کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੬੧-੨੭੦

ਹੀਰ ਵਾਰਸ ਸ਼ਾਹ : ਬੰਦ ੨੬੧-੨੭੦

ਵਾਰਸ ਸ਼ਾਹ

July 2nd, 2008

 

 

261. ਰਾਂਝੇ ਦਾ ਉੱਤਰ
ਜੋਗੀ ਛੱਡ ਜਹਾਨ ਫਕੀਰ ਹੋਏ ਏਸ ਜੱਗ ਵਿੱਚ ਬਹੁਤ ਖਵਾਰੀਆਂ ਨੇ
ਲੈਣ ਦੇਣ ਤੇ ਦਜ਼ਾ ਅਨਿਆ ਕਰਨਾ ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ
ਉਹ ਪੁਰਖ ਨਿਰਬਾਨ ਪਦ ਜਾ ਪਹੁੰਚੇ ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ
ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ ਕੇਹੀਆਂ ਜਿਊ ਤੇ ਘੁੰਡੀਆਂ ਚਾੜ੍ਹਈਆਂ ਨੇ
ਏਸ ਜਟ ਜ਼ਰੀਬ ਨੂੰ ਤਾਰ ਓਵੇਂ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ
ਵਾਰਸ ਸ਼ਾਹ ਮੀਆਂ ਰਬ ਸ਼ਰਮ ਰੱਖੇ ਜੋਗ ਵਿੱਚ ਮਸੀਬਤਾਂ ਭਾਰੀਆਂ ਨੇ

262. ਨਾਥ ਦਾ ਉੱਤਰ
ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆ ਖਰੀ ਕਠਨ ਹੈ ਜੋਗ ਮੁਹਿੰਮ ਮੀਆਂ
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ ਜਿਹੀ ਘੋਲ ਕੇ ਪੀਵਣੀ ਨਿਮ ਮੀਆਂ
ਜਹਾਂ ਸੁਨ ਸਮਾਧ ਕੀ ਮੰਡਲੀ ਹੈ ਅਤੇ ਜੋਤਨਾ ਹੈ ਰਮ ਝਮ ਮੀਆਂ
ਤਹਾਂ ਭਸਮ ਲਗਾਇਕੇ ਭਸਮ ਹੋਨਾ ਪੇਸ਼ ਜਾਏ ਨਾਹੀਂ ਗਰਬ ਢਿਮ ਮੀਆਂ

263. ਰਾਂਝੇ ਦਾ ਉੱਤਰ
ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ ਸ਼ੌਕ ਜਾਗਿਆ ਹਰਫ ਨਗੀਨਿਆਂ ਦੇ
ਏਸ ਜੋਗ ਦੇ ਪੰਥ ਵਿੱਚ ਆ ਵੜਿਆਂ ਛੁਪਨ ਐਬ ਸਵਾਬ ਕਮੀਨਿਆਂ ਦੇ
ਹਿਰਸ ਅੱਗ ਤੇ ਫਕਰ ਦਾ ਪਵੇ ਪਾਣੀ ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ
ਹਿਕ ਫਕਰ ਹੀ ਰਬ ਦੇ ਰਹਿਣ ਸ਼ਾਬਤ ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ
ਤੇਰੇ ਦਵਾਰ ਤੇ ਆਨ ਮੁਹਤਾਜ ਹੋਏ ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ
ਤੇਰਾ ਹੋ ਫਕੀਰ ਮੈਂ ਨਗਰ ਮੰਗਾਂ ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ

264. ਨਾਥ ਦਾ ਉੱਤਰ
ਏਸ ਜੋਗ ਦੇ ਵਾਇਦੇ ਬਹੁਤ ਔਖੇ ਨਾਦ ਅਨਹਤ ਤੇ ਸਨ ਵਜਾਵਨਾ ਵੋ
ਜੋਗੀ ਜੰਗਮ ਗੋਦੜੀ ਜਟਾ ਧਾਰੀ ਮੁੰਡੀ ਨਿਰਮਲਾ ਭੇਖ ਵਟਾਵਨਾ ਵੋ
ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ ਦਸਵੇਂ ਦਵਾਰ ਹੈ ਸਾਸ ਚੜ੍ਹਵਨਾ ਵੋ
ਜੰਮੇ ਆਏ ਦਾ ਹਰਖ ਤੇ ਸੋਗ ਛੱਡੇ ਨਹੀਂ ਮੋਇਆਂ ਗਿਆਂ ਪਛੋਤਾਵਨਾ ਵੋ
ਨਾਂਉਂ ਫਕਰ ਦਾ ਬਹੁਤ ਆਸਾਨ ਲੈਣਾ ਖਰਾ ਕਠਨ ਹੈ ਜੋਗ ਕਮਾਵਨਾ ਵੋ
ਧੋ ਧਾਇਕੇ ਜਟਾਂ ਨੂੰ ਧੂਪ ਦੇਣਾ ਸਦਾ ਅੰਗ ਭਭੂਤ ਰਮਾਵਣਾ ਵੋ
ਉਦਿਆਨ ਬਾਸ਼ੀ ਜਤੀ ਸਤੀ ਜੋਗੀ ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ
ਲਖ ਖ਼ੂਬਸੂਰਤ ਪਰੀ ਹੂਰ ਹੋਵੇ ਜ਼ਰਾ ਜਿਉ ਨਾਹੀਂ ਭਰਮਾਵਨਾ ਵੋ
ਕੰਦ ਮੂਲ ਤੇ ਪੋਸਤ ਅਫੀਮ ਬਿਜੀਆ ਨਸ਼ਾ ਖਾਇਕੇ ਮਸਤ ਹੋ ਜਾਵਨਾ ਵੋ
ਜਗ ਖਾਬ ਖਿਆਲ ਹੈ ਸੁਪਨ ਮਾਤਰ ਹੋ ਕਮਲਿਆਂ ਹੋਸ਼ ਭੁਲਾਵਨਾ ਵੋ
ਘਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ ਬੀਨ ਕਿੰਗ ਤੇ ਸੰਗ ਵਜਾਵਨਾ ਵੋ
ਜਗਨ ਨਾਥ ਗੋਦਾਵਰੀ ਗੰਗ ਜਮਨਾ ਸਦਾ ਤੀਰਥਾਂ ਤੇ ਜਾ ਨਹਾਵਨਾ ਵੋ
ਮੇਲੇ ਸਿੱਧਾਂ ਦੇ ਖੇਲਨਾਂ ਦੇਸ ਪੰਚਮ ਨਵਾਂ ਨਾਥਾਂ ਦਾ ਦਰਸਨ ਪਾਵਨਾ ਵੋ
ਕਾਮ ਕਰੋਧ ਤੇ ਲੋਭ ਹੰਕਾਰ ਮਾਰਨ ਜੋਗੀ ਖਾਕ ਦਰ ਖਾਕ ਹੋ ਜਾਵਨਾ ਵੋ
ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ ਤੈਨੂੰ ਔਖ਼ੜਾ ਜੋਗ ਕਮਾਵਨਾ ਵੋ
ਇਹ ਜੋਗ ਹੈ ਕੰਮ ਨਰਾਸਿਆਂ ਦਾ ਤੁਸਾਂ ਜੱਟਾਂ ਦੀ ਜੋਗ ਥੋਂ ਪਾਵਨਾ ਵੋ

265. ਉੱਤਰ ਰਾਂਝਾ
ਤੁਸਾਂ ਬਖਸ਼ਨਾ ਜੋਗ ਤਾਂ ਕਰੋ ਕਿਰਪਾ ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ
ਜਿਹੜਾ ਆਸ ਕਰਕੇ ਡਿੱਗੇ ਆਨ ਦਵਾਰੇ ਜਿਉ ਓਸ ਦਾ ਚਾ ਨਾ ਤੋੜੀਏ ਜੀ
ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ ਪਾਰ ਲਾਈਏ ਵਿੱਚ ਨਾ ਬੋੜੀਏ ਜੀ
ਵਾਰਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ ਮਿਹਰ ਓਸ ਥੋਂ ਨਾ ਵਿਛੋੜੀਏ ਜੀ

266. ਉੱਤਰ ਨਾਥ
ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਭੁਜੰਗੀਆਂ ਦਾ
ਤਡ ਜ਼ਰਾਂ ਤੇ ਹੁਕਮ ਫਕੀਰ ਹੋਵਨ ਇਹ ਕੰਮ ਹੈ ਮਾਹਨੂੰਆਂ ਚੰਗਿਆਂ ਦਾ
ਇਸ਼ਕ ਕਰਨ ਤੇ ਤੇਗ ਦੀ ਘਾਰ ਕੱਪਣ ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ
ਜਿਹੋ ਮਰਨ ਸੋ ਫਕਰ ਕੀਂ ਹੋ ਵਾਕਿਫ ਨਹੀਂ ਕੰਮ ਇਹ ਮਰਨ ਥੀਂ ਸੰਗੀਆਂ ਦਾ
ਏਥੇ ਥਾਂ ਨਾਹੀਂ ਅੜਬੰਗਿਆਂ ਦਾ ਫਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ
ਸ਼ੌਕ ਮਿਹਨ ਤੋ ਸਿਦਕ ਯਕੀਨ ਬਾਝੋਂ ਕੇਹਾ ਫਾਇਦਾ ਟੁਕੜਿਆਂ ਮੰਗਿਆਂ ਦਾ
ਵਾਰਸ ਸ਼ਾਹ ਜੇ ਇਸ਼ਕ ਦੇ ਰੰਗ ਰੱਤੇ ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ

267. ਉਹੀ ਚਾਲੂ
ਜੋਗ ਕਰੇ ਸੋ ਮਰਨ ਥੀਂ ਹੋਇ ਅਸ਼ਬਰ ਜੋਗ ਸਿੱਖੀਏ ਸਿਖਨਾ ਆਇਆ ਈ
ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ ਇਹ ਹੀ ਜੋਗੀਆਂ ਦਾ ਫਰਮਾਇਆ ਈ
ਨਾਲ ਸਿਦਕ ਯਕੀਨ ਦੇ ਬਨ੍ਹ ਤਕਵਾ ਧੰਨੇ ਪਥਰੋਂ ਰਬ ਨੂੰ ਪਾਇਆ ਈ
ਸੈਂਸੈ ਜਿਊ ਮਲੀਨ ਦੇ ਨਸ਼ਟ ਕੀਤੇ ਤੁਰਤ ਗੁਰੂ ਨੇ ਰਬ ਦਿਖਾਇਆ ਈ
ਬੱਚਾ ਸਿਉਂ ਜਿਸ ਵਿੱਚ ਕਲਬੂਤ ਖਾਕੀ ਸੱਚੇ ਰੱਬ ਨੇ ਥਾਉਂ ਬਨਾਇਆ ਈ
ਵਾਰਸ ਸ਼ਾਹ ਮੀਆਂ ਹਮਾਂ ਓਸਤ ਜਾਪੇ ਸਰਬ ਮਏ ਭਗਵਾਨ ਨੂੰ ਪਾਇਆ ਈ

268. ਉਹੀ ਚਾਲੂ
ਮਾਲਾ ਮਨਿਕਾਂ ਵਿੱਚ ਜਿਉਂ ਹਿਕ ਧਾਗਾ ਤਿਵੇਂ ਸਰਬ ਕੇ ਬੀਚ ਸਮਾਇ ਰਹਿਆ
ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਹਿਆ
ਜਿਵੇਂ ਪੱਤਰੀਂ ਮਹਿੰਦੀਉ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਹਿਆ
ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ ਮੇਂ ਜੋਤ ਬਣਾ ਰਹਿਆ
ਰਾਂਝਾ ਬਨ੍ਹ ਕੇ ਖਰਚ ਹੈ ਮਗਰ ਲੱਗਾ ਜੋਗੀ ਆਪਣਾ ਜ਼ੋਰ ਸਭ ਲਾ ਰਹਿਆ
ਤੇਰੇ ਦਵਾਰ ਜੋਗਾ ਹੋ ਰਹਿਆਂ ਹਾਂ ਮੈਂ ਜਟ ਜੋਗੀ ਨੂੰ ਘਣਾ ਸਮਝਾ ਰਹਿਆ
ਵਾਰਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀਂ ਜਾ ਰਹਿਆ

269. ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣੋਣਾ ਅਤੇ ਉਹੁਹਨੂੰ ਚੇਲਿਆਂ ਦੇ ਤਾਅਨੇ
ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ
ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ
ਦੇਖ ਸੁਹਨਾ ਰੂਪ ਜਟੇਟੜੇ ਦਾ ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ
ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ ਮੱਤਾਂ ਜਿਨ੍ਹਾਂ ਦੀਆਂ ਰਬ ਨੇ ਮਾਰੀਆਂ ਨੀ
ਜੋਗ ਦੇਨ ਨਾ ਮੂਲ ਨਮਾਣਿਆਂ ਨੂੰ ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ
ਵਾਰਸ ਸ਼ਾਹ ਖੁਸ਼ਾਮਦ ਏ ਸੁਹਨਿਆਂ ਦੀ ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ

270. ਨਾਥ ਦਾ ਚੇਲਿਆਂ ਨੂੰ ਉੱਤਰ
ਗੀਬਤ ਕਰਨ ਬੇਗਾਨੜੀ ਤਾਇਤ ਔਗਨ ਸੱਤੇ ਆਦਮੀ ਇਹ ਗੁਨ੍ਹਾਂਗਾਰ ਹੁੰਦੇ
ਚੋਰ ਕਿਰਤ ਘਣ ਚੁਜ਼ਲ ਤੇ ਝੂਠ ਬੋਲੇ ਲੂਤੀ ਲਾਵੜਾ ਸੱਤਵਾਂ ਯਾਰ ਹੁੰਦੇ
ਅਸਾਂ ਜੋਗ ਨੂੰ ਗਲ ਨਹੀਂ ਬਨ੍ਹ ਬਹਿਨਾ ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ
ਵਾਰਸ ਜਿਨ੍ਹਾਂ ਉਮੀਦ ਨਾ ਟਾਂਗ ਕਾਈ ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ

ਔਖੇ ਲਫ਼ਜ਼ਾਂ ਦੇ ਮਾਅਨੇ

261
ਨਿਰਬਾਨ। ਨਿਰਵਾਨ, ਮੁਕਤੀ ਜਿਉ ਤੇ ਘੁੰਢੀਆਂ
ਚਾੜ੍ਹੀਆਂ। ਨਾਰਾਜ਼ਗੀ

262
ਜੋਤਨਾ। ਪੰਜਾਲੀ
ਰਿਮ। ਇਸਤਰੀ ਨਾਲ ਭੋਗ ਕਰਨਾ
ਗਰਬ। ਜ਼ਰੂਰ
ਢਿਮ। ਫਰੇਬ, ਪਖੰਡ

263
ਹਿਰਸ। ਲਾਲਚ, ਤਮ੍ਹਾਂ
ਅਹਿਲ ਖਜ਼ੀਨਾ। ਖਜ਼ਾਨੇ ਦੇ ਮਾਲਕ
ਰੋਜ਼ੀਨਾ। ਇੱਕ ਦਿਨ ਦੀ ਮਜ਼ਦੂਰੀ

264
ਅਨਹਤ ਨਾਦ। ਬਿਨਾ ਫੂਕ ਮਾਰੇ ਵੱਜਣ ਵਾਲਾ ਨਰਸਿੰਗਾ
ਸਨ। ਸੰਖ
ਜੰਗਮ। ਘੰਟੀ ਵਜਾਉਣ ਵਾਲੇ
ਮੁੰਡੀ। ਘੋਨ ਮੋਨ
ਨਿਰਮਲਾ। ਸਾਧਾਂ ਦਾ ਇੱਕ ਪੰਥ
ਉਦਿਆਨ ਬਾਸ਼ੀ। ਸ਼ਹਿਰ ਤੋਂ ਦੂਰ ਜੰਗਲ ਵਿੱਚ ਡੇਰਾ ਲਾਉਣ ਵਾਲੇ
ਰੁਮਾਵਨਾ। ਲਾਉਣਾ
ਕੰਦ ਮੂਲ। ਜੜ੍ਹਾਂ ਆਦਿ
ਘਰ ਤਜ ਵਣ ਖਿੰਡ ਜਾਈਏ, ਚੁਣ ਖਾਈਏ ਕੰਦਾ ਅਜੇ ਬਿਕਾਰ ਨਾ ਛੋੜੀਏ ਇਹ ਪਾਪੀ ਮੰਦਾ।
ਬਿਜਿਆ। ਭੰਗ, ਸੁੱਖਾ
ਨਿਰਾਸੇ। ਬੇਆਸੇ, ਨਾਉਮੀਦ

265
ਜੈਂਦਾ। ਜਿਹਦਾ
ਦਵਾਰੇ ਆ ਡਿੱਗੇ। ਦਰ ਤੇ ਆ ਕੇ ਬੇਨਤੀ ਕਰੇ
ਚਰਨ ਲੱਗੇ। ਪੈਰੀਂ ਪਵੇ, ਨਮਾਣਾ ਹੋ ਕੇ ਕਰੇ

266
ਨਫਸ। ਹਉਮੈ, ਭੈਡਾ ਮਨ
ਭਜੰਗੀ। ਸਪ, ਕਾਲਾ ਨਾਗ, ਨਵ। ਯੁਵਕ
ਮਾਹਨੂਆਂ। ਮਰਦਾਂ
ਤੇਜ਼। ਤਲਵਾਰ
ਅੜਬੰਗੇ। ਅੜਬ
ਕੁੰਦੀ। ਕਪੜਿਆਂ ਦੇ ਵੱਟ ਕੱਢਣ ਵਾਲਾ ਜੰਤਰ

267
ਅਸਥਰ। ਪੱਕੇ ਪੈਰੀਂ
ਤਕਵਾ। ਪਰਹੇਜ਼ਗਾਰੀ
ਸੈਂਸੇ। ਫਿਕਰ, ਸ਼ਕ
ਮਲੀਨ। ਗੰਦਾ
ਨਸ਼ਟ। ਖਤਮ
ਹਮਾਂ ਓਸਤ। ਉਹ (ਬ) ਸਭ ਕੁੱਝ ਹੈ। ਹਮਾਂ ਓਸਤ ਰੱਬ ਦੇ ਇੱਕ ਹੋਂਨੂੰ ਦੀ ਫਲਾਸਫੀ ਜਾਂ ਦਰਸ਼ਨ ਹੈ, ਇਸ ਨੂੰ ਇਸਲਾਮ ਵਿੱਚ ਵਹਿਦਤ ਉਲਵਜੂਦ ਵੀ ਕਹਿੰਦੇ ਹਨ। ਇਹਦੇ ਅਨੁਸਾਰ ਉਹ ਭਾਵ ਸਾਰਿਆਂ ਵਿੱਚ ਵਸਦਾ ਹੈ। ਕਵੀ ਵਾਰਿਸ ਸ਼ਾਹ ਆਗਲੇ ਬੰਦ (268) ਵਿੱਚ ਇਸ ਵਿਚਾਰ ਦੀ ਵਿਆਖਿਆ ਕਰਦਾ ਹੈ। ਉਹ ''ਸਰਬ ਕੇ ਬੀਚ ਸਮਾ ਰਹਿਆ"

268
ਹਿਕ। ਇੱਕ
ਸਰਬ। ਸਾਰਿਆਂ
ਪੱਤਰੀਂ। ਪੱਤਿਆਂ ਵਿੱਚ
ਰਕਤ। ਲਹੂ
ਖਰਚ ਬੰਨ੍ਹ ਕੇ। ਪੱਕੇ ਇਰਾਦੇ ਨਾਲ
ਘਲਾ। ਬਹੁਤਾ

269
ਸਾਣ ਚੜ੍ਹਾਕੇ। ਤਿੱਖੀ ਕਰਕੇ
ਨਿਰਵਾਰ। ਫਰਕ, ਵਖ ਵਖ ਕਰਨਾ
ਖੁਸ਼ਾਮਦ। ਚਾਪਲੋਸੀ

270
ਜ਼ੀਬਤ। ਚੁਜ਼ਲੀ
''ਦਰਦ। ਏ। ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ, ਵਰਨਾ ਤਾਇਤ ਕੇ ਲੀਏ ਕੁਛ ਕੰਮ ਨਾ ਥੋ ਕਰੋਬੀਆਂ" ਕਰੋਬੀਆਂ ਦਾ ਅਰਥ ਹੈ ਫਰਿਸ਼ਤੇ.
ਤਾਇਤ। ਤਾਬੇਦਾਰੀ
ਕਿਰਤ ਘਨ। ਕਿਸੇ ਦੇ ਕੀਤੇ ਨੂੰ ਭੁਲ ਜਾਣ ਵਾਲਾ ਅਸਾਂ ਜੋਗ ਨੂੰ ਗਲ ਨਾ ਬੰਨ੍ਹ ਰਖਨਾ। ਮੈਂ ਜੋਗ ਤੁਹਾਨੂੰ ਹੀ ਦੇ ਦੇਣਾ ਹੈ, ਆਪਣੇ ਕੋਲ ਨਹੀਂ ਰਖੀ ਰੱਖਣਾ।

 

More

Your Name:
Your E-mail:
Subject:
Comments:


Powered by: PHPCow.com