ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਸਿਕ > ਜੰਗਨਾਮਾ > ਜੰਗਨਾਮਾ: ਬੰਦ ੬੧-੭੦
ਸੁਣ ਕੇ ਖ਼ਬਰ ਫਰੰਗੀ ਦੀ ਚੜ੍ਹੇ ਸੱਭੇ,ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ।ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ,ਇਕ ਦੂਸਰੇ ਦੇ ਅੱਗੇ ਲੱਗ ਤੁਰੀਆਂ।ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ,ਵੰਗਾਂ ਪਹਿਣ ਖਲੋਤੀਆਂ ਨਹੀਂ ਕੁੜੀਆਂ।ਸ਼ਾਹ ਮੁਹੰਮਦਾ, ਵਰਜਦੇ ਜਾਂਦਿਆਂ ਨੂੰ,ਫੌਜਾਂ ਹੋ ਮੁਹਾਣੀਆਂ ਕਦੋਂ ਮੁੜੀਆਂ। 61
ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ,ਸਭੇ ਗੱਭਰੂ ਨਾਲ ਹੰਕਾਰ ਤੁਰਦੇ।ਉਰੇ ਦੋਹਾਂ ਦਰਿਆਵਾਂ 'ਤੇ ਨਹੀਂ ਅਟਕੇ,ਪੱਤਨ ਲੰਘੈ ਨੀ ਜਾ ਫਿਰੋਜ਼ਪੁਰ ਦੇ।ਅੱਗੇ ਛੇੜਿਆ ਨਹੀਂ ਫਰੰਗੀਆਂ ਨੇ,ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ।ਸ਼ਾਹ ਮੁਹੰਮਦਾ, ਭੱਜਣਾ ਰਣੋਂ ਭਾਰੀ,ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ। 62
ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,ਦਿੱਲੀ, ਆਗਰੇ, ਝਾਂਸੀ, ਹਿਸਾਰ ਮੀਆਂ।ਬੀਕਾਨੇਰ, ਲਖਨਊ, ਅਜਮੇਰ, ਜੈਪੁਰ,ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ।ਚੱਲੀ ਸਭ ਪੰਜਾਬ ਦੀ ਬਾਦਸ਼ਾਹੀ,ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।ਸ਼ਾਹ ਮੁਹੰਮਦਾ, ਕਿਤੇ ਨਾ ਅਟਕਣਾ ਈ,ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ। 63
ਅਰਜ਼ੀ ਲਿਖੀ ਫਰੰਗੀਆਂ ਖ਼ਾਲਸੇ ਨੂੰ :
'ਤੁਸਾਂ ਕਾਸ ਨੂੰ ਜੰਗ ਮਚਾਂਵਦੇ ਹੋ?ਮਹਾਰਾਜ ਦੇ ਨਾਲ ਸੀ ਨੇਮ ਸਾਡਾ,ਤੁਸਾਂ ਸੁਤੀਆਂ ਕਲਾ ਜਗਾਂਵਦੇ ਹੋ।ਕਈ ਲੱਖ ਰੁਪਈਆ ਲੈ ਜਾਓ ਸਾਥੋਂ,ਦਿਆਂ ਹੋਰ ਜੋ ਤੁਸੀਂ ਫਰਮਾਂਵਦੇ ਹੋ।ਸ਼ਾਹ ਮੁਹੰਮਦਾ, ਅਸਾਂ ਨਾ ਮੂਲ ਲੜਨਾ,ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ?' 64
ਸਿੰਘਾਂ ਲਿਖਿਆ ਖ਼ਤ ਫਰੰਗੀਆਂ ਨੂੰ :
'ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ।ਉਹੋ ਪੰਥ ਤੇਰੇ 'ਤੇ ਆਣ ਚੜ੍ਹਿਆ,ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।ਸ਼ਾਹ ਮੁਹੰਮਦਾ, ਸਾਹਮਣੇ ਡਾਹ ਤੋਪਾਂ,ਸੂਰੇ ਕੱਢ ਮੈਦਾਨ ਨਿਤਾਰ ਕੇ ਜੀ।' 65
ਪੈਂਚ ਲਿਖਦੇ ਸਾਰੀਆਂ ਪੜਤਾਲਾਂ ਦੇ,'ਸਾਡੀ ਅੱਜ ਹੈ ਵੱਡੀ ਚਲੰਤ ਮੀਆਂ।ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।ਅਸਾਂ ਮਾਰੇ ਚੌਫੇਰ ਦੇ ਕਿਲ੍ਹੇ ਭਾਰੇ,ਅਸਾਂ ਮਾਰਿਆ ਕੁਲੂ ਭਟੰਤ ਮੀਆਂ।'ਸ਼ਾਹ ਮੁਹੰਮਦਾ, ਗੱਲ ਤਾਂ ਸੋਈ ਹੋਣੀ,ਜਿਹੜੀ ਕੇਰਗਾ ਖ਼ਾਲਸਾ ਪੰਚ ਮੀਆਂ। 66
ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,ਕੀਤਾ ਫੌਜ ਦਾ ਸਭ ਸ਼ੁਮਾਰ ਮੀਆਂ।ਜਿਨ੍ਹੀਂ ਥਾਈਂ ਸੀ ਜਮ੍ਹਾਂ ਜਮੂਰਖਾਨੇ,ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ।ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ,ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ।ਸ਼ਾਹ ਮੁਹੰਮਦਾ, ਪੀ ਸ਼ਰਾਬ ਗੋਰੇ,ਹੋਏ ਜੰਗ ਨੂੰ ਤੁਰਤ ਤਿਆਰ ਮੀਆਂ। 67
ਇਕ ਪਿੰਡ ਦਾ ਨਾਮ ਜੋ ਮੁੱਦਕੀ ਸੀ,ਓਥੇ ਭਰੀ ਸੀ ਪਾਣੀ ਦੀ ਖੱਡ ਮੀਆਂ।ਘੋੜ ਚੜ੍ਹੇ ਅਕਾਲੀਏ ਨਵੇਂ ਸਾਰੇ,ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ।ਤੋਪਾਂ ਚੱਲੀਆਂ ਕਟਕ ਫਰੰਗੀਆਂ ਦੇ,ਗੋਲੇ ਤੋੜਦੇ ਮਾਸ ਤੇ ਹੱਡ ਮੀਆਂ।ਸ਼ਾਹ ਮੁਹੰਮਦਾ, ਪਿਛਾਂ ਨੂੰ ਉੰਠ ਨੱਠੇ,ਤੋਪਾਂ ਸਭ ਆਏ ਓਥੇ ਛੱਡ ਮੀਆਂ। 68
ਡੇਰੇ ਆਣ ਕੇ ਬੈਠ ਸਲਾਹ ਕਰਦੇ :
'ਐਤਵਾਰ ਅਸੀਂ ਖੰਡਾ ਫੜਾਂਗੇ ਜੀ।ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ,ਉਸ ਦੇ ਆਏ ਬਗੈਰ ਨਾ ਲੜਾਂਗੇ ਜੀ।ਸਰਫਾ ਜਾਨ ਦਾ ਨਹੀਂ ਜੇ ਤਦੋਂ ਕਰਨਾ,ਜਦੋਂ ਵਿਚ ਮੈਦਾਨ ਦੇ ਵੜਾਂਗੇ ਜੀ।ਸ਼ਾਹ ਮੁਹੰਮਦਾ, ਅੰਦਰੋਂ ਇਕ ਹੋ ਕੇ,ਡੇਰੇ ਚੱਲ ਫਰੰਗੀ ਦੇ ਵੜਾਂਗੇ ਜੀ।' 69
ਤੇਜਾ ਸਿੰਘ ਭੀ ਲਸ਼ਕਰੀਂ ਆਣ ਵੜਿਆ,ਹੁਦੇਦਾਰ ਸੱਭੇ ਓਥੇ ਆਂਵਦੇ ਨੀ :'ਕਰੋ ਹੁਕਮ ਤੇ ਤੇਗ ਉਠਾਈਏ ਜੀ,ਪਏ ਸਿੰਘ ਕਚੀਚੀਆਂ ਖਾਂਵਦੇ ਨੀ।ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,ਚੋਟਾਂ ਕੈਸੀਆਂ ਵੇਖੋ ਚਲਾਂਵਦੇ ਨੀ।'ਸ਼ਾਹ ਮੁਹੰਮਦਾ, ਓਸ ਥੀਂ ਹੁਕਮ ਲੈ ਕੇ,ਹੱਲਾ ਕਰਨ ਦੀ ਡੋਲ ਬਣਾਂਵਦੇ ਨੀ। 70
More