کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਪਾਸ਼ ਦਾ ਕਾਵਿ ਸਫਰ : ਇਕ ਸੰਖੇਪ ਅਧਿਅਨ

ਪਾਸ਼ ਦਾ ਕਾਵਿ ਸਫਰ : ਇਕ ਸੰਖੇਪ ਅਧਿਅਨ

ਸਾਧੂ ਬਿਨਿੰਗ

July 25th, 2011

5 / 5 (3 Votes)

 

 

ਪੰਜਾਬੀ ਸਾਹਿਤ ਵਿਚ ਨਕਸਲਵਾੜੀ ਲਹਿਰ ਦੇ ਅਸਰ ਵਜੋਂ ਵਿਦਰੋਹੀ ਸੁਰ ਵਾਲੀ ਕਵਿਤਾ ਦੀ ਇਕ ਵੱਖਰੀ ਲਹਿਰ ਉੱਭਰੀ। ਇਸ ਲਹਿਰ ਦੇ ਮੋਢੀ ਕਵੀਆਂ ਵਿਚੋਂ ਪਾਸ਼ ਸਭ ਤੋਂ ਵੱਧ ਜਾਣਿਆਂ ਜਾਂਦਾ ਨਾਂ ਹੈ। ਸਿਆਸੀ ਲਹਿਰ ਦੇ ਮੱਠੀ ਪੈ ਜਾਣ ਬਾਅਦ ਵੀ ਪੰਜਾਬੀ ਕਵਿਤਾ ਉੱਪਰ ਪਾਸ਼ ਦਾ ਛਾਇਆ ਰਹਿਣਾ ਉਹਨੂੰ ਸਿਰਫ ਵਿਦਰੋਹੀ ਸੁਰ ਵਾਲੀ ਕਵਿਤਾ ਦਾ ਮੋਢੀ ਹੀ ਨਹੀਂ, ਸਮੁੱਚੀ ਕਵਿਤਾ ਦੇ ਮੋਢੀਆਂ ਦੀ ਕਤਾਰ ਵਿਚ ਲਿਆ ਖੜਾਉਂਦਾ ਹੈ। ਇਹ ਗੱਲ ਖਾਸ ਤੌਰ 'ਤੇ ਨੋਟ ਕਰਨ ਵਾਲੀ ਹੈ ਕਿ ਪਾਸ਼ ਦੀ ਕਵਿਤਾ ਬਾਰੇ ਕੋਈ ਬਹੁਤੇ ਵੱਡੇ ਵੱਡੇ ਅਲੋਚਕਾਂ, ਬੁੱਧੀਜੀਵੀਆਂ ਵਲੋਂ ਵੱਡੇ ਵੱਡੇ ਲੇਖ ਨਹੀਂ ਲਿਖੇ ਗਏ। ਪਰ ਫੇਰ ਵੀ ਪਾਸ਼ ਦਾ ਨਾਂ ਪੰਜਾਬੀ ਕਵਿਤਾ ਉਪਰ ਪਿਛਲੇ ਡੇੜ ਦਹਾਕੇ ਤੋਂ ਛਾਇਆ ਰਿਹਾ ਹੈ। ਸਗੋਂ ਸ਼ੁਰੂ ਸ਼ੁਰੂ ਵਿਚ ਉਹਨੂੰ ਮਿਲੀ ਸ਼ੁਹਰਤ 'ਤੇ ਕੁਝ ਲੋਕਾਂ ਕਿੰਤੂ ਵੀ ਕੀਤਾ। ਆਪਣੇ ਲੇਖ 'ਜੁਝਾਰ ਕਵਿਤਾ : ਸੀਮਾ ਤੇ ਸੰਭਾਵਨਾ' (ਸੇਧ, ਅਪਰੈਲ 1972) ਵਿਚ ਪਰੇਮ ਸਿੰਘ ਨੇ ਲਿਖਿਆ: ''ਪਾਸ਼ ਨੂੰ ਵਧੇਰੇ ਉਛਾਲਣ ਵਾਲੇ ਉਸ ਦੇ ਨਾਦਾਨ ਦੋਸਤ ਹੋ ਸਕਦੇ ਹਨ ਜਾਂ ਸ਼ਾਇਦ ਲੁਕਵੇਂ ਵੈਰੀ।"

ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਪਾਸ਼ ਦੀ ਕਵਿਤਾ ਨੇ ਉਸ ਦੇ ਹਮਖਿਆਲੀਆਂ ਨੂੰ ਹੀ ਨਹੀਂ ਵਿਰੋਧੀਆਂ ਨੂੰ ਵੀ ਪ੍ਰਭਾਵਤ ਕੀਤਾ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪਾਸ਼ ਨੇ ਅਜੇ ਕਵਿਤਾ ਰਚਣੀ ਸੀ। ਉਹਦੀ ਕਵਿਤਾ ਦਾ ਸਹੀ ਮੁੱਲ-ਅੰਕਣ ਵੀ ਅਜੇ ਹੋਣਾ ਸੀ। ਪਰ ਉਹਦੇ ਹੋਏ ਅਚਾਨਕ ਕਤਲ ਨੇ ਤਸਵੀਰ ਹੀ ਬਦਲ ਦਿੱਤੀ ਹੈ। ਇਸ ਤਾਜ਼ੇ ਤੇ ਡਾਢੇ ਦੁੱਖ ਨੂੰ ਸਹਿੰਦਿਆਂ ਹੋਇਆਂ ਪਾਸ਼ ਬਾਰੇ, ਪਾਸ਼ ਦੀ ਕਵਿਤਾ ਬਾਰੇ ਹਰ ਪਾਸੇ ਗੱਲਬਾਤ ਹੋ ਰਹੀ ਹੈ। ਇਸੇ ਚਰਚਾ ਦਾ ਹਿੱਸਾ ਇਹ ਲੇਖ ਹੈ ਜਿਸ ਵਿਚ ਉਹਦੀ ਕਵਿਤਾ ਦੇ ਕੁਝ ਉਹਨਾਂ ਪੱਖਾਂ 'ਤੇ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨਾਂ ਸਦਕੇ ਮੇਰੇ ਖਿਆਲ ਵਿਚ ਉਹ ਪੰਜਾਬੀ ਪਾਠਕਾਂ ਲਈ ਇਕ ਖਾਸ ਕਿਸਮ ਦੀ ਖਿੱਚ ਰੱਖਦਾ ਸੀ।

ਪਾਸ਼ ਨੇ ਬਹੁਤ ਥੋੜ੍ਹੇ ਸਮੇਂ ਵਿਚ ਇਕ ਲੰਬਾ ਕਾਵਿਕ ਸਫਰ ਤੈਅ ਕੀਤਾ। ਉਹਦੀ ਪਹਿਲੀ ਕਿਤਾਬ ਲੋਹ ਕਥਾ ਵਿਚ ਜਿਥੇ ਮੁੱਖ ਤੌਰ 'ਤੇ ਬਾਹਰਮੁਖੀ ਕਵਿਤਾ ਹੈ, ਤਿੱਖੀ ਸਿਆਸੀ ਨਾਹਰੇਬਾਜ਼ੀ ਹੈ ਅਤੇ ਕਵਿਤਾ ਵਿਚ ਕੁਝ ਪੇਤਲਾਪਨ ਹੈ ਉਥੇ ਉਹਦੀ ਆਖਰੀ ਕਿਤਾਬ ਸਾਡੇ ਸਮਿਆਂ ਵਿਚ ਕਾਫੀ ਵੱਖਰੀ ਕਿਸਮ ਦੀ ਕਵਿਤਾ ਪੇਸ਼ ਕਰਦੀ ਹੈ। ਇਸ ਮਗਰਲੀ ਕਿਤਾਬ ਵਿਚ ਉਹ ਆਸ ਪਾਸ ਬਾਰੇ ਅਨੇਕਾਂ ਸਵਾਲ ਖੜੇ ਕਰਦਾ ਹੈ ਅਤੇ ਪਹਿਲਾਂ ਦੇ ਮੁਕਾਬਲੇ ਕੁਝ ਹੱਦ ਤੱਕ ਅੰਤਰਮੁਖੀ ਵੀ ਹੈ। ਪਰ ਇਹ ਤਬਦੀਲੀ ਉਹਦੇ ਅੰਦਰਲੀ ਕਿਸੇ ਸ਼ਰਾਰਤ ਜਾ ਜੀਵਨ ਪ੍ਰਤੀ ਮੁੱਢਲੇ ਵਿਚਾਰਾਂ ਵਿਚ ਆਈ ਤਬਦੀਲੀ ਨਹੀਂ। ਇਹ ਜ਼ਾਹਰਾ ਤੌਰ 'ਤੇ ਬਾਹਰੀ ਹਾਲਤਾਂ ਦਾ ਪ੍ਰਤੀਕਰਮ ਸੀ।

ਜਦੋਂ ਭਾਰਤ ਦੇ ਦੂਜਿਆਂ ਹਿੱਸਿਆਂ ਵਿਚ ਅਤੇ ਪੰਜਾਬ ਵਿਚ ਵੀ ਨਕਸਲਵਾੜੀ ਸੰਘਰਸ਼ ਤੇਜ਼ ਸੀ ਅਤੇ ਉਸ ਸੰਘਰਸ਼ ਦਾ ਜੋ ਲੋਕ ਹਿੱਸਾ ਸਨ ਉਹਨਾਂ ਨੂੰ ਆਪਣੀ ਜਿੱਤ ਦਾ ਪੂਰਾ ਯਕੀਨ ਸੀ। ਪਾਸ਼ ਵੀ ਉਸੇ ਸੰਘਰਸ਼ ਦਾ ਹਿੱਸਾ ਸੀ। ਉਹਨੂੰ ਵੀ ਉਦੋਂ ਉਹ ਯੁੱਗ 'ਵੀਅਤਨਾਮ' ਦਾ ਯੁੱਗ ਲਗਦਾ ਸੀ। ਉਹਦੇ ਹੋਰ ਸਾਥੀਆਂ ਵਾਂਗ ਉਹਨੂੰ ਵੀ ਇਹ ਆਸ ਸੀ ਕਿ ''ਉਹ ਰੁੱਤ ਆਉਣ ਵਾਲੀ ਹੈ / ਜਿਹਦੇ ਵਿਚ ਸਰਫਰੋਸ਼ੀ ਦੇ ਰੁੱਖਾਂ ਨੂੰ ਫੁੱਲ ਪੈਂਦੇ ਹਨ"।

ਉਹਦੀ ਦੂਜੀ ਕਿਤਾਬ ਉੱਡਦੇ ਬਾਜਾਂ ਮਗਰ ਵੀ ਕਾਫੀ ਹੱਦ ਤੱਕ ਇਸੇ ਸੰਘਰਸ਼ ਦੀ ਹੀ ਤਸਵੀਰ ਹੈ। ਇਸ ਕਿਤਾਬ ਦੀਆਂ ਕਾਫੀ ਗਿਣਤੀ ਕਵਿਤਾਵਾਂ ਜਿਹਲ ਵਿਚ ਲਿਖੀਆਂ ਹੋਈਆਂ ਹਨ। ਪਰ ਇਸ ਕਿਤਾਬ ਵਿਚਲੀਆਂ ਕਵਿਤਾਵਾਂ ਵਿਚ ਲੋਹ ਕਥਾ ਦੀਆਂ ਕਵਿਤਾਵਾਂ ਦੇ ਮੁਕਾਬਲੇ ਕਾਫੀ ਟਿਕਾਉ ਹੈ, ਕਾਫੀ ਡੂੰਘਾਈ ਹੈ। ਇਹਨਾਂ ਵਿਚ ਜਿਹੜੀ ਹੋਰ ਵਾਧੂ ਗੱਲ ਹੈ ਕਿ ਇਹਨਾਂ ਵਿਚ ਪਾਸ਼ ਆਪਣੇ ਆਪ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਦੇ ਅਮਲ ਵਿਚ ਰੁੱਝਿਆ ਦਿਖਾਈ ਦਿੰਦਾ ਹੈ।

ਪਾਸ਼ ਦੀ ਤੀਜੀ ਪ੍ਰਕਾਸ਼ਤ ਕਾਵਿ ਰਚਨਾ ਸਾਡੇ ਸਮਿਆਂ ਵਿਚ ਉਹਦੇ ਇਕ ਵੱਡਾ, ਡੂੰਘੀ ਸੋਚ ਵਾਲਾ ਕਵੀ ਹੋਣ ਦਾ ਪ੍ਰਮਾਣ ਹੈ। ਇਹਨਾਂ ਕਵਿਤਾਵਾਂ ਵਿਚ (ਉਦਾਜਰਨ ਵਜੋਂ, 'ਤੇਥੋਂ ਬਿਨਾਂ' ਅਤੇ 'ਦੂਤਿਕ ਭਾਸ਼ਾ ਦੇ ਖਿਲਾਫ') ਉਸ ਨੇ ਭਾਰਤ ਦੇ ਹੀ ਨਹੀਂ ਦੁਨੀਆ ਭਰ ਦੇ ਇਤਿਹਾਸ ਤੇ ਮਿਥਿਹਾਸ ਨੂੰ ਆਪਣੀ ਗੱਲ ਕਹਿਣ ਲਈ ਜਿਸ ਹੌਸਲੇ ਅਤੇ ਸਰਲਤਾ ਨਾਲ ਵਰਤਿਆ ਹੈ ਉਹ ਹੈਰਾਨ ਕਰਨ ਵਾਲਾ ਹੈ।

ਆਪਣੇ ਇਸ ਦੌਰ ਦੀ ਕਵਿਤਾ ਵਿਚ ਪਾਸ਼ ਨੇ ਕਈ ਪੁਰਾਣੇ ਸੰਕਲਪਾਂ ਨੂੰ ਅਸਲੋਂ ਹੀ ਨਵੇਂ ਅਰਥ ਪ੍ਰਦਾਨ ਕੀਤੇ। ਉਦਾਹਰਨ ਵਜੋਂ, ਸ਼ਾਇਦ ਉਸ ਦੀ ਸਭ ਤੋਂ ਵੱਧ ਜਾਣੀ ਜਾਂਦੀ ਕਵਿਤਾ 'ਯੁੱਧ ਤੇ ਸ਼ਾਂਤੀ', ''ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ / ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ" ਸਤਰਾਂ ਨਾਲ ਸ਼ੁਰੂ ਹੁੰਦੀ ਹੈ ਅਤੇ ਕਵਿਤਾ ਦੀ ਹਰ ਸਤਰ ਇਨ੍ਹਾਂ ਸੰਕਲਪਾਂ ਨੂੰ ਨਵੇਂ ਅਰਥ ਦਿੰਦੀ ਹੈ। ਇਸੇ ਤਰ੍ਹਾਂ ਉਸ ਨੇ ਦੇਸ਼ ਨਾਲ ਵਿਅਕਤੀ ਦੇ, ਕਵੀ ਦੇ ਰਿਸ਼ਤੇ ਬਾਰੇ ਕਿੰਨੀਆਂ ਹੀ ਨਜ਼ਮਾਂ ਲਿਖੀਆਂ ਹਨ। ਇਨ੍ਹਾਂ ਵਿਚ 'ਦੇਸ਼ ਪਿਆਰ', 'ਦੇਸ਼ ਭਗਤੀ', 'ਦੇਸ਼ ਸੁਰੱਖਿਆ' ਦੇ ਸੰਕਲਪਾਂ ਨੂੰ ਉਹਨੇ ਨਵੀਂ ਰੌਸ਼ਨੀ ਵਿਚ ਵਿਚਾਰਿਆ ਹੈ।

ਆਪਣੀ ਕਵਿਤਾ ਵਿਚ ਉਸ ਨੇ ਆਪਣੇ ਆਲੇ ਦੁਆਲੇ ਦੇ ਆਮ ਜੀਵਨ ਵਿਚੋਂ ਚਿੰਨ ਲੈ ਕੇ ਉਨ੍ਹਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਵਰਤਿਆ ਅਤੇ ਨਤੀਜੇ ਵਜੋਂ ਨਿਰੋਲ ਪੰਜਾਬੀ ਸੁਭਾਅ ਵਾਲੀ ਸ਼ਕਤੀਸ਼ਾਲੀ ਕਵਿਤਾ ਨੂੰ ਜਨਮ ਦਿੱਤਾ। ਉਦਾਹਰਨ ਲਈ, 'ਉਹਦੇ ਨਾਂ' ਕਵਿਤਾ ਦੇਖੀ ਜਾ ਸਕਦੀ ਹੈ:
ਮੈਂ ਮਲ਼ ਮਲ਼ ਕੇ ਤ੍ਰੇਲਾਂ ਕਣਕ ਪਿੰਡਾ ਕੂਚਦੀ ਦੇਖੀ
ਮੇਰੇ ਤੱਕਣ 'ਤੇ ਉਸ ਦੇ ਮੁੱਖ 'ਤੇ ਆਉਂਦੀ ਸੰਗ ਨੂੰ ਤੱਕਿਆ ਹੈ ...
ਮੈਂ ਤੱਕਿਆ ਹੈ ਕਪਾਹ ਦੇ ਫੁੱਲਾਂ ਵਿਚ ਟਕਸਾਲ ਢਲਦੀ ਨੂੰ
ਮੈਂ ਚੋਰਾਂ ਵਾਂਗ ਗਿਟਮਿਟ ਕਰਦਿਆਂ ਚਰ੍ਹੀਆਂ ਨੂੰ ਤੱਕਿਆ ਹੈ
ਮੈਂ ਤੱਕਿਆ ਹੈ ਸਰ੍ਹੋਂ ਦੇ ਫੁੱਲਾਂ 'ਤੇ ਤਿਰਕਾਲ ਢਲਦੀ ਨੂੰ

ਪਾਸ਼ ਦੀ ਕਵਿਤਾ ਦਾ ਸਭ ਤੋਂ ਮਜ਼ਬੂਤ ਪੱਖ ਸਮੇਂ ਦੇ ਸੱਚ ਨੂੰ ਪੇਸ਼ ਕਰਨਾ ਹੈ। ਜਿਸ ਤਰ੍ਹਾਂ ਆਪਣੇ ਸਾਹਿਤਕ ਸਫਰ ਦੇ ਸ਼ੁਰੂ ਵਿਚ ਪਾਸ਼ ਨੇ ਆਪਣੇ ਆਲੇ ਦੁਆਲੇ ਦੇ ਸੱਚ ਨੂੰ ਸਮਝਿਆ, ਮਹਿਸੂਸ ਕੀਤਾ ਅਤੇ ਪੂਰੀ ਇਮਾਨਦਾਰੀ ਨਾਲ ਕਵਿਤਾ ਰਾਹੀਂ ਪੇਸ਼ ਕੀਤਾ ਉਸੇ ਤਰ੍ਹਾਂ, ਸਗੋਂ ਉਸ ਤੋਂ ਵੀ ਵੱਧ ਸ਼ਿੱਦਤ ਨਾਲ, ਉਸ ਨੇ ਆਪਣੀ ਤੀਸਰੀ ਪੁਸਤਕ ਵਿਚ ਜ਼ਮਾਨੇ ਦਾ ਸੱਚ ਚਿਤਰਿਆ। ਜਿਸ ਸੰਘਰਸ਼, ਜਿਸ ਸਿਆਸੀ ਮਾਹੌਲ ਦਾ ਉਹ ਹਿੱਸਾ ਸੀ, ਉਹ ਸਥਿਤੀ ਬਦਲ ਗਈ ਸੀ। ਹੁਣ ਮਾਹੌਲ ਵਿਚ ਨਿਰਾਸ਼ਤਾ ਸੀ, ਸਿਆਸਤ ਵਿਚ ਨਾਹਪੱਖੀ ਟੁੱਟ ਭੱਜ। ਇਸ ਸੱਭ ਕਾਸੇ ਦਾ ਪਾਸ਼ ਦੀ ਸੋਚ ਉਪਰ ਉਸ ਦੀ ਕਵਿਤਾ ਉਪਰ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ।

ਜਿਥੇ ਲੋਹ ਕਥਾ ਵੇਲੇ ਉਹ ਕਹਿੰਦਾ ਸੀ: ''ਉਸ ਨੂੰ ਕਹੋ / ਇਹ ਯੁੱਗ ਵਾਰਿਸ ਦਾ ਯੁੱਗ ਨਹੀਂ / ਵੀਅਤਨਾਮ ਦਾ ਯੁੱਗ ਹੈ / ਹਰ ਖੇੜੇ ਵਿਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ"। ਸਾਡੇ ਸਮਿਆਂ ਵਿਚ ਉਹਨੂੰ ਇਹ ਯੁੱਗ 'ਸ਼ਰਮਨਾਕ' ਹਾਦਸਿਆ ਦਾ ਯੁੱਗ ਲਗਦਾ ਹੈ: ''ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ/ ਕਿ ਦੁਨੀਆ ਦੇ ਸੱਭ ਤੋਂ ਪਵਿਤਰ ਹਰਫਾਂ ਨੇ/ ਬਣ ਜਾਣਾ ਸੀ ਸਿੰਘਾਸਣ ਦੇ ਪੌਂਡੇ"। ਉਹਨੂੰ ਕੁਝ ਵੀ ਵਾਪਰ ਰਿਹਾ ਨਹੀਂ ਸੀ ਮਹਿਸੂਸ ਹੁੰਦਾ। ਹਰ ਪਾਸੇ ਖੜੋਤ। ਸਮਾਂ ਹੰਭੀ ਹੋਈ ਜੋਗ ਵਾਂਗ ਖੜ੍ਹ ਗਿਆ ਮਹਿਸੂਸ ਹੁੰਦਾ ਸੀ। ਜਾਂ ''ਲਗਦਾ ਹੈ ਇਹ ਸਵੇਰ ਨਹੀਂ ਹੈ / ਮੌਤ ਦੀ ਹਥੇਲੀ ਉੱਤੇ ਆਠਰੀ ਹੋਈ ਮੁਸਕਰਾਹਟ ਹੈ । ਰਾਤ ਦੀ ਰੋ ਰੋ ਸੁੱਜੀ ਅੱਖ ਹੈ / ਸੂਰਜ ਵਰਗਾ ਕਿੱਧਰੇ ਕੁਝ ਨਹੀਂ ਹੈ।" ਇਸ ਪੁਸਤਕ ਦੀਆਂ ਬਹੁਤੀਆਂ ਨਜ਼ਮਾਂ ਵਿਚ ਉਸ ਦੇ ਅੰਦਰ ਦੀ ਉਹ ਬੇਚੈਨੀ ਭਰੀ ਹੋਈ ਹੈ ਜੋ ਇਸ ਸਿਆਸੀ ਖੜੋਤ ਸਮੇਂ ਉਹ ਮਹਿਸੂਸ ਕਰ ਰਿਹਾ ਸੀ।
 
ਸਾਡੇ ਸਮਿਆਂ ਵਿਚ ਵਿਚਲੀਆਂ ਨਜ਼ਮਾਂ ਵਿਚ ਉਹਨੇ ਅਨੇਕਾਂ ਸਵਾਲ ਉਠਾਏ ਜਿਹਨਾਂ ਦੇ ਜਵਾਬ ਉਹ ਢੂੰਡ ਰਿਹਾ ਸੀ। ਜਿਹੜੇ ਸ਼ਾਇਦ ਉਹਦੀਆਂ ਅਗਲੀਆਂ ਕਵਿਤਾਵਾਂ ਚੋਂ ਸਾਨੂੰ ਲੱਭਦੇ ਪਰ... । ਇਸ ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਆਈਆਂ ਤਬਦੀਲੀਆਂ ਬਾਰੇ ਉਹ ਪੂਰੀ ਤਰ੍ਹਾਂ ਚੇਤੰਨ ਜਾਪਦਾ ਹੈ। ਇਸੇ ਕਿਤਾਬ ਦੇ ਮੁਖਬੰਦ ਵਿਚ ਉਹਨੇ ਲਿਖਿਆ: ''ਰਾਜਨੀਤਕ ਸਰਗਰਮੀਆਂ ਚੋਂ ਹੱਥ ਖਿੱਚ ਲੈਣ ਨਾਲ ਕੁਦਰਤੀ ਸੀ ਕਿ ਮੇਰੀ ਕਵਿਤਾ ਵਿਚ ਅੰਤਰ-ਮੁਖਤਾ ਵੱਧ ਜਾਦੀ। ਹਾਲ ਦੀ ਘੜੀ ਇਸਦਾ ਕੋਈ ਇਲਾਜ ਨਹੀਂ"। ਆਪਣੇ ਕਾਵਿਕ ਸਫਰ ਦੇ ਇਸ ਪੜਾਅ ਦੌਰਾਨ ਪਾਸ਼ ਸਾਹਿਤ ਤੇ ਸਿਆਸਤ ਦੇ ਰਿਸ਼ਤੇ ਬਾਰੇ ਉੱਚੀ ਉੱਚੀ ਵਿਚਾਰ ਵਟਾਂਦਰਾ ਕਰਦਾ ਸੁਣਦਾ ਹੈ।

ਇਸ ਗੁੰਝਲਦਾਰ ਰਿਸ਼ਤੇ ਬਾਰੇ ਪਾਸ਼ ਨੇ ਵੀ ਦੂਜੇ ਸਿਆਸੀ ਚੇਤਨਾ ਵਾਲੇ ਲੋਕਾਂ ਵਾਗ ਕਾਫੀ ਸੋਚਿਆ ਤੇ ਉਹਦੀ ਸੋਚ ਦੀਆਂ ਝਲਕੀਆਂ ਉਹਦੀ ਕਵਿਤਾ ਵਿਚ ਆਮ ਮਿਲਦੀਆਂ ਹਨ। ਜੇ ਸਿਆਸੀ ਸੰਘਰਸ਼ ਆਪਣੀ ਪਹਿਲਾਂ ਵਾਲੀ ਤਿੱਖੀ ਤੋਰੇ ਤੁਰਿਆ ਰਹਿੰਦਾ ਤਾਂ ਪਾਸ਼ ਨੇ ਸਾਹਿਤ ਦੇ ਨਾਲ ਨਾਲ ਸਿਆਸੀ ਤੌਰ 'ਤੇ ਵੀ ਸਰਗਰਮ ਰਹਿਣਾ ਸੀ। ਅਤੇ ਫੇਰ ਸਾਹਿਤ ਤੇ ਸਿਆਸਤ ਦੇ ਰਿਸ਼ਤੇ ਬਾਰੇ ਉਹਦੇ ਨਿਰਨੇ ਸ਼ਾਇਦ ਹੁਣ ਨਾਲੋਂ ਵੱਖਰੇ ਹੁੰਦੇ। ਦੁਨੀਆ ਦੇ ਕਈ ਡੂੰਘੀ ਸਿਆਸੀ ਚੇਤਨਾ ਅਤੇ ਪ੍ਰਤਿਬੱਧਤਾ ਵਾਲੇ ਲੇਖਕਾਂ ਦੀਆਂ, ਖਾਸ ਕਰ ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੇਖਕਾਂ ਦੀਆਂ, ਆਪਣੇ ਕੋਲ ਕਈ ਮਿਸਾਲਾਂ ਹਨ। ਲੋਕਾਂ ਦੀ ਮੁਕਤੀ ਲਈ ਸੰਘਰਸ਼ ਪ੍ਰਤੀ ਪਾਸ਼ ਦੀ ਵੀ ਇਸੇ ਕਿਸਮ ਦੀ ਡੂੰਘੀ ਪ੍ਰਤਿਬੱਧਤਾ ਸੀ।

ਪਰ ਜਦੋਂ ਸਿਆਸੀ ਸੰਘਰਸ਼ ਮੱਠਾ ਪੈ ਜਾਵੇ ਅਤੇ ਲਹਿਰ ਖੇਰੂੰ ਖੇਰੂੰ ਹੋ ਜਾਵੇ ਅਤੇ ਸੌੜੀ ਕਿਸਮ ਦੀਆਂ ਸਿਆਸੀ ਪੈਂਤੜੇਬਾਜੀਆਂ ਚੱਲ ਰਹੀਆਂ ਹੋਣ ਫੇਰ ਇਕ ਚੇਤਨ ਲੇਖਕ ਲਈ ਸ਼ਾਇਦ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਫੈਸਲਾ ਕਰੇ ਕਿ ਉਹ ਮੁੱਖ ਤੌਰ 'ਤੇ ਇਕ ਸਿਆਸੀ ਵਿਅਕਤੀ ਹੈ ਜਾਂ ਲੇਖਕ। ਜਿਥੋਂ ਤੱਕ ਪਾਸ਼ ਦਾ ਸਬੰਧ ਹੈ, ਜਾਪਦਾ ਹੈ ਕਿ ਉਹਨੂੰ ਕਿੰਨੇ ਹੀ ਹੋਰ ਲੇਖਕਾਂ/ਸਿਆਸੀ ਬੰਦਿਆਂ ਨਾਲੋਂ ਫੈਸਲਾ ਕਰਨ ਵਿਚ ਬਹੁਤ ਥੋੜ੍ਹਾ ਸਮਾਂ ਲੱਗਾ ਕਿ ਉਹ ਮੁੱਖ ਤੌਰ 'ਤੇ ਇਕ ਲੇਖਕ ਹੈ। ਉਹਦੇ ਆਪਣੇ ਕਹਿਣ ਮੁਤਾਬਕ ''ਆਪਣੇ ਤੋਂ ਸੌੜੇ ਪਾਰਟੀ ਲੇਬਲਾਂ ਨੂੰ ਲਾਹੁਣ ਲਈ ਉਹਨੂੰ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕਰਨੀਆਂ ਪਈਆਂ"। ਆਪਣੀ ਲੰਬੀ ਕਵਿਤਾ 'ਕਾਮਰੇਡ ਨਾਲ ਗੱਲਬਾਤ' ਵਿਚ ਉਹਨੇ ਇਸ ਬਾਰੇ ਆਪਣੇ ਵਿਚਾਰ ਕਾਫੀ ਵਿਸਥਾਰ ਨਾਲ ਪੇਸ਼ ਕੀਤੇ। ਭਾਵੇਂ ਕਿ ਉਹਦੀਆਂ ਸਾਰੀਆਂ ਗੱਲਾਂ ਨਾਲ ਨਾ ਵੀ ਸਹਿਮਤ ਹੋਈਏ ਫੇਰ ਵੀ ਉਹਦੀ ਸੰਵਾਦ ਰਚਾਉਣ ਦੀ ਸੁਹਿਰਦਤਾ 'ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ।

ਬਾਵਜੂਦ ਇਸ ਦੇ ਕਿ ਉਹ ਸਿਆਸੀ ਮਾਹੌਲ ਤੋਂ ਨਿਰਾਸ਼ ਸੀ, ਉਦਾਸ ਸੀ ਫੇਰ ਵੀ ਮਨੁੱਖਾ ਇਤਿਹਾਸ ਦੇ ਅਗਾਂਹ ਵੱਧਣ ਬਾਰੇ ਉਹਦੇ ਮੰਨ ਵਿਚ ਕੋਈ ਸ਼ੰਕੇ ਨਹੀਂ ਸਨ। ਲੋਕਾਂ ਦੇ ਘੋਲਾਂ ਵਿਚ ਤੇ ਉਹਨਾਂ ਦੀ ਜਿੱਤ ਵਿਚ ਉਹਨੂੰ ਪੂਰਾ ਯਕੀਨ ਸੀ। ਉਹਦੀ ਕਵਿਤਾ 'ਤੀਸਰਾ ਮਹਾਂ ਯੁੱਧ' ਇਸ ਗੱਲ ਦੀ ਬੇਹਤਰੀਕ ਉਦਾਹਰਨ ਹੈ:
ਤੀਸਰਾ ਮਹਾਂ ਯੁੱਧ
ਗੋਹੇ ਨਾਲ ਲਿੱਪੇ
ਕੋਠਿਆਂ ਦੀ ਸਾਦਗੀ ਲੜੂ
ਤੀਸਰਾ ਮਹਾਂ ਯੁੱਧ ਝੱਗੇ ਤੋਂ ਧੁਪ ਨਾ ਸਕਣ ਵਾਲੇ
ਬਰੋਜ਼ੇ ਦੇ ਛਿੱਟੇ ਲੜਨਗੇ।

ਪਾਸ਼ ਨੂੰ ਕਮਿਉਨਿਸਟਾਂ ਵਲੋਂ ਕਵਿਤਾ ਲਈ ਹਥਿਆਰ ਸ਼ਬਦ ਦਾ ਨੰਗਾ ਚਿੱਟਾ ਪ੍ਰਯੋਗ ਰਤਾ ਨਹੀਂ ਸੀ ਭਾਉਂਦਾ। ਪਰ ਕਵਿਤਾ ਉਹਦੇ ਲਈ ਕੋਈ ਮੰਨ ਪਰਚਾਵਾ ਜਾ ਮੰਨ ਦੀ ਭੜਾਸ ਕੱਢਣ ਵਾਲੀ ਸ਼ੈਅ ਨਹੀਂ ਸੀ। ਸਾਡੇ ਸਮਿਆਂ ਵਿਚ ਦੇ ਮੁੱਖਬੰਦ ਦੇ ਤੌਰ 'ਤੇ ਲਿਖੀ ਕਵਿਤਾ ਵਿਚ ਉਹ ਕਹਿੰਦਾ ਹੈ:
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰੇ
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ 'ਤੇ ਛਾਈ
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲਾਂ ਜਿਹੀ ਰਾਤ ਦੀ ਹੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪੂ ਦੇ ਧੁੱਪ ਨਾਲ ਲੂਸੇ ਮੌਰਾਂ 'ਤੇ ਉਕਰਿਆ ਹੈ
ਜਾਂ ਆਪਣੀ ਮਾਂ ਦੇ ਪੈਰੀਂ ਪਈਆਂ
ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ 'ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।

ਉਪਰਲੀ ਕਵਿਤਾ ਵਰਗੀਆਂ ਕਈ ਹੋਰ ਕਵਿਤਾਵਾਂ ਇਸ ਗੱਲ ਦੀ ਗਵਾਹੀ ਹਨ ਕਿ ਪਾਸ਼ ਦੀ ਸਾਹਿਤ ਅਤੇ ਸਿਆਸਤ ਦੇ ਰਿਸ਼ਤੇ ਬਾਰੇ ਸੂਝ ਆਮ ਪੰਜਾਬੀ ਲੇਖਕਾਂ ਵਾਂਗ ਗੰਧਲੀ ਨਹੀਂ ਸੀ। ਉਹਨੂੰ ਕਵਿਤਾ ਨਾਲ, ਕਲਾ ਨਾਲ ਬਹੁਤ ਡੂੰਘਾ ਲਗਾਓ ਸੀ। ਉਹ ਕਵੀ ਨੂੰ ਸੌੜੀਆਂ ਸਿਆਸੀ 'ਪੈਂਤੜੇਬਾਜ਼ੀਆਂ' ਤੋਂ ਸੁਤੰਤਰ ਦੇਖਣਾ ਚਾਹੁੰਦਾ ਸੀ। ਉਸ ਦੇ ਇਨ੍ਹਾਂ ਵਿਚਾਰਾਂ ਦਾ ਇਹ ਮਤਲਬ ਵੀ ਕੱਢਿਆ ਜਾ ਸਕਦਾ ਹੈ ਕਿ ਉਹ ਸ਼ਾਇਦ ਕਵਿਤਾ ਨਾਲ ਹੀ ਇੰਨਕਲਾਬ ਲਿਆਉਣ ਦੀ ਸੋਚ ਰਿਹਾ ਸੀ। ਪਰ ਪਾਸ਼ ਨੂੰ ਇਸ ਕਿਸਮ ਦਾ ਕੋਈ ਭੁਲੇਖਾ ਨਹੀਂ ਸੀ। ਉੱਡਦੇ ਬਾਜਾਂ ਮਗਰ ਕਿਤਾਬ ਦੀ ਆਖਰੀ ਕਵਿਤਾ ਵਿਚ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਮੁਖਾਤਬ ਹੋ ਕੇ ਲਿਖਦਾ ਹੈ:
ਕਵਿਤਾ ਤੁਹਾਡੇ ਲਈ 
ਵਿਰੋਧੀ ਪਾਰਟੀਆਂ ਦੇ ਬੈਂਚਾਂ ਵਰਗੀ ਹੈ
ਜੋ ਸਦਾ ਅੱਗ ਅੱਗ ਦਾ ਸ਼ੋਰ ਪਾਉਂਦੇ ਹਨ
ਅਤੇ ਅੱਗ ਨਾਲ ਖੇਡਣ ਦੀ ਮਨਾਹੀ ਨੂੰ
ਹਮੇਸ਼ਾ ਸਿਰ ਝੁਕਾਉਂਦੇ ਹਨ
ਮਾਫ ਕਰਨਾ ਮੇਰੇ ਪਿੰਡ ਦੇ ਯਾਰੋ
ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ।

ਜਿਸ ਤਰ੍ਹਾਂ ਉਹ ਸਿਆਸਤ ਵਿਚਲੀ ਸੌੜੀ ਭੰਨ ਤੋੜ ਤੋਂ ਨਿਰਾਸ਼ ਸੀ ਇਸੇ ਤਰ੍ਹਾਂ ਕਵਿਤਾ ਵਿਚਲੇ ਰੁਝਾਨਾਂ ਤੋਂ ਵੀ ਉਹ ਨਿਰਾਸ਼ਤਾ ਜ਼ਾਹਿਰ ਕਰਦਾ ਹੈ। ਸਾਡੇ ਸਮਿਆਂ ਵਿਚ ਦੀ ਇਕ ਕਵਿਤਾ ਵਿਚ ਉਹ ਕਵੀ ਤੇ ਉਹਦੀ ਕਵਿਤਾ ਨੂੰ ਪਿੰਡ ਦੇ ਲੋਕਾਂ ਤੋਂ ਵੱਖਰੀ ਸ਼ੈਅ ਮਹਿਸੂਸ ਕਰਦਾ ਹੈ ਅਤੇ ਲੋਕਾਂ ਨੂੰ ਸੁਝਾਅ ਦਿੰਦਾ ਹੈ ਕਿ ਉਹ ਇਸ 'ਫਜ਼ੂਲ' ਕਿਸਮ ਦੀ ਗਤੀ ਵਿਧੀ ਤੋਂ ਦੂਰ ਹੀ ਰਹਿਣ:
ਤੂੰ ਆਖਿਰ ਪਿੰਡ ਏਂ, ਕੋਈ ਸੁਹਜਵਾਦੀ ਸ਼ਾਇਰ ਨਹੀਂ
ਜੋ ਇਸ ਫਜ਼ੂਲ ਜਿਹੇ ਸੰਸੇ 'ਚ ਰੁੱਝਿਆ ਰਹੇਂ
ਕਿ ਖਬਰੇ ਕਿੰਨੇ ਹੁੰਦੇ ਹਨ ਦੋ ਤੇ ਦੋ।
ਤੈਨੂੰ ਤਾਂ ਪਤਾ ਹੈ ਕਿ ਜੇ ਦੋ ਤੇ ਦੋ ਚਾਰ ਨਹੀਂ ਬਣਦੇ
ਤਾਂ ਛਿੱਲ ਤਰਾਸ਼ ਕੇ ਕਰਨੇ ਹੀ ਪੈਣਗੇ।
ਤੂੰ ਸੂਰਮਗਤੀ ਦੀ ਬੜ੍ਹਕ ਏਂ ਮੇਰੇ ਪਿੰਡ
ਏਥੇ ਨਾ ਆਵੀਂ ਚੋਰ ਜਿਹਾ ਬਣ ਕੇ।
 
ਪਾਸ਼ ਨੇ ਆਪਣੀ ਤੀਜੀ ਕਿਤਾਬ ਤੋਂ ਬਾਅਦ ਕਾਫੀ ਲੰਬਾ ਸਮਾਂ ਬਹੁਤ ਘੱਟ ਕਵਿਤਾ ਰਚੀ। ਹੁਣ ਉਹਦੀਆਂ ਕੁਝ ਕਵਿਤਾਵਾਂ ਛੱਪਣ ਲੱਗੀਆਂ ਸਨ। ਪਰ ਉਸਨੇ ਜਿੰਨੀ ਵੀ ਕਵਿਤਾ ਲਿਖੀ ਉਹ ਸਮੇ ਦਾ ਸੱਚ ਸੀ। ਪਾਸ਼ ਦੀ ਕਵਿਤਾ ਸਾਡੇ ਸਮਿਆਂ ਦਾ ਸੱਚ ਸੀ। ਪਾਸ਼ ਸਾਡੇ ਸਮਿਆਂ ਦਾ ਸੱਚ ਸੀ।

ਸਮੇ ਦੇ ਸੱਚ ਨੂੰ ਚਿਤਰਣ ਲਈ ਪਾਸ਼ ਨੇ ਜੋ ਵਿਧੀ ਅਪਣਾਈ, ਜੋ ਨਵੀਂ ਸੁਰ ਪੈਦਾ ਕੀਤੀ ਉਹ ਇੰਨੀ ਢੁੱਕਵੀਂ ਤੇ ਤਾਕਤਵਰ ਸੀ ਕਿ ਪੰਜਾਬੀ ਕਵਿਤਾ ਵਿਚ ਉਸ ਸੁਰ ਦੀ ਇਕ ਵੱਖਰੀ ਲਹਿਰ ਸਥਾਪਤ ਹੋ ਗਈ। ਮੇਰੇ ਖਿਆਲ ਵਿਚ ਪਾਸ਼ ਪਾਸ਼ ਹੀ ਇਸ ਕਰਕੇ ਬਣਿਆ ਕਿ ਹੋਰਨਾਂ ਲੋਕਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਇਸ ਵਿਧੀ ਰਾਹੀਂ ਹੀ ਇਸ ਸਮੇ ਦੇ ਰੋਹ ਭਰੇ ਜਜ਼ਬਾਤ ਠੀਕ ਤਰੀਕੇ ਨਾਲ ਪੇਸ਼ ਕੀਤੇ ਜਾ ਸਕਦੇ ਸਨ। ਅਮਰਜੀਤ ਚੰਦਨ (ਕਲਮ, ਫਰਵਰੀ/ਮਾਰਚ, 1988) ਦਾ ਇਹ ਕਹਿਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਕਿ ''... ਬਈ ਪਾਸ਼ ਜਦੋਂ ਕਵਿਤਾ ਲਿਖਦੈ, ਉਹਦਾ ਆਪਣਾ ਇਕ ਅੰਦਾਜ਼ ਹੈ - ਜਿਹੋ ਜਿਹਾ ਵੀ ਹੈ। ਉਹ ਖੁੱਦ ਜਦੋਂ ਕਵਿਤਾ ਲਿਖੇ ਉਸ ਅੰਦਾਜ਼ ਵਿਚ ਚੰਗੀ ਲਗਦੀ ਹੈ। ਪਰ ਜਦੋਂ ਕੋਈ ਨਕਲ ਕਰਕੇ ਲਿਖਦੈ ਤਾਂ ਉਹ ਚੰਗੀ ਨਹੀਂ ਲੱਗਦੀ"। ਜੇ ਪਾਸ਼ ਦੀ ਸੁਰ ਦੂਜਿਆਂ ਦੇ ਵਰਤਣ 'ਤੇ ਭੱਦੀ ਹੋ ਜਾਦੀ ਹੈ ਤਾਂ ਫੇਰ ਪਾਸ਼ 'ਚ, ਪਾਸ਼ ਦੀ ਨਵੀਂ ਸੁਰ 'ਚ ਖਾਸ ਗੱਲ ਕੀ ਹੋਈ? ਨਵੀਂ ਕਿਸਮ ਦੀਆਂ ਕਵਿਤਾਵਾਂ ਤਾਂ ਦੁਨੀਆਂ ਵਿਚ ਨਿੱਤ ਮਣਾਂ ਮੂੰਹੀ ਲਿਖ ਹੁੰਦੀਆਂ ਹਨ, ਖਾਸ ਕਰ ਇਧਰ ਪੱਛਮ ਵਿਚ। ਸੋ ਜੇ ਪਾਸ਼ ਵਿਚ ਕੋਈ ਵੱਡੀ ਗੱਲ ਹੈ ਤਾਂ ਮੇਰੇ ਖਿਆਲ ਵਿਚ ਉਹ ਇਹੀ ਹੈ ਕਿ ਉਹਨੇ ਸਮੇ ਦੇ ਸੱਚ ਨੂੰ ਚਿਤਰਣ ਲਈ ਇਕ ਢੁੱਕਵੀਂ ਵਿਧੀ ਤੇ ਸੁਰ ਕਾਇਮ ਕੀਤੀ ਜਿਹੜੀ ਦੂਜੇ ਲੋਕਾਂ ਨੇ ਵੀ ਅਪਣਾਈ ਜਿਹਦੇ ਕਰਕੇ ਪਾਸ਼ ਪੰਜਾਬੀ ਕਵਿਤਾ ਦੇ ਇਕ ਦੌਰ ਦਾ ਮੋਢੀ ਬਣਿਆ, ਪਾਸ਼ ਪਾਸ਼ ਬਣਿਆ।

ਪੰਜਾਬ ਦੀ ਧਰਤੀ 'ਤੇ ਚੱਲੀ ਇਕ ਹੋਰ ਪਾਗਲ ਜਨੂੰਨੀ ਹਨੇਰੀ ਨੇ ਪਾਸ਼ ਸਾਥੋਂ ਸਰੀਰਕ ਤੌਰ 'ਤੇ ਖੋਹ ਲਿਆ ਹੈ। ਇਹ ਗੱਲ ਨਿਰਨੇ ਨਾਲ ਕਹੀ ਜਾ ਸਕਦੀ ਹੈ ਕਿ ਪਾਸ਼ ਦਾ ਨਾਂ ਪੰਜਾਬੀ ਸਾਹਿਤ ਵਿਚ ਉਸੇ ਤਰ੍ਹਾਂ ਚਮਕੇਗਾ ਜਿਸ ਤਰ੍ਹਾਂ ਭਗਤ ਸਿੰਘ ਦਾ ਨਾ ਭਾਰਤ ਦੀ ਸਿਆਸੀ ਤਸਵੀਰ ਵਿਚ ਚਮਕਦਾ ਹੈ। ਨਾ ਅੰਗਰੇਜ਼ ਦੀ ਫਾਂਸੀ ਭਗਤ ਸਿੰਘ ਨੂੰ ਖਤਮ ਕਰ ਸਕੀ ਸੀ ਤੇ ਨਾ ਜਨੂੰਨੀ ਗੋਲੀਆਂ ਨੇ ਪਾਸ਼ ਨੂੰ ਮਾਰ ਸਕਣਾ ਹੈ। ਇਹ ਸ਼ਾਇਦ ਭਾਰਤ ਦੇ ਇਤਿਹਾਸ ਵਿਚ ਤੇਈ ਮਾਰਚ ਦੇ ਦਿਨ ਦੀ ਹੋਣੀ ਹੈ। ਤੇਈ ਮਾਰਚ ਦਾ ਮਨਹੂਸ ਦਿਨ ਅਗੋਂ ਤੋਂ ਸਾਡੇ ਲਈ ਹੋਰ ਵੀ ਮਹਤਵਪੂਰਨ ਹੋ ਕੇ ਚੜ੍ਹਿਆ ਕਰੇਗਾ। ਸਾਡੀਆਂ ਯਾਦਾਂ ਵਿਚ ਭਗਤ ਸਿੰਘ ਤੇ ਉਹਦੇ ਸਾਥੀਆਂ ਦੇ ਨਾਲ ਨਾਲ ਹੁਣ ਪਾਸ਼ ਤੇ ਉਹਦੇ ਸਾਥੀ ਵੀ ਇਸ ਦਿਨ ਦਾ ਹਿੱਸਾ ਹੋਣਗੇ।

ਆਪਣੀ ਕਵਿਤਾ ਰਾਹੀਂ ਪਾਸ਼ ਸਾਡੇ ਲਈ ਹਮੇਸ਼ਾ ਜੀਉਂਦਾ ਰਹੇਗਾ, ਜੇ ਇਸ ਸਮੇਂ ਕੋਈ ਅਫਸੋਸ ਹੈ ਤਾਂ ਇਸ ਗੱਲ ਦਾ ਕਿ ਪੰਜਾਬੀ ਸਾਹਿਤ ਉਹਨਾਂ ਕਵਿਤਾਵਾਂ ਤੋਂ ਵਾਂਜਾ ਰਹੇਗਾ ਜੋ ਅਜੇ ਪਾਸ਼ ਨੇ ਲਿਖਣੀਆਂ ਸਨ।

ਅਪਰੈਲ 1988

 

More

Your Name:
Your E-mail:
Subject:
Comments: