کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਗੱਦਾਰੀ ਤੇ ਤਜਾਰਤ ਦਾ ਵਰਕ

ਗੱਦਾਰੀ ਤੇ ਤਜਾਰਤ ਦਾ ਵਰਕ

ਜਸਪਾਲ ਸਿੰਘ

September 2nd, 2008

 

 

ਦੱਖਣੀ ਏਸ਼ੀਆ  ਦੀ ਤਾਰੀਖ਼ ਵਿਚ  ਹਾਕਮ ਮੇਲ ਦੇ ਇਕ ਨਾਂ ਇਕ ਧੜੇ ਨੇ ਹਮੇਸ਼ਾ ਹੀ  ਆਪਣੇ ਮੁਫਾਦ ਲਈ ਹਮਲਾਵਰਾਂ ਅਤੇ ਧਾੜਵੀਆਂ ਨੂੰ ਹਮਲੇ ਲਈ ਸੱਦਿਆ ਅਤੇ ਉਨ੍ਹਾਂ ਤੋਂ ਲੋਕਾਂ ਦੀ ਲੁੱਟ ਖਸੁਟ ਕਰਵਾਈ ਹੈ ਅਤੇ ਇਸ ਲੁੱਟ ਖਸੁੱਟ ਵਿਚ  ਉਹ ਸਾਂਝੀਵਾਲ ਬਣੇ ਹਨ।

ਕਿਹਾ ਜਾਂਦਾ ਹੈ ਕਿ ਸਿਕੰਦਰ ਨੂੰ ਹਿੰਦੁਸਤਾਨ ਤੇ ਹਮਲਾ ਕਰਵਾਉਣ ਲਈ ਰਾਜਾ ਅੰਭੀ ਨੇ ਹੀ ਸੱਦਿਆ ਸੀ ਅਤੇ ਅੰਭੀ ਅਤੇ ਹੋਰਨਾਂ ਰਾਜਿਆਂ ਨੇ ਸਿਕੰਦਰ ਤੋਂ ਲੋਕਾਂ ਦੀ ਕਤਲੋ ਗਾਰਤ ਅਤੇ ਲੁੱਟ ਮਾਰ ਕਰਵਾਉਨ ਵਿਚ ੳਸ ਦਾ ਸਾਥ ਦਿੱਤਾ। ਕਿਹਾ ਜਾਂਦਾ ਹੈ ਕਿ  ਇਸ ਗੱਦਾਰੀ ਕਰਕੇ  ਪੰਜਾਬ ਵਿਚ ਅੱਜ ਤਾਂਈ ਲੋਕ ਕਿਸੇ ਬੱਚੇ ਦਾ ਨਾਂਅ ਅੰਭੀ ਨਹੀਂ ਰੱਖਦੇ।ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬਰ ਨੂੰ ਵੀ ਦੌਲਤ ਖ਼ਾਂਨ ਲੋਧੀ ਨੇ ਹੀ ਲਹੌਰ ਤੇ ਹਮਲਾ ਕਰਨ ਲਈ ਸੱਦਿਆ ਸੀ। ਬਾਬਰ ਨੇ ਜਿਹੜੀ ਕਤਲੋਗਾਰਤ ਕੀਤੀ ਉਸਦਾ ਬਿਆਨ ਬਾਬਾ ਨਾਨਕ ਬਾਬਰ ਬਾਣੀ ਵਿਚ ਬਹੁਤ ਹੀ ਵਿਸਤਾਰ ਨਾਲ ਕਰਦਾ ਹੈ:

ਜਿਨ  ਸਿਰਿ  ਸੋਹਨਿ  ਪਟੀਆ  ਮਾਂਗੀ  ਪਾਇ  ਸੰਧੂਰੁ
ਸੇ  ਸਿਰ  ਕਾਤੀ  ਮUਨੀਅਨ ਗਲ  ਵਿਚਿ  ਆਵੈ  ਧੂੜਿ

ਨਾਦਰ ਸ਼ਾਹ ਨੂੰ ਵੀ ਨਿਜ਼ਾਮ ਉਹ ਮੁਲਕ ਨੇ ਹੀ ਸੱਦਾ ਦੇ ਕੇ ਹਿੰਦੁਸਤਾਨ ਤੇ ਹਮਲਾ ਕਰਵਾਇਆ ਸੀ। ਉਸ ਵਕਤ  ਸ਼ਾਇਰ ਨਜਾਬਤ ਲਿਖਦਾ ਹੈ----

ਦਿੱਤਾ ਕੌਲ ਤੂਰਾਨੀਆਂ, ਵਿਸਾਹ ਕੀਤੋ ਨੇ।
ਕੂੜ ਖਿਲਾਫ਼ ਇਲਾਫ਼ ਕੇ, ਬਾਦਸ਼ਾਹ ਚੜਿਓ ਨੇ।
ਹੁੰਡਰ ਦਗ਼ੇ ਫਰੇਬ ਦਾ, ਚਾ ਜਾਲ ਸੁਟਿਓ ਨੇ।
ਧੀਆਂ ਤੇ ਭੈਣਾਂ ਬੇਟੀਆਂ, ਨਾ ਸ਼ਰਮ ਕੀਤੇ ਨੇ।

ਇਸੇ ਤਰਾਂ ਈਸਟ ਇੰਡੀਆ ਕੰਪਨੀ ਵੀ ਆਪਣੇ ਪੈਰ ਹਾਕਮ ਮੇਲ ਦੇ ਧੜਿਆਂ ਨਾਲ ਗੰਢ ਤੁਪ ਕਰਕੇ ਹੀ ਹਿੰਦੁਸਤਾਨ ਤੇ ਰਾਜ ਕਰਨ ਦੇ ਕਾਬਲ ਬਣੀ ਸੀ। ਪਲਾਸੀ ਦੀ ਜੰਗ ਵਿਚ ਮੀਰ ਜਾਫਰ ਦੀ ਗੱਦਾਰੀ ਕਾਰਨ ਹੀ ਕੰਪਨੀ ਨੂੰ ਵਤਿਹ ਹਾਸਿਲ ਹੋਈ ਸੀ।ਵਾਰਸ ਸ਼ਾਹ ਹੁਰਾਂ ਅੰਗ੍ਰੇਜ਼ ਨਾਲ ਸਾਂਝੀਵਾਲਤਾ ਬਾਰੇ ਲਿਖਿਆ ਸੀ--

ਵਾਰਸ ਸ਼ਾਹ ਫਿਰੰਗੀ ਦੇ ਘਰ ਵੜ ਕੇ ਉਸ ਕਲਿਹ ਦੇ ਖੁਹ ਨੂੰ ਗੇੜਿਆ ਸੀ।

ਰਣਜੀਤ ਸਿੰਘ ਦੀ ਮੌਤ ਦੇ ਬਾਦ ਪਹਾੜਾ ਸਿੰਘ ਅਤੇ ਕੁਝ ਹੋਰਨਾਂ ਸਰਦਾਰਾਂ ਨੇ ਆਪਣੇ ਮੁਫਾਦ ਲਈ ਪੰਜਾਬ ਨੂੰ ਅੰਗ੍ਰੇਜ਼ ਦਾ ਗੁਲਾਮ ਬਣਾ ਦਿਤਾ। ਸ਼ਾਹ ਮੁਹੰਮਦ ਲਿਖਦਾ ਹੈ--------

'ਓਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ,
ਚੌਦਾਂ ਹੱਥ ਦੀ ਮਾਰ ਕੇ ਮਿਰਗ-ਛਾਲੀ।
ਸ਼ਾਹ ਮੁਹੰਮਦਾ, ਸਾਂਭ ਲੈ ਸਿਲ੍ਹੇਖ਼ਾਨੇ,
ਛੱਡ ਗਏ ਨੇ ਸਿੰਘ ਮੈਦਾਨ ਖਾਲੀ।'

1857 ਦੀ ਪਹਿਲੀ ਜੰਗੇ ਆਜ਼ਾਦੀ ਦੇ ਸਮੇਂ ਵੀ ਮਹਾਰਾਜਾ ਪਟਿਆਲਾ , ਮਹਾਰਾਜਾ ਸਿੰਧਿਆ ਅਤੇ ਕੁਝ ਹੋਰਨਾਂ ਰਾਜਿਆਂ ਦੀ ਗੱਦਾਰੀ ਦੀ ਵਜ੍ਹਾ ਕਰਕੇ ਹੀ ਇਸ ਗਦਰ ਨੂੰ ਅੰਗ੍ਰੇਜ਼ ਕੁਚਲਣ ਵਿਚ ਕਾਮਯਾਬ ਹੋਏ ਸੀ। ਇਸ ਗੱਦਾਰੀ ਲਈ ਇਨ੍ਹਾਂ ਹਾਕਮ ਮੇਲ ਦੇ ਆਗੁਆਂ ਨੂੰ ਅੰਗ੍ਰੇਜ਼ ਨੇ ਜਗੀਰਾਂ ਅਤੇ ਇਨਾਮ ਦਿੱਤੇ। ਜਵਾਹਰ ਲਾਲ ਨਹਿਰੂ ਦਾ ਦਾਦਾ ਵੀ ਇਨ੍ਹਾਂ ਅੰਗ੍ਰੇਜ਼ਾਂ ਦੇ ਸਾਂਝਵਿਾਲਾਂ ਵਿਚੋ ਹੀ ਸੀ।

ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅੰਗ੍ਰੇਜ਼ ਨੂੰ ਜਦੋਂ ਮਜਬੁਰ ਹੋਕੇ ਹਿੰਦੁਸਤਾਨ ਛੱਡਣਾ ਪਿਆ ਤਾਂ ਉਹ ਰਾਜ ਭਾਗ ਹਾਕਮ ਮੇਲ ਦੇ ਉਸ ਧੜੇ ਨੂ ਸੌਂਪ ਗਿਆ ਜਿਸ ਨੇ ਪਲਾਸੀ ਤੋਂ ਲੈਕੇ 47 ਤਾਂਈ ਹਿੰਦੁਸਤਾਨ ਦੀ ਲੁੱਟ ਵਿਚ ਉਨ੍ਹਾਂ ਦਾ ਸਾਥ ਦਿਤਾ ਸੀ।

ਮਨਮੋਹਨ ਸਿੰਘ, ਮੁਸ਼ੱਰਫ਼, ਜ਼ਰਦਾਰੀ ਵਗੈਰਹ ਵੀ ਹਾਕਮ ਮੇਲ ਦੇ ਉਸ ਧੜੇ ਦੀ ਪੈਰਵੀ ਕਰਦੇ ਹਨ ਜੋ ਕਿ ਮੁਕਾਮੀ ਅਤੇ ਵਦੇਸ਼ੀ ਕੰਪਨੀਆਂ ਵਲੋਂ ਦੱਖਣੀ ਏਸ਼ੀਆ ਦੇ ਕੁਦਰਤੀ ਸਾਧਨਾਂ ਅਤੇ ਲੋਕਾਂ ਦੀ ਮਿਹਨਤ ਦੀ ਲੁੱਟ ਖਸੁੱਟ ਕਰਾ ਕੇ ਆਪਣੇ ਮੁਨਾਫੇ ਵਧਾ ਰਿਹਾ ਹੈ। ਪੁਰਾਣੇ ਅੰਭੀ ਅਤੇ ਮੀਰ ਜਾਫਰ ਵਾਂਗ ਇਹ ਵੀ ਲੋਕਾਂ ਦੀ ਧਰਤੀ ਅਤੇ ਕਿਰਤ ਦੀ ਬੋਲੀ ਲਾ ਰਹੇ ਹਨ। ਇਕ ਈਸਟ ਇੰਡੀਆ ਕੰਪਨੀ ਦੀ ਥਾਂ ਤੇ ਕਈ ਈਸਟ ਇੰਡੀਆ ਕੰਪਨੀਆਂ ਲੁੱਟ ਮਾਰ ਕਰ ਰਹੀਆਂ ਹਨ। ਗੱਦਾਰੀ ਤੇ ਤਜਾਰਤ ਦਾ ਵਰਕ ਪਾਇਆ ਗਿਆ ਹੈ।ਲੁੱਟ ਮਾਰ ਦੇ ਸੱਦੇ ਨੂੰ ਲਿਬਰਲਾਈਜ਼ੇਸ਼ਣ, ਇਨਵੈਸਟਮੈੱਟ ਅਤੇ ਹੋਰਨਾਂ ਅੰਗ੍ਰੇਜ਼ੀ ਲਫਜ਼ਾਂ ਨਾਲ ਲੁਕਾਇਆ ਜਾ ਰਿਹਾ ਹੈ।ਪਰ ਅਸਲੀਅਤ ਇਕ ਖੜੱਪੇ ਸੱਪ ਵਾਂਗ ਸਭ ਦੇ ਸਾਮ੍ਹਣੇ ਖੜੀ ਹੈ ਜਿਹੜੀ ਇਹੋ ਜਿਹਿਆਂ ਬੁਰਕਿਆਂ ਨਾਲ ਛੁਪ ਨਹੀਂ ਸਕਦੀ। ਤਜਾਰਤ ਦੇ ਵਰਕ ਨਾਲ ਲੋਕਾਂ ਨਾਲ  ਗੱਦਾਰੀ ਲੁਕ ਨਹੀਂ ਸਕਦੀ।

 

More

Your Name:
Your E-mail:
Subject:
Comments:


Powered by: PHPCow.com