کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੦੧-੨੧੦

ਹੀਰ ਵਾਰਸ ਸ਼ਾਹ : ਬੰਦ ੨੦੧-੨੧੦

ਵਾਰਸ ਸ਼ਾਹ

July 2nd, 2008

 

 

201. ਖੇੜੇ ਜੰਞ ਲੈ ਕੇ ਢੁੱਕੇ
ਮਿਲੇਮੇਲ ਸਿਆਲਨਾਂ ਜੰਜ ਆਂਦੀ ਲੱਗੀਆਂ ਸਉਨ ਸੁਪਤ ਕਰਾਵਨੇ ਨੂੰ
ਘਤ ਸੁਰਮ ਸਲਾਈਆਂ ਦੇਣ ਗਾਲੀ ਅਤੇ ਖੁਢਕਨੇ ਨਾਲ ਖਡਾਵਨੇ ਨੂੰ
ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਨੇ ਨੂੰ
ਭਰੀ ਘੜਾ ਘੜੋਲੀ ਤੇ ਕੁੜੀ ਨਹਾਤੀ ਆਈਆਂ ਫੇਰ ਨਕਾਹ ਪੜ੍ਹਾਵਨੇ ਨੂੰ
ਵਾਰਸ ਸ਼ਾਹ ਵਿਵਾਹ ਦੇ ਗੀਤ ਮਿੱਠੇ ਕਾਜ਼ੀ ਆਇਆ ਮੇਲ ਮਿਲਾਵਨੇ ਨੂੰ

202. ਓਹੀ ਚਲਦਾ
ਭੇਂਟਕ ਮੰਗਦੀਆਂ ਸਾਲੀਆਂ ਚੀਚ ਛੱਲਾ ਦੁਧ ਦੇ ਅਨਯੱਧੜੀ ਚਿੜੀ ਦਾ ਵੇ
ਦੁਧ ਦੇ ਗੋਹੀਰੇ ਦਾ ਚੋ ਜੱਟਾ ਨਾਲੇ ਦੱਛਨਾ ਖੰਡ ਦੀ ਪੁੜੀ ਦਾ ਵੇ
ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ
ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ਵੇ
ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ ਪਹੁੰਚਾ ਦੇ ਖਾਂ ਸੋਇਨੇ ਦੀ ਚਿੜੀ ਦਾ ਵੇ
ਇੱਕ ਮੁਨਸ ਕਸੀਰੇਦਾ ਖਰੀ ਮੰਗੇ ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ
ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ
ਵਾਰਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ ਜਿਵੇਂ ਫੁਲ ਗੁਲਾਬ ਖੜੀ ਦਾ ਵੇ

203. ਕਲਾਮ ਸੈਦਾ
ਅਨੀ ਸੋਹਣੀਏ ਛੈਲ ਮਲੂਕ ਕੁੜੀਏ ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ
ਸਈਆਂ ਤਿੰਨ ਸੌ ਸੱਠ ਬਲਕੀਸ ਰਾਨੀ ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ
ਚੜ੍ਹਿਆ ਸਾਵਨ ਤੇ ਬਾਗ ਬਹਾਰ ਹੋਈ ਦਭ ਕਾਹ ਸਰਕੜਾ ਖਿੜੀ ਦਾ ਨੀ
ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ ਇਹ ਲੈ ਦੁਧ ਅਨਯਧੜੀ ਚਿੜੀਦਾ ਨੀ
ਦੁਧ ਲਿਆ ਗੋਹੀਰੇ ਦਾ ਚੋ ਕੁੜੀਏ ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ
ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ
ਖੰਡ ਪੁੜੀ ਦੀ ਦੱਛਨਾ ਦਿਆਂ ਤੈਨੂੰ ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ
ਚਾਲ ਚਲੇਂ ਮੁਰਗਾਈਆਂ ਤੇ ਤਰੇਂ ਤਾਰੀ ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ
ਕੋਟ ਨਦੀ ਵਿੱਚ ਲੈ ਸਣੇ ਲੌਂਗ ਮੰਜਾ ਤੇਰੇ ਸੌਣ ਨੂੰ ਕੌਣ ਲੌ ਵੜੀ ਦਾ ਨੀ
ਇੱਕ ਗੱਲ ਭੁੱਲੀ ਮੇਰੇ ਯਾਦ ਆਈ ਰੋਟ ਸੁਖਿਆ ਪੀਰ ਦਾ ਧੜੀ ਦਾ ਲੀ
ਬਾਝ ਬਲਦਾਂ ਦੇ ਖੂਹ ਭਜਾ ਦਿੱਤਾ ਅੱਡਾ ਖੜਕਦਾ ਕਾਠ ਦੀ ਕੜੀ ਦਾ ਨੀ
ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ
ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ
ਅਸਾਂ ਭਾਲ ਕੇ ਸਾਰੋ ਜਹਾਨ ਆਂਦਾ ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ
ਇੱਕ ਚਾਕ ਦੀ ਭੈਨ ਤੇ ਤੁਸੀਂ ਸੱਭੇ ਚਲੋ ਨਾਲ ਮੇਰੇ ਜੋੜ ਜੁੜੀ ਦਾ ਨੀ
ਵਾਰਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ

204. ਕਾਜ਼ੀ ਨਾਲ ਹੀਰ ਦਾ ਸਵਾਲ ਜਵਾਬ
ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ ਨਢੀ ਵਿਹਰ ਬੈਠੀ ਨਾਹੀਂ ਬੋਲਦੀ ਹੈ
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ ਮਾਂਉਂ ਕੁਫਰ ਤੇ ਜ਼ੈਬ ਕਿਉਂ ਤੋਲਦੀ ਹੈ
ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ ਪਈ ਜਾਨ ਜ਼ਰੀਬ ਦੀ ਡੋਲਦੀ ਹੈ
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ
ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ ਸੁੰਞੀ ਮਾਂਉਂ ਛਾਹ ਨੂੰ ਰੋਲਦੀ ਹੈ
ਵਾਰਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ ਪਈ ਮੂਤ ਵਿੱਚ ਮੱਛੀਆਂ ਟੋਲਦੀ ਹੈ

205. ਕਾਜ਼ੀ ਦਾ ਉੱਤਰ
ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਨਾ ਈ
ਬਾਅਦ ਮੌਤ ਦੇ ਨਾਲ ਈਮਾਨ ਹੀਰੇ ਦਾਖ਼ਲ ਵਿੱਚ ਬਹਿਸ਼ਤ ਦੇ ਥੀਵਨਾ ਈ
ਨਾਲ ਜ਼ੌਕ ਦੇ ਸ਼ੌਕ ਦਾ ਨੂੰਰ ਸ਼ਰਬਤ ਵਿੱਚ ਜੰਨਤ। ਇ ਅਦਨ ਦੇ ਪੀਵਨਾ ਈ
ਚਾਦਰ ਨਾਲ ਹਿਆ ਦੇ ਸਤਰ ਕੀਜੇ ਕਾਹ ਦਰਜ਼ ਹਰਾਮ ਦੀ ਸੀਵਨਾ ਈ

206. ਜਵਾਬ ਹੀਰ
ਹੀਰ ਆਖਦੀ ਜੀਵਨਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ
ਸਭੋ ਜੱਗ ਫਾਨੀ ਹਿੱਕੋ ਰਬ ਬਾਕੀ ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ
'ਕੁਲੇ ਸ਼ੈਈਇਨ ਖ਼ਲਕਨਾ ਜ਼ੋਜਈਨੇ' ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ
ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ ਲੌਹ ਕਲਮ ਤੇ ਜ਼ਮੀਂ ਆਸਮਾਨ ਮੀਆਂ

207. ਉੱਤਰ ਕਾਜ਼ੀ
ਜੋਬਲ ਰੂਪ ਦਾ ਕੁੱਝ ਵਸਾਹ ਨਾਹੀਂ ਮਾਨ ਮੱਤੀਏ ਮੁਸ਼ਕ ਲਪੇਟੀਏ ਨੀ
ਨਬੀ ਹੁਕਮ ਨਕਾਹ ਫਰਮਾ ਦਿੱਤਾ 'ਫਇਨਕਿਹੂ' ਮਨ ਲੈ ਬੇਟੀਏ ਨੀ
ਕਦੀ ਦੀਨ ਇਸਲਾਮ ਦੇ ਰਾਹ ਟੁਰੀਏ ਜੜ੍ਹ ਕੁਫਰ ਦੀ ਜਿਉ ਥੋਂ ਪੁੱਟੀਏ ਨੀ
ਜਿਹੜੇ ਛਡ ਹਲਾਲ ਹਰਾਮ ਤੱਕਣ ਵਿੱਚ ਹਾਵੀਆ ਦੋਜ਼ਖੇ ਸੁੱਟਈਏ ਨੀ
ਖੇੜਾ ਹੱਕ ਹਲਾਲ ਕਬੂਲ ਕਰ ਤੂੰ ਵਾਰਸ ਸ਼ਾਹ ਬਿਨ ਬੈਠੀ ਏਂ ਵੱਟੀਏ ਨੀ

208. ਉੱਤਰ ਹੀਰ
ਕਲੂਬੁਲ ਮੋਮਨੀਨ ਅਰਸ਼ ਅੱਲਾਹ ਤੁਆਲਾ ਕਾਜ਼ੀ ਅਰਸ਼ ਖੁਦਾਏ ਦਾ ਢਾ ਨਾਹੀਂ
ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ ਓਥੇ ਖੋੜਿਆਂ ਦੀ ਕੋਈ ਵਾਹ ਨਾਹੀਂ
ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ
ਜਿਸ ਜੀਵਨੇ ਕਾਨ ਈਮਾਨ ਵੇਚਾਂ ਏਹਾ ਕੌਣ ਜੋ ਅੰਤ ਫਨਾਹ ਨਾਹੀਂ
ਜੇਹਾ ਰੰਘੜਾਂ ਵਿੱਚ ਨਾ ਪੀਰ ਕੋਈ ਅਤੇ ਲੁਧੜਾਂ ਵਿੱਚ ਬਾਦਸ਼ਾਹ ਨਾਹੀਂ
ਵਾਰਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ ਨਾਲ ਅਹਿਲ ਤਰੀਕਤਾਂ ਰਾਹ ਨਾਹੀਂ

209. ਕਾਜ਼ੀ ਦਾ ਉੱਤਰ
ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ ਕਰਾਂ ਉਮਰ ਖਤਾਬ ਦਾ ਨਿਆਉਂ ਹੀਰੇ
ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਕੋਈ ਵੇਖਸੀ ਪਿੰਡ ਗਰਾਉਂ ਹੀਰੇ
ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ ਛੱਡ ਚਾਕ ਰੱਝੇਟੇ ਦਾ ਨਾਂਉਂ ਹੀਰੇ
ਅੱਖੀਂ ਮੀਟ ਕੇ ਵਕਲ ਲੰਘਾ ਮੋਈਏ ਇਹ ਜਹਾਨ ਹੈ ਬੱਦਲਾਂ ਛਾਂਉਂ ਹੀਰੇ
ਵਾਰਸ ਸ਼ਾਹ ਹੁਣ ਆਸਰਾ ਰਬ ਦਾ ਹੈ ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ

210. ਹੀਰ ਦਾ ਉੱਤਰ
ਰਲੇ ਦਿਲਾ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਨ ਹੈ ਤਿਨ੍ਹਾਂ ਹਤਿਆਰਿਆਂ ਨੂੰ
ਨਿਤ ਸ਼ਹਿਰ ਦੇ ਫਿਕਰ ਗਲਤਾਨ ਰਹਿੰਦੇ ਏਹੋ ਸ਼ਾਮਤਾ ਰਬ ਦਿਆਂ ਮਾਰਿਆਂ ਨੂੰ
ਖਾਵਨ ਵੱਢੀਆਂ ਨਿਤ ਈਮਾਨ ਵੇਚਣ ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ ਹੈ ਇਹਨਾਂ ਵਿਚਾਰਿਆਂ ਨੂੰ
ਵਾਰਸ ਸ਼ਾਹ ਮੀਆਂ ਬਣੀ ਬਹੁਤ ਔਖੀ ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ

ਔਖੇ ਲਫ਼ਜ਼ਾਂ ਦੇ ਮਾਅਨੇ

201
ਵਿਆਹ ਦੀਆਂ ਕੁੱਝ ਰਸਮਾਂ। ਸੌਣ ਸੁਪਤ। ਇਸ ਭਾਂਤ ਦੀ ਸੌਗੰਧ ਜਿਹਦੇ ਵਿੱਚ ਵਿਆਹੰਦੜ ਵਚਨ ਦਿੰਦਾ ਹੈ ਕਿ ਉਹ ਆਪਣੀ ਵਿਆਹੀ ਜਾਣ ਵਾਲੀ ਸਾਥਣ ਤੋਂ ਬਗੈਰ ਹੋਰ ਹਰ ਇਸਤਰੀ ਨੂੰ ਆਪਣੀ ਮਾਂ, ਭੈਣ ਜਾਂ ਪੁੱਤਰੀ ਸਮਝੇ ਗਾ।
ਖੁਦ ਕਨੇ। ਵਿਆਹ ਦੀ ਰਸਮ ਜਿਹਦੇ ਵਿੱਚ ਕੁੜੀਆਂ ਆਟੇ ਦੀਆਂ ਖੇਲਾਂ ਬਣਾ ਕੇ ਲਾੜੇ ਤੋਂ ਲਾਗ ਲੈਂਦੀਆਂ ਹਨ।
ਰੋੜੀ। ਗੁੜ ਦੀ ਭੇਲੀ
ਘੜਾ ਘੜੋਲੀ। ਵਿਆਹ ਦੀ ਇੱਕ ਰਸਮ ਜਿਹਦੇ ਵਿੱਚ ਕੁੜੀਆਂ ਲਾੜੇ ਲਾੜੀ ਨੂੰ ਖੂਹ ਵਿੱਚੋਂ ਪਾਣੀ ਦੇ ਡੋਲ ਖਿੱਚਣ ਲਈ ਕਹਿੰਦੀਆਂ ਅਤੇ ਇੱਕ ਘੜਾ ਭਰਨ ਲਈ ਆਖਦੀਆਂ।
ਘਾਇਲ। ਜ਼ਖਮੀ
ਰਕੀਬ। ਸੱਚੇ ਆਸ਼ਕ ਦੇ ਮੁਕਾਬਲੇ ਕੋਈ ਦੂਜਾ ਉਮੀਦਵਾਰ

202
ਭੇਟਕ। ਭੇਟਾ
ਗੁਹੀਰਾ। ਜੰਗਲ ਵਿੱਚ ਖੁੰਡਾਂ ਦੇ ਵਿੱਚ ਰਹਿਣ ਵਾਲਾ ਜ਼ਹਿਰੀਲਾ ਗਿਰਗਟ।
ਮੰਜੜਾ। ਮੰਜਾ
ਕਿੱਕਰਾਂ। ਕਿਵੇਂ, ਕਿਸ ਤਰ੍ਹਾਂ
ਪਹੁੰਚਾ। ਪੈਰ
ਕਸੀਰੇ ਦਾ ਮਨਸ। ਨਿਕੰਮਾ ਆਦਮੀ
ਖਰੀ। ਵਧੀਆ। ਸ਼ੁੱਧ
ਵਰੀ। ਲਾੜੇ ਵਾਲੇ ਪਾਸੇ ਵੱਲੋਂ ਲਾੜੀ ਲਈ ਲਿਆਂਦੇ
ਕੱਪੜੇ ਅਤੇ ਗਹਿਣੇ ਆਦਿ

203
ਝੇੜ। ਝਗੜਾ
ਪਿੜੀ। ਬਾਂਸ ਦੀ ਛੋਟੀ ਜਹੀ ਪਟਾਰੀ
ਢੰਗਾ ਪਾ ਕੇ। ਜੁਟ ਪਾ ਕੇ
ਖੰਡ ਪੁੜੀ। ਸੁਹਾਗ ਪਟਾਰੀ
ਕੋਟ ਨਦੀ ਵਿੱਚ। ਨਦੀ ਦੇ ਵਿਚਾਲੇ ਸੁੱਕੀ ਥਾਂ ਧੜੀ। ਜਿਹਦਾ ਭਾਰ ਇੱਕ ਧੜੀ ਹੋਵੇ, ਵੱਡਾ
ਚਖਾ ਬਹੂ। ਮਹਾਭਾਰਤ ਦੇ ਰਣ ਵਿੱਚ ਵਰਤਿਆ ਵਾਇਉ ਚਕਰ
ਤ੍ਰਿਗਾ। ਤੜਾਗੀ ''ਮੁੰਡਾ ਮਰ ਜਾਏ ਪਰ ਤੜਾਗੀ ਨਾ ਟੁੱਟੇ।"
ਇੱਕ ਆਖਾਣ ਪਰਵਾਰ। ਅਸਮਾਨ ਵਿੱਚ ਚੰਦ ਦੁਆਲੇ ਚਾਣਨ ਦਾ ਇੱਕ ਚੱਕ ਧਰੌਂਕਲ। ਵਜ਼ੀਰਾਬਾਦ (ਪਾਕਿਸਤਾਨੀ ਪੰਜਾਬ) ਤੋਂ ਚਾਰ ਮੀਲ ਦੂਰ ਇੱਕ ਰੇਲਵੇ ਸਟੇਸ਼ਨ ਹੈ। ਇਸ ਪਿੰਡ ਵਿੱਚ ਹਜਰਤ ਸਖੀ ਸਰਵਰ ਕਿੰਨਾ ਚਿਰ ਡੇ ਰੇ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੀ। ਹਾਂਲੀਂ ਵੀ ਗਰਮੀਆਂ ਨੂੰ ਏਥੇ ਇੱਕ ਵੱਡਾ ਮੇਲਾ ਲਗਦਾ ਹੈ ਅਤੇ ਲੋਕੀਂ ਢੋਲ ਵਜਾਉਂਦੇ, ਸਜ ਸਜਾ ਕੇ ਪੈਦਲ ਪੁੱਜਦੇ ਨੇ। ਏਸ ਤੁਰਦੇ ਮੇਲੇ ਨੂੰ ''ਸੰਗ" ਕਹਿੰਦੇ
ਹਨ। ਇਹ ਧਰੌਂਕਲ ਜਾਕੇ ਮੁਕਦਾ ਹੈ। ਇਹ ਲੋਕੀਂ ਨੱਚਦੇ ਗਾਉਂਦੇ ਰਸਤੇ ਵਿੱਚ ਪਿੰਡਾਂ ਵਿੱਚ ਰਾਤਾਂ ਰਹਿੰਦੇ ਜਾਂਦੇ ਹਨ।

204
ਵਿਹਰ ਬੈਠਨਾ। ਬਾਜ਼ੀ ਹੋ ਜਾਣਾ
ਨਜ਼੍ਹਾ। ਮਰਨ ਕੰਢਾ
ਛਾਹ। ਲੱਸੀ
ਮੇਂਉਂ। ਮੱਛੀਆਂ ਫੜਨ ਵਾਲਾ

205
ਅਰਸ਼ਾਦ ਕੀਤਾ। ਹੁਮ ਦਿੱਤਾ, ਕਿਹਾ
ਜੰਨਤ। ਏ। ਅਦਨ। ਬਹਿਸ਼ਤ
ਹਿਆ। ਸ਼ਰਮ
ਸਤਰ। ਪਰਦਾ
ਦਰਜ਼। ਛੋਟੀ ਜਹੀ ਕਾਤਰ
ਕਾਹ। ਕਿਉਂ

206
ਕੁੱਲੇ ਸ਼ੈਹਇਨ ਖ਼ਲਕਨਾ ਜ਼ੋਜਈਨ। (ਕੁਰਾਨ ਮਜੀਦ
ਵਿੱਚੋਂ। ਅਰਬੀ ਭਾਸ਼ਾ) ਅਸੀਂ ਹਰ ਇੱਕ ਚੀਜ਼ ਦੇ
ਜੋੜੇ ਬਣਾਏ ਹਨ।
ਧਉਲ। ਧਵਲਾ ( ''ਧਵਲੇ ਉਪਰ ਕੀਤਾ ਭਾਰ" ਗੁਰਬਾਣੀ)
ਬਾਸ਼ਕ। ਸੱਪ

207
'ਰੱਬ ਫਨਿ ਕਿਹੂ'। ਰੱਬ ਨੇ ਫਰਮਾਇਆ ਹੈ, ਕਿ ਔਰਤਾਂ ਦਾ ਨਿਕਾਹ ਕਰੋ।

269
ਹਾਵੀਆ। ਦੋਜ਼ਖ ਭਾਵ ਨਰਕ ਦਾ ਸਾਰਿਆਂ ਤੋਂ ਔਖਾ ਹਿੱਸਾ
ਕਲੂਬੁਲਮੋਮਨੀਨ। ਰੱਬ
ਚਾੜ੍ਹ ਲਾਹ। ਉਤਰਨਾ ਚੜ੍ਹਨਾ
ਕਾਨ। ਕਾਰਨ
ਅਹਿਲੇ ਤਰੀਕਤ। ਤਰੀਕਤ ਵਾਲੇ
ਤਰੀਕਤ। ਸੂਫੀਆਂ ਦਾ ਤਰੀਕਾ ਜਿਹਦੇ ਨਾਲ ਰੂਹਾਨੀ ਕਮਾਲ ਮਿਲਦਾ ਹੈ।
ਕਮਾਲ। ਖੂਬੀ, ਪੂਰਨਤਾ

209
ਵਿੱਟਰੇ। ਨਰਾਜ਼ ਹੋਵੇ
ਉਮਰ ਖਿਤਾਬ। ਉਮਰ। ਮੁਸਲਮਾਨਾਂ ਦੇ ਦੂਜੇ ਖਲੀਫਾ, ਇਨ੍ਹਾਂ ਨੇ 634 ਤੋਂ 644 ਈਂ ਤੱਕ ਖਿਲਾਫਤ ਕੀਤੀ। ਇਹ ਇਨਸਾਫ ਲਈ ਮਸ਼ਹੂਰ ਹਨ।

210
ਰਲੇ। ਆਪੋ ਵਿੱਚ ਮਿਲੇ
ਬਾਨ। ਆਦਤ
ਗੁਲਤਾਨ। ਫਸੇ ਹੋਏ

 

More

Your Name:
Your E-mail:
Subject:
Comments:


Powered by: PHPCow.com