کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਸਿਕ > ਜੰਗਨਾਮਾ > ਜੰਗਨਾਮਾ: ਬੰਦ ੩੧-੪੦

ਜੰਗਨਾਮਾ: ਬੰਦ ੩੧-੪੦

ਸ਼ਾਹ ਮੁਹੰਮਦ

June 3rd, 2008

5 / 5 (1 Votes)

 

 

ਮਹਾਂਬਲੀ ਸਰਦਾਰ ਸੀ ਪੰਥ ਵਿਚੋਂ,
ਡਿੱਠੀ ਬਣੀ ਕੁਚੱਲਣੀ ਚਾਲ ਮੀਆਂ।
ਦਿਲ ਆਪਣੇ ਬੈਠ ਵਿਚਾਰ ਕਰਦਾ,
ਏਥੇ ਕਈਆਂ ਦੇ ਹੋਣਗੇ ਕਾਲ ਮੀਆਂ।
ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ।
ਸ਼ਾਹ ਮੁਹਮਦਾ, ਤੁਰ ਗਿਆ ਤੀਰਥਾਂ ਨੂੰ,
ਸੱਭੋ ਛੱਡ ਕੇ ਦੰਗ ਦਵਾਲ ਮੀਆਂ। 31

ਦਲੀਪ ਸਿੰਘ ਗੱਦੀ ਉੰਤੇ ਰਹੇ ਬੈਠਾ,
ਹੀਰਾ ਸਿੰਘ ਜੋ ਰਾਜ ਕਮਾਂਵਦਾ ਈ।
ਜੱਲਾ ਉਸ ਦਾ ਖਾਸ ਵਜ਼ੀਰ ਹੈ ਸੀ,
ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ।
ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ,
ਕਹੇ ਕੁਝ ਤੇ ਕੁਝ ਕਮਾਂਵਦਾ ਈ।
ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦੇਂਦਾ,
ਹੀਰਾ ਸਿੰਘ ਦਾ ਨਾਸ਼ ਕਰਾਂਵਦਾ ਈ। 32

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ,
'ਬੁਰਾ ਕਰਨ ਹਾਰਾ ਜੱਲਾ ਠੀਕ ਦਾ ਈ।
ਜਲਦੀ ਪਹੁੰਚ ਵਜ਼ੀਰ ਬਣਾ ਲਈਏ,
ਤੈਨੂੰ ਖ਼ਾਲਸਾ ਪਿਆ ਉਡੀਕਦਾ ਈ।
ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,
ਹੀਰਾ ਸਿੰਘ ਤਾਂ ਪੁੱਤਰ ਸ਼ਰੀਕ ਦਾ ਈ।
ਸ਼ਾਹ ਮੁਹੰਮਦਾ, ਜੱਲੇ ਦਾ ਨੱਕ ਵੱਢੋ,
ਭੱਜ ਜਾਏਗਾ ਮਾਰਿਆ ਲੀਕ ਦਾ ਈ। 33

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,
ਜਾਮੇ ਵਿਚ ਨਾ ਮੂਲ ਸਮਾਂਵਦਾ ਈ।
ਵੱਗਾ ਤੱਗ ਲਾਹੌਰ ਨੂੰ ਅਸਾਂ ਜਾਣਾ,
ਡੇਰੇ ਕਾਠੀਆਂ ਚਾ ਪਵਾਂਵਦਾ ਈ।
ਮੰਜੀ ਕਾਕੜੀ ਫੌਜ ਉਤਾਰ ਕੇ ਜੀ,
ਬਾਈ ਆਦਮੀ ਨਾਲ ਲੈ ਆਂਵਦਾ ਈ।
ਸ਼ਾਹ ਮੁਹੰਮਦਾ, ਆਣ ਲਾਹੌਰ ਪਹੁੰਚਾ,
ਮੀਆਂ ਮੀਰ ਡੇਰਾ ਆਣ ਲਾਂਵਦਾ ਈ। 34

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਤੁਰਤ ਪੜਤਲਾਂ ਸਭ ਲਪੇਟੀਆਂ ਨੀ।
ਸਿੰਘਾਂ ਆਖਿਆ, 'ਰਾਜਾ ਜੀ! ਜਾਓ ਮੁੜ ਕੇ,
ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ।'
'ਸਿੰਘੋਂ! ਜੀਂਵਦਾ ਜਾਣ ਮੁਹਾਲ ਜੰਮੂ,
ਤਾਹਨੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ।
ਸ਼ਾਹ ਮੁਹੰਮਦਾ, 'ਆਇਆ ਵਜ਼ੀਰੀ ਲੈ ਕੇ,
ਆਖਣ ਸਭ ਪਹਾੜ ਡੁਮੇਟੀਆਂ ਨੀ।' 35

ਤੋਪਾਂ ਜੋੜ ਕੇ ਪਲਟਨਾਂ ਨਾਲ ਲੈ ਕੇ,
ਚਾਚੇ ਸਕੇ ਤੇ ਹੀਰਾ ਸਿੰਘ ਜਾ ਚੜ੍ਹਦਾ।
ਜਦੋਂ ਫੌਜਾਂ ਨੇ ਘੱਤਿਆ ਆਣ ਘੇਰਾ,
ਖੰਡਾ ਖਿੱਚ ਕੇ ਸਾਰ ਦਾ ਹੱਥ ਫੜਦਾ।
ਭੀਮ ਸਿੰਘ ਤੇ ਕੇਸਰੀ ਸਿੰਘ ਸਾਰੇ,
ਲੈ ਕੇ ਦੋਹਾਂ ਨੂੰ ਕੱਟਕ ਦੇ ਵਿਚ ਵੜਦਾ।
ਸ਼ਾਹ ਮੁਹੰਮਦਾ, ਸਿੰਘਾਂ ਨੇ ਲਾਜ ਰੱਖੀ,
ਮੱਥੇ ਸਾਹਮਣੇ ਹੋਇ ਕੇ ਖ਼ੂਬ ਲੜਦਾ। 36

ਸਿੰਘ ਜਲ੍ਹੇ ਦੇ ਹੱਥੋਂ ਜੁ ਤੰਗ ਆਏ,
ਦਿਲਾਂ ਵਿਚ ਕਚੀਚੀਆਂ ਖਾਂਵਦੇ ਨੀ।
ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,
ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ।
ਕਈ ਆਖਦੇ ਦਿਓ ਇਨਾਮ ਸਾਨੂੰ,
ਲੈ ਕੇ ਬੁਤਕੀਆਂ ਚਾ ਗਲ ਪਾਂਵਦੇ ਨੀ।
ਸ਼ਾਹ ਮੁਹੰਮਦਾ, ਜਲ੍ਹੇ ਦੇ ਮਾਰਨੇ ਨੂੰ,
ਪੰਜ-ਕੌਂਸਲੀ ਚਾ ਬਣਾਂਵਦੇ ਨੀ। 37

ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ,
ਹੌਦੇ ਸੋਨੇ ਦੇ ਚਾਇ ਕਸਾਂਵਦੇ ਨੀ।
ਤਰਫ਼ ਜੰਮੂ ਦੀ ਮੂੰਹ ਮੋੜ ਚੱਲੇ,
ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ।
ਘੇਰੇ ਅਜਲ ਦੇ ਅਕਲ ਨਾ ਮੂਲ ਆਈ,
ਬੁਰਾ ਆਪਣਾ ਆਪ ਕਰਾਂਵਦੇ ਨੀ।
ਸ਼ਾਹ ਮੁਹੰਮਦਾ, ਸਿੰਘ ਲੈ ਮਿਲੇ ਤੋਪਾਂ,
ਅੱਗੋਂ ਗੋਲੀਆਂ ਨਾਲ ਉਡਾਂਵਦੇ ਨੀ। 38

ਹੀਰਾ ਸਿੰਘ ਤੇ ਜੱਲੇ ਨੂੰ ਮਾਰ ਕੇ ਜੀ,
ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ।
ਤਰਫ਼ ਜੰਮੂ ਪਹਾੜ ਦੀ ਹੋ ਚਲੇ,
ਰਾਹੀ ਸ਼ੋਰ ਖਰੂਦ ਮਚਾਂਵਦੇ ਨੀ।
ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,
ਕੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ।
ਸ਼ਾਹ ਮੁਹੰਮਦਾ, 'ਅਸਾਂ ਹੁਣ ਕੜੇ ਲੈਣੇ',
ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ। 39

ਕਿਹਾ ਬੁਰਛਿਆ ਆਣ ਅੰਧੇਰ ਪਾਇਆ,
ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ।
ਕੜੇ ਕੈਂਠੇ ਇਨਾਮ ਰੁਪਏ ਬਾਰਾਂ,
ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ।
ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ,
ਕਈ ਸ਼ਹਿਰ ਦੇ ਲੁੱਟ ਬਜ਼ਾਰ ਲੈਂਦੇ।
ਸ਼ਾਹ ਮੁਹੰਮਦਾ, ਚੜ੍ਹੇ ਮਝੈਲ ਭਈਏ,
ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ। 40

 

More

Your Name:
Your E-mail:
Subject:
Comments: