ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਆਉ, ਇਕ ਦਿਨ ਪੰਜਾਬ ਦੇ ਨਾਂ ਲਾਈਏ
ਪੰਜਾਬ ਦੇ ਲਿਖਾਰੀਆਂ, ਸ਼ਾਇਰਾਂ ਤੇ ਸੂਝਵਾਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਰੁਚੀਆਂ ਹਨ ਜਿਨ੍ਹਾਂ ਵਿੱਚ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੀ ਸਿਫ਼ਤ ਕੀਤੀ ਗਈ ਹੈ। ਪ੍ਰੋਫ਼ੈਸਰ ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਹੋਰ ਕਈ ਸ਼ਾਇਰਾਂ ਨੇ ਹਰੇ ਭਰੇ ਪੰਜਾਬ ਉਤੇ ਇਥੋਂ ਦੇ ਨੌਜਵਾਨਾਂ ਤੇ ਮੁਟਿਆਰਾਂ ਦੀ ਖ਼ੂਬਸੂਰਤੀ ਅਤੇ ਉਨ੍ਹਾਂ ਦੀ ਦਲੇਰੀ ਤੇ ਦਰੜ੍ਹਤਾ ਦੀ ਸਲਾਹੁਣਾ ਕੀਤੀ ਹੈ। ਪਰ ਇਸ ਸਭ ਕੁੱਝ ਦੇ ਬਾਵਜੂਦ ਪੰਜਾਬ ਦੇ ਸਿਆਸਤਦਾਨਾਂ ਵਿਚ ਪੰਜਾਬ ਦੇ ਆਮ ਲੋਕਾਂ ਵਿਚ, ਪੰਜਾਬ ਲਈ ਤੇ ਪੰਜਾਬੀ ਰਹਿਤਲ ਲਈ ਓਨਾ ਪਿਆਰ ਅਤੇ ਓਨਾ ਮੋਹ ਪੈਦਾ ਨਹੀਂ ਹੋਇਆ ਜਿੰਨਾ ਕਿ ਹੋਣਾ ਚਾਹੀਦਾ ਸੀ। ਉਸ ਦੇ ਬਹੁਤ ਸਾਰੇ ਤਾਰੀਖ਼ੀ ਕਾਰਨ ਹਨ, ਜਿਨ੍ਹਾਂ ਨੂੰ ਵਿਚਾਰਨਾ ਇਕ ਵੱਖਰਾ ਮੋਜ਼ੂਅ ਹੈ।
ਸਾਡੇ ਬਹੁਤੇ ਲੋਕ ਦੇਸ ਪਿਆਰ ਦੀ ਗੱਲ ਤਾਂ ਕਰਦੇ ਹਨ। ਦੇਸ ਲਈ ਹਰ ਕੁਰਬਾਨੀ ਕਰਨ ਲਈ ਵੀ ਤਿਆਰ ਰਹਿੰਦੇ ਹਨ ਜਿਹੜੀ ਕਿ ਚੰਗੀ ਗੱਲ ਹੈ ਪਰ ਪੰਜਾਬ ਲਈ ਪਿਆਰ ਦੀ ਗੱਲ ਸਾਡੇ ਵਿਚੋਂ ਬਹੁਤ ਘੱਟ ਕਰਦੇ ਹਨ। ਇਸੇ ਦਾ ਸਿੱਟਾ ਹੈ ਕਿ ਬੋਲੀ ਦੇ ਮੁੱਢ ਤੇ ਸੂਬਿਆਂ ਦੀ ਹੱਦ ਬੰਦੀ ਵੇਲ਼ੇ ਪੰਜਾਬ ਦੀ ਹੱਦ ਬੰਦੀ ਤੋਂ ਮਰਕਜ਼ ਨੇ ਨਾਂਹ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਜਦੋਂ ਪੰਜਾਬ ਵਿੱਚ ਪੰਜਾਬੀ ਸੂਬੇ ਲਈ ਜਦੋਜਹਿਦ ਸ਼ੁਰੂ ਹੋਈ ਤਾਂ ਕਿਤੇ ਜਾ ਕੇ ਪੰਜਾਬੀ ਬੋਲੀ ਦੇ ਮੁੱਢ ਤੇ ਪੰਜਾਬ ਦੀ ਹੱਦਬੰਦੀ ਹੋਈ।
ਉਸ ਤਹਿਰੀਕ ਵਿਚ ਵੀ ਪੰਜਾਬੀ ਇਕ ਮੁੱਠ ਹੋ ਕੇ ਅੱਗੇ ਨਾ ਆ ਸਕੇ ਜਿਸ ਕਾਰਨ ਬਹੁਤ ਸਾਰੇ ਪੰਜਾਬੀ ਬੋਲਦੇ ਅੱਲਾ ਕੇ ਪੰਜਾਬ ਤੋਂ ਬਾਹਰ ਰਹਿਣ ਦਿੱਤੇ ਗਏ। ਇਸੇ ਕਾਰਨ ਪੰਜਾਬ ਦੀ ਰਾਜਧਾਨੀ ਚੰਡੀ ਗੜ੍ਹ ਅਤੇ ਦਰਿਆਈ ਪਾਣੀਆਂ ਦਾ ਕੰਟਰੋਲ ਮਰਕਜ਼ੀ ਸਰਕਾਰ ਨੇ ਆਪਣੇ ਹੱਥਾਂ ਵਿਚ ਰੱਖ ਲਿਆ। ਇਹ ਸਭ ਕੁੱਝ ਹਨ ਤਾਰੀਖ਼ ਦਾ ਹਿੱਸਾ ਹੈ। ਪਰ ਇਸ ਵਾਪਰੀ ਦਾ ਇਥੇ ਵੇਰਵਾ ਇਸ ਲਈ ਦਿੱਤਾ ਗਿਆ ਹੇ ਤਾਂ ਜੋ ਪੰਜਾਬੀ ਇਹ ਸਮਝ ਤੇ ਮਹਿਸੂਸ ਕਰ ਸਕਣ ਕਿ ਜਦੋਂ ਕਿਸੇ ਖ਼ਿੱਤੇ ਦੇ ਲੋਕ ਆਪਣੇ ਇਲਾਕਾਈ, ਸਿਆਸੀ, ਮੁਆਸ਼ੀ ਤੇ ਰਹਤਲੀ ਲਾਭਾਂ ਲਈ ਇਕ ਮੁੱਠ ਹੋ ਕੇ ਖੜੇ ਨਹੀਂ ਹੁੰਦੇ ਤਾਂ ਉਨ੍ਹਾਂ ਦਾ ਕਿਨਾ ਨੁਕਸਾਨ ਹੋ ਜਾਂਦਾ ਹੇ ਤੇ ਕਿਨਾ ਨੁਕਸਾਨ ਭਲਕ ਵਿਚ ਹੋਰ ਹੋ ਸਕਦਾ ਹੈ।
ਹੁਣ ਇਹ ਵੱਡੇ ਸਕੂਨ ਵਾਲੀ ਗੱਲ ਹੈ ਕਿ ਪੰਜਾਬੀ ਜ਼ਬਾਨ ਬਾਰੇ ਸਾਰੇ ਪੰਜਾਬੀ ਇਕ ਮਤ ਹੋ ਗਏ ਹਨ। 1991 ਦੀ ਅਤੇ ਉਸ ਤੋਂ ਬਾਅਦ 2001 ਦੀ ਮਰਦਮ ਸ਼ੁਮਾਰੀ ਵਿਚ ਪੰਜਾਬ ਦੇ ਲਗ ਭਗ 92 ਫ਼ੀਸਦੀ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਹੈ। ਇਹ ਵੀ ਸਕੂਨ ਵਾਲੀ ਗੱਲ ਹੈ ਕਿ ਪਿਛਲੇ ਦਿਨੀਂ ਵਿਧਾਨ ਸਭਾ ਵਿਚ, ਵੱਡੀ ਗਿਣਤੀ ਨਾਲ ਸੂਬੇ ਦੇ ਹਰ ਸਕੂਲ ਵਿਚ ਦਸਵੇਂ ਤੱਕ ਪੰਜਾਬੀ ਪੜ੍ਹਾਉਨ ਅਤੇ ਰਾਜ ਪੱਧਰ ਤੇ ਸਾਰਾ ਸਰਕਾਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਬਾਰੇ ਦੋ ਬਲ ਮਨਜ਼ੂਰ ਹੋਏ ਹਨ ਅਤੇ ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਦੇ ਬਾਹਰ ਸਾਰੀਆਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਬੋਲਾਂ ਦੀ ਹਮਾਇਤ ਕੀਤੀ ਹੈ। ਪਰ ਪੰਜਾਬ ਦੇ ਸਾਰੇ ਸਰੋਕਾਰਾਂ ਬਾਰੇ ਅਤੇ ਦੂਜੇ ਸੂਬਿਆਂ ਦੇ ਮੁਕਾਬਲੇ ਇਸ ਨੂੰ ਹਰ ਪੱਖ ਤੋਂ ਅੱਗੇ ਲੈ ਕੇ ਜਾਣ ਬਾਰੇ ਸੂਬੇ ਦੀਆਂ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਵਿਚ ਜਿਹੋ ਜਹਿਆ ਮੋਹ, ਦਰੜ੍ਹਤਾ ਅਤੇ ਉਤਸ਼ਾਹ ਹੋਣਾ ਚਾਹੀਦਾ ਹੈ, ਉਹ ਪੰਜਾਬੀਆਂ ਵਿੱਚ ਨਜ਼ਰ ਨਹੀਂ ਆ ਰਿਹਾ।
ਅਸੀਂ ਪੰਜਾਬ ਵਿੱਚ ਰਹਿਣ ਵਾਲੇ ਬਹੁਤੇ ਲੋਕ ਆਪੋ ਆਪਣੇ ਨਿੱਜੀ ਲਾਭਾਂ ਲਈ, ਨਿੱਜੀ ਨਫ਼ਾਏ ਨੁਕਸਾਨ ਲਈ ਤਾਂ ਦਿਨ ਰਾਤ ਮਾਰੂ ਮਾਰੀ ਕਰਦੇ ਫਿਰਦੇ ਰਹਿੰਦੇ ਹਾਂ। ਨਿੱਜੀ ਲਾਭਾਂ ਲਈ ਬਹੁਤ ਸਾਰੇ ਲੋਕ ਗ਼ੀਰਕਾਨੁਨੀ ਕੰਮ ਕਰਨ ਤੋਂ ਵੀ ਝੁਕ ਨਹੀਂ ਕਰਦੇ ਪਰ ਪੰਜਾਬ ਦੇ ਸਾਂਝੇ ਲਾਭਾਂ ਲਈ ਇਕ ਮੰਚ ਤੋਂ ਇਕ ਅਵਾਜ਼ ਅਸੀਂ ਘੱਟ ਹੀ ਚੁੱਕਦੇ ਹਾਂ। ਇਸੇ ਕਾਰਨ ਕਈ ਲੋਕ ਇਹ ਵੀ ਕਹਿ ਦਿੰਦੇ ਹਨ ਕਿ ਪੰਜਾਬੀ ਉਸ ਤਰ੍ਹਾਂ ਇਕ ਕੌਮੀਅਤ ਨਹੀਂ ਹਨ ਜਿਸ ਤਰ੍ਹਾਂ ਕਿ ਤਾਮਿਲ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਬੰਗਾਲ ਵਗ਼ੈਰਾ ਦੇ ਲੋਕ ਇਕ ਕੌਮੀਅਤ ਹਨ। ਮਤਲਬ ਉਨ੍ਹਾਂ ਲੋਕਾਂ ਵਿਚ ਆਪਣੇ ਆਪਣੇ ਸੂਬਿਆਂ ਅਤੇ ਆਪਣੀਆਂ ਆਪਣੀਆਂ ਜ਼ਬਾਨਾਂ ਬਾਰੇ ਜਿਸ ਤਰ੍ਹਾਂ ਦੀ ਮੋਹ ਪਾਇਆ ਜਾਂਦਾ ਹੈ, ਜਿਸ ਤਰ੍ਹਾਂ ਉਹ ਉਨ੍ਹਾਂ ਸੂਬਿਆਂ ਦੇ ਲੋਕ ਆਪਣੇ ਸਾਂਝੇ ਹਿੱਤਾਂ ਲਈ ਜ਼ਾਤਾਂ, ਧਰਮਾਂ ਅਤੇ ਸਿਆਸੀ ਮਤ ਭੇਦਾਂ ਤੋਂ ਉੱਪਰ ਅਠ ਕੇ ਇਕਮੁੱਠ ਹੋ ਕੇ ਖੜੇ ਹੋ ਜਾਂਦੇ ਹਨ ਅਤੇ ਆਪਣੀ ਏਕਤਾ ਦੇ ਬਲ ਬੋਤੇ ਮਰਕਜ਼ ਤੋਂ ਬਹੁਤ ਸਾਰੀਆਂ ਮੰਗਾਂ ਮਨਵਾਉਣ ਵਿਚ ਵੀ ਕਾਮਯਾਬ ਹੋ ਜਾਂਦੇ ਹਨ, ਉਹ ਜਜ਼ਬਾ ਅਤੇ ਉਹੋ ਜਿਹੀ ਜਜ਼ਬਾਤੀ ਏਕਤਾ ਪੰਜਾਬੀਆਂ ਵਿੱਚ ਨਹੀਂ ਹੈ।
ਕੁੱਝ ਵਿਚਾਰਕਾਂ ਵੱਲੋਂ ਪੰਜਾਬੀ ਕੌਮੀਅਤ ਦੇ ਲੋਕਾਂ ਵਿਚ ਆਪਸੀ ਸਾਂਝ ਦੀ ਥੁੜ ਅਤੇ ਆਪਣੇ ਸਾਂਝੇ ਹਿੱਤਾਂ ਲਈ ਇਕ ਮੁੱਠ ਨਾ ਹੋ ਸਕਣ ਦੀ ਉਨ੍ਹਾਂ ਦੀ ਕਮਜ਼ੋਰੀ ਬਾਰੇ ਕੀਤੇ ਜਾ ਰਹੇ ਸਵਾਲਾਂ ਵਿੱਚ ਕਾਫ਼ੀ ਹੱਦ ਤੱਕ ਸਚਾਈ ਹੋ ਸਕਦੀ ਹੈ ਪਰ ਇਹ ਕਹਿਣਾ ਕਿ ਪੰਜਾਬੀ ਇਕ ਕੌਮੀਅਤ ਹੀ ਨਹੀਂ ਹੈ, ਬਿਲਕੁਲ ਠੀਕ ਨਹੀਂ। ਪੰਜਾਬੀਆਂ ਦਾ ਆਪਣਾ ਇਕ ਅਕਸਰੀਤੀ ਕਿ ਅੱਲਾ ਹੈ, ਆਪਣੀ ਤਾਰੀਖ਼ ਹੈ, ਆਪਣੀ ਜ਼ਬਾਨ ਹੈ ਅਤੇ ਆਪਣੀ ਰਹਿਤਲ ਹੈ। ਆਪਣਾ ਮੁਆਸ਼ੀ ਜੀਵਨ ਹੈ। ਇਹੀ ਤੱਥ ਕਿਸੇ ਖ਼ਿੱਤੇ ਦੇ ਲੋਕਾਂ ਨੂੰ ਇਕ ਕੌਮੀਅਤ ਦੀ ਪਛਾਣ ਦਿੰਦੇ ਹਨ ਅਤੇ ਇਹ ਸਾਰੇ ਤੱਥ ਪੰਜਾਬੀ ਪੂਰੇ ਕਰਦੇ ਹਨ। ਹਾਂ ਇਹ ਗੱਲ ਜ਼ਰੂਰ ਹੈ ਕਿ ਪੰਜਾਬੀਆਂ ਵਿੱਚ ਕੌਮੀ ਫ਼ਿਕਰ ਦੀ ਘਾਟ ਹੈ। ਇਸੇ ਕਰਕੇ ਹੀ ਪੰਜਾਬੀ ਆਪਣੇ ਜਾਇਜ਼ ਹੱਕ ਲੈਣ ਵਿਚ ਵੀ ਪਛੜ ਜਾਂਦੇ ਹਨ। ਪੰਜਾਬ ਤੇ ਪੰਜਾਬੀਆਂ ਦੇ ਚੰਗੇ ਭਲਕ ਲਈ, ਪੰਜਾਬੀਆਂ ਦੇ ਸਾਂਝੇ ਹਿੱਤਾਂ ਦੀ ਰੱਖਿਆ ਲਈ, ਪੰਜਾਬੀ ਕੌਮੀਅਤ ਦੀ ਹੋਂਦ ਤੇ ਇਲਜ਼ਾਮ ਲਾਉਣ ਦੀ ਲੋੜ ਨਹੀਂ, ਸਗੋਂ ਪੰਜਾਬੀਆਂ ਅੰਦਰ ਕੌਮੀ ਫ਼ਿਕਰ ਤੇ ਕੌਮੀ ਜਜ਼ਬੇ ਨੂੰ ਜਗਾਉਣ ਦੀ ਲੋੜ ਹੈ, ਤਾਂ ਜੋ ਉਹ ਦੇਸ ਵਿੱਚ ਵਸਦੇ ਹੋਏ ਆਪਣੀ ਨਵੀਆਂ ਲੀਹਾਂ ਤੇ ਤਰੱਕੀ ਵੀ ਕਰ ਸਕਣ ਅਤੇ ਆਪਣੀ ਪੰਜਾਬੀ ਜ਼ਬਾਨ ਅਤੇ ਰਹਿਤਲ ਦੇ ਮੁੱਢ ਤੇ ਅੱਡਰੀ ਪਛਾਣ ਨੂੰ ਵੀ ਕਾਇਮ ਰੱਖ ਸਕਣ।
ਇਹ ਨਿਸ਼ਾਨਾ ਹਾਸਲ ਕਰਨ ਲਈ ਪੰਜਾਬੀਆਂ ਨੂੰ ਸਾਲ ਵਿਚ ਘੱਟੋ ਘੱਟ ਇੱਕ ਦਿਨ ਪੰਜਾਬ ਲਈ ਫ਼ਿਕਰ ਤੇ ਗੌਹ ਕਰਨ ਵਾਸਤੇ ਰਾਖਵਾਂ ਰੱਖਣਾ ਚਾਹੀਦਾ ਹੈ। ਉਸ ਦਿਨ ਸਾਰੇ ਪੰਜਾਬੀਆਂ ਨੂੰ ਜਿਸ ਵੀ ਖੇਤਰ ਵਿਚ ਉਹ ਕੰਮ ਕਰ ਰਹੇ ਹੋਣ ਜਾਂ ਜ਼ਿੰਦਗੀ ਦੇ ਜਿਸ ਵੀ ਪੜਾਅ ਵਿਚੋਂ ਉਹ ਲੰਘ ਰਹੇ ਹੋਣ, ਉਨ੍ਹਾਂ ਨੂੰ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਕੁੱਝ ਸਵਾਲ ਆਪਣੇ ਆਪ ਨੂੰ ਕਰਨੇ ਚਾਹੀਦੇ ਹਨ। ਕੁੱਝ ਸਵਾਲ ਸੰਗੀਆਂ ਵਿਚ ਬੈਠ ਕੇ ਵਿਚਾਰਨੇ ਚਾਹੀਦੇ ਹਨ। ਸਾਡੇ ਵਿਚਾਰ ਮੂਜਬ ਇਹ ਸਵਾਲ ਕੁੱਝ ਇਸ ਤਰ੍ਹਾਂ ਹੋ ਸਕਦੇ ਹਨ।
1। ਪੰਜਾਬ ਦੀ ਤਾਰੀਖ਼, ਪੰਜਾਬੀ ਜ਼ਬਾਨ ਅਤੇ ਰਹਿਤਲ ਦੇ ਮੁੱਢ ਤੇ ਅੱਡਰੀ ਪਛਾਣ ਕਾਇਮ ਰੱਖਣ ਲਈ ਮੇਰਾ ਹਿੱਸਾ ਕੀ ਹੈ? ਕੀ ਮੈਂ ਆਪ ਪੰਜਾਬੀ ਪੜ੍ਹ ਲਿਖ ਸਕਦਾ ਹਾਂ? ਕੀ ਮੇਰੇ ਟੱਬਰ ਦੇ ਮੈਂਬਰ ਜਾਂ ਬੱਚੇ ਪੰਜਾਬੀ ਪੜ੍ਹ ਲਿਖ ਸਕਦੇ ਹਨ? ਕੀ ਉਹ ਪੰਜਾਬੀ ਬੋਲਣ ਵਿੱਚ ਮਾਨ ਮਹਿਸੂਸ ਕਰਦੇ ਹਨ, ਜਿਸ ਤਰ੍ਹਾਂ ਕਿ ਭਾਰਤ ਦੇ ਹੋਰ ਸੂਬਿਆਂ ਦੇ ਲੋਕ ਕਰਦੇ ਹਨ? ਕੀ ਮੈਂ ਆਪਣੇ ਕੰਮ ਕਾਜ ਵਿਚ ਪੰਜਾਬੀ ਦੀ ਵਰਤੋਂ ਕਰਦਾ ਹਾਂ?
2। ਪੰਜਾਬ ਦੀ ਸਾਂਝੀ ਤਰੱਕੀ ਵਿਚ ਮੇਰਾ ਹਿੱਸਾ ਕੀ ਹੈ? ਕੀ ਮੈਂ ਆਪਣੀ ਰੋਟੀ ਰੋਜ਼ੀ ਈਮਾਨ ਦਾਰੀ ਨਾਲ ਕਮਾਉਂਦਾ ਹਾਂ? ਕੀ ਮੈਂ ਆਪਣਾ ਬਣ ਦਾ ਟੈਕਸ ਦਿੰਦਾ ਹਾਂ? ਕੀ ਮੈਂ ਆਪਣੀ ਰੋਟੀ ਰੋਜ਼ੀ ਕਮਾਉਂਦਾ ਹੋਇਆ ਸਮਾਜ ਅਤੇ ਕੁਦਰਤ ਬਾਰੇ ਆਪਣੇ ਫ਼ਰਜ਼ ਨਿਭਾਉਂਦਾ ਹਾਂ? ਕੀ ਮੈਂ ਕਾਰਖ਼ਾਨਾ ਚਲਾਉਂਦਿਆਂ, ਖੇਤੀ ਬਾੜੀ ਕਰਦਿਆਂ ਜਾਂ ਕੋਈ ਹੋਰ ਕਾਰੋਬਾਰ ਕਰਦਿਆਂ ਜੀਵਨ ਦੀਆਂ ਮੁਢਲੀਆਂ ਲੋੜਾਂ ਹਵਾ ਨੂੰ ਸਾਫ਼ ਰੱਖਣ, ਪਾਣੀ ਨੂੰ ਸਾਫ਼ ਰੱਖਣ ਅਤੇ ਦੂਜਿਆਂ ਲਈ ਖ਼ਾਲਸ ਖ਼ੁਰਾਕ ਨੂੰ ਯਕੀਨੀ ਬਣਾਉਣ ਲਈ ਸੁਚੇਤ ਹਾਂ?
3। ਕੀ ਮੇਰੇ ਬਜ਼ੁਰਗ ਹਰਾ ਭਰਾ ਪੰਜਾਬ ਜੋ ਮੇਰੇ ਲਈ ਛੱਡ ਕੇ ਗਏ ਸਨ, ਉਸੇ ਤਰ੍ਹਾਂ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਨੂੰ ਰੂ ਖ ਲਾ ਕੇ ਹਰਾ ਭਰਾ ਰੱਖਣ ਲਈ ਕੋਈ ਹਿੱਸਾ ਪਾ ਰਿਹਾ ਹਾਂ?
4। ਕੀ ਮੇਰਾ ਪੰਜਾਬ ਸਿਹਤ ਤੇ ਤਾਲੀਮ ਦੇ ਖੇਤਰ ਵਿਚ ਦੂਜੇ ਸੂਬਿਆਂ ਦੇ ਬਰਾਬਰ ਤਰੱਕੀ ਕਰ ਰਿਹਾ ਹੈ? ਕੀ ਮਾਈਆਰੀ ਤਾਲੀਮ ਤੇ ਸਿਹਤ ਸੋਖਤਾਂ ਆਮ ਲੋਕਾਂ ਦੀ ਪਹੁੰਚ ਵਿਚ ਹਨ?
5। ਕੀ ਤਰੱਕੀ ਲਈ ਮੁਢਲੀਆਂ ਸੋਖਤਾਂ, ਸੜਕ, ਪਾਣੀ ਤੇ ਬਿਜਲੀ ਦਾ ਸਨਾਤ, ਖੇਤੀ ਬਾੜੀ ਅਤੇ ਹੋਰ ਕਾਰੋਬਾਰਾਂ ਲਈ ਲੋੜੀਂਦਾ ਮੁੱਢਲਾ ਢਾਂਚਾ ਮੇਰੇ ਪੰਜਾਬ ਵਿੱਚ ਹੈ?
6। ਪੰਜਾਬ ਵਿੱਚ ਰੋਟੀ ਰੋਜ਼ੀ ਦੇ ਵਸੀਲੇ ਵਧਾਉਣ ਅਤੇ ਹਰ ਖੇਤਰ ਵਿਚ ਖਿੱਲਰੀ ਕੁਰੱਪਸ਼ਨ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ? ਇਹੋ ਜਿਹੇ ਕਈ ਸਵਾਲ ਸਾਲ ਵਿਚ ਇਕ ਦਿਨ ਹਰ ਪੰਜਾਬੀ ਨੂੰ ਤਹੱਮੁਲ ਨਾਲ ਬੈਠ ਕੇ ਆਪਣੇ ਆਪ ਨੂੰ ਅਤੇ ਆਪਣੇ ਸਾਥੀ ਪੰਜਾਬੀਆਂ ਨੂੰ ਕਰਨੇ ਚਾਹੀਦੇ ਹਨ ਅਤੇ ਫਿਰ ਕੁੱਝ ਵੇਲਾ ਉਨ੍ਹਾਂ ਦੇ ਹੱਲ ਲੱਭਣ ਲਈ ਲਾਉਣਾ ਚਾਹੀਦਾ ਹੈ। ਸਾਲ ਵਿਚ ਇਕ ਦਿਨ ਈਮਾਨ ਦਾਰੀ ਨਾਲ ਉਸ ਕੰਮ ਲਈ ਲਾਇਆ ਜਾਵੇ ਤਾਂ ਸਾਲ ਦੇ ਬਾਕੀ ਦਿਨ ਅਸੀਂ ਆਪਣੇ ਅਮਲਾਂ ਨੂੰ ਲਾਭ ਦਾਰ ਬਣਾ ਸਕਦੇ ਹਾਂ ਅਤੇ ਸਹੀ ਪਾਸੇ ਚਲਾ ਸਕਦੇ ਹਾਂ। ਇਕ ਦਿਨ ਦਿਆਨਤਦਾਰੀ ਨਾਲ ਅੰਦਰ ਝਾਤੀ ਮਾਰ ਕੇ ਆਪਣੇ ਅਮਲ ਅਸੀਂ ਦਰੁਸਤ ਕਰ ਲੀਏ ਤਾਂ ਪੂਰਾ ਪੰਜਾਬ ਬਦਲਿਆ ਬਦਲਿਆ ਨਜ਼ਰ ਆਵੇ ਗਾ।
ਅੱਗੇ ਅਹਿਮ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਬਾਰੇ ਫ਼ਿਕਰ ਤੇ ਗੌਹ ਕਰਨ ਲਈ ਦਿਨ ਕਿਹੜਾ ਰੱਖਿਆ ਜਾਵੇ? ਇਸ ਬਾਰੇ ਸਾਡਾ ਵਿਚਾਰ ਹੈ ਕਿ 1 ਨਵੰਬਰ ਇਸ ਮਕਸਦ ਲਈ ਸਭ ਤੋਂ ਢੁੱਕਵਾਂ ਦਿਨ ਹੈ। ਇਸ ਦਿਨ ਲੰਮੀ ਜਦੋਜਹਿਦ ਤੋਂ ਬਾਅਦ ਪੰਜਾਬੀ ਬੋਲੀ ਦੇ ਮੁੱਢ ਤੇ ਪੰਜਾਬੀ ਸੂਬੇ ਦੀ ਹੱਦ ਬੰਦੀ ਹੋਈ ਸੀ। ਪੰਜਾਬ ਅੱਜ ਛੋਟਾ ਹੈ ਜਾਂ ਵੱਡਾ, ਹਨ ਇਸ ਝੇੜੇ ਵਿਚ ਨਹੀਂ ਪੀਣਾ ਚਾਹੀਦਾ। ਪੰਜਾਬ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਅਜੋਕੇ ਪੰਜਾਬ ਨੂੰ ਆਪਣੀ ਜੰਮਣ ਭੋਇੰ ਅਤੇ ਕਰਮ ਭੋਇੰ ਦੇ ਰੂਪ ਵਿਚ ਕਬੂਲ ਕਰਨਾ ਚਾਹੀਦਾ ਹੈ। ਹਾਂ ਦਰਿਆਈ ਪਾਣੀਆਂ ਬਾਰੇ ਆਪਣੇ ਹੱਕ ਲੈਣ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਵਸਾਇਆ ਚੰਡੀ ਗੜ੍ਹ ਪੰਜਾਬ ਵਿੱਚ ਸ਼ਾਮਿਲ ਕਰਵਾਉਣ ਤੇ ਹਰ ਖੇਤਰ ਵਿਚ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਹੱਕ ਦੁਆਉਣ ਲਈ ਪੰਜਾਬ ਨੂੰ ਹਰ ਖੇਤਰ ਵਿਚ ਅੱਗੇ ਵਧਾਉਣ ਲਈ ਆਪਣੇ ਜਤਨ ਜਾਰੀ ਰੱਖਣੇ ਚਾਹੀਦੇ ਹਨ।
ਇਨ੍ਹਾਂ ਸਾਰੇ ਸਰੋਕਾਰਾਂ ਨੂੰ ਅਮਲੀ ਰੂਪ ਦੇਣ ਲਈ 1 ਨਵੰਬਰ ਦਾ ਦਿਨ ਸਾਰੇ ਪੰਜਾਬੀਆਂ ਨੂੰ ਆਪਣੇ ਕੌਮੀ ਦਿਹਾੜ ਦੇ ਤੌਰ ਤੇ ਸਕੂਲਾਂ, ਕਾਲਜਾਂ, ਕਾਰਖ਼ਾਨਿਆਂ ਅਤੇ ਹੋਰ ਲੋਕਾਈ ਅਦਾਰਿਆਂ ਵਿਚ ਜਜ਼ਬੇ ਨਾਲ ਮਨਾਉਣਾ ਚਾਹੀਦਾ ਹੈ। ਸਿਆਸੀ ਪਾਰਟੀਆਂ, ਲਿਖਾਰੀ ਜਿਥੇ ਬੰਦਿਆਂ ਅਤੇ ਹੋਰ ਸਮਾਜੀ ਸੱਥਾਂ ਨੂੰ ਹਰ ਪਿੰਡ ਤੇ ਹਰ ਸ਼ਹਿਰ ਵਿਚ ਇਸ ਬਾਰੇ ਮਨਸੂਬਾ ਬਣਦੀ ਕਰਨੀ ਚਾਹੀਦੀ ਹੈ। ਇਸ ਦਿਨ ਚੰਗੇ ਰਹਤਲੀ ਪ੍ਰੋਗਰਾਮ ਵੀ ਹੁਣੇ ਚਾਹੀਦੇ ਹਨ ਤੇ ਪੰਜਾਬ ਬਾਰੇ ਗੌਹ ਕਰਨ ਵਾਲੇ ਪ੍ਰੋਗਰਾਮ ਵੀ ਹੁਣੇ ਚਾਹੀਦੇ ਹਨ। ਇਹ ਦਿਨ ਇਸ ਤਰ੍ਹਾਂ ਮਨਾਇਆ ਜਾਵੇ ਕਿ ਧਰਮਾਂ, ਜ਼ਾਤਾਂ ਤੇ ਸਿਆਸੀ ਵਲਗਣਾਂ ਤੋਂ ਉੱਪਰ ਅਠ ਕੇ ਪੰਜਾਬੀਅਤ ਦੇ ਜਜ਼ਬੇ ਦਾ ਵਿਖਾਲਾ ਹੋਵੇ। ਲੋਕਾਂ ਵਿਚ ਪੰਜਾਬ ਤੇ ਪੰਜਾਬੀ ਬੋਲੀ ਲਈ ਪਿਆਰ ਤੇ ਮੋਹ ਪੈਦਾ ਹੋਵੇ। ਪੰਜਾਬੀਆਂ ਵਿੱਚ ਜੀਵਨ ਲਈ ਕੁੱਝ ਕਰਨ ਲਈ ਅਤੇ ਕੁੱਝ ਬਣਨ ਲਈ ਥਾਪੜਾ ਹੋਵੇ।
ਆਉ ਇਹ ਸੁਪਨੇ ਲੈ ਕੇ 1 ਨਵੰਬਰ, 2008 ਦਾ ਦਿਨ ਪੂਰੇ ਜਜ਼ਬੇ ਤੇ ਪੂਰੇ ਮੋਹ ਨਾਲ ਮਨਾਈਏ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਇਸ ਦਿਨ ਦੇ ਪ੍ਰੋਗਰਾਮਾਂ ਨਾਲ ਵੱਧ ਤੋਂ ਵੱਧ ਜੋੜਨ ਦਾ ਵੀ ਜੱਤਨ ਕਰੀਏ। ਇਸ ਤਰ੍ਹਾਂ ਦੇ ਜਤਨਾਂ ਨਾਲ ਲਾਜ਼ਮੀ ਤੌਰ ਤੇ ਪੰਜਾਬੀਆਂ ਵਿੱਚ ਜਜ਼ਬਾਤੀ ਸਾਂਝ ਤੇ ਕੌਮੀ ਫ਼ਿਕਰ ਦਾ ਸੰਚਾਰ ਹੋਵੇਗਾ।
More