ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਸਿਕ > ਜੰਗਨਾਮਾ > ਜੰਗਨਾਮਾ: ਬੰਦ ੧-੧੦
ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,ਜਿਹੜਾ ਕੁਦਰਤੀ ਖੇਲ ਬਣਾਂਵਦਾ ਈ।ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰਕੇ,ਰੰਗ ਰੰਗ ਦੇ ਬਾਗ਼ ਲਗਾਂਵਦਾ ਈ।ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,ਅੱਗੋਂ ਹੋਰ ਹੀ ਹੋਰ ਵਛਾਂਵਦਾ ਈ।ਸ਼ਾਹ ਮੁਹੰਮਦਾ, ਉਸ ਤੋਂ ਸਦਾ ਡਰੀਏ,ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ। 1
ਏਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ,ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ।ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ,ਸਦਾ ਨਹੀਂ ਜੇ ਬਾਲ ਵਰੇਸ ਮੀਆਂ।ਸਦਾ ਨਹੀਂ ਦੌਲਤਾਂ ਫੀਲ ਘੋੜੇ,ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ।ਸ਼ਾਹ ਮੁਹੰਮਦਾ, ਸਦਾ ਨਾ ਰੂਪ ਦੁਨੀਆ,ਸਦਾ ਰਹਿਣ ਨਾ ਕਾਲੜੇ ਕੇਸ ਮੀਆਂ। 2
ਇਕ ਰੋਜ਼ ਵਡਾਲੇ ਦੇ ਵਿਚ ਬੈਠੇ,ਚੱਲੀ ਆਣ ਅੰਗਰੇਜ਼ ਦੀ ਬਾਤ ਆਈ।ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ,ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ।ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,ਸਿਰਾਂ ਦੋਹਾਂ ਦੇ ਉੰਤੇ ਆਫ਼ਤ ਆਈ।ਸ਼ਾਹ ਮੁਹੰਮਦਾ, ਵਿਚ ਪੰਜਾਬ ਦੇ ਜੀ,ਕਦੇ ਨਹੀਂ ਸੀ ਤੀਸਰੀ ਜਾਤ ਆਈ। 3
ਇਹ ਜੱਗ ਸਰਾਇ ਮੁਸਾਫਰਾਂ ਦੀ,ਏਥੇ ਜ਼ੋਰ ਵਾਲੇ ਕਈ ਆਇ ਗਏ।ਸ਼ੱਦਾਦ ਨਮਰੂਦ ਫਿਰਊਨ ਜੇਹੇ,ਦਾਵ੍ਹਾ ਬੰਨ੍ਹ ਖੁਦਾਇ ਕਹਾਇ ਗਏ।ਅਕਬਰ ਸ਼ਾਹ ਜਿਹੇ ਵਿਚ ਦਿੱਲੀ ਦੇ ਜੀ,ਫੇਰੀ ਵਾਂਗ ਵਣਜਾਰਿਆਂ ਪਾਇ ਗਏ।ਸ਼ਾਹ ਮੁਹੰਮਦਾ, ਰਹੇਗਾ ਰੱਬ ਸੱਚਾ।ਵਾਜੇ ਕੂੜ ਦੇ ਕਈ ਵਜਾਇ ਗਏ। 4
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,ਜੰਮੂ ਕਾਂਗੜਾ ਕੋਟ ਨਿਵਾਇ ਗਿਆ।ਹੋਰ ਦੇਸ਼ ਲੱਦਾਖ਼ ਤੇ ਚੀਨ ਤੋੜੀ,ਸਿੱਕਾ ਆਪਣੇ ਨਾਮ ਚਲਾਇ ਗਿਆ।ਸ਼ਾਹ ਮੁਹੰਮਦਾ, ਜਾਣ ਪਚਾਸ ਬਰਸਾਂ,ਅੱਛਾ ਰੱਜ ਕੇ ਰਾਜ ਕਮਾਇ ਗਿਆ। 5
ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ,ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ।ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,'ਮੋਇਆ ਮੁੱਢ ਕਦੀਮ ਦਾ ਯਾਰ ਮੀਆਂ।ਸ਼ਾਹ ਮੁਹੰਮਦਾ, ਅਸਾਂ ਭੀ ਨਾਲ ਮਰਨਾ,ਸਾਡਾ ਏਹੋ ਸੀ ਕੌਲ ਕਰਾਰ ਮੀਆਂ।' 6
'ਮੇਰੇ ਬੈਠਿਆਂ ਇਨ੍ਹਾਂ ਨੇ ਖੂਨ ਕੀਤਾ,ਇਹ ਤਾਂ ਗਰਕ ਜਾਵੇ ਦਰਬਾਰ ਮੀਆਂ।ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ,ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ।'ਨਾਹੱਕ ਦਾ ਇਨ੍ਹਾਂ ਨੇ ਖੂਨ ਕੀਤਾ,ਇਹ ਤਾਂ ਮਰਨਗੇ ਸਭ ਸਰਦਾਰ ਮੀਆਂ।'ਸ਼ਾਹ ਮੁਹੰਮਦਾ, ਹੋਈ ਹੁਣ ਮੌਤ ਸਸਤੀ,ਖਾਲੀ ਨਹੀਂ ਜਾਣਾ ਇਕ ਵਾਰ ਮੀਆਂ। 7
ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ,ਬਰਸ ਇਕ ਪਿੱਛੋਂ ਵੱਸ ਕਾਲ ਹੋਇਆ।ਆਈ ਮੌਤ ਨਾ ਅਟਕਿਆ ਇਕ ਘੜੀ,ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਸੁਣ ਕੇ,ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ।ਸ਼ਾਹ ਮੁਹੰਮਦਾ, ਕਈਆਂ ਦੇ ਮਾਰਨੇ ਨੂੰ,ਵਿਚ ਕੌਂਸਲੇ ਕੌਰ ਨੂੰ ਹੁਕਮ ਹੋਇਆ। 8
ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,ਦੇਖੋ ਸਾੜਨੇ ਨੂੰ ਹੁਣ ਲੈ ਚੱਲੇ।ਧਰਮਰਾਜ ਨੂੰ ਜਦੋਂ ਇਹ ਖ਼ਬਰ ਹੋਈ,ਕੌਰ ਮਾਰਨੇ ਨੂੰ ਉਸ ਦੂਤ ਘੱਲੇ।ਮਾਰੋ ਮਾਰ ਕਰਦੇ ਦੂਤ ਆਣ ਵੜੇ,ਜਦੋਂ ਮੌਤ ਦੇ ਹੋਏ ਨੀ ਆਣ ਹੱਲੇ।ਸ਼ਾਹ ਮੁਹੰਮਦਾ, ਦੇਖੋ ਰਜਾਇ ਉਸ ਦੀ,ਊਧਮ ਸਿੰਘ ਤੇ ਕੌਰ ਦੇ ਸਵਾਸ ਚੱਲੇ। 9
ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,ਪਲਕ ਵਿਚ ਦਰਵਾਜ਼ੇ ਦੇ ਆਇਆ ਈ।ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,ਦੇਖੋ ਉਸ ਨੂੰ ਖ਼ੂਬ ਬਜਾਇਆ ਈ।ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,ਛੱਜਾ ਢਾਹ ਦੋਹਾਂ ਉੰਤੇ ਪਾਇਆ ਈ।ਸ਼ਾਹ ਮੁਹੰਮਦਾ, ਊਧਮ ਸਿੰਘ ਥਾਂਉਂ ਮੋਇਆ,ਕੌਰ ਸਾਹਿਬ ਭੀ ਸਹਿਕਦਾ ਆਇਆ ਈ। 10
More