کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੭੧-੧੮੦

ਹੀਰ ਵਾਰਸ ਸ਼ਾਹ : ਬੰਦ ੧੭੧-੧੮੦

ਵਾਰਸ ਸ਼ਾਹ

July 2nd, 2008

 

 

171. ਰਾਂਝੇ ਦੀਆਂ ਭਰਜਾਈਆਂ ਦਾ ਉੱਤਰ
ਸਾਡਾ ਮਾਲ ਸੀ ਸੋ ਤੇਰਾ ਹੋ ਗਿਆ ਜ਼ਰਾ ਵੇਖਨਾ ਬਿਰਾ ਖ਼ੁਦਾਈਆਂ ਦਾ
ਤੂੰ ਹੀ ਚਟਿਆ ਸੀ ਤੂੰ ਹੀ ਪਾਲਿਆ ਸੀ ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ
ਸ਼ਾਹੂਕਾਰ ਹੋ ਬੈਠੀ ਏਂ ਮਾਰ ਬੈਲੀ ਖੋਹ ਬੈਠੀ ਹੈਂ ਮਾਲ ਤੂੰ ਸਾਈਆਂ ਦਾ
ਅੱਗ ਲੈਣ ਆਈ ਘਰ ਸਾਂਭਿਉਈ ਏਹ ਤੇਰਾ ਹੈ ਬਾਪ ਨਾ ਮਾਈਆਂ ਦਾ
ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ਅੰਨ੍ਹੀ ਚੂਹੀ ਬੋਥੀਆਂ ਧਾਈਆਂ ਦਾ
ਵਾਰਸ ਸ਼ਾਹ ਦੀ ਮਾਰ ਈ ਵੱਗੀ ਹੀਰੇ ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ

172. ਹੀਰ ਦਾ ਉੱਤਰ
ਤੁਸੀਂ ਏਸ ਦੇ ਖਿਆਲ ਨਾ ਪਵੋ ਅੜੀਉ ਨਹੀਂ ਖੱਟੀ ਕੁੱਝ ਏਸ ਬਪਾਰ ਉਤੋਂ
ਨੀ ਮੈਂ ਜਿਊਂਦੀ ਏਸ ਬਿਨ ਰਹਾਂ ਕੀਕੂੰ ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ
ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ
ਮੇਰੇ ਵਾਸਤੇ ਕਾਰ ਕਮਾਂਵਦਾ ਹੈ ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ ਜਦੋਂ ਸੁਟਿਆ ਪਕੜ ਪਹਾੜ ਉੱਤੋਂ
ਘਰੋਂ ਭਾਈਆਂ ਚਾ ਜਵਾਬ ਦਿੱਤਾ ਏਨ੍ਹਾਂ ਭੋਏਂ ਦੀਆਂ ਪੱਟੀਆਂ ਚਾਰ ਉੱਤੋਂ
ਨਾਉਮੀਦ ਹੋ ਵਤਨ ਨੂੰ ਛਡ ਟੁਰਿਆ ਮੋਤੀ ਤੁਰੇ ਜਿਉਂ ਪਟ ਦੀ ਤਾਰ ਉੱਤੋਂ
ਬਿਨਾ ਮਿਹਨਤਾਂ ਮਿਸਕਲੇ ਲੱਖ ਫੇਰੋ ਨਹੀਂ ਮੋਰਚਾ ਜਾਏ ਤਲਵਾਰ ਉੱਤੋਂ
ਇਹ ਮਿਹਣਾ ਲਹੇ ਗਾ ਕਦੇ ਨਾਹੀਂ ਏਸ ਸਿਆਲਾਂ ਦੀ ਸੱਥ ਸਲਵਾੜ ਉੱਤੋਂ
ਨੱਢੀ ਆਖਸਨ ਝਘੜਦੀ ਨਾਲ ਲੋਕਾਂ ਏਸ ਸੋਹਣੇ ਭੰਬੜੇ ਯਾਰ ਉੱਤੋਂ
ਵਾਰਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ ਹੁਣ ਮੁੜੇ ਨਾਲ ਲਖ ਹਜ਼ਾਰ ਉੱਤੋਂ

173. ਚੂਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ
ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ ਕਿਤੇ ਹੀਰ ਨੂੰ ਚਾ ਪਰਨਾਈਏ ਜੀ
ਆਖੋ ਰਾਂਝੇ ਨਾਲ ਵਿਵਾਹ ਦੇਸਾਂ ਇੱਥੇ ਬੰਨੜੇ ਚਾ ਮੰਗਾਈਏ ਜੀ
ਹੱਥੀਂ ਆਪਣੀ ਕਿਤੇ ਸਾਮਾਨ ਕੀਚੇ ਜਾਨ ਬੁਝ ਕੇ ਲੀਕ ਨਾ ਲਾਈਏ ਜੀ
ਭਾਈਆਂ ਆਖਿਆ ਚੂਚਕਾ ਇਹ ਮਸਲਹਤ ਅਸੀਂ ਖੋਲ ਕੇ ਚਾ ਸੁਣਾਈਏ ਜੀ
ਵਾਰਸ ਸ਼ਾਹ ਫਕੀਰ ਪ੍ਰੇਮ ਸ਼ਾਹੀ ਹੀਰ ਓਸ ਥੋਂ ਪੁਛ ਮੰਗਾਈਏ ਜੀ

174. ਭਾਈਆਂ ਦਾ ਚੂਚੂਚਕ ਨੂੰ ਉੱਤਰ
ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ
ਕਿੱਥੋਂ ਰੁਲਦੀਆਂ ਗੋਲੀਆ ਆਈਆਂ ਨੂੰ ਵਿੱਜਣ ਏਹ ਸਿਆਲਾਂ ਦੀਆਂ ਜਾਈਆਂ ਵੋ
ਨਾਲ ਖੇੜਿਆਂ ਦੇ ਇਹ ਸਾਕ ਕੀਚੇ ਦਿੱਤੀ ਮਸਲਹਤ ਸਭਨਾਂ ਭਾਈਆਂ ਵੋ
ਭਲਿਆਂ ਸਾਕਾਂ ਦੇ ਨਾਲ ਚਾ ਸਾਕ ਕੀਚੇ ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ
ਵਾਰਸ ਸ਼ਾਹ ਅੰਗਿਆਰਿਆਂ ਭਖਦਿਆਂ ਭੀ ਕਿਸੇ ਵਿੱਚ ਬਾਰੂਦ ਸ਼ਪਾਈਆਂ ਵੋ

175. ਖੇੜਿਆਂ ਨੇ ਕੁੜੁੜਮਾਈ ਲਈ ਨਾਈ ਭੇਜੇਜਣਾ
ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ ਕਰਨ ਮਿੰਨਤਾਂ ਚਾ ਅਹਿਸਾਨ ਕੀਚੇ
ਭਲੇ ਜਟ ਬੂਹੇ ਉੱਤੇ ਆ ਬੈਠੇ ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੇ
ਅਸਾਂ ਭਾਈਆਂ ਇਹ ਸਲਾਹ ਦਿੱਤੀ ਕਿਹਾ ਅਸਾਂ ਸੋ ਸਭ ਪਰਵਾਨ ਕੀਚੇ
ਅੰਨ ਧਨ ਦਾ ਕੁੱਝ ਵਸਾਹ ਨਾਹੀਂ ਅਤੇ ਬਾਹਾਂ ਦਾ ਨਾ ਗੁਮਾਨ ਕੀਚੇ
ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ ਲਖ ਬੋਟੀਆਂ ਚਾ ਕੁਰਬਾਨ ਕੀਚੇ
ਵਾਰਸ ਸ਼ਾਹ ਮੀਆਂ ਨਾਹੀਂ ਕਰੋ ਆਕੜ ਫਰਊਨ ਜਿਹਿਆਂ ਵਲ ਧਿਆਨ ਕੀਚੇ

176. ਚੂਚੂਚਕ ਨੇ ਪੈਂਚਾ ਨੂੰ ਸੱਦੱਦਣਾ
ਚੂਚਕ ਫੇਰ ਕੇ ਗੰਢ ਸੱਦਾ ਘੱਲੇ ਆਵਨ ਚੌਧਰੀ ਸਾਰਿਆਂ ਚੱਕਰਾਂ ਦੇ
ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ
ਲਾਗੀਆਂ ਆਖਿਆ ਸਨ ਨੂੰ ਸਨ ਮਿਲਿਆ ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ
ਧਰਿਆ ਢੋਲ ਜਟੇਟੀਆਂ ਦੇਣ ਵੇਲਾਂ ਛੰਨੇ ਲਿਆਂਵਦੀਆਂ ਦਾਣਿਆਂ ਸ਼ੱਕਰਾਂ ਦੇ
ਰਾਂਝੇ ਹੀਰ ਸੁਣਿਆ ਦਿਲਗੀਰ ਹੋਏ ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ

177. ਖੇੜਿਆਂ ਨੂੰ ਵਧਾਈਆਂ
ਮਿਲੀ ਜਾ ਵਧਾਈ ਜਾਂ ਖੇੜਿਆਂ ਨੂੰ ਲੁੱਡੀ ਮਾਰ ਕੇ ਝੁੰਬੜਾਂ ਘਤਦੇ ਨੀ
ਛਾਲਾਂ ਲਾਇਨ ਅਪੁੱਠੀਆਂ ਖੁਸ਼ੀ ਹੋਏ ਮਜਲਸਾਂ ਖੇਡਦੇ ਵੱਤਦੇ ਨੀ
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ
ਵਾਰਸ ਸ਼ਾਹ ਵੀ ਸ਼ੀਰਨੀ ਵੰਡਿਆ ਨੇ ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ

178. ਹੀਰ ਦਾ ਮਾਂ ਨਾਲ ਕਲੇਸ਼ੇਸ਼
ਹੀਰ ਮਾਉਂ ਦੇ ਨਾਲ ਆ ਲੜਨ ਲੱਗੀ ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ
ਕਦੋ ਮੰਗਿਆ ਮੁਨਸ ਮੈਂ ਆਖ ਤੈਨੂੰ ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ
ਜਿਹੜੇ ਹੋਨ ਬੇਅਕਲ ਚਾ ਲਾਂਵਦੇ ਨੀ ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ
ਚਾ ਚੁਜ਼ਦ ਨੂੰ ਕੂੰਜ ਦਾ ਸਾਕ ਦਿੱਤੋ ਪਰੀ ਬੰਧਆ ਜੇ ਗਲ ਢੋਰੀਆਂ ਦੇ
ਵਾਰਸ ਸ਼ਾਹ ਮੀਆਂ ਗੰਨਾ ਜੱਗ ਸਾਰਾ ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ

179. ਹੀਰ ਨੇ ਰਾਂਝੇ ਨਾਲ ਸਲਾਹ ਕਰਨੀ
ਹੀਰ ਆਖਦੀ ਰਾਂਝਿਆ ਕਹਿਰ ਹੋਇਆ ਏਥੋਂ ਉਠ ਕੇ ਚਲ ਜੇ ਚੱਲਨਾ ਈ
ਦੋਨੋਂ ਉਠ ਕੇ ਲੰਮੜੇ ਰਾਹ ਪੇਈਏ ਕੋਈ ਅਸਾਂ ਨੇ ਦੇਸ ਨਾ ਮੱਲਣਾ ਈ
ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ
ਮਾਂ ਬਾਪ ਨੇ ਜਦੋਂ ਵਿਆਹ ਟੋਰੀ ਕੋਈ ਅਸਾਂ ਦਾ ਵੱਸ ਨਾ ਚੱਲਣਾ ਈ
ਅਸੀਂ ਇਸ਼ਕੇ ਦੇ ਆਨ ਮੈਦਾਨ ਰੁਧੇ ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ
ਵਾਰਸ ਸ਼ਾਹ ਜੇ ਅਨਕ ਫਰਾਕ ਛੁੱਟੇ ਇਹ ਕਟਕ ਫਿਰ ਆਖ ਕਿਸ ਝੱਲਣਾ ਈ

180. ਰਾਂਝੇ ਦਾ ਹੀਰ ਨੂੰ ਉੱਤਰ
ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ
ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿੱਚੋਂ ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ
ਠੱਗੀ ਨਾਲ ਤੂੰ ਮਝੀਂ ਚਰਾ ਲਿਉਂ ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ
ਵਾਰਸ ਸ਼ਾਹ ਸਰਾਫ ਸਭ ਜਾਣਦੇ ਨੀ ਐਬ ਖੋਟਿਆਂ ਭੰਨਿਆਂ ਰਾਲੀਆਂ ਦੇ

ਔਖੇ ਲਫ਼ਜ਼ਾਂ ਦੇ ਮਾਅਨੇ

171
ਬਿਰਾ। ਫਸਲ ਦੀ ਜਿਣਸ ਜਿਹੜੀ ਟੈਕਸ ਦੇ ਤੌਰ ਤੇ ਵਸੂਲ ਕੀਤੀ ਜਾਂਦੀ ਸੀ।
ਬਿਰਾ ਖੁਦਾਈਆਂ ਦਾ। ਖੁਦਾਈ ਟੈਕਸ
ਥੋਥੀਅ। ਖਾਲੀ
ਧਾਈਆਂ। ਧਾਨ

172
ਕਾਰ ਕਮਾਂਵਦਾ। ਸਖਤ ਮਿਹਨਤ ਕਰਦਾ
ਮਿਸਕਲਾ। ਤਲਵਾਰ ਨੂੰ ਪਾਲਿਸ਼ ਕਰਨ ਵਾਲਾ ਜਾਂ ਚਮਕਾਉਣ ਵਾਲਾ ਪੱਥਰ
ਮੋਰਚਾ। ਜੰਗਾਲ
ਸਲਵਾੜ। ਜਿਵੇਂ ਸਾਰੇ ਜੱਟਾਂ ਲਈ 'ਜਟਵਾੜ' ਕਿਹਾ ਜਾਂਦਾ ਹੈ ਉਵੇਂ ਸਾਰੇ 'ਸਿਆਲਾਂ' ਲਈ ਸਲਵਾੜ ਕਿਹਾ ਗਿਆ ਹੈ।

173
ਬੰਨੜਾਂ। ਨੌਜਵਾਨ ਲੜਕਾ, ਹੀਰ ਲਈ
ਮਸਲਹਤ। ਸਲਾਹ ਮਸ਼ਵਰਾ

174
ਗੋਲੀ। ਨੌਕਰ

176
ਗੰਢ ਫੇਰੀ। ਸੁਨੇਹਾ ਭੇਜਿਆ
ਚਕਰਾਂ। ਪਿੰਡਾਂ, ਚੱਕਾਂ
ਬਕਰਾਂ। ਕਵਾਰੀਆਂ, ਲੜਕੀਆਂ
ਠੱਕਰ। ਠਾਕਰ
ਅੱਕਰਾਂ। ਵੈਰ, ਰੋਸਾ, ਨਰਾਜ਼ਗੀ
ਫਰਔਨ। ਮਿਸਰ ਦੇ ਪੁਰਾਣੇ ਬਾਦਸ਼ਾਹ ਅਪਣੇ ਆਪ ਨੂੰ ਫਰਔਨ ਕਹਾਉਂਦੇ ਸਨ। ਕੁਰਆਨ ਵਿੱਚ ਜਿਸ ਫਰਾਔਨ ਦਾ ਜਿਕਰ ਹੈ ਉਹਨੂੰ ਸਿਖਿਆ ਦੇਣ ਅਤੇ ਉਹਦਾ ਮੁਕਾਬਲਾ ਕਰਨ ਲਈ ਹਜ਼ਰਤ ਮੂਸਾ ਨੂੰ ਭੇਜਿਆ ਗਿਆ। ਮੂਸਾ ਫਰਔਨ ਦੀ ਪਤਨੀ ਆਸੀਆ ਦੀ ਗੋਦ ਵਿੱਚ, ਉਹਦੇ ਸਾਹਮਣੇ ਪਲਦਾ ਸੀ। ਭਾਵੇਂ ਨਜੂਮੀਆਂ ਦੇ ਕਹੇ ਤੇ ਫਰਔਨ ਨੇ ਬਨੀ ਇਸਰਾਈਲ ਦੇ ਸਾਰੇ ਪੁੱਤਰ ਮਾਰ ਦਿੱਤੇ ਸਨ। ਜਦੋਂ ਮੂਸਾ ਨੇ ਫਰਔਨ ਨੂੰ ਰਬ ਦਾ ਸੁਨੇਹਾ ਦਿੱਤਾ ਤਾਂ ਉਹ ਮੂਸਾ ਦਾ ਜਾਨੀ ਦੁਸ਼ਮਨ ਬਣ ਗਿਆ। ਜਦ ਹਜ਼ਰਤ ਮੂਸਾ ਬਨੀ ਇਸਰਾਈਲ ਨੂੰ ਨਾਲ ਲੈ ਕੇ ਮਿਸਰ ਤੋਂ ਨਿਕਲਿਆ ਤਾਂ ਨੀਲ ਨਦੀ ਨੇ ਰਬ ਦੀ ਕੁਦਰਤ ਨਾਲ ਉਹਨੂੰ ਪਾਰ ਜਾਣ ਲਈ ਰਸਤਾ ਦਿੱਤਾ ਅਤੇ ਮੂਸਾ ਰਾਜ਼ੀ ਅਤੇਸਲਾਮਤ ਪਾਰ ਹੋ ਗਿਆ। ਫਰਔਨ ਅਤੇ ਉਹਦੀ ਫੌਜ ਮੂਸਾ ਦਾ ਪਿੱਛਾ ਕਰਦੀ ਨੀਲ ਨਦੀ ਵਿੱਚ ਗਰਕ ਹੋ ਗਈ।
ਅੱਜ ਵੀ ਕਾਹਰਾ ਸ਼ਹਿਰ ਦੇ ਅਜਾਇਬ ਘਰ ਵਿੱਚ ਫਰਔਨ ਦੀ ਲਾਸ਼ ਰੱਖੀ ਦੱਸੀ ਜਾਂਦੀ ਹੈ। ਸਾਈ ਬੁੱਲ੍ਹੇ ਸ਼ਾਹ ਵੀ ਕਹਿੰਦੇ ਹਨ।
''ਫਰਔਨ ਨੇ ਜਦੋਂ ਖੁਦਾ ਕਹਾਇਆ, ਉਸ ਨੇ ਰੱਬ ਨੂੰ ਤੀਰ ਚਲਾਇਆ"

177
ਝੁੰਬਰ। ਝੁੰਮਰ, ਇੱਕ ਨਾਚ
ਅਹਿਲ ਪਤ। ਇੱਜ਼ਤ ਵਾਲੇ

178
ਵਲਾ। ਪਰਦਾ
ਮਾੜੀ। ਮਹੰਲ
ਢੋਰ। ਪਸ਼ੂ
ਚੁਜ਼ਦ। ਉੱਲੂ

179
ਰੁੱਧੇ। ਰੁੱਝੇ, ਆ ਗਏ
ਅਨਕ। (ਅਨਕਾ) ਇੱਕ ਫਰਜ਼ੀ ਪੰਛੀ
ਕਿੜਾਂ। ਖਬਰਾਂ, ਵੈਰ
ਭੰਨਿਆਂ। ਤੋੜਿਆਂ
ਖੋਟਿਆਂ। ਨਕਲੀ
ਰਾਲਿਆਂ। ਰਲਾ ਕੀਤੇ ਹੋਏ

 

More

Your Name:
Your E-mail:
Subject:
Comments:


Powered by: PHPCow.com