کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੧੧-੨੨੦

ਹੀਰ ਵਾਰਸ ਸ਼ਾਹ : ਬੰਦ ੨੧੧-੨੨੦

ਵਾਰਸ ਸ਼ਾਹ

July 2nd, 2008

 

 

211. ਕਾਜ਼ੀ ਦਾ ਉੱਤਰ
ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤੱਕਨ ਨਜ਼ਰ ਹਰਾਮ ਦੀ ਮਾਰੀਅਨ ਗੇ
ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ ਓਥੇ ਪਾਪ ਤੇ ਪੁੰਨ ਨਵਾਰੀਅਨ ਗੇ
ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ ਘਤ ਅੱਗ ਦੇ ਵਿੱਚ ਨਘਾਰੀਅਨ ਗੇ
ਕੂਚ ਵਕਤ ਨਾ ਕਿਸੇ ਹੈ ਸਾਥ ਰਲਨਾਂ ਖਾਲੀ ਦੋਸਤ ਤੇ ਜੇਬ ਭੀ ਝਾੜੀਅਨ ਗੇ
ਵਾਰਸ ਸ਼ਾਹ ਇਹ ਉਮਰ ਦੇ ਲਾਅਲ ਮੁਹਰੇ ਇੱਕ ਰੋਜ਼ ਆਕਬਤ ਹਾਰੀਅਨ ਗੇ

212. ਹੀਰ ਦਾ ਉੱਤਰ
'ਕਾਲਵਾ ਬਲੀ' ਦੇ ਦਿੰਹੁ ਨਕਾਹ ਬੱਧਾ ਰੂਹ ਨਬੀ ਦੀ ਆਪ ਪੜ੍ਹਾਇਆ ਈ
ਕੁਤਬ ਹੋ ਵਕੀਲ ਬੈਠਾ ਵਿੱਚ ਆ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਈ
ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫੀਲ ਆਇਆ ਈ
ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰਬ ਨੇ ਕਦੋਂ ਫੁਰਮਾਇਆ ਈ

213. ਉਹੀ ਚਲਦਾ
ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤੱਤੇ ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ
ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ ਓਨ੍ਹਾਂ ਫਿਕਰ ਅੰਦੇਸੜਾ ਕਾਸ ਦਾ ਈ
ਆਖਿਰ ਸਿਦਕ ਯਕੀਨ ਤੇ ਕੰਮ ਪੌਸੀ ਮੌਤ ਚਰਜ਼ ਇਹ ਪਤਲਾ ਮਾਸ ਦਾ ਈ
ਦੋਜ਼ਖ ਮੋਹਰਿਆਂ ਮਿਲਨ ਬੇਸਿਦਕ ਝੂਠੇ ਜਿਨ੍ਹਾਂ ਬਾਨ ਤੱਕਨ ਆਸ ਪਾਸ ਦਾ ਈ

214. ਕਾਜ਼ੀ ਦਾ ਉੱਤਰ
ਲਿਖਿਆ ਵਿੱਚ ਕੁਰਾਨ ਦੇ ਹੈ ਗੁਨਾਹਗਾਰ ਖੁਦਾ ਦਾ ਚੋਰ ਹੈ ਨੀ
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ ਇਹੋ ਰਾਹ ਤਰੀਕ ਦਾ ਜ਼ੋਰ ਹੈ ਨੀ
ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਨ ਪੈਰ ਵੇਖ ਕੇ ਝੂਰ ਦਾ ਮੋਰ ਹੈ ਨੀ
ਜੋ ਕੁੱਝ ਮਾਉਂ ਤੇ ਬਾਪ ਤੇ ਅਸੀਂ ਕਰੀਏ ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ

215. ਹੀਰ ਦਾ ਉੱਤਰ
ਕਾਜ਼ੀ' ਮਾਉਂ ਤੇ ਬਾਪ ਇਕਰਾਰ ਕੀਤਾ ਹੀਰ ਰਾਂਝੇ ਦੇ ਨਾਲ ਵਿਵਹਾਨੀ ਹੈ
ਅਸਾਂ ਓਸ ਦੇ ਨਾਲ ਚਾ ਕੌਲ ਇਕਰਾਰ ਕੀਤਾ ਲਬੇ ਗੋਰ ਦੇ ਤੀਕ ਨਿਬਾਹਨੀ ਹੇ
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ
ਵਾਰਸ ਸ਼ਾਹ ਨਾ ਜਾਣਦੇ ਮੰਝ ਕਮਲੇ ਖੋਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ

216. ਕਾਜ਼ੀ ਦਾ ਉੱਤਰ
ਕੁਰਬ ਵਿੱਚ ਦਰਗਾਹ ਦਾ ਤਿੰਨ੍ਹਾਂ ਨੂੰ ਹੈ ਜਿਹੜੇ ਹੱਕ ਦੇ ਨਾਲ ਨਕਾਹੈਨ ਗੇ
ਮਾਉਂ ਬਾਪ ਦੇ ਹੁਕਮ ਵਿੱਚ ਚਿੱਲੇ ਬਹੁਤ ਜ਼ੌਕ ਦੇ ਨਾਲ ਦਵਾਹੈਨ ਗੇ
ਜਿਹੜੇ ਸ਼ਰ੍ਹਾ ਥੋਂ ਜਾਨ ਬੇਹੁਕਮ ਹੋਏ ਵਿੱਚ ਹਾਵੀਏ ਜੋਜ਼ਖੇ ਲਾਹੈਨ ਗੇ
ਜਿਹੜੇ ਹੱਕ ਦੇ ਨਾਲ ਪਿਆਰ ਵੰਡਣ ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੈਨ ਗੇ
ਜਿਹੜੇ ਨਾਲ ਤੱਕਬਰੀ ਆਕੜਨ ਗੇ ਵਾਂਗ ਈਦ ਦੇ ਬੱਕਰੇ ਢਾਹੈਨ ਗੇ
ਤਨ ਪਾਲ ਕੇ ਜਿਨ੍ਹਾਂ ਖੁਦਰੂਈ ਕੀਤੀ ਅੱਗੇ ਅੱਗ ਦੇ ਆਕਬਤ ਡਾਹੈਨ ਗੇ
ਵਾਰਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ ਕਾਉ਼ ਵਾਂਗ ਪਲਾਕ ਵਿੱਚ ਫਾਹੈਨ ਗੇ

217. ਹੀਰ ਦਾ ਉੱਤਰ
ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ ਮਨਜ਼ੂਰ ਖੁਦਾ ਦੇ ਰਾਹ ਦੇ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਇਲਾਹ ਦੇ ਨੇ
ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ ਤਿੰਨ੍ਹਾਂ ਫਿਕਰ ਅੰਦੇਸ਼ੜੇ ਕਾਹ ਦੇ ਨੇ
ਜਿੰਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ ਓ ਸਾਹਿਬ ਮਰਤਬਾ ਡਾਹ ਦੇਨੇ
ਜਿਹੜੇਰਿਸ਼ਵਤਾਂ ਖਾਏ ਕੇ ਹੱਕ ਰੋੜ੍ਹਨ ਓਹ ਚੋਰ ਉਚੱਕੜੇ ਰਾਹ ਦੇ ਨੇ
ਇਹ ਕੁਰਾਨ ਮਜੀਦ ਦੇ ਮਾਇਨੇ ਨੇ ਜਿਹੜੇ ਸ਼ਿਅਰ ਮੀਆਂ ਵਾਰਸ ਸ਼ਾਹ ਦੇ ਨੇ

218. ਕਾਜ਼ੀ ਦਾ ਸਿਆਲਾਂ ਨੂੰ ਉੱਤਰ
ਕਾਜ਼ੀ ਆਖਿਆ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਹੈ
ਲਿਆਉ ਪੜ੍ਹੋ ਨਕਾਹ ਮੂੰਹ ਬਨ੍ਹ ਇਸਦਾ ਕਿੱਸਾ ਗੋਈ ਫਸਾਦ ਗੁਜ਼ਾਰਦੀ ਹੈ
ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ ਛੱਡ ਬਕਰੀਆਂ ਸੂਰੀਆਂ ਚਾਰਦੀ ਹੈ
ਵਾਰਸ ਸ਼ਾਹ ਮਧਾਣੀ ਹੈ ਹੀਰ ਜੱਟੀ ਇਸ਼ਕ ਦਹੀ ਦਾ ਘਿਉ ਨਤਾਰਦੀ ਹੈ।

219. ਕਾਜ਼ੀ ਵੱਲੱਲੋ ਨਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰੋਰ ਦੇਣੇਣਾ
ਕਾਜ਼ੀ ਬਨ੍ਹ ਨਕਾਹ ਤੇ ਘਤ ਡੋਲੀ ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ
ਤੇਵਰ ਬਿਉਰਾਂ ਨਾਲ ਜੜਾਊ ਗਹਿਣੇ ਦੰਮ ਦੌਲਤਾਂ ਨਿਅਮਤਾਂ ਹੋਰ ਮੀਆਂ
ਟਮਕ ਮਹੀਂ ਤੇ ਘੋੜੇ ਉਠ ਦਿੱਤੇ ਗਹਿਨਾ ਪੱਤਰਾ ਢੱਗੜਾ ਢੋਰ ਮੀਆਂ
ਹੀਰ ਖੇੜਿਆਂ ਨਾਲ ਨਾਲ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ
ਖੇੜੇ ਘਿਨ ਕੇ ਹੀਰ ਨੂੰ ਰਵਾਂ ਹੋਏ ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ

220. ਰਾਂਝੇ ਬਿਨਾਂ ਗਾਈਆਂ ਮੱਝੱਝਾਂ ਦਾ ਕਾਬੂ ਨਾ ਆਉਣੁਣਾ
ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੂਏ ਹੋਇਕੇ ਪਿੰਡ ਭਜਾਇਉ ਨੇ
ਪੁਟ ਝੁੱਘੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ
ਚੌ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਕਾ ਥੀ ਧੁਮਲਾ ਲਾਇਉ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਚੁੰਮ ਕੇ ਆਨ ਜਗਾਇਉ ਨੇ
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ ਵਾਂਗ ਸੇਵਕਾਂ ਸਖੀ ਮਨਾਇਉ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਨੇ ਦੇ ਲਾਲ ਬੇਗ ਦਾ ਥੜਾ ਪੁਜਾਇਉ ਨੇ
ਪਕਵਾਲ ਤੇ ਪਿੰਨੀਆ ਰੱਖ ਅੱਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫਕਤ ਸਿਰ ਟਮਕ ਚਾ ਚਵਾਇਉ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ
ਦੇ ਚੂਰੀ ਤੇ ਖਿਚੜੀ ਦੀਆ ਸੱਤ ਬੁਰਕਾਂ ਨਢਾ ਦੇਵਰਾ ਗੋਦ ਬਹਾਇਉ ਨੇ
ਅੱਗੋਂ ਲੈਣ ਆਈਆਂ ਸਈਆਂ ਵੋਹਟੜੀ ਨੂੰ 'ਜੇ ਤੂੰ ਆਂਦੜੀ ਵੇ ਵੀਰਆ' ਗਾਇਉ ਨੇ
ਸਿਰੋਂ ਲਾਹ ਟਮਕ ਭੂਰਾ ਖਸ ਲੀਤਾ ਆਦਮ ਬਹਿਸ਼ਤ ਕੀਂ ਵੇਖ ਤ੍ਰਾਹਿਉ ਨੇ
ਵਾਰਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ ਭੁਖਾ ਜੰਨਤੋਂ ਰੂਹ ਕਢਾਇਉ ਨੇ

ਔਖੇ ਲਫ਼ਜ਼ਾਂ ਦੇ ਮਾਅਨੇ

211
ਨਿਰਵਾਇਨ। ਪੜਤਾਲ ਕਰਨਗੇ
ਆਕਬਤ। ਅੰਤ (ਮਰਨ ਪਿੱਛੋਂ)

212
ਕਾਲੂ ਬਲਾ। ਜਿਸ ਦਿਨ ਰੱਬ ਨਾਲ ਵਚਨ ਕੀਤਾ ਸੀ,
ਕੁਤਬ। ਵਕੀਲ
ਜਬਰਾਈਲ, ਮੇਕਈਲ, ਅਜ਼ਰਾਈਲ ਅਤੇ ਅਸਰਾਫੀਲਫਰਿਸ਼ਤਿਆਂ ਦੇ ਨਾਂਉਂ ਹਨ।

213
ਤਾਉ। ਗਰਮੀ
ਅੰਦੇਸ਼ੜਾ। ਅੰਦੇਸ਼ਾ, ਡਰ
ਚਰਖ। ਸ਼ਿਕਾਰੀ ਪਰਿੰਦਾ

214
ਤਰੀਕ ਦਾ ਰਾਹ। ਸਮਾਜ ਦਾ ਇਹੀ ਤਰੀਕਾ ਹੈ।
ਲਬੇ ਗੌਰ। ਕਬਰ ਦੇ ਕੰਢੇ ਤੱਕ, ਮਰਨ ਤੱਕ

215
ਮੰਝ ਕਮਲੇ। ਅੱਧ ਕਮਲੇ
ਖੁਰਸ਼। ਖੁਰਾਕ
ਕੁਰਬ। ਨੇੜਤਾ
ਚਿੱਲੇ। ਕੰਟਰੋਲ
ਤਕੱਬਰੀ। ਗਰੂਰ, ਹੰਕਾਰ
ਖੁਦਰੂਈ। ਗਰੂਰ, ਘੁਮੰਡ
ਪਲਾਕ। ਦਸਤ, ਜਲਾਬ, ਪਾਖਾਨਾ

217
ਤਹਿਕੀਕ। ਭਾਲ
ਵਿਰਦ ਕੀਤਾ। ਜਪਿਆ

218
ਕਿੱਸਾ ਗੋ। ਕਹਾਣੀਆਂ ਘੜਣ ਵਾਲੀ
ਦਾਇਰਿਆਂ ਵਿੱਚ ਵੜਦੀ। ਚੰਗੇ ਕੰਮ ਛਡ ਕੇ ਬੁਰੇ ਪਾਸੇ ਲੱਗੀ

219
ਇੱਕ। ਜਿਹੜੇ ਮੰਨਦੇ ਹਨ ਕਿ ਰਬ ਇੱਕ ਹੈ।
ਦਮ। ਦਾਮ, ਪੈਸੇ
ਪੱਤਰ। ਸੋਨੇ ਦਾ ਪੱਤਰਾ, ਜਦੋਂ ਲੋੜ ਪਵੇ ਤਾਂ ਇਸ ਦਾ ਜੋ ਮਰਜ਼ੀ ਬਣਵਾ ਲਵੋ, ਰਵਾਂ ਹੋਏ। ਤੁਰ ਪਏ ''ਰਵਾਂ ਦਵਾਂ ਹੈਂ ਹਮ ਏਸ਼ੀਆਈ" ਜਗਮੋਹਣ ਜੋਸ਼ੀ।

220
ਚੌਰ। ਪੂਛ
ਸ਼ੌਕਾਤ। ਦੁਖੀ ਹੋ ਕੇ, ਮਾਤਮ ਕਰਦੀਆਂ
ਭੋਲੂ ਰਾਮ। ਭੋਲੇ ਨਾਥ, ਬੇਗੁਨਾਹ ਬੱਚਾ, ਕ੍ਰਿਸ਼ਨ ਜੀ
ਸ਼ਫਕਤ। ਮਿਹਰਬਾਨੀ, ਪਿਆਰ
'ਜੇ ਤੂੰ ਆਦੜੀ ਵੀਰਾ'। ਵਿਆਹ ਕੇ ਲਿਆਂਦੀ ਵੌਹਟੀ
ਨੂੰ ਘਰ ਵਿੱਚ ਅੰਦਰ ਲਿਆਉਣ ਵਾਲੇ ਦਾ ਗੀਤ

 

More

Your Name:
Your E-mail:
Subject:
Comments:


Powered by: PHPCow.com