੈ" ਨੂੰ ਲੱਖ ਰਿਹਾ ਸਾਂ ਤੇ ਇਹ ਗੱਲ ਦਿਮਾਗ਼ ਵਿੱਚ ਨਹੀਂ ਆਈ ਜੋ ਨਜਮ ਹੁਰੀਂ ਆਪਣੇ ਮਜ਼ਮੂਨ ਵਿਚ "ਆਬ ਆਬ ਕਰ ਮੋਈਉਂ " ਵਿਚ ਇਹ ਕਹਾਣੀ ਲਿਖ ਚੁੱਕੇ ਨੇਂ ਮੈਂ ਵੀ ਉਥੋਂ ਹੀ ਪੜ੍ਹੀ ਸੀ ਪਰ ਮਜ਼ਮੂਨ ਲਿਖਦਿਆਂ ਯਾਦ ਨਾ ਆਇਆ। ਇੰਜ ਸਿਵਾਏ ਇਸ ਕਹਾਣੀ ਦੇ, ਤੇ ਅੱਧੇ ਸਿਰਨਾਵੇਂ ਦੇ, ਸਾਡੇ ਮਜ਼ਮੂਨ ਵੱਖਰੇ ਵੱਖਰੇ ਨੇਂ।

 

 

More