کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੧੧-੩੨੦

ਹੀਰ ਵਾਰਸ ਸ਼ਾਹ : ਬੰਦ ੩੧੧-੩੨੦

ਵਾਰਸ ਸ਼ਾਹ

July 2nd, 2008

 

 

311. ਹੀਰ ਦਾ ਕੁੜੁੜੀਆਂ ਨੂੰ ਉੱਤਰ
ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ ਰਲ ਪੁਛੀਏ ਕਿਹੜੇ ਥਾਂਉਂਦਾ ਈ
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ ਅਤੇ ਨਾਉਂ ਦਾ ਕੌਣ ਕਹਾਂਉਂਦਾ ਈ
ਦੇਖਾਂ ਕਿਹੜੇ ਦੇਸ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂਦਾ ਈ
ਦੋਖਾਂ ਰੋਹੀਓਂ ਮਾਝਿਉਂ ਤੱਪੀਉਂ ਹੈ ਰਾਵੀ ਵਿਆਹ ਦੀ ਇੱਕੇ ਚਨ੍ਹਾਉਂਦਾ ਈ
ਫਿਰੇ ਤ੍ਰਿੰਜਨਾ ਵਿੱਚ ਖੁਆਰ ਹੁੰਦਾ ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ
ਵਾਰਸ ਸ਼ਾਹ ਮਿਰਤੂ ਇਹ ਕਾਸਦਾ ਕੋਈ ਏਸ ਦਾ ਅੰਤ ਨਾ ਪਾਂਵਦਾ ਈ

312. ਕੁੜੀਆਂ ਜੋਗੀ ਕੋਲ
ਲੈਣ ਜੋਗੀ ਨੂੰ ਧੁੰਬਲਾ ਹੋ ਚਲੋ ਗੱਲ ਬਣਾਇ ਸਵਾਰੀਏ ਨੀ
ਸੱਭੇ ਬੋਲੀਆਂ ਜਾ ਨਮਸਕਾਰ ਜੋਗੀ ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ
ਵੱਡੀ ਮਿਹਰ ਹੋਈ ਏਸ ਦੇਸ ਉਤੇ ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ
ਨਗਰ ਮੰਗ ਅਤੀਤ ਨੇ ਅਜੇ ਖਾਣਾ ਬਾਤਾਂ ਸ਼ੌਕ ਦੀਆਂ ਚਾ ਵਸਾਰੀਏ ਨੀ
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ ਨਗਰ ਜਾਇਕੇ ਭੀਖ ਚਤਾਰੀਏ ਨੀ
ਵਾਰਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ ਚਾਵੜਾਂ ਲਉ ਗੁਟਕਾਰੀਏ ਨੀ

313. ਉੱਤਰ ਕੁੜੀਆਂ
ਰਸਮ ਜਗ ਦੀ ਕਰੋ ਅਤੀਤ ਸਾਈ ਸਾਡੀਆਂ ਸੂਰਤਾਂ ਵਲ ਧਿਆਨ ਕੀਚੈ
ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ ਜ਼ਰਾ ਹੀਰ ਦੀ ਤਰਫ ਧਿਆਨ ਕੀਚੈ
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ ਸਹਿਤੀ ਮੋਹਣੀ ਤੇ ਨਜ਼ਰ ਆਨ ਕੀਚੈ
ਚਲੋ ਵੇਖੀਏ ਘਰਾਂ ਸਰਦਾਰ ਦੀਆਂ ਨੂੰ ਅਜੀ ਸਾਹਬੋ ਨਾ ਗੁਮਾਨ ਕੀਚੈ

314. । 1 ਉੱਤਰ ਰਾਂਝਾ
ਹਮੀਂ ਬੱਡੇ ਫਕੀਰ ਸਤ ਪੀੜ੍ਹੀਏ ਹਾਂ ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ
ਬਘਿਆੜ ਸ਼ੇਰ ਅਰ ਮਿਰਗ ਚੀਤੇ ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ
ਤੁਮਹੀਂ ਸੁੰਦਰਾਂ ਬੈਠੀਆਂ ਖੂਬਸੂਰਤ ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ
ਨਗਰ ਬੀਚ ਨਾ ਆਤਮਾ ਪਰਚਦਾ ਏ ਉਦਿਆਨ ਪਖੀ ਤੰਬੂ ਤਾਨਤੇ ਹਾਂ
ਗੁਰੂ ਤੀਰਥ ਜੋਗ ਬੈਰਾਗ ਹੋਵੇ ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ

314. ਕੁੱਝ ਹੋਰ ਕੁੜੀਆਂ
ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਦੇਖ ਰਾਂਝਨੇ ਨੂੰ ਮੂਰਛਤ ਹੋਈਆਂ
ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ ਟੰਗਾਂ ਬਾਹਾਂ ਵਗਾ ਬੇਸੱਤ ਹੋਈਆਂ
ਅਨੀ ਆਉ ਖਾਂ ਪੁਛੀਏ ਨਢੜੇ ਨੂੰ ਦੇਹੀਆਂ ਦੇਖ ਜੋਗੀ ਉਦਮਤ ਹੋਈਆਂ
ਧੁੱਪੇ ਆਲ ਖਲੋਤੀਆਂ ਦੇਖਦੀਆਂ ਨੇ ਮੁੜ੍ਹਕੇ ਡੁੱਬੀਆਂ ਤੇ ਰਤੋਂ ਰਤ ਹੋਈਆਂ

315. ਕੁੜੀਆਂ ਆਪੋ ਵਿੱਚ
ਸਈਉ ਦੇਖੋ ਤੋ ਮਸਤ ਅਲੱਸਤ ਜੋਗੀ ਜੈਂਦਾ ਰਬ ਦੇ ਨਾਲ ਧਿਆਨ ਹੈ ਨੀ
ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ ਘਰ ਵਾਰ ਨਾ ਤਾਣ ਨਾ ਮਾਣ ਹੈ ਨੀ
ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ ਰਲਨ ਖਾਕ ਵਿੱਚ ਫਕਰ ਦੀ ਬਾਣ ਹੈ ਨੀ
ਸੋਹਨਾ ਫੁਲ ਗੁਲਾਬ ਮਾਅਸ਼ੂਕ ਨੱਢਾ ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ
ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ ਓਨ੍ਹਾਂ ਮਾਹਣੂਆਂ ਦੀ ਕਹੀ ਕਾਣ ਹੈ ਨੀ
ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ
ਆਉ ਪੁੱਛਈਏ ਕਿਹੜੇ ਦੇਸ ਦਾ ਹੈ ਅਤੇ ਏਸ ਦਾ ਕੌਣ ਮਕਾਨ ਹੈ ਨੀ

316. ਉੱਤਰ ਕੁੜੀਆਂ
ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ ਨੈਨਾਂ ਖੀਵੀਆ ਮਸਤ ਦੀਵਾਨਿਆਂ ਵੇ
ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ
ਵਿੱਚੋਂ ਨੈਨ ਹੱਸਣ ਹੋਠ ਭੇਦ ਦੱਸਨ ਅੱਖੀਂ ਮੀਟਦਾ ਨਾਲ ਬਹਾਨਿਆ ਵੇ
ਕਿਸ ਮੁਨਿਉਂ ਕੰਨ ਕਿਸ ਪਾੜਿਉਂ ਨੀ ਤੇਰਾ ਵਤਨ ਹੈ ਕੌਣ ਦੀਵਾਨਿਆ ਵੇ
ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ ਸੱਚੋ ਸੱਚ ਹੀ ਦੱਸ ਮਸਤਾਨਿਆ ਵੇ
ਏਸ ਉਮਰ ਕੀ ਵਾਇਦੇ ਪਏ ਤੈਨੂੰ ਕਿਉਂ ਭਵਨਾ ਏ ਦੇਸ ਬੇਗਾਨਿਆ ਵੇ
ਕਿਸੇ ਰੰਨ ਭਾਬੀ ਬੋਲੀ ਮਾਰਿਆ ਈ ਹਿਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ
ਵਿੱਚ ਤ੍ਰਿੰਜਨਾ ਪਵੇ ਵਿਚਾਰ ਤੇਰੀ ਹੋਵੇ ਜ਼ਿਕਰ ਤੇਰਾ ਚੱਕੀ। ਹਾਨਿਆ ਵੇ
ਬੀਬੀ ਦੱਸ ਸ਼ਤਾਬ ਹੋ ਜਿਉ ਜਾਂਦਾ ਅਸੀਂ ਧੁਪ ਦੇ ਨਾਲ ਮਰ ਜਾਨੀਆ ਵੇ
ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ
ਵਾਰਸ਼ ਸ਼ਾਹ ਗੁਮਾਨ ਨਾ ਪਵੀਂ ਮੀਆਂ ਅੱਦੀ ਹੀਰ ਦਿਆ ਮਾਲ ਖਜ਼ਾਨਿਆ ਵੇ

317. ਉੱਤਰ ਰਾਂਝਾ
ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ ਸੱਪ ਸ਼ੀਂਹ ਫਕੀਰ ਦਾ ਦੇਸ ਕੇਹਾ
ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾ
ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਕ ਕਬੀਲੜਾ ਖੇਸ਼ ਕੇਹਾ
ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ ਨਾਲ ਸਰੇਸ਼ ਕੇਹਾ
ਸੱਭਾ ਖਾਕ ਦਰ ਖਾਕ ਫਨਾ ਹੋਣਾ ਵਾਰਸ ਸ਼ਾਹ ਫਿਰ ਤਿਨ੍ਹਾ ਨੂੰ ਕੇਸ਼ ਕੇਹਾ

318. ਉਹੀ
ਸਾਨੂੰ ਨਾ ਅਕਾਉ ਰੀ ਭਾਤ ਖਾਣੀ ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ
ਜੇ ਕਰ ਆਪਣੀ ਵਾਈ ਤੇ ਆ ਜਾਈਏ ਖੁੱਲੀ ਝੁੰਡ ਸਿਰ ਤੇ ਅਸੀਂ ਭੂਤਨੇ ਹਾਂ
ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ
ਵਾਰਸ ਸ਼ਾਹ ਮੀਆਂ ਹੇਠ ਬਾਲ ਭਾਂਬੜ ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ

319. ਉੱਤਰ ਕੁੜੀਆਂ
ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ
ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ ਗੁੱਸੇ ਨਾਲ ਪਸਾਰ ਦੇ ਆਨੀਆਂ ਹੋ
ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ

320. ਉੱਤਰ ਰਾਂਝਾ
ਸਭੇ ਸੁੰਹਦੀਆਂ ਤ੍ਰਿੰਜਨੀਂ ਸ਼ਾਹ ਪਰੀਆਂ ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ
ਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ
ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ ਤੁਸੀਂ ਵੱਢੇ ਸ਼ਰੂਰ ਦੀਆਂ ਬਾਨੀਆਂ ਹੋ
ਅਸੀਂ ਕਿਸੇ ਪਰਦੇਸ ਦੇ ਫਕਰ ਆਏ ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ
ਜਾਉ ਵਾਸਤੇ ਰਬ ਦੇ ਖਿਆਲ ਛੱਡੋ ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ
ਵਾਰਸ ਸ਼ਾਹ ਫਕੀਰ ਦੀਵਾਨੜੇ ਨੇ ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ

ਔਖੇ ਲਫ਼ਜ਼ਾਂ ਦੇ ਮਾਅਨੇ

311
ਭੌਂਦਾ। ਘੁੰਮਦਾ
ਤਪਾ। ਇਲਾਕਾ
ਰੋਹੀ। ਬਹਾਵਲਪੁਰ ਚੂਲਸਤਾਨ ਬੀਕਾਨੇਰ ਦਾ ਇਲਾਕਾ
ਵਿਆਹ। ਜਿਹਲਮ ਨਦੀ ਦਾ ਨਾਂਉ
ਮਿਰਤੂ। ਮੌਤ

312
ਧੁੰਬਾ। ਗਰੋਹ ਬਣ ਕੇ
ਅਤੀਤ। ਜੋਗੀ, ਬੈਰਾਗੀ
ਚਤਾਰੀਏ। ਸਰੀਰ ਉਤੇ ਨਿਸ਼ਾਨ ਲਾਉਣੇ
ਸਾਈ ਸਵਾਰੀ। ਜਿਹਦੇ ਉਤੇ ਰਬ ਆਪ ਮਿਹਰ ਕਰੇ
ਗੁਟਕਾਰੀਏ। ਗੁਟਕਣਾ

313
ਮੋਹਣੀ। ਮੁਹ ਲਣੈ ਵਾਲੀ, ਸੁਹਣੀ

314. 1
ਅਰ। ਅਤੇ
ਝਾਨਤੇ। ਦੇਖਦੇ
ਬੈਠੀਆਂ। ਵਿਹਲੀਆਂ
ਝਾਨੀਆਂ। ਸਿਵੇ
ਉਦਿਆਨ। ਵਸੋਂ ਤੋਂ ਦੂਰ, ਜੰਗਲ ਵਿੱਚ
ਪੱਖੀ ਤੰਬੂ। ਝੁਘੀ, ਦੋ ਬਾਂਸ ਜਾਂ ਲੱਕੜਾਂ ਸਿੱਧੀਆਂ ਗੱਡ ਕੇ ਉਨ੍ਹਾਂ ਦੇ ਸਿਰਿਆਂ ਉਪਰ ਵਿਚਕਾਰ ਇੱਕ ਹੋਰ ਲੱਕੜ ਬੰਨ੍ਹ ਕੇ, ਉੱਪਰ ਪਾਈ ਢਾਲੂ
ਛਤ।

314. 2
ਮੂਰਛਤ। ਬੇਸੁਧ
ਟੱਡੀਆਂ। ਅੱਡੀਆਂ ਹੋਈਆਂ
ਵੱਗਾ। ਚਿੱਟਾ
ਬੇਸਤ। ਬਿਨਾ ਸਾਹ ਸਤ ਦੇ
ਉਦਮਤ। ਹੈਰਾਨ

315
ਭੌਰ। ਆਸ਼ਕ
ਕਾਣ। ਸ਼ਰਮ, ਪਰਵਾਹ
ਮਕਾਨ। ਥਾਂ ਥਿੱਥਾ

316
ਵਾਇਦੇ। ਦੁਖ
ਚੱਕੀ ਹਾਨਾ। ਚੱਕੀ ਖਾਨਾ
ਸ਼ਤਾਬ। ਛੇਤੀਂ
ਜਿਉ ਜਾਂਦਾ। ਗਰਮੀ ਨਾਲ ਦਿਲ ਘਬਰਾ ਰਿਹਾ
ਅੱਦੀ। ਸਹੇਲੀ

317
ਕਬੀਲੜਾ। ਟੱਬਰ, ਕੁਟੰਭ
ਕੇਸ਼। ਮਜ਼ਹਬ
ਦਮਾਂ। ਸਾਹਾਂ

318
ਆਪਣੀ ਵਾਈ। ਆਪਣੀ ਆਈ

319
ਤਨ ਛਿਦਿਆ। ਸਰੀਰ ਵਿੱਚ ਗਲੀਆਂ ਕੀਤੀਆਂ
ਆਨੀਆਂ ਪਸਾਰਦੇ। ਡੇਲੇ ਕੱਢਦੇ ਹੋ

320
ਤਰਕਸ਼। ਤੀਰਾਂ ਦਾ ਭੱਥਾ
ਅੰਗੁਸ਼ਤ। ਉਂਗਲੀ, ਇਸ਼ਾਰਾ

ਸ਼ੇਖ ਸਾਅਦੀ। ਈਰਾਨ ਦੇ ਬਹੁਤ ਵੱਡੇ ਸ਼ਾਇਰ, ਗੁਲਿਸਤਾਂ ਅਤੇ 'ਬੋਸਤਾਂ' ਦੋ ਜਗਤ ਪ੍ਰਸਿੱਧ ਕਿਤਾਬਾਂ ਦੇ ਰਚੇ ਤਾ ਹਨ। ਦੱਸਿਆ ਜਾਂਦਾ ਹੈ ਕਿ ਉਹ ਭਾਰਤ ਵੀ ਆਏ ਸਨ। ਉਨ੍ਹਾਂ ਔਰਤਾਂ ਦੇ ਚਲਿੱਤਰਾਂ ਬਾਰੇ ਸੁਣਿਆ ਹੋਇਆ ਸੀ। ਇੱਕ ਪਿੰਡ ਜਾ ਕੇ ਸਭ ਤੋਂ ਵਧ ਭਲੀਮਾਨਸ ਔਰਤ ਦਾ ਪਤਾ ਕੀਤਾ। ਜਦੋਂ ਉਹ ਖੂਹ ਤੇ ਪਾਣੀ ਭਰਨ ਆਈ ਤਾਂ ਉਹਨੂੰ ਚਲਿੱਤਰਾਂ ਬਾਬਤ ਪੁੱਛਿਆ। ਉਹ ਕਹਿਣ ਲੱਗੀ ਕਿ ਉਹਨੂੰ ਨਹੀਂ ਆਉਂਦੇ, ਉਹ ਹੋਰ ਔਰਤਾਂ ਦਾ ਪਤਾ ਦੱਸ ਸਕਦੀ ਹੈ। ਉਹਨੂੰ ਇੱਕ ਨਿੱਕੀ ਜਹੀ ਮਕਰੀ ਆਉਂਦੀ ਹੈ, ਉਹ ਦਿਖਾ ਸਕਦੀ ਹੈ। ਸ਼ੇਖ ਦੇ ਹਾਂ ਕਹਿਣ ਤੇ ਉਹਨੇ ਕਿਹਾ ਕਿ ਜਦੋਂ ਉਹ ਉਹਦੇ ਕੋਲੋਂ ਕੁੱਝ ਕਦਮ ਪਰੇ ਜਾਵੇਗਾ ਸ਼ੁਰੂ ਕਰੇ ਗੀ। ਜਦੋਂ ਸ਼ੇਖ ਸਾਹਿਬ ਕੁੱਝ ਕਦਮ ਪਰੇ ਨਾਲ ਦੀ ਗਲੀ ਮੁੜੇ ਤਾਂ ਉਹਨੇ ਰੋਲਾ ਪਾ ਦਿੱਤਾ ਕਿ ਲੋਕੋ ਫੜੋ, ਨਾਲ ਦੀ ਗਲੀ ਜਾਣ ਵਾਲਾ ਕਾਣਾ ਪੁਰਸ਼ ਉਹਦੀ ਇੱਜ਼ਤ ਲੁੱਟਣੀ ਚਾਹੁੰਦਾ' ਲੋਕਾਂ ਫੜ ਕੇ ਸ਼ੇ ਖ ਦੀ ਖਿੱਚ ਧੂਹ ਕੀਤੀ। ਕੋਤਵਾਲ ਕੋਲ ਲਿਜਾ ਕੇ ਇੱਕ ਮਕਾਨ ਵਿੱਚ ਬੰਦ ਕਰ ਦਿੱਤਾ।

ਫਿਰ ਉਹ ਔਰਤ ਫੜਨ ਵਾਲਿਆਂ ਨੂੰ ਕਹਿਣ ਲੱਗੀ ਤੁਸੀਂ ਉਸ ਕਾਣੇ ਆਦਮੀ ਨਾਲ ਚੰਗੀ ਕੀਤੀ ਉਹ ਬਦਮਾਸ਼ ਏਸੇ ਦਾ ਹੱਕਦਾਰ ਸੀ। ਫੜਨ ਵਾਲੇ ਆਖਣ ਲੱਗੇ ਕਿ ਉਹ ਗਲਤ ਪੁਰਸ਼ ਫੜ੍ਹ ਲਿਆਏ ਹਨ। ਸ਼ੇਖ ਨੂੰ ਦੇਖ ਕੇ ਉਹ ਆਖਣ ਲੱਗੀ ਕਿ ਮੈਨੂੰ ਛੇੜਨ ਵਾਲਾ ਪੁਰਸ਼ ਅੱਖੋਂ ਕਾਨਾ ਸੀ। ਜਿਹੜਾ ਤੁਸੀਂ ਫੜ ਲਿਆਏ ਹੋ ਉਹ ਤਾ ਸ਼ੇਖ ਸਾਅਦੀ ਹੈ ਜਿਹੜਾ ਉਹਨੇ ਰਾਤੀਂ ਸਪਨੇ ਵਿੱਚ ਦਖਿਆ ਸੀ। ਔਰਤ ਨੇ ਸ਼ੇਖ ਦੇ ਪੈਰੀਂ ਹੱਥ ਲਾਏ ਅਤੇ ਕਿਹਾ ਇਹ ਤਾਂ ਵਲੀ ਪੁਰਸ਼ ਫਰਿਸ਼ਤਾ ਹੈ। ਉਹ ਕਾਨਾ ਸੂਰ ਵੀ ਇਸੇ ਗਲੀ ਵਿੱਚ ਭੱਜਾ ਸੀ। ਮੈਨੂੰ ਮੁਆਫ ਕਰੋ' ਫੜਣ ਵਾਲਿਆਂ ਵੀ ਸਾਅਦੀ ਤੋਂ ਮੁਆਫੀ ਮੰਗੀ।

ਜਾਂਦੀ ਹੋਈ ਉਹ ਔਰਤ ਕਹਿ ਗਈ ਕਿ ਉਹਨੂੰ ਤਾਂ ਨਿੱਕੀ ਜਹੀ ਮਕਰੀ ਆਉਂਦੀ ਸੀ ਉਹ ਦਿਖਾ ਦਿੱਤੀ ਹੈ।
ਸ਼ਰੂਰ। ਸ਼ਰਾਰਤ
ਸਾਨੀ। ਬਰਾਬਰ

 

More

Your Name:
Your E-mail:
Subject:
Comments:


Powered by: PHPCow.com