کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੦੧-੩੧੦

ਹੀਰ ਵਾਰਸ ਸ਼ਾਹ : ਬੰਦ ੩੦੧-੩੧੦

ਵਾਰਸ ਸ਼ਾਹ

July 2nd, 2008

 

 

301. ਉੱਤਰ ਰਾਂਝਾ
ਅੱਖੀਂ ਦੇਖ ਕੇ ਮਰਦ ਹਨ ਚੁਪ ਕਰਦੇ ਭਾਂਵੇਂ ਚੋਰ ਈ ਝੁਗੜਾ ਲੁਟ ਜਾਏ
ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ ਗੱਲ ਖੁਆਰ ਹੋਵੇ ਕਿ ਖਿੰਡ ਫੁਟ ਜਾਏ
ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ
ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ

302. ਉੱਤਰ ਆਜੜੀ
ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ ਜਾ ਲਾ ਲੈ ਦਾਉ ਜੇ ਲੱਗਦਾ ਈ
ਲਾਟ ਰਹੇ ਨਾ ਜਿਉ ਦੇ ਵਿੱਚ ਲੁਕੀ ਇਹ ਇਸ਼ਕ ਅਲੰਬੜਾ ਅੱਗ ਦਾ ਈ
ਜਾ ਦੇਖ ਮਾਅਸ਼ੂਕ ਦੇ ਨੈਨ ਖੂਨੀ ਤੈਨੂੰ ਨਿਤ ਉਲਾਂਹਬੜਾ ਜਗ ਦਾ ਈ
ਸਮਾ ਯਾਰ ਦਾ ਤੇ ਘੱਸਾ ਬਾਜ਼ ਵਾਲਾ ਝੁਟ ਚੋਰ ਦਾ ਤੇ ਦਾਉ ਠਗ ਦਾ ਈ
ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ ਸੈਦਾ ਸਾਕ ਨਾ ਸਾਡੜਾ ਲਗਦਾ ਈ
ਵਾਰਸ ਕੰਨ ਪਾਟੇ ਮਹੀਂ ਚਾਰ ਮੁੜਿਉਂ ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ

303. ਉੱਤਰ ਰਾਂਝਾ
ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ
ਲਖ ਸਿਰੀਂ ਅਵੱਲ ਸਵੱਲ ਆਵਨ ਯਾਰ ਯਾਰਾਂ ਥੋਂ ਮੂਲ ਨਾ ਭੱਜਦੇ ਨੇਂ
ਭੀੜਾਂ ਬਣਦੀਆਂ ਅੰਗ ਵਟਾਇ ਦੇਂਦੇ ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇਂ
ਦਾ ਚੋਰ ਤੇ ਯਾਰ ਦਾ ਇੱਕ ਸਾਇਤ ਨਹੀਂ ਵੱਸਦੇ ਮੀਂਹ ਜੋ ਗੱਜਦੇ ਨੇਂ

304. ਆਜੜੀ ਨੇ ਰਾਂਝੇ ਅੱਗੱਗੇ ਕਸਮ ਖਾਧੀ
ਰਾਂਝੇ ਅੱਗੇ ਇਆਲ ਨੇ ਕਸਮ ਖਾਧੀ ਨਗਰ ਖੇੜਿਆਂ ਦੇ ਜਾ ਧੱਸਿਆ ਈ
ਯਾਰੋ ਕੌਣ ਗਰਾਉਂ ਸਰਦਾਰ ਕਿਹੜਾ ਕੌਣ ਲੋਕ ਕਦੋਕਣਾ ਵਸਿਆ ਈ
ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ ਕੁੜੀਆਂ ਘਤਿਆ ਹੱਸ ਖ਼ਰ ਖਸ਼ਿਆ ਈ
ਯਾਰ ਹੀਰ ਦਾ ਭਾਵੇਂ ਇਹ ਜੋਗੀ ਕਿਸੇ ਲਭਿਆ ਤੇ ਨਾਹੀਂ ਦੱਸਿਆ ਈ
ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ ਸੁੰਨ ਪਿੰਡ ਦਾ ਨਾਉਂ ਖਿੜ ਹੱਸਿਆ ਈ
ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ ਕਿਸੇ ਭਾਗ ਭਰੀ ਚਾ ਦੱਸਿਆ ਈ
ਅਰੀ ਕੌਣ ਸਰਦਾਰ ਹੈ ਭਾਤ ਖਾਦੀ ਸਖੀ ਸ਼ੂਮ ਕੇਹਾ ਲਿਆ ਜਸਿਆ ਈ
ਅੱਜੂ ਨਾਮ ਸਰਦਾਰ ਤੇ ਪੁਤ ਸੈਦਾ ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ
ਬਾਜ਼ ਬਾਜ਼ ਰੰਝੇਟੜਾ ਹੋ ਗਿਆ ਤਦੋਂ ਨਾਉਂ ਜਟੇਟੀਆਂ ਦੱਸਿਆ ਈ
ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ ਲੱਕ ਚਾ ਫਕੀਰ ਨੇ ਕੱਸਿਆ ਈ
ਕਦੀ ਲਏ ਹੌਲਾਂ ਕਦੀ ਝੂਲਦਾ ਏ ਕਦੀ ਰੋ ਪਿਆ ਕਦੀ ਹੱਸਿਆ ਈ
ਵਾਰਸ ਸ਼ਾਹ ਕਰਸਾਨ ਜਿਉਂ ਹੋਨ ਰਾਜ਼ੀ ਮੀਂਹ ਔੜ ਦੇ ਦੇਹਾਂ ਤੇ ਵੱਸਿਆ ਈ

305. ਰਾਂਝੇ ਦੁਆਲੇ ਗਭਰੂ
ਆ ਜੋਗੀਆ ਕੇਹਾ ਇਹ ਦੇਸ ਡਿੱਠੇ ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ
ਓਥੇ ਝੂਲ ਮਸਤਾਨੀਆਂ ਕਰੇ ਗੱਲਾਂ ਸੁਖਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ
ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ ਡਾਰ ਫਿਰਨ ਚੌਤਰਫ ਕਵਾਰੀਆਂ ਦੇ
ਮਾਰ ਆਸ਼ਕਾਂ ਨੂੰ ਕਰਨ ਚਾ ਬੈਰੇ ਨੈਨ ਤਿਖੜੇ ਨੋਕ ਕਟਾਰੀਆਂ ਦੇ
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾ ਨੈਨ ਰਹਿਣ ਨਾਹੀਂ ਮਰ ਯਾਰੀਆਂ ਦੇ
ਏਸ ਜੋਬਨੇ ਦੀਆਂ ਵਣਜਾਰੀਆਂ ਨੂੰ ਮਿਲੇ ਆਣ ਸੌਦਾਗਰ ਯਾਰੀਆਂ ਦੇ
ਸੁਰਮਾ ਫੁਲ ਦੰਦਾਸੜਾ ਸੁਰਖ ਮਹਿੰਦੀ ਲੁਟ ਲਏ ਨੇ ਹੱਟ ਪਸਾਰੀਆਂ ਦੇ
ਨੈਨਾਂ ਨਾਲ ਕਲੇਜੜਾ ਛਿਕ ਕੱਢਣ ਦਿਸਣ ਭੋਲੜੇ ਮੁਖ ਵਿਚਾਰੀਆਂ ਦੇ
ਜੋਗੀ ਦੇਖ ਕੇ ਆਣ ਚੌਗਿਰਦ ਹੋਈਆਂ ਛੁੱਟੇ ਪਰ੍ਹੇ ਵਿੱਚ ਨਾਗ ਪਟਾਰੀਆਂ ਦੇ
ਓਥੇ ਖੋਲ ਕੇ ਅੱਖੀਆਂ ਹੱਸ ਪੌਂਦਾ ਡਿਠੇ ਖਾਬ ਵਿੱਚ ਮੇਲ ਕਵਾਰੀਆਂ ਦੇ
ਆਨ ਗਿਰਦ ਹੋਈਆਂ ਬੈਠਾ ਵਿੱਚ ਝੂਲੇ ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ
ਵਾਰਸ ਸ਼ਾਹ ਨਾ ਰਹਿਣ ਨਚੱਲੜੇ ਬਹਿ ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ

306. ਉੱਤਰ ਰਾਂਝਾ
ਮਾਹੀ ਮੁੰਡਿਉ ਘਰੀਂ ਨਾ ਜਾ ਕਹਿਣਾ ਜੋਗੀ ਮਸਤ ਕਮਲਾ ਇੱਕ ਆ ਵੜਿਆ
ਕੰਨੀਂ ਮੁੰਦਰਾਂ ਸੇਲ੍ਹੀਆਂ ਸੁੰਦਰਾਂ ਨੇਂ ਦਾੜ੍ਹੀ ਪਟੇ ਸਿਰ ਭਵਾਂ ਮੁਨਾ ਵੜਿਆ
ਜਿਹਾਂ ਨਾਉਂ ਮੇਰਾ ਕੋਈ ਜਾ ਲੈਂਦਾ ਮਹਾ ਦੇਵ ਲੈ ਦੌਲਤਾਂ ਆ ਵੜਿਆ
ਕਿਸੇ ਨਾਲ ਕੁਦਰਤ ਫੁਲ ਜੰਗਲੇ ਥੀਂ ਕਿਵੇਂ ਭੁਲ ਭੁਲਾਵੜੇ ਆ ਵੜਿਆ

307. ਕੁੜੀਆਂ ਦੀਆਂ ਗੱਲਾਂ
ਕੁੜੀਆਂ ਦੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇਂ
ਮਾਏ ਇੱਕ ਜੋਗੀ ਸਾਡੇ ਨਗਰ ਆਇਆ ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇਂ
ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ ਭਾਵੇਂ ਭਿੱਛਿਆ ਨਾਹੀਉ ਪਾਈਆਂ ਨੇਂ
ਹੱਥ ਖੱਪਰੀ ਫਾਵੜੀ ਮੋਢਿਆਂ ਤੇ ਗਲ ਸੇਲ੍ਹੀਆਂ ਅਜਬ ਬਣਾਈਆਂ ਨੇਂ
ਅਰੜਾਂਵਦਾ ਵਾਗ ਜਲਾਲੀਆਂ ਦੇ ਜਟਾਂ ਵਾਂਗ ਮਦਾਰੀਆਂ ਛਾਈਆਂ ਨੇਂ
ਨਾ ਉਹ ਮੁੰਡੀਆ ਗੋਦੜੀ ਨਾ ਜੰਗਮ ਨਾ ਉਦਾਸੀਆਂ ਵਿੱਚ ਠਰਾਈਆਂ ਨੇਂ
ਪਰਮ ਮੱਤੀਆਂ ਅੱਖੀਆਂ ਰੰਗ ਭਰੀਆਂ ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇਂ
ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ ਨੈਨਾਂ ਖੀਵਿਆਂ ਸਾਣ ਚੜ੍ਹਾਈਆਂ ਨੇਂ
ਕਦੀ ਸੰਗਲੀ ਸੁਟ ਕੇ ਸ਼ਗਨ ਵਾਚੇ ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ
ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ ਕਦੀ ਸੰਖ ਤੇ ਨਾਦ ਘੂਕਾਈਆਂ ਨੇਂ
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ ਖੈਰ ਓਸ ਨੂੰ ਪਾਉਂਦੀਆਂ ਮਾਈਆਂ ਨੇਂ
ਨਸ਼ੇ ਬਾਝ ਭਵਾਂ ਓਸ ਦੀਆਂ ਮੱਤੀਆਂ ਨੇਂ ਮਰਗਾਨੀਆਂ ਗਲੇ ਬਣਾਈਆਂ ਨੇਂ
ਜਟਾਂ ਸੁਹੰਦੀਆਂ ਛੈਲ ਓਸ ਜੋਗੜੇ ਨੂੰ ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇਂ
ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ ਨੈਨਾਂ ਓਸ ਦਿਆਂ ਝੰਬਰਾਂ ਲਾਈਆਂ ਨੇਂ
ਕੋਈ ਗੁਰੂ ਪੂਰਾ ਓਸ ਨੂੰ ਆਨ ਮਿਲਿਆ ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇਂ
ਵਾਰਸ ਸ਼ਾਹ ਚੇਲਾ ਬਾਲਨਾਥ ਦਾ ਏ ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇਂ

308. ਉੱਤਰ ਨਨਾਣ
ਘਰ ਆਇ ਨਨਾਣ ਨੇ ਗੱਲ ਕੀਤੀ ਹੀਰੇ ਇੱਕ ਜੋਗੀ ਨਵਾਂ ਆਇਆ ਈ
ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ ਕੁੱਲ੍ਹੇ ਮੇਖਲਾ ਅਜਬ ਸੁਹਾਹਿਆ ਈ
ਫਿਰੇ ਢੂੰਡਦਾ ਵਿੱਚ ਹਵੇਲੀਆ ਦੇ ਕੋਈ ਓਸ ਨੇ ਲਾਅਲ ਗਵਾਇਆ ਈ
ਨਾਲੇ ਗਾਂਵਦਾ ਤੇ ਨਾਲੇ ਰੋਂਦਾ ਏ ਵੱਡਾ ਓਸ ਨੇ ਰੰਗ ਵਟਾਇਆ ਈ
ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ ਰੂਪ ਤੁਧ ਥੀਂ ਦੂਣ ਸਵਾਇਆ ਈ
ਵਿੱਚ ਤ੍ਰਿੰਜਨਾਂ ਗਾਂਵਦਾ ਫਿਰੇ ਭੌਂਦਾ ਅੰਤ ਓਸਦਾ ਕਿਸੇ ਨਾ ਪਾਇਆ ਈ
ਫਿਰੇ ਦੇਖਦਾ ਵੋਹਟੀਆਂ ਛੈਲ ਕੁੜੀਆਂ ਮਨ ਕਿਸੇ ਤੇ ਨਹੀਂ ਭਰਮਾਇਆ ਈ
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ ਤਾਂ ਹੀ ਓਸ ਨੇ ਸੀਸ ਮੁਨਾਇਆ ਈ
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਲਾਹ ਕੇ ਕੰਨ ਪੜਾਇਆ ਈ
ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ ਬਾਲ ਨਾਥ ਤੋਂ ਜੋਗ ਲਿਆਇਆ ਈ
ਵਾਰਸ ਇਹ ਫਕੀਰ ਤਾਂ ਨਹੀਂ ਖਾਲੀ ਕਿਸੇ ਕਾਰਨੇ ਤੇ ਉਤੇ ਆਇਆ ਈ

309. ਉੱਤਰ ਹੀਰ
ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ ਮੈਂ ਸੁਣਦਿਆਂ ਈ ਮਰ ਗਈ ਜੇ ਨੀ
ਤੁਸਾਂ ਇਹ ਜਦੋਕਨੀ ਗੱਲ ਟੋਰੀ ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ
ਗਏ ਟੁਟ ਸਤਰਾਨ ਤੇ ਅਕਲ ਡੁੱਬੀ ਮੈਂ ਤੇ ਧੁਖ ਕਲੇਡੜੇ ਪਈ ਜੇ ਨੀ
ਕੀਕੂੰ ਕੰਨ ਪੜਾਇਕੇ ਜੀਂਵਦਾਏ ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ
ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ ਮੁਠੀਂ ਮੀਟ ਕੇ ਮੈਂ ਬਹਿ ਗਈ ਜੇ ਨੀ
ਮੱਸੋ ਭਿੰਨੇਦਾ ਨਾਉਂ ਜਾਂ ਲੈਂਦੀਆਂ ਹੋ ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ
ਕਿਵੇਂ ਦੇਖਈਏ ਓਸ ਮਸਤਾਨੜੇ ਨੂੰ ਜਿਸ ਦੀ ਤ੍ਰਿੰਜਨਾਂ ਵਿੱਚ ਪਿਉ ਪਈ ਜੇ ਨੀ
ਦੇਖਾਂ ਕਿਹੜੇ ਦੇਸ ਦਾ ਉਹ ਜੋਗੀ ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ
ਇੱਕ ਪੋਸਤ ਧਤੂਰਾ ਭੰਗ ਪੀ ਕੇ ਮੌਤ ਓਸ ਨੇ ਮੁੱਲ ਕਿਊ ਲਈ ਜੇ ਨੀ
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਬੀ ਕੌਣ ਕਰੇ ਗਾ ਓਸ ਦੀ ਸਹੀ ਜੇਨੀ
ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ ਕਿਸੇ ਖਬਰ ਨਾ ਓਸ ਦੀ ਲਈ ਜੇ ਨੀ
ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ ਮੈਂ ਤਾਂ ਨਿੱਘੜੀ ਬੋੜ ਹੋ ਗਈ ਜੇ ਨੀ
ਨਹੀਂ ਰਬ ਦੇ ਜ਼ਜ਼ਬ ਤੋਂ ਲੋਕ ਡਰਦਾ ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ
ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ ਦਿੱਤਾ ਰਬ ਦਾ ਮਾਉਂ ਸਹਿ ਗਈ ਜੇ ਨੀ
ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ
ਵਾਰਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ ਖਲਕ ਮਗਰ ਕਿਉਂ ਓਸ ਦੇ ਪਈ ਜੇ ਨੀ

310. ਉਹੀ ਚਾਲੂ
ਰਬ ਝੂਠ ਨਾ ਕਰੇ ਜੇ ਹੋਏ ਰਾਂਝਾ ਤਾਂ ਮੈਂ ਚੌੜ ਹੋਈ ਮੈਨੂੰ ਪਟਿਆ ਸੂ
ਅੱਗੇ ਅੱਗ ਫਰਾਕ ਦੀ ਸਾੜ ਸੁੱਟੀ ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ
ਨਾਲੇ ਰੰਨ ਗਈ ਨਾਲੇ ਕੰਨ ਪਾਟੇ ਆਖ ਇਸ਼ਕ ਥੀਂ ਨਫਾ ਕੀ ਖਟਿਆ ਸੂ
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ ਲੋਹਾ ਤਾ ਕੇ ਜੀਭੇ ਨਾਲ ਚੱਟਿਆ ਸੂ
ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ ਘੜਾ ਨੀਰ ਦਾ ਚਾ ਪਲੱਟਿਆ ਸੂ
ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ ਲਾਹ ਨੰਗ ਨਾਮੂਸ ਨੂੰ ਸਟਿਆ ਸੂ
ਵਾਰਸ ਸ਼ਾਹ ਇਸ ਇਸ਼ਕ ਦੇ ਵਨਜ ਵਿੱਚੋਂ ਜਫਾ ਜਾਲ ਕੀ ਖੱਟਿਆ ਵਟਿਆ ਸੂ

ਔਖੇ ਲਫ਼ਜ਼ਾਂ ਦੇ ਮਾਅਨੇ

301
ਝੁਗੜਾ। ਘਰ, ਝੁੱਗਾ
ਖਿੰਡ ਫੁਟ। ਖਿੰਡ ਫੁੰਡ
ਤੋਦਾ। ਚਾਂਦਮਾਰੀ ਲਈ ਬਣਾਇਆ ਮਿੱਟੀ ਦਾ ਕੱਚਾ ਥੜਾ।
ਚਾਂਗ। ਲੋਕਾਂ ਦੀ ਭੀੜ
ਮਤਾਂ ਨਸ਼ਾਨੜਾ ਚੁਟ ਜਾਏ। ਏਦਾਂ ਨਾ ਹੋਵੇ ਕਿ ਨਿਸ਼ਾਨਾ ਟਿਕਾਣੇ ਤੇ ਨਾ ਲੱਗੇ।
ਹਾਥੀ ਚੋਰ ਗੋਲੋਰ . . ਛੁਟ ਜਾਂਦੇ। ਕਵੀ ਦਾ ਇਸ਼ਾਰਾ ਏਥੇ ਇੱਕ ਸੁਨਿਆਰੇ ਦੀ ਕਹਾਣੀ ਵੱਲ ਹੈ। ਇੱਕ ਰਾਜੇ ਨੇ ਦਸ ਮਣ ਸੋਨੇ ਦਾ ਹਾਥੀ ਬਣਾਉਣ ਲਈ ਇੱਕ ਸੁਨਿਆਰਾ ਆਪਣੇ ਮਹਲ ਵਿਚ ਇਸ ਕੰਮ ਤੇ ਲਾ ਦਿੱਤਾ ਅਤੇ ਉਸ ਦੀ ਪੂਰੀ ਨਿਗਰਾਨੀ ਰੱਖੀ। ਸੁਨਿਆਰੇ ਨੇ ਇੱਕ ਪਿੱਤਲ ਦਾ ਦਸ ਮਣ ਦਾ ਹਾਥੀ ਆਪਣੇ ਘਰ ਬਣਾ ਕੇ ਨਾਲ ਵਗਦੀ ਨਦੀ ਵਿੱਚ ਲੁਕਾ ਦਿੱਤਾ। ਜਦੋਂ ਮਹਲ ਵਿੱਚ ਹਾਥੀ ਤਿਆਰ ਹੋ ਗਿਆ ਤਾਂ ਉਹ ਹਾਥੀ ਨੂੰ ਰਾਜੇ ਦੇ ਬੰਦਿਆਂ ਨਦੀ ਮਦਦ ਨਾਲ ਵਗਦੇ ਪਾਣੀ ਵਿੱਚ ਰਗੜ ਕੇ ਸਾਫ ਕਰਨ ਦੇ ਬਹਾਨੇ ਨਦੀ ਵਿਚ ਲੈ ਗਿਆ। ਉਹ ਸੋਨੇ ਦਾ ਹਾਥੀ ਪਿੱਤਲ ਦੇ ਹਾਥੀ ਨਾਲ ਬਦਲ ਕੇ ਮੋੜ ਲਿਆਇਆ। ਕੁੱਝ ਸਮੇਂ ਪਿੱਛੋਂ ਉਹਦੀ ਬੇਈਮਾਨੀ ਦਾ ਪਤਾ ਲੱਗਣ ਤੇ ਉਹਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ। ਮਰਨ ਤੋਂ ਪਹਿਲਾਂ ਉਹਨੇ ਆਪਣੀ ਆਖਰੀ ਮੰਗ ਵਿੱਚ ਦਸ ਮੀਟਰ ਰੇਸ਼ਮ ਦੀ ਪਗੜੀ ਮੰਗ ਕੇ ਲਈ। ਉਹਦੇ ਵਿੱਚ ਇੱਕ ਕਿਲ ਅਤੇ ਹਥੌੜੀ ਲੁਕਾ ਲਈ।
ਰਾਜੇ ਨੇ ਰਵਾਇਤ ਅਨੁਸਰ ਉਸ ਨੂੰ ਬਿਨਾਂ ਕਿਸੇ ਰਾਸ਼ਨ ਪਾਣੀ ਗੁਲਰੇ ਭਾਵ ਇੱਕ ਉਚੇ ਮੁਨਾਰੇ ਉਤੇ ਚੜ੍ਹਾ ਦਿੱਤਾ ਤਾਂ ਕਿ ਉਹ ਓਥੇ ਹੀ ਭੁੱਖਾ ਤਿਆਹਿਆ ਮਰ ਜਾਵੇ। ਸਨਿਆਰ ਰਾਤ ਨੂੰ ਲੋਕਾਂ ਦੇ ਜਾਣ ਪਿੱਛੋਂ ਹਥੌੜੀ ਨਾਲ ਕਿੱਲ ਗੱਡ ਕੇ ਉੱਪਰੋਂ ਰੇਸ਼ਮ ਦੀ ਪਗੜੀ ਨਾਲ ਉੱਤਰ ਕੇ ਦੌੜ ਗਿਆ। ਰਾਜੇ ਨੇ ਐਲਾਨ ਕੀਤਾ ਕਿ ਜੇ ਉਹ ਸਿਆਣਾ ਸੁਨਿਆਰ ਆ ਜਾਵੇ ਤਾਂ ਉਹਨੂੰ ਉਹ ਆਪਣਾ ਵਜ਼ੀਰ ਬਣਾ ਦੇ ਵੇਗਾ। ਸੁਨਿਆਰ ਨੇ ਆ ਕੇ ਰਾਜੇ ਨੂੰ ਆਪਣੀ ਕਹਾਣੀ ਦੱਸੀ ਅਤੇ ਰਾਜੇ ਨੇ ਆਪਣਾ ਵਚਨ ਪੂਰਾ ਕੀਤਾ।

302
ਅਲੰਬੜਾ। ਲਾਂਬੂ
ਛਿਨਕ ਜਾ। ਦੌੜ ਜਾ

303
ਮਹਿਰੀ। ਜ਼ਨਾਨੀ
ਸਿਰੀਂ। ਸਿਰ ਤੇ
ਅੱਵਲ ਲਵੱਲ। ਔਖ ਸੌਖ
ਅੰਗ ਵਟਾ ਦਿੰਦੇ। ਸੂਰਤਾਂ ਬਦਲ ਦਿੰਦੇ
ਕੱਜਦੇ। ਢਕਦੇ
ਇੱਕ ਸਾਇਤ। ਬਹੁਤ ਥੋੜ੍ਹਾ ਸਮਾਂ

304
ਖਰ ਖੱਸ। ਝਗੜਾ
ਲਭਿਆ। ਪਤਾ ਕੀਤਾ, ਪੁੱਛਿਆ
ਭਾਤ ਖਾਣੀ। ਚੋਲ ਖਾਣੀ, ਕਿਸਮਤ ਵਾਲੀ
ਸਖੀ। ਪੈਸੇ ਟਕੇ ਵੱਲੋਂ ਖੁੱਲ੍ਹ ਦਿਲ
ਸ਼ੂਮ। ਸ਼ਖੀ ਦਾ ਉਲਟ, ਹੱਥ ਘੁਟ
ਹੌਲਾਂ। ਹੋਲ ਦਾ ਬਹੁ। ਵਚਨ, ਠੰਡੇ ਸਾਹ
ਔੜ। ਮੀਂਹ ਵਲੋਂ ਸੋਕਾ

305
ਸਲਾਹ। ਸਿਫਤ
ਤੋੜੇ ਦੇਣਾ। ਦਿਖਾਵਾ ਕਰਨਾ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ
ਨੈਣ ਰਹਿਣ ਨਾਂਹੀਂ। ਦੇਖਣੋ ਹਟਦੀਆਂ ਵੀ ਨਹੀਂ
ਛਿੱਕ ਕੱਢਣ। ਕਢ ਲੈਣ
ਅੰਮਾਰੀਆਂ। ਹਾਥੀ ਉਤੇ ਬੈਠਣ (ਸਵਾਰੀ) ਲਈ ਪਰਬੰਧ
ਨਰਾਂ। ਮਰਦਾਂ
ਨਿਚੱਲੜੇ। ਚੁਪ ਚਾਪ

306
ਮਾਹੀ ਮੰਡਿਉ । ਕਵੀ ਰਾਂਝੇ ਤੋਂ
ਫਰਚਅਵਕਗ ਤਚਪਪਕਤਵਜਰਅ ਬਤਖਫੀਰ; ਰਪਖ ਦੀ ਵਰਤੋਂ ਕਰਵਾਉਂਦਾ ਹੈ। ਉਹ ਮਾਹੀ ਮੁੰਡਿਆਂ ਨੂੰ ਉਲਟਾ ਕਹਿ ਰਿਹਾ ਕਿ ਤੁਸੀਂ ਘਰ ਜਾ ਕੇ ਨਾ ਦਸਿਉ ਕਿ ਜੋਗੀ ਆਇਆ ਹੈ ਕਿਉਂਕਿ ਉਹਨੂੰ ਪਤਾ ਹੈ ਏਦਾਂ ਕਹਿਣ ਨਾਲ ਮਾਹੀ ਮੁੰਡੇ ਜ਼ਰੂਰ ਘਰ ਜਾ ਕੇ ਦੱਸਣਗੇ। ਜਿਹੜਾ ਕੰਮ ਕਰਵਾਉਣਾ ਹੋਵੇ ਉਸਤੋਂ ਉਲਟ ਕਰਨ ਲਈ ਆਖਣਾ।
ਜੰਗਲੇ। ਜੰਗਲ ਦਾ
ਜਿਹਾਂ ਨਾਉਂ । ਜਿੱਥੇ ਕੋਈ ਮੇਰਾ ਨਾਮ ਲੈਂਦਾ ਹੈ ਸ਼ਿਵ ਜੀ ਮਹਾਰਾਜ ਆਪ ਨਾਲ ਲੈ ਕੇ ਆਉਂਦੇ ਹਨ।

307
ਤਰ੍ਹਾਂ ਸਾਰੀ। ਸਾਰਾ ਹਾਲ ਢੰਗ
ਜਲਾਲ੍ਵੀ ਸੱਯਦ ਸ਼ਾਹ ਜਲਾਲੀ ਦੇ ਮੁਰੀਦ, ਜੋਸ਼ੀਲੇ ਅਤੇ ਗੁਸੈਲੇ ਸੁਭਾ ਵਾਲੇ ਮਲੰਗ
ਮਦਾਰੀ। ਹਜ਼ਰਤ ਸ਼ਾਹ ਮਦਾਰ ਦੇ ਮਰੀਦ ਮੁੰਡੀ, ਗੋਦੜੀ ਅਤੇ ਜੰਗਮ। ਫਕੀਰਾਂ ਦੇ ਫਿਰਕੇ ਹਨ ਸ਼ਾਹ ਮਦਾਰ। ਇਨ੍ਹਾਂ ਦਾ ਮਜ਼ਾਰ ਮੱਕਨਪਰ (ਅਵਧ) ਭਾਰਤ ਵਿੱਚ ਹੈ। ਇਹਦੇ ਚੇਲੇ ਸਿਰ ਤੇ ਬਹੁਤ ਸੰਘਣੀਆਂ ਜਟਾਂ ਰੱਖਦੇ ਹਨ। ਮਦਾਰੀ ਸਾਧ ਭੰਗ ਬਹੁਤ ਘੋਟਦੇ ਅਤੇ ਪੀਂਦੇ ਹਨ। ਉਨ੍ਹਾਂ ਨੂੰ ਬਖਸ਼ ਹੈ ਕਿ ਸਪ ਦੇ ਕੱਟੇ ਦਾ ਇਲਾਜ ਕਰ ਸਕਦੇ ਹਨ। ਜੇ ਜ਼ਹਿਰੀਲਾ ਸੱਪ ਇਨ੍ਹਾਂ ਦੀ ਹੱਦ ਵਿੱਚ ਆ ਜਾਵੇ ਤਾਂ ਦੱਸਦੇ ਹਨ ਕਿ ਉਹ ਅੰਨ੍ਹਾਂ ਹੋ ਜਾਂਦਾ ਸੀ।
ਪਰਮ ਮੱਤੇ। ਪੂਰੀਆਂ ਨਸ਼ੀਲੀਆਂ
ਖੀਵੀਆਂ। ਗੂੰਜਾਈਆਂ
ਮਰਗਾਨੀਆਂ। ਹਿਰਨ, ਸ਼ੇਰ ਜਾਂ ਚੀਤੇ ਦੀ ਖਲ
ਝੰਬਰਾਂ। ਸ਼ਹਿਬਰਾਂ

308
ਕੁਲ੍ਹੇ। ਲਕ ਦੁਆਲੇ
ਮੇਖਲਾ। ਤੜਾਗੀ
ਅਜਬ। ਅਜੀਬ
ਸੁਹਾਇਆ। ਸਜਾਇਆ
ਰਜਵੰਸ। ਰਾਜਵੰਸ, ਸ਼ਾਹੀ ਖਾਨਦਾਨ
ਕਾਰਨੇ ਉਤੇ। ਕਾਰਾ ਕਰਨ

309
ਮੁਠੀ ਮੁਠੀ। ਦੁਹਾਈ ਦੇ ਸ਼ਬਦ ਹਨ। ਹਾਏ ਲੋਕਾ ਮੈਂ ਧੋਖੇ ਵਿੱਚ ਲੁੱਟੀ ਗਈ'
ਜਦੋਕਨੀ। ਜਦੋਂ ਦੀ
ਲਹਿ ਗਈ। ਧਰਤੀ ਵਿੱਚ ਨਿੱਘਰ ਗਈ
ਸਤਰਾਨ। ਤਾਕਤ
ਕਲੇਜੜੇ ਧੁਖ ਲੱਗੀ। ਕਾਲਜਾ ਸੜਨ ਲੱਗਾ, ਧੁਧੁਖੀ ਲਗ ਗਈ
ਮੁੱਠੀਂ ਮੀਟ ਕੇ ਬਹਿ ਗਈ। ਅਚਾਨਕ ਸਦਮੇ ਦਾ ਅਸਰ, ਖਿੱਚ ਨਾਲ ਉਂਗਲਾਂ ਮੁੜ ਜਾਣੀਆਂ
ਪਿਉ ਪਈ। ਰੌਲਾ
ਧਤੂਰੜਾ। ਧਤੂਰਾ
ਚੌੜ ਹੋ ਗਈ। ਪੱਟੀ ਗਈ, ਬਰਬਾਦ ਹੋ ਗਈ

310
ਜਰਦਾ। ਝਲਦਾ, ਸਹਿੰਦਾ
ਤਾਅ ਕੇ। ਗਰਮ ਕਰਕੇ
ਨੀਰ। ਪਾਣੀ, ਹੰਝੂ
ਨੰਗ ਨਾਮੂਸ। ਸ਼ਰਮ ਹਿਆ
ਜਫਾ ਜਾਲ ਕੇ। ਦੁਖ ਝਲ ਕੇ

 

More

Your Name:
Your E-mail:
Subject:
Comments:


Powered by: PHPCow.com