کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੪੧-੩੫੦

ਹੀਰ ਵਾਰਸ ਸ਼ਾਹ : ਬੰਦ ੩੪੧-੩੫੦

ਵਾਰਸ ਸ਼ਾਹ

July 2nd, 2008

 

 

341. ਉੱਤਰ ਜੋਗੀ
ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ ਟੂਣੇ ਹਾਰੀਏ ਆਖ ਕੀ ਆਹਨੀ ਹੈਂ
ਭਲਿਆਂ ਨਾਲ ਬੁਰਿਆਂ ਕਾਹੇ ਹੋਵਨੀ ਹੈਂ ਕਾਈ ਬੁਰੇ ਹੀ ਭਾਵਨੇ ਚਾਹਨੀ ਹੈਂ
ਅਸਾਂ ਭੁਖਿਆਂ ਆਣ ਸਵਾਲ ਕੀਤਾ ਕਹਿਆਂ ਜ਼ੇਬ ਦੀਆਂ ਰਿੱਕਤਾਂ ਡਾਹਨੀ ਹੈਂ
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ ਰਾਹ ਜਾਂਦੜੇ ਮਿਰਗ ਕਿਉਂ ਫਾਹਨੀ ਹੈਂ
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ ਹਰੀ ਸਾਖ ਨੂੰ ਮੋੜ ਕਿਉਂ ਵਾਹਨੀ ਹੈ
ਘਰ ਜਾਣ ਸਰਦਾਰ ਦਾ ਭੀਖ ਮਾਂਗੀ ਸਾਡਾ ਅਰਸ਼ ਦਾ ਕਿੰਗਰ੍ਹਾ ਢਾਹਨੀ ਹੈ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ ਚੈਂਚਰ ਹਾਰੀਏ ਆਖ ਕੀ ਆਹਨੀ ਹੈ
ਰਾਹ ਜਾਂਦੜੇ ਫਕਰ ਖਹੇੜਨੀਂ ਹੈਂ ਆ ਨਹਿਰੀਏ ਸਿੰਗ ਕਿਉਂ ਡਾਹਨੀ ਹੈ
ਘਰ ਪਈਅੜੇ ਧਰੋਹੀਆਂ ਘੇਰੀਆਂ ਨੀ ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹਨੀ ਹੈ
ਆ ਵਾਸਤਾ ਈ ਨੈਨਾਂ ਗੁੰਡਿਆਂ ਦਾ ਇਹ ਕਲ੍ਹਾ ਕਿਵੇਂ ਪਿੱਛੇ ਲਾਹਣੀ ਹੈ
ਅਸ਼ਕਾਰ ਦਰਿਆ ਵਿੱਚ ਖੇਡ ਮੋਈਏ ਕੱਹੀਆਂ ਮੂਤ ਵਿੱਚ ਮੱਛੀਆਂ ਫਾਹਨੀ ਹੈ
ਵਾਰਸ ਸ਼ਾਹ ਫਕੀਰ ਨੂੰ ਛੇੜਨੀ ਹੈਂ ਅੱਖੀਂ ਨਾਲ ਕਿਉਂ ਖੱਖਰਾਂ ਲਾਹਨੀ ਹੈ

342. ਉੱਤਰ ਸਹਿਤੀ
ਅਨੀ ਸੁਣੋ ਭੈਣਾ ਕੋਈ ਛਿਟ ਜੋਗੀ ਵੱਡੀ ਜੂਠ ਭੈੜਾ ਕਿਸੇ ਥਾਂਉ ਦਾ ਹੈ
ਝਗੜੈਲ ਮਰਖਨਾ ਘੰਡ ਮੱਚੜ ਰੱਪੜ ਖੰਡ ਇਹ ਕਿਸੇ ਗਰਾਉਂਦਾ ਹੈ
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ ਇਹ ਵਾਕਫ ਬਰੀ ਦੇ ਨਾਉਂ ਦਾ ਹੈ
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ ਆਪੇ ਲਾਂਵਦਾ ਆਪ ਬੁਝਾਂਦਾ ਹੈ
ਹੁਣੇ ਭੰਨ ਕੇ ਖਪਰੀ ਤੋੜ ਸੇਲ੍ਹੀ ਨਾਲੇ ਜਟਾਂ ਦੀ ਜੂਟ ਖੁਹਾਂਦਾ ਹੈ
ਜੋ ਮੈਂ ਉਠ ਕੇ ਪਾਣ ਪਤ ਲਾਹ ਸੁੱਟਾਂ ਪੈਂਚ ਇਹ ਨਾ ਕਿਸੇ ਗਰਾਉਂ ਦਾ ਹੈ
ਕੋਈ ਡੂਮ ਮੋਚੀ ਇੱਕੇ ਢੀਡ ਕੰਜਰ ਇੱਕੇ ਚੂਹੜਾ ਕਿਸੇ ਸਰਾਉਂਦਾ ਹੈ
ਵਾਰਸ ਸ਼ਾਹ ਮੀਆਂ ਵਾਹ ਲਾ ਰਹੀਆਂ ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ

343. ਉੱਤਰ ਰਾਂਝਾ
ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ ਮੱਥਾ ਮੁੰਨੀਏ ਕੜਮੀਏ ਭਾਗੀਏ ਨੀ
ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ
ਫਸਾਦ ਦੀ ਫੌਜ ਦੀਏ ਪੇਸ਼ਵਾਏ ਸ਼ੈਤਾਨ ਦੀ ਲੱਕ ਛੜਾਗੀਏ ਨੀ
ਅਸੀਂ ਜੱਟੀਆਂ ਨਾਲ ਜੇ ਕਰੇ ਝੇੜੇ ਦੁਖ ਜ਼ੁਹਦ ਤੇ ਫਕਰ ਕਿਊ ਜ਼ਾਗੀਏ ਨੀ
ਮੱਥਾ ਡਾਹ ਨਾਹੀਂ ਆ ਛੱਡ ਪਿੱਛਾ ਭੰਨੇ ਜਾਂਦੇ ਮਗਰ ਨਾ ਲਾਗੀਏ ਨੀ
ਵਾਰਸ ਸ਼ਾਹ ਫਕੀਰ ਦੇ ਕਦਮ ਫੜੀਏ ਛੀ ਕਿਬਰ ਹੰਕਾਰ ਤਿਆਗੀਏ ਨੀ

344. ਉੱਤਰ ਸਹਿਤੀ
ਚੱਕੀ ਹਾਣੀਆਂ ਵਿੱਚ ਵਿਚਾਰ ਪੌਂਦੀ ਇਹਦੀ ਧੁਮ ਤਨੂਰ ਤੇ ਭਠ ਹੈ ਨੀ
ਕਮਜ਼ਾਤ ਕੁਪੱਤੜਾ ਢੀਡ ਬੈਂਡਾ ਪੁਰੇ ਦੇ ਨਾਲ ਦੀ ਚੱਠ ਹੈ ਨੀ
ਭੇੜੂਕਾਰ ਘੁਠਾ ਠੱਗ ਮਾਝੜੇ ਦਾ ਜੈਂਦਾ ਰੰਨ ਛਰੋਲੀ ਦਾ ਹੱਠ ਹੈ ਨੀ
ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ
ਮੁਸ਼ਟੰਡੜੇ ਤੁਰਤ ਪਛਾਨ ਲਈਦੇ ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ
ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ ਇਹ ਚੌਧਰੀ ਚੌੜ ਚੌਪਟ ਹੈ ਨੀ
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ ਭਾਵੇਂ ਵੇਲੇ ਦੀ ਇਹ ਲਠ ਹੈ ਨੀ

345. ਗੁਆਢਨਾਂ ਦਾ ਉੱਤਰ
ਵਿਹੜੇ ਵਾਲੀਆ ਦਾਨੀਆਂ ਆਨ ਖੜ੍ਹੀਆਂ ਕਿਉਂ ਬੋਲਦੀਆਂ ਤੁਸੀਂ ਦੀਵਾਨੜੇ ਨੀ
ਕੁੜੀਏ ਕਾਸ ਨੂੰ ਲੂਝਦੀ ਨਾਲ ਜੋਗੀ ਇਹ ਜੰਗਲੀ ਖਰੇ ਨਮਾਨੜੇ ਨੀ
ਮੰਗ ਖਾਇਕੇ ਸਦਾ ਇਹ ਦੇਸ ਤਿਆਗਨ ਤੱਬੂ ਆਸ ਦੇ ਇਹ ਤਾਣਦੇ ਨੀ
ਜਾਪ ਜਾਣਦੇ ਰੱਬ ਦੀ ਯਾਦ ਵਾਲਾ ਐਡੇ ਝਗੜੇ ਇਹ ਨਾਲ ਜਾਣਦੇ ਨੀ
ਸਦਾ ਰਹਿਣ ਉਦਾਸ ਨਿਰਾਸ ਨੰਗੇ ਬਿਰਛ ਭੋਗ ਕੇ ਸਿਆਲ ਲੰਘਾਂਵਦੇ ਨੀ
ਵਾਰਸ ਸ਼ਾਹ ਪਰ ਅਸਾਂ ਮਾਅਲੂਮ ਕੀਤਾ ਜੱਟੀ ਜੋਗੀ ਦੋਵੇਂ ਇੱਕਸ ਹਾਨ ਦੇ ਨੀ

346. ਸਹਿਤੀ ਦਾ ਉੱਤਰ
ਨੈਨਾਂ ਹੀਰ ਦਿਆਂ ਦੇਖ ਕੇ ਆਹ ਭਰਦਾ ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ
ਜਿਵੇਂ ਖਸਮ ਕੁਪੱਤੜਾ ਰੰਨ ਭੰਡੇ ਕੀਤੀ ਗੱਲ ਨੂੰ ਪਿਆ ਘਸੀਟਦਾ ਈ
ਰੰਨਾਂ ਗੁੰਡੀਆਂ ਵਾਂਗ ਫਰਫੇਜ ਕਰਦਾ ਤੋੜਨ ਹਾਰੜਾ ਲੱਗੜੀ ਪ੍ਰੀਤ ਦਾ ਈ
ਘਤ ਘਗਰੀ ਬਹੇ ਇਹ ਵੱਡਾ ਠੇਠਰ ਇਹ ਉਸਤਾਦੜਾ ਕਿਸੇ ਮਸੀਤ ਦਾ ਈ
ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ ਪਿੱਛੋਂ ਆਪਣੀ ਵਾਰ ਮੁੜ ਚੀਤ ਦਾ ਈ
ਇੱਕੇ ਖੈਰ ਹੱਥਾਂ ਨਹੀਂ ਇਹ ਰਾਵਲ ਇੱਕੇ ਚੇਲੜਾ ਕਿਸੇ ਪਲੀਤ ਦਾ ਈ
ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ ਨਾ ਇਹ ਚੇਲੜਾ ਕਿਸੇ ਅਤੀਤ ਦਾ ਈ
ਵਾਰਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ

347. ਉੱਤਰ ਰਾਂਝਾ
ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ
ਹੁਨਰ ਝੂਠ ਕਮਾਨ ਲਹੌਰ ਜੇਹੀ ਅਤੇ ਕਾਂਉਰੂ ਜੇਡ ਨਾ ਸਿਹਰ ਹੈ ਨੀ
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ ਉਹ ਨਮਰੂਦ ਦੀ ਥਾਂਉਂ ਬੇ ਮਿਹਰ ਹੈ ਨੀ
ਨਕਸ਼ ਚੀਨ ਤੇ ਮੁਸ਼ਕ ਨਾ ਖਤਮ ਜੇਹਾ ਸੂਸਫ ਜ਼ੇਬ ਨਾ ਕਿਸੇ ਦਾ ਚਿਹਰ ਹੈ ਲੀ
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ ਰੈਨੂੰ ਦੱਸ ਖਾ ਕਾਸ ਦੀ ਵੇਹਰ ਹੈ ਨੀ
ਬਾਤ ਬਾਤ ਤੇਰੀ ਵਿੱਚ ਹੈਨ ਕਾਮਨ ਵਾਰਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ

348. ਉਹੀ
ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ ਜਗ ਆਂਵਦਾ ਨਜ਼ਰ ਜ਼ਹੂਰ ਜੇਹਾ
ਦਸਤਾਰ ਬਜਵਾੜਿਉਂ ਖੂਬ ਆਵੇ ਅਤੇ ਬਾਫਤਾ ਨਹੀਂ ਕਸੂਰ ਜੇਹਾ
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ ਨਹੀਂ ਚਾਣਨਾ ਚੰਦ ਦੇ ਨੂਰ ਜੇਹਾ
ਅੱਗੇ ਨਜ਼ਰ ਦੇ ਮਜ਼ਾ ਮਾਅਸ਼ੂਕ ਦਾ ਹੈ ਅਤੇ ਢੋਲ ਨਾ ਸੋਂਹਦਾ ਦੂਰ ਜੇਹਾ
ਨਹੀਂ ਰੰਨ ਕੁਲੱਛਨੀ ਤੁਧ ਜੇਹੀ ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ
ਸਹਿਤੀ ਜੇਡ ਨਾ ਹੋਰ ਝਗੜੈਲ ਕੋਈ ਅਤੇ ਸੁਹਣਾ ਹੋਰ ਨਾ ਤੂਰ ਜੇਹਾ
ਖੇੜਿਆਂ ਜੇਡ ਨਾ ਨੇਕ ਕੋਈ ਕੋਈ ਥਾਂਉਂ ਨਾ ਬੈਤ ਮਾਅਮੂਰ ਜੇਹਾ
ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ ਬੁਰਾ ਨਹੀਂ ਹੈ ਕੰਮ ਫਤੂਰ ਜਿਹਾ
ਹਿੰਗ ਜੇਡ ਨਾ ਹੋਰ ਬਦਬੂ ਕੋਈ ਬਾਸਦਾਰ ਨਾ ਹੋਰ ਕਚੂਰ ਜੇਹਾ
ਵਾਰਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ ਕੋਈ ਤਾਓ ਨਾ ਤਪਤ ਤੰਦੂਰ ਜਿਹਾ

349. ਉੱਤਰ ਸਹਿਤੀ
ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ ਕਿੱਥੋਂ ਹੋਇਆ ਸੰਡਾਸ ਬੈਰਾਗ ਹੈ ਵੇ
ਕੇਤੀ ਰਾਹ ਹੈਨ ਜੋਗ ਦੇ ਦੱਸ ਵੇ ਖਾਂ ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ
ਇਹ ਖਪਰੀ ਸੇਲ੍ਹੀਆਂ ਨਾਦ ਕਿੱਥੋਂ ਕਿਸ ਬੱਧਿਆ ਜੁਟਾਂ ਦੀ ਪਾਗ ਹੈ ਵੇ
ਵਾਰਸ ਸ਼ਾਹ ਭਬੂਤ ਕਿਸ ਕੱਢਿਆ ਈ ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ

350. ਉੱਤਰ ਰਾਂਝਾ
ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆ ਦੇਵ ਦਤ ਹੈ ਗੁਰੂ ਸੰਡਾਸੀਆਂ ਦਾ
ਰਾਮਾਨੰਦ ਥੋਂ ਸਭ ਵੈਰਾਗ ਹੋਇਆ ਪਰਮ ਜੋਤ ਹੈ ਗੁਰੂ ਉਦਾਸੀਆਂ ਦਾ
ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ ਬਿਸ਼ਨ ਅਤੇ ਮਹੇਸ਼ ਸ਼ੁਭ ਰਾਸੀਆਂ ਦਾ
ਸੁਥਰਾ ਸੁਥਰਿਆ ਦਾ ਨਾਨਕ ਦਾਸੀਆਂ ਦਾ ਸ਼ਾਹ ਮੱਖਣ ਹੈ ਮੰਡ ਅਭਾਸੀਆਂ ਦਾ
ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ ਤੇ ਅਦਸੇ ਕਰਨੀ ਖੱਖੇ ਕਾਸਿਆਂ ਦਾ
ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ ਅੰਸਾਰ ਅੰਸਾਰੀਆਂ ਤਾਸੀਆਂ ਦਾ
ਹੈ ਵਸ਼ਿਸ਼ਠ ਨਿਰਬਾਨ ਵੈਰਾਗੀਆਂ ਦਾ ਸਿਰੀ ਕਰਿਸ਼ਨ ਭਗਵਾਨ ਉਪਾਸੀਆਂ ਦਾ
ਹਾਜੀ ਨੋਸ਼ਾ ਜਿਵੇਂ ਨੌਸ਼ਾਹੀਆਂ ਦਾ ਅਤੇ ਭਗਤ ਕਬੀਰ ਜੋਲਾਸੀਆਂ ਦਾ
ਦਸਤਗੀਰ ਦਾ ਕਾਦਰੀ ਸਿਲਸਲਾ ਹੈ ਤੇ ਫਰੀਦ ਹੈ ਚਿਸ਼ਤ ਅੱਬਾਸੀਆਂ ਦਾ
ਜਿਵੇਂ ਸ਼ੈਖ ਤਾਹਿਰ ਪੀਰ ਮੋਚੀਆਂ ਦਾ ਸ਼ਮੱਸ ਪੀਰ ਸੁਨਿਆਰਿਆਂ ਚਾਸੀਆਂ ਦਾ
ਨਾਮ ਦੇਵ ਹੈ ਗੁਰੂ ਛੀਂਬਿਆਂ ਦਾ ਲੁਕਮਾਨ ਲੁਹਾਰ ਤਰਖਾਸੀਆਂ ਦਾ
ਖੁਆਜਾ ਖਿਜ਼ਰ ਹੈ ਮੇਨਾਂ ਮੁਹਾਨਿਆਂ ਦਾ ਨਕਸ਼ਬੰਦ ਮੁਗਲਾਨ ਚੁਗਤਾਸੀਆਂ ਦਾ
ਸਰਵਰ ਸਖੀ ਭਰਾਈਆਂ ਸੇਵਕਾ ਦਾ ਲਾਅਲ ਬੇਗ ਹੈ ਚੂਹੜਿਆਂ ਖਾਸੀਆਂ ਦਾ
ਨਲ ਰਾਜਾ ਹੈ ਗੁਰੂ ਜਵਾਰੀਆਂ ਦਾ ਸ਼ਾਹ ਸ਼ੱਮਸ ਨਿਆਰਿਆਂ ਤਾਸੀਆਂ ਦਾ
ਸ਼ੇਸ਼ ਵਲਦ ਆਦਮ ਜੁਲਾਹਿਆਂ ਦਾ ਸ਼ੈਤਾਨ ਹੈ ਪੀਰ ਮੀਰਾਸੀਆਂ ਦਾ
ਵਾਰਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ ਅਤੇ ਰਹਿਮਾਨ ਹੈ ਮੋਮਨਾਂ ਖਾਸਿਆਂ ਦਾ
ਜਿਵੇਂ ਹਾਜੀ ਗੁਲਗੋ ਘੁਮਿਆਰ ਮੰਨਣ ਹਜ਼ਰਤ ਅਲੀ ਹੈ ਸ਼ੀਆਂ ਖਾਸਿਆਂ ਦਾ
ਸਲਮਾਨ ਪਾਰਸ ਪੀਰ ਨਾਈਆਂ ਦਾ ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ ਭੁਖ ਪੀਰ ਹੈ ਮਸਤੀਆ ਪਾਸੀਆਂ ਦਾ
ਹਸਵ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ ਸੁਲੇਮਾਨ ਜਿੰਨ ਭੂਤਾਸੀਆਂ ਦਾ
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਦਾਊਦ ਹੈ ਜ਼ਰ੍ਹਾ ਨਵਾਸੀਆਂ ਦਾ

ਔਖੇ ਲਫ਼ਜ਼ਾਂ ਦੇ ਮਾਅਨੇ

341
ਸਾਖ। ਖੇਤੀ
ਨਹਿਰੀ। ਕੌੜ
ਢੱਗੀ ਵਹਿਰੀ . ਸਾਨ੍ਹਾਂ ਨੂੰ ਵਾਂਹਦੀ। ਮੱਛਰੀ ਹੋਈ ਗਾਂ
ਸਾਨ੍ਹਾਂ ਤੇ ਚੜ੍ਹਦੀ ਹੈ।
ਕਲ੍ਹਾ। ਝਗੜਾ
ਅਸ਼ਕਾਰ। ਸ਼ਿਕਾਰ

342
ਛਿਟ। ਬਹੁਤ ਬੁਰਾ, ਖੜਕੰਜਰ, ਫਸਾਦੀ
ਘੰਡ। ਹੰਢਿਆ ਹੋਇਆ
ਮੱਚੜ। ਗੱਲ ਗੱਲ ਤੇ ਮਚਣ ਭਾਵ ਲੜਣ ਵਾਲਾ
ਰਪੜ ਖੰਡ। ਝਗੜਾਲੂ, ਰੱਪੜ ਜਮੀਨ ਵਰਗਾ
ਮਰਖਨਾ। ਮਾਰਨ ਖੰਡਾ
ਜੂਟ। ਜੂੜਾ, ਗੁੱਟਾ
ਢੀਡ। ਢੀਠ, ਬੇਸ਼ਰਮ
ਬਾਜ਼ ਨਹੀਂ ਆਉਂਦਾ। ਹਟਦਾ ਨਹੀਂ, ਟਲਦਾ ਨਹੀਂ

343
ਮੱਥਾ ਮੁੰਨੀ। ਸਿਰ ਮੁੰਨੀ, ਬਦਕਿਰਦਾਰ; ਕਿਸੇ ਸਮੇਂ ਭਰਤੀ ਸਮਗਜ ਵਿੱਚ ਬਦਕਿਰਦਾਰ ਭਾਵ ਮਾੜਾ ਕਾਰਾ ਕਰਨ ਤੇ ਔਰਤ ਦਾ ਸਿਰ ਮੁੰਨ ਦਿੰਦੇ ਸਨ। ਇਸੇ ਕਰਕੇ ''ਸਿਰ ਮੁੰਨੀ" ਸ਼ਬਦ ਗਾਲੀ ਦੇ ਸ਼ਬਦ ਸਨ।
ਕੁੜਮੀ। ਮੰਦਭਾਗੀ
ਛੱਪਰ ਨੱਕੀ। ਬਦਸੂਰਤ
ਬੁਰੇ ਤੇ ਲਾਗੀਏ। ਮਾੜੇ ਕੰਮਾਂ ਤੇ ਲੱਗੀ ਹੋਈ
ਪੇਸ਼ਵਾ। ਆਗੂ, ਦੱਖਣੀ ਭਾਰਤ ਵਿੱਚ ਮਰਹਟਿਆਂ ਦੇ ਲੀਡਰ ਨੂੰ ਪੇਸ਼ਵਾ ਕਿਹਾ ਜਾਂਦਾ ਸੀ।
ਲੱਕ ਤੜਾਗੀ। ਲੱਕ ਦੀ ਤੜਾਗੀ, ਗੂੜ੍ਹਾ ਸਾਥੀ
ਭੰਨੇ। ਦੌੜੇ, ਭੱਜੇ
ਛੀ। ਛੀ ਛੀ, ਨਫਰਤ ਦੱਸਣ ਲਈ ਬੋਲੇ ਜਾਂਦੇ ਸ਼ਬਦ।

344
ਚੱਕੀ ਹਾਣਾ। ਜਿੱਥੇ ਬੰਦੇ ਇਕੱਠੇ ਹੁੰਦੇ ਹਨ
ਭੱਠ। ਦਾਣੇ ਆਦਿ ਭੁੰਨਣ ਦੀ ਵੱਡੀ ਭੱਠੀ
ਬੈਂਡਾ। ਖੁੰਢਾ
ਚਠ। ਚੁੜੇਲ
ਯਰੋਲੀ। ਯਾਰ
ਹਠ। ਜ਼ਿਦ, ਹਟ
ਹਸ਼ਧਾਤ। ਹਸ਼ਤਧਾਤ, ਅਠਧਾਤਾ 1. ਸੋਨਾ, 2. ਚਾਂਦੀ, 3. ਲੋਹਾ, 4. ਤਾਂਬਾ, 5. ਜਿਸਤ, 6. ਪਿੱਤਲ, 7. ਸਿੱਕਾ ਅਤੇ 8 ਟੀਨ
ਕਾਠਾ। ਕਾਠੇ ਕਮਾਦ ਦੀ ਗੱਠ

345
ਦਾਨੀਆਂ। ਅਕਲ ਵਾਲੀਆਂ
ਲੁਝਦੀ। ਲੜਦੀ
ਬਿਰਛ ਭੋਗ। ਅੱਗ ਸੇਕ ਕੇ

346
ਫਰਫੇਜ। ਫਰੇਬ
ਘਗਰੀ ਘਤ ਬਹਿਣਾ। ਡੇਰਾ ਲਾ ਲੈਣਾ
ਠੇਠਰ। ਗੰਵਾਰ
ਉਸਤਾਦੜਾ। ਲੋਟਾ, ਚੁਗਲ
ਅਤੀਤ। ਜੋਗੀ
ਅੰਤਰਾ। ਗੀਤ ਦੇ ਦੋ ਹਿੱਸੇ ਹਨ, ਇੱਕ ਮੁੜ ਮੁੜ ਦੁਹਰਾਇਆ ਜਾਣ ਵਾਲਾ ਦੂਜਾ ਅੰਤਰਾ

347
ਕਾਂਉਰੂ। ਕਾਮਰੂਪ। ਪੂਰਬੀ ਬੰਗਾਲ ਦਾ ਇੱਕ ਜ਼ਿਲ੍ਹਾ ਜਿਹੜਾ ਜਾਦੂ ਟੂਣੇ ਲਈ ਮਸ਼ਹੂਰ ਹੈ।
ਚਿਹਰ। ਚਿਹਰਾ
ਜ਼ੇਬ। ਸੁਨੱਖਾ
ਕਾਮਨ। ਜਾਦੂ, ਟੂਣੇ ਵਾਲੀ
ਵਿਹਰ। ਦੁੱਖ

348
ਜਗ ਆਂਵਦਾ . ਨਜ਼ਰ ਜ਼ਹੂਰ। ਅਸੀਂ ਸਾਰੇ ਸ੍ਰਿਸ਼ਟੀ ਨੂੰ
ਦੇਖ ਸਕਦੇ ਹਾਂ
ਦਸਤਾਰ। ਪਗੜੀ
ਬਾਫਤ। ਰੇਸ਼ਮ ਦਾ ਕੱਪੜਾ
ਕੁਲੱਛਨੀ। ਭੈੜੇ ਲੱਛਣਾਂ ਵਾਲੀ
ਜ਼ਲਜ਼ਲਾ। ਭੁਚਾਲ
ਹਸ਼ਰ। ਕਿਆਮਤ
ਸੂਰ। ਬਿਗਲ
ਬੈਤ ਮਾਅਮੂਰ। ਚੌਥੇ ਅਸਮਾਨ ਉਪਰੇ ਜ਼ੱਮੂਰਦ ਦੀ ਬਣੀ ਇੱਕ ਮਸਜਿਦ। ਕਹਿੰਦੇ ਹਨ ਕਿ ਜੇ ਕਰ ਕੋਈ ਚੀਜ਼ ਓਥੋਂ ਡਿਗ ਪਵੇ ਤਾਂ ਉਹ ਕਾਅਬੇ ਦੀ ਛਤ 'ਤੇ ਆ ਟਿਕਦੀ ਹੈ।
ਫਤੂਰ। ਫਸਾਦ, ਖਰਾਬੀ
ਕਚੂਰ। ਕਾਫੂਰ
ਤਪਤ। ਗਰਮੀ

349
ਸੰਡਾਸ। ਸਨਿਆਸ
ਕੇਤੀ। ਕਿੰਨੇ, ਜਿਵੇਂ 'ਕੇਤੇ ਲੈ ਲੈ ਮਕਰ ਪਾਹਿ" ਜਪ ਜੀ ਸਾਹਿਬ
ਜੁਟਾਂ। ਜਚਾਂ
ਪਾਗ। ਪਗੜੀ
ਭਬੂਤ। ਸਰੀਰ ਉਤੇ ਮਲੀ ਜਾਣ ਵਾਲੀ ਸੁਆਹ

350
ਮੰਡਾ ਭਾਸੀ। ਦਾੜ੍ਹੀ, ਮੁਛ ਅਤੇ ਸਿਰ ਦੇ ਵਾਲ ਕਟਾ ਕੇ ਸਫਾ ਚਟ ਰਖਵਾਉਣ ਵਾਲੇ, ਪਰਮ ਜੋਤ, ਰਬ ਨੂੰ ਮੰਨਿਆ ਜਾਦਾ ਹੈ।
ਕੁਖੇ ਕਾਸੀ। ਖਾਲੀ ਪਿਆਲੇ ਵਾਲਾ ਜਿਹੜਾ ਭੁਖੇ ਹੋਣ
ਤੇ ਵੀ ਮੰਗਣ ਨਾਲ ਜਾਵੇ।
ਚਾਸੀ। ਕਿਸਾਨ
ਖਾਸੀ। ਕੂੜਾ ਕਰਕਟ ਚੁੱਕਣ ਵਾਲੇ
ਤਾਸੀ। ਸੋਨੇ ਦੇ ਗਹਿਣੇ ਬਨਾਉਣ ਵਾਲੇ
ਪਾਸੀ। ਤਾੜ ਦੇ ਦਰਖੱਤ ਤੋਂ ਤਾੜੀ ਕੱਢਣ ਵਾਲਾ
ਪੀਰ। ਗੁਰੂ
ਜ਼ੱਰਹਿ ਨਵਾਸੀ। ਹਰ ਵੇਲੇ ਜ਼ੱਰਹਿ ਬਕਤਰ ਪਹਿਨਣ ਵਾਲਾ

 

More

Your Name:
Your E-mail:
Subject:
Comments:


Powered by: PHPCow.com