کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੭੧-੩੮੦

ਹੀਰ ਵਾਰਸ ਸ਼ਾਹ : ਬੰਦ ੩੭੧-੩੮੦

ਵਾਰਸ ਸ਼ਾਹ

July 2nd, 2008

 

 

371. ਉੱਤਰ ਰਾਂਝਾ
ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ ਅਨੀ ਗੁੰਡੀਏ ਠੇਠਰੇ ਜੱਟੀਏ ਨੀ
ਕਰਾਮਾਤ ਫਕੀਰ ਦੀ ਦੇਖ ਨਾਹੀਂ ਖੈਰ ਰਬ ਤੋਂ ਮੰਗ ਕੁਪੱਤੀਏ ਨੀ
ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੇ ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ
ਮਸਤੀ ਨਾਲ ਤਕੱਬਰੀ ਰਾਤ ਦਿਨੇ ਕਦੀ ਹੋਸ਼ ਦੀ ਅੱਖ ਪਰਤੀਏ ਨੀ
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ
ਪੜ੍ਹ ਫੂਕੀਏ ਇੱਕ ਅਜ਼ਮਤ ਸੈਫੀ ਜੜ ਜਿੰਨ ਤੇ ਭੂਤ ਦੀ ਪੱਟੀਏ ਨੀ
ਤੇਰੀ ਭਾਬੀ ਦੇ ਦੁਖੜੇ ਦੂਰ ਹੋਵਨ ਅਸੀਂ ਮਿਹਰ ਜੇ ਚਾ ਪਲੱਟੀਏ ਨੀ
ਮੂੰਹੋਂ ਮਿਠੜਾ ਬੋਲ ਤੇ ਮੋਮ ਹੋਜਾ ਤਿੱਖੀ ਹੋ ਨਾ ਕਮਲੀਏ ਜੱਟੀਏ ਨੀ
ਜਾਂਦੇ ਸਭ ਆਜ਼ਾਰ ਯਕੀਨ ਕਰਕੇ ਵਾਰਸ ਸ਼ਾਹ ਦੇ ਪੈਰ ਜੇ ਚੱਟੀਏ ਨੀ

373 (ਜ). ਉੱਤਰ ਸਹਿਤੀ
ਫੇਰ ਭੇਜਿਆ ਬੀਰ ਬਤਾਲਿਆ ਵੇ ਔਖੇ ਇਸ਼ਕ ਦੇ ਝਾੜਨੇ ਪਾਵਨੇ ਵੇ
ਨੈਨਾਂ ਦੇਖ ਕੇ ਮਾਰਨੀ ਫੂਕ ਸਾਹਵੇਂ ਸੁੱਤੇ ਪਰੇਮ ਦੇ ਨਾਗ ਜਗਾਵਨੇ ਵੇ
ਕਦੋਂ ਯੂਸਫੀ ਤਿਬ ਮੀਜ਼ਾਨ ਪੜ੍ਹਿਉਂ ਦਸਤੂਰ ਇਲਾਜ ਸਿਖਾਵਨੇ ਵੇ
ਕਰਤਾਸ ਸਕੰਦਰੀ ਤਿਬ ਅਕਬਰ ਜ਼ਖੀਰਿਉਂ ਬਾਬ ਸਣਾਵਨੇ ਵੇ
ਕਾਨੂੰਨ ਮੋਜਜ਼ ਤੁਹਫਾ ਮੋਮਨੀਨ ਭੀ ਕਫਾਇਆ ਮਨਸੂਰੀ ਥੀਂ ਪਾਵਨੇ ਵੇ
ਪਰਾਨ ਸੰਗਲੀ ਵੈਦ ਮਨੌਤ ਸਿਮਰਤ ਨਿਰਘਟ ਦੇ ਧਿਆਇ ਵਿਫਲਾਵਨੇ ਵੇ
ਕਰਾਬਾ ਦੀਨ ਸ਼ਫਾਈ ਤੇ ਕਾਦਰੀ ਭੀ ਮੁਤਫਰਕਾ ਤਿਬ ਪੜ੍ਹ ਜਾਵਨੇ ਵੇ
ਰਤਨ ਜੋਤ ਤੇ ਸਾਖ ਬਲਮੀਕ ਸੋਜਨ ਸੁਖ ਦਿਆ ਗੰਗਾ ਤੈਂ ਥੀ ਆਵਨੇ ਵੋ
ਫੈਲਸੂਫ ਜਹਾਂ ਦੀਆਂ ਅਸੀਂ ਰੰਨਾਂ ਸਾਡੇ ਮਕਰ ਦੇ ਭੇਤ ਕਿਸ ਪਾਵਨੇ ਵੇ
ਅਫਲਾਤੂਨ ਸ਼ਾਗਿਰਦ ਜ਼ੁਲਾਮ ਅਰੱਸਤੂ ਲੁਕਮਾਨ ਥੀਂ ਪੈਰ ਧੁਆਵਨੇ ਵੇ
ਜਿੰਨਾ ਏਸ ਨੂੰ ਝੰਗ ਸਿਆਲ ਵਾਲੇ ਕਾਬੂ ਕਿਸੇ ਦੇ ਇਹ ਨਾ ਆਵਨੇ ਵੇ
ਗੱਲਾਂ ਚਾਇ ਚਵਾ ਦੀਆਂ ਬਹੁਤ ਕਰਨਾਏ ਇਹ ਰੋਗ ਨਾ ਤੁਧ ਥੀਂ ਜਾਵਨੇ ਵੇ
ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ ਠਗ ਫਿਰਦੇ ਨੇ ਰੰਨਾਂ ਵਲਾਵਨੇ ਵੇ
ਜਿਹੜੇ ਮਕਰ ਦੇ ਪੈਰ ਖਲਾਰ ਬੈਠੇ ਬਿਨਾਂ ਫਾਟ ਖਾਦੇ ਨਾਹੀਂ ਜਾਵਨੇ ਵੇ
ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ ਹੱਡ ਗੋਡੜੇ ਤਿਨ੍ਹਾਂ ਭਨਾਵਨੇ ਵੇ
ਵਾਰਸ ਸ਼ਾਹ ਇਹ ਮਾਰ ਹੈ ਵਸਤ ਐਸੀ ਜਿੰਨ ਭੂਤ ਤੇ ਦੇਵ ਨਿਵਾਵਨੇ ਵੇ

373 (ਜਜ). ਉੱਤਰ ਰਾਂਝਾ
ਏਹਾ ਰਸਮ ਕਦੀਮ ਹੈ ਜੋਗੀਆਂ ਦੀ ਉਹਨੂੰ ਮਾਰਦੇ ਹੈਨ ਜਿਹੜੀ ਟਰਕਦੀ ਹੈ
ਖੈਰ ਮੰਗਨੇ ਗਏ ਫਕੀਰ ਤਾਈਂ ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ
ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ ਜਿਹੜੀ ਖੈਰ ਦੇ ਦੇਣ ਤੋਂ ਝੁਰਕਦੀ ਹੈ
ਐਡੀ ਪੀਰਨੀ ਇੱਕੇ ਪਹਿਲਵਾਣਨੀ ਹੈ ਇੱਕੇ ਕੰਜਰੀ ਇਹ ਕਿਸੇ ਤੁਰਕਦੀ ਹੈ
ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ ਪਿੱਛੋਂ ਸਰਦ ਪਾਣੀ ਦੇਖੋ ਬੁਰਕਦੀ ਹੈ
ਰੰਨ ਘੁੰਡ ਨੂੰ ਜਦੋਂ ਪੈਜ਼ਾਰ ਵੱਜਨ ਓਥੋਂ ਚੁਪ ਚੁਪਾਤੜੀ ਛੁਰਕਦੀ ਹੈ
ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ ਜਿਹੜੀ ਜ਼ੁਲਫ ਗੱਲ੍ਹਾਂ ਉਤੇ ਲੁੜਕਦੀ ਹੈ
ਸਿਆਣੇ ਜਾਨਣੇ ਹਨ ਧਨੀ ਜਾਏ ਝੋਟੀ ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ
ਫਕਰ ਜਾਨ ਮੰਗਨ ਖੈਰ ਭੁਖ ਮਰਦੇ ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ
ਲੁੰਡੀ ਪਾਹੜੀ ਨੂੰ ਖੇਤ ਹੱਥ ਆਇਆ ਪਈ ਉਪਰੋਂ ਉਪਰੋਂ ਮੁਰਕਦੀ ਹੈ
ਓਸਦੇ ਮੌਰ ਫੁਰਦੇ ਅਤੇ ਲੌਨ ਚੁੱਤੜ ਸਵਾ ਮਣੀ ਮਤਹਿਰ ਭੀ ਫੁਰਕਦੀ ਹੈ

374. ਉੱਤਰ ਸਹਿਤੀ
ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ
ਉਹ ਵਾਹਨਾਂ ਜਾਣ ਕਬਾਬ ਹੋਈਆਂ ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ
ਇੱਕ ਦਿਨ ਉਹ ਫੇਰਸਨ ਆਣ ਘੋੜੇ ਕੜਾਂ ਜਿਨ੍ਹਾਂ ਦੀਆਂ ਨਿਤ ਸੁਣੀਦੀਆਂ ਨੀ
ਥੋੜੀਆਂ ਕਰਨ ਸੁਹਾਗ ਦੀਆਂ ਉਹ ਆਸਾਂ ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੇ
ਜੋਕਾਂ ਇੱਕ ਦਿਨ ਪਕੜ ਨਚੋ ਹੈਨਗੀਆਂ ਅਨਪੁੱਣੇ ਲਹੂ ਨਿਤ ਪੀਂਦੀਆਂ ਨੇ
ਦਿਲ ਲੱਖ ਦੀਚੇ ਕੰਜਰੀ ਨੂੰ ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੇ
ਇੱਕ ਦਿਹੁੰ ਪਕੜੀਆਂ ਜਾਣ ਗੀਆਂ ਹਾਕਮਾ ਥੇ ਪਰਸੇਜ ਜੋ ਨਿਤ ਚੜ੍ਹੇਂਦੀਆਂ ਨੇ
ਇੱਕ ਦਿਨ ਗੜੇ ਵਸਾਇਸਨ ਉਹ ਘਟਾਂ ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੇ
ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ ਮੁਸ਼ਕਾਂ ਕਿਸੇ ਦੀਆਂ ਅਜ ਬੁਝੀਂਦੀਆਂ ਨੇ

375. ਉੱਤਰ ਰਾਂਝਾ
ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ ਪੜ੍ਹ ਸੈਫੀਆਂ ਜ਼ੁਹਦ ਕਮਾਂਵਨੇ ਹਾਂ
ਮਕਰ ਫਨ ਨੂੰ ਭੰਨ ਕੇ ਸਾਫ ਕਰਦੇ ਜਿਨ ਭੂਤ ਨੂੰ ਸਾੜ ਵਖਾਣਨੇ ਹਾਂ
ਨਕਸ਼ ਲਿਖ ਕੇ ਫੂਕ ਯਸੀਂ ਦੇਈਏ ਸਾਏ ਸੂਲ ਦੀ ਜ਼ਾਤ ਗਵਾਣਨੇ ਹਾਂ
ਦੁਖ ਦਰਦ ਬਲਾਇ ਤੇ ਜਾਏ ਤੰਗੀ ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ
ਸਣੇ ਤਸਮੀਆਂ ਪੜ੍ਹਾਂ ਅਖਲਾਸ ਸੂਰਤ ਜੜ੍ਹਾਂ ਵੈਰ ਦੀਆਂ ਪੱਟ ਵਖਾਵਣੇ ਹਾਂ
ਦਿਲੋਂ ਹੁਬ ਦੇ ਚਾ ਤਾਅਵੀਜ਼ ਲਿਖੀਏ ਅਸੀਂ ਰੁਠੜੇ ਯਾਰ ਮਿਲਾਵਨੇ ਹਾਂ
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਨ ਜਗਾਵਨੇ ਹਾਂ
ਜਿਹੀ ਗੱਭਰੂ ਤੋਂ ਰੰਨ ਰਹੇ ਵਿਟਰ ਲੌਂਗ ਮੰਦਰੇ ਚਾ ਖਵਾਵਨੇ ਹਾਂ
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁਲ ਮੁੰਦ ਕੇ ਚਾ ਸੁੰਘਾਵਨੇ ਹਾਂ
ਉਹਨਾਂ ਵੌਹਟੀਆਂ ਦੇ ਦੁਖ ਦੂਰ ਦਰਦ ਜਾਂਦੇ ਪੜ੍ਹ ਹਿਕ ਤੇ ਹੱਥ ਫਰਾਵਨੇ ਹਾਂ
ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ ਦੰਦ ਪਨ ਕੇ ਲਿਟਾਂ ਮੁਨਾਵਨੇ ਹਾਂ
ਜਾਣ ਸਹਿਰ ਜਾਦੂ ਚੜ੍ਹੇ ਭੂਤ ਕੁੱਦੇ ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ
ਕਿਸੇ ਨਾਲ ਜੇ ਵੈਰ ਵਰੋਧ ਹੋਵੇ ਉਹਨੂੰ ਭੂਤ ਮਸਾਦ ਚਮੜਾਵਨੇ ਹਾਂ
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ
ਜੈਂਦੇ ਨਾਲ ਮੁਦਪੜਾ ਠੀਕ ਹੋਵੇ ਉਹਨੂੰ ਬੀਰ ਬੇਤਾਲ ਭਛਾਵਨੇ ਹਾਂ
ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਹਾਂ
ਵਾਰਸ ਸ਼ਾਹ ਜੇ ਹੋਰ ਨਾ ਦਾਉ ਲੱਗੇ ਸਿਰ ਪ੍ਰੇਮ ਜੜੀਆਂ ਚਾ ਪਾਵਨੇ ਹਾਂ

376. ਉੱਤਰ ਸਹਿਤੀ
ਮਹਿਬੂਬ ਅੱਲਾਹ ਦੇ ਲਾਡਲੇ ਹੋ ਏਸ ਵੌਹਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁਝੜਾ ਰੋਗ ਹੈ ਏਸ ਧਾਨਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹੱਥੋਂ ਲੁੜ੍ਹ ਵਿੰਹਦੀ ਲਾਹੂ ਲੱਥੜੀ ਹੈ ਦੇਹੀ ਹੋ ਜਾਂਦੀ ਮਖਬੂਲ ਹੈ ਜੀ
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਅਕੂਲ ਹੈ ਜੀ
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ ਇਹ ਵੌਹਟੜੀ ਘਰੇ ਦਾ ਮੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ ਜੇਹਾ ਕਾਫਰਾਂ ਨਾਲ ਰਸੂਲ ਹੈ ਜੀ
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ ਜੋ ਕੁੱਝ ਆਖਦੀ ਸਭ ਕਬੂਲ ਹੈ ਜੀ
ਵਾਰਸ ਪਲੰਘ ਤੇ ਕਦੇ ਨਾ ਉਠ ਬੈਠੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ

377. ਉੱਤਰ ਰਾਂਝਾ
ਨਬਜ਼ ਦੇਖ ਕੇ ਏਸ ਦੀ ਕਰਾਂ ਕਾਰੀ ਦੇ ਵੇਦਨਾ ਸਭ ਬਤਾਇ ਮੈਨੂੰ
ਨਾੜ ਦੇਖ ਕੇ ਕਰਾਂ ਇਲਾਜ ਇਸਦਾ ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਰ ਮਜ਼ਾ ਮੂੰਹ ਦਾ ਦੇ ਬਤਾਏ ਮੈਨੂੰ
ਵਾਰਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ

378. ਉਹੀ
ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੁਲ ਦੰਦ ਦੀ ਪੀੜ ਗਵਾਵਨੇ ਹਾਂ
ਕੌਲੰਜ ਤਪ ਦਿਕ ਤੇ ਮੁਹਰਕਾ ਤਪ ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ
ਸਰਸਾਮ ਸੌਦਾਅ ਜ਼ੁਕਾਮ ਨਜ਼ਲਾ ਇਹ ਸ਼ਰਬਤਾਂ ਨਾਲ ਪਟਾਵਨੇ ਹਾਂ
ਸਿਲ ਨਫਖ ਇਸਤਸਕਾ ਹੋਵੇ ਲਹਿਮ ਤਬਲ ਤੇ ਵਾਉ ਵਨਜਾਵਨੇ ਹਾਂ
ਲੂਤ ਫੋੜੀਆਂ ਅਤੇ ਗੰਭੀਰ ਚੰਬਲ ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ
ਹੋਵੇ ਪੁਟਪੁਟੀ ਪੀੜ ਕਿ ਅੱਧ ਸੀਸੀ ਉਹਦਾ ਗਟਾ ਦਿਨ ਅੱਠਵੇਂ ਪਾਵਨੇ ਹਾਂ
ਅਧਰੰਗ ਮੁਖ ਭੈਗਨੀਆ ਹੋਵੇ ਜਿਸੋ ਨੂੰ ਸ਼ੀਸ਼ਾ ਹਲਬ ਦਾ ਕਢ ਦਖਾਵਨੇ ਹਾਂ
ਮਿਰਗੀ ਹੋਊਸ ਤਾਂ ਲਾਹ ਕੇ ਪੈਰ ਛਿੱਤਰ ਨਕ ਤੇ ਚਾ ਸੁੰਘਾਵਨੇ ਹਾਂ
ਝੋਲਾ ਮਾਰ ਜਾਏ ਟੰਗ ਸੁਨ ਹੋਵੇ ਤਦੋਂ ਪੈਨ ਦਾ ਤੇਲ ਮਲਾਵਨੇ ਹਾਂ
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ
ਨਾਮਰਦ ਨੂੰ ਚੀਚ ਵੌਹਟੀਆਂ ਦਾ ਤੇਲ ਕੱਢ ਕੇ ਨਿੱਤ ਮਲਾਵਨੇ ਹਾਂ
ਜੇ ਕਿਸੇ ਨੂੰ ਬਾਦ ਫਰੰਗ ਹੋਵੇ ਤੇ ਰਸਕਪੁਰ ਤੇ ਲੌਂਗ ਦਵਾਵਨੇ ਹਾਂ
ਪਰਮੇਵ ਸੁਜ਼ਾਕ ਤੇ ਛਾਹ ਮੋਤੀ ਉਹਨੂੰ ਇੰਦਰੀ ਝਾੜ ਦਵਾਵਨੋ ਹਾਂ
ਅਤੀ ਸਾਰ ਨਬਾਹੀਆਂ ਸੂਲ ਜਿਹੜੇ ਈਸਬਗੋਲ ਹੀ ਘੋਲ ਪਿਵਾਵਨੇ ਹਾਂ
ਵਾਰਸ ਸ਼ਾਹ ਜਿਹੜੀ ਉਠ ਬਹੇ ਨਾਹੀਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ

379. ਉੱਤਰ ਸਹਿਤੀ
ਲਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ ਕਿਸੇ ਵੈਦਗੀ ਨਾਲ ਨਾ ਮੋੜਨੀ ਵੇ
ਜਿਸ ਕਮ ਵਿੱਚ ਵੌਹਟੜੀ ਹੋਵੇ ਚੰਗੀ ਸੋਈ ਖੈਰ ਹੈ ਅਸਾਂ ਨਾ ਲੋੜਨੀ ਵੇ
ਵਾਰਸ ਸ਼ਾਹ ਆਜ਼ਾਰ ਹੋਰ ਸਭ ਮੁਠਦੇ ਇਹ ਕਤਈ ਨਾ ਕਿਸੇ ਨੇ ਮੋੜਨੀ ਵੇ

380. ਉੱਤਰ ਰਾਂਝਾ
ਮਨ ਜ਼ਾਹੀਕਾ ਜ਼ੁਹੀਕਾ ਹੁਕਮ ਹੋਇਆ ਗੱਲ ਫਕਰ ਦੀ ਨੂੰ ਨਾਹੀਂ ਹੱਸੀਏ ਨੀ
ਜੋ ਕੁੱਝ ਕਹਿਣ ਫਕੀਰ ਸੋ ਰੱਬ ਆਖੇ ਫਕਰ ਦੇ ਥੋਂ ਨਾਹੀਂ ਨੱਸੀਏ ਨੀ
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿਤ ਪਹਿਨੀਏ ਖਾਈਏ ਵੱਸੀਏ ਨੀ
ਭਲਾ ਬੁਰਾ ਜੋ ਦੇਖੀਏ ਮਸ਼ਟ ਕਰੀਏ ਭੇਤ ਫਕਰ ਦਾ ਮੂਲ ਨਾ ਦੱਸੀਏ ਨੀ
ਹੱਥ ਬੰਨ੍ਹ ਫਕੀਰ ਤੇ ਸਿਦਕ ਕੀਜੇ ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ
ਦੁਖ ਦਰਦ ਤੇਰੇ ਸਭ ਜਾਣ ਕੁੜੀਏ ਭੇਤ ਜਿਊ ਖੋਲ ਕੇ ਦੱਸੀਏ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

371
ਅਜ਼ਮਤ। ਤਲਿਸਮੀ ਦੁਆ ਦਾ ਅਸਰ ਸੈਫੀ। ਦੁਸ਼ਮਣ ਦਾ ਵਾਰ ਉਤਾਰਨ ਲਈ ਅਟਲ ਤਾਸੀਰ ਵਾਲੀ ਦੁਆ, ਕਿਹਾ ਜਾਂਦਾ ਹੈ ਕਿ ਸ਼ੈਫੀ ਵਾਲੇ ਪੁਰਸ਼ ਦੇ ਕਬਜ਼ੇ ਵਿੱਚ ਸੱਤਰ ਹਜ਼ਾਰ ਜਿੰਨ ਅਤੇ ਸੱਤਰ ਹਜ਼ਾਰ ਫਰਿਸ਼ਤੇ ਹੁੰਦੇ ਹਨ।
ਆਜ਼ਾਰ। ਦੁਖ

372
ਬੀਰ ਬਤਾਲਾ। ਜਿੰਨ, ਭੂਤ ਅਤੇ ਮਸਾਣ ਆਦਿ ਦਾ ਇਲਾਜ ਕਰਨ ਵਾਲਾ ਚੇਲਾ
ਤਿੱਬ (ਹਿਕਮਤ) ਦੀਆਂ ਕਿਤਾਬਾਂ
ਤਿੱਬ ਯੂਸਫੀ, ਮੀਜ਼ਾਨੁਲ, ਤਿਬ, ਦਸਤੂਰੁਲ ਇਲਾਜ,
ਕੁਰਤਾਸ ਸਕੰਦਰੀ, ਤਿੱਬ ਅਕਬਰ ਜ਼ਖੀਰਾ,
ਤੁਹਫਾ। ਏ। ਮੋਮਨੀਨ ਕਿਫਾਇਆ ਮਨਸੂਰੀ, ਪਰਨ
ਸੰਗਲੀ, ਵੇਦ ਮਨੌਤ, ਸਿਮਰਿਤ ਨਿਰਘੰਟ, ਕਰਾਬਾ
ਦੀਨ ਸਫਾਈ, ਕਰਾਬਾ ਦੀਨ ਕਾਦਰੀ, ਮੁਤਫਰਕਾ ਤਿੱਬ
ਵਿਫਲਾਂਵਨੇ। ਫੋਲਦੇ
ਰਤਨ ਜੋਤ। ਮਸਾਲੇ ਵਿੱਚ ਪਾਉਣ ਲਹੀ ਇੱਕ ਵਸਤ ਖਾਦਾ ਬਨਾਉਣ ਵਿੱਚ ਵਰਤੀ ਜਾਂਦੀ ਹੈ ਅਤੇ ਦਵਾਈ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ। ਇਹਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ। ਸਾਖ ਬਲਮੀਕ। ਇੱਕ ਗਰਭ ਸਹਾਇਕ ਬੂਟੀ
ਫੈਲਸੂਫ। ਚਾਲਾਕ, ਹੁਸ਼ਿਆਰ
ਅਫਲਾਤੂਨ (427. 347 ਬੀ. ਸੀ.) ਯੂਨਾਨ ਦਾ ਜਗਤ ਪ੍ਰਸਿੱਧ ਫਿਲਾਸਫਰ। ਜਿਹੜਾ ਅਰਸਤੂ (384.322 ਬੀ. ਸੀ.) ਦਾ ਸਾਗਿਰਦ ਸੀ। ਅਰਸਤੂ ਨੂੰ ਉਹਦੇ ਨੌਜਵਾਨਾਂ ਨੂੰ ਕੀਤੇ ਪ੍ਰਵਚਨਾਂ ਕਰਕੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ।

373
ਟਰਕਦੀ। ਵਾਧੂ ਬੋਲਦੀ
ਝੁਰਕਦੀ। ਪਿੱਛੇ ਹਟਦੀ
ਬੁਰਕਦੀ। ਛਿੜਕਦੀ
ਛੁੜਕਦੀ। ਦੌੜ ਜਾਂਦੀ
ਧਨੀ ਜਾਏ। ਨਵੀਂ ਹੋ ਜਾਏ
ਸਗ। ਕੁਤਾ
ਮੁਰਕਦੀ। ਖਾਂਦੀ

374
ਵਾਹਨਾਂ। ਹਿਰਨੀਆਂ
ਹਈੜਿਆਂ। ਸ਼ਿਕਾਰੀਆਂ, ਸ਼ਿਕਾਰ ਕਰਨ ਵਾਲੇ
ਕੜਾਂ। ਭਿਣਕ
ਨਚਾਹਨਾ। ਨਚੋੜਨਾ
ਅਨਪੁਣਾ। ਜਿਹੜਾ ਪੁਣਿਆ ਨਾ ਹੋਵੇ
ਪਰ ਸੇਜ। ਪਰਾਈ ਸੇਜ
ਹਾਠਾਂ ਜੋੜ। ਇਕੱਠੀਆਂ ਹੋ ਕੇ, ਜੁੜ ਕੇ

375
ਸੂਰਾ ਯਾਸੀਨ। ਜਿਹੜੀ ਆਮ ਕਰਕੇ ਮੁਸ਼ਕਲ ਵੇਲੇ ਪੜ੍ਹੀ ਦਾ ਹੈ ਅਤੇ ਹਰ ਕੰਮ ਵਿੱਚ ਸੌਖ ਪੈਦਾ ਕਰਦਾ ਹੈ।
ਸਾਏ। ਪਰਛਾਵੇਂ
ਹੁਬ। ਪਿਆਰ
ਤਸਮੀਆ। ਬਿਸਮਿੱਲਾ ਉਲ ਰਹਿਮਾਨ ਉਲ ਰਹੀਮ
ਵਿੱਟਰ। ਨਾਰਾਜ਼
ਗੰਡਾ। ਧਾਗਾ
ਮੁਦਪੜਾ। ਦੁਸ਼ਮਣੀ
ਭਛਾਵਨੇ। ਖਿਲਉਣਾ

376
ਧਾਉਨਾ। ਹਮਲਾ ਕਰਨਾ
ਲਾਹੂਲੱਥੜੀ। ਭੁਸ ਜਾਂ ਸਾਹ ਦਾ ਰੋਗੀ
ਮਖਬੂਲ। ਅਧਰੰਗ ਦਾ ਰੋਗੀ
ਡੰਡੂਲ। ਪੇਟ ਦਰਦ

377
ਕਾਰ। ਇਲਾਜ
ਵੇਦਨਾ। ਦੁਖ, ਰੋਗ
ਨਾੜ। ਨਬਜ਼
ਸਤ। ਹਿੰਮਤ, ਤਾਕਤ
ਬਿਲਕ। ਪਕੜ

378
ਖੁਰਕ। ਖਾਜ
ਅੱਖ ਆਈ। ਅੱਖ ਦੁਖਣਾ
ਕੌਲੰਜ। ਪੇਟ ਦਾ ਸਖਤ ਦਰਦ
ਤਪ ਮੁਹਰਕਾ। ਟਾਈਫਾਇਡ
ਨਫਖ। ਅਫਾਰਾ
ਇਸਤਸਕਾ। ਲਹਿਮ ਤਬਲ। ਪੇਟ ਦਾ ਰੋਗ, ਇਹ ਦੋ ਭਾਂਤ ਦਾ ਹੁੰਦੇ 1. ਲਹਿਮ ਦੇ ਰੋਗ ਵਿੱਚ ਪੇਟ ਵਧ ਜਾਂਦਾ ਹੈ। 2. ਤਬਲ ਦੇ ਰੋਗ ਵਿੱਚ ਪੇਟ ਤਬਲੇ ਵਾਂਗੂੰ ਕਸ ਹੋ ਜਾਂਦਾ ਹੈ।
ਲੂਤ, ਫੋੜੇ, ਗੰਭੀਰ, ਚੰਬਲ, ਚਮੜੀ ਦੇ ਰੋਗ ਪੁਟਪੁਟੀ
ਪੀੜ। ਪੁੜਪੁੜੀ ਦਾ ਦਰਦ
ਅਧ ਸੀਸੀ। ਅੱਧਾ ਸਿਰ ਦੁਖਣਾ (ਸੀਸ। ਸਿਰ ਮੁਖ
ਭੈਂਗੀਆ। ਮੂੰਹ ਵਿੰਗਾ ਹੋ ਜਾਣਾ, ਲਕਵਾ
ਗਟਾ। ਗੰਡਾ, ਤਵੀਤ
ਸ਼ੀਸ਼ਾ ਹਲਬ। ਸ਼ਾਮ ਦੇਸ ਦੇ ਹਲਥ ਸ਼ਹਿਰ ਦਾ ਸ਼ੀਸ਼ਾ, ਜਿਹੜਾ ਜਾਦੂ ਲਈ ਮਸ਼ਹੂਰ ਹੈ।
ਪੈਨ। ਇੱਕ ਪੰਛੀ ਜਿਹਦਾ ਤੇਲ ਮਾਲਿਸ਼ ਲਈ ਵਰਤਿਆ ਜਾਂਦਾ ਹੈ।
ਚੀਚ ਵਹੁਟੀ। ਜੀਜ ਵਹੁਟੀ
ਬਾਦ ਫਰੰਗ। ਆਤਸ਼ਕ
ਪਰਮਿਉ। ਪੇਸ਼ਾਬ ਜਲ ਕੇ ਆਉਣਾ
ਇੰਦਰੀ ਝਾੜ। ਮਸਾਨੇ ਦੀ ਸਫਾਈ ਲਈ ਪੇਸ਼ਾਬ ਲਿਆਉਣ ਵਾਲੀ ਦਵਾਈ
ਅਤੀਸਾਰ। ਬਾਰ ਬਾਰ ਟੱਟੀ ਜਾਣਾ
ਨਬਾਹੀਆਂ। ਦਰਦ ਨਾਲ ਟੱਟੀਆਂ ਲਗਣਾਂ

379
ਟੁਚੱੜੀ। ਚੁੱਟੀ

380
ਮਨ ਜ਼ਹਿਬ ਜਹੱਕ। ਜਿਹੜਾ ਕਿਸੇ ਤੇ ਹੱਸਦਾ ਹੈ ਲੋਕ ਉਹਦੇ ਤੇ ਹੱਸਦੇ ਹਨ।
ਮਸ਼ਟ ਕਰੀਏ। ਚੁਪ ਕਰੀਏ
ਖੱਸੀਏ। ਖੋਹੀਏ

 

More

Your Name:
Your E-mail:
Subject:
Comments:


Powered by: PHPCow.com