کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੮੧-੩੯੦

ਹੀਰ ਵਾਰਸ ਸ਼ਾਹ : ਬੰਦ ੩੮੧-੩੯੦

ਵਾਰਸ ਸ਼ਾਹ

July 2nd, 2008

 

 

381. ਉੱਤਰ ਸਹਿਤੀ
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ
ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ ਪਰ ਏਸ ਵਿਹੜੇ ਵਿੱਚ ਜੱਟੀਆਂ ਨੀ
ਅਸਾਂ ਏਤਨੀ ਗੱਲ ਮਾਅਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਢਠੀਆਂ ਨੀ
ਡੂਮਾਂ ਰਾਵਲਾਂ ਕੋਨੀਤਾਂ ਜੱਟੀਆਂ ਦੀਆਂ ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ
ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ
ਪਵੇ ਢਿਡ ਤੇ ਅਕਲ ਦੀ ਮਾਰ ਵਾਰਸ ਛਾਹਾਂ ਪੀਣ ਤਰਬੇਹਈਆਂ ਖੱਟੀਆਂ ਨੀ

382. ਉੱਤਰ ਰਾਂਝਾ
ਹੌਲੀ ਸਹਿਜ ਸਭਿਉ ਦੀ ਗੱਲ ਕੀਚੇ ਨਾਹੀਂ ਕੜਕੀਏ ਬੋਲੀਏ ਗੱਜੀਏ ਨੀ
ਲਖ ਝੁਟ ਤਰਲੇ ਫਿਰੇ ਕੋਈ ਕਰਦਾ ਦਿੱਤੇ ਰੱਬ ਦੇ ਬਾਜ਼ ਨਾ ਰੱਜੀਏ ਜੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਲਖ ਔਗਣਾਂ ਹੋਣ ਤਾਂ ਕੱਜੀਏ ਨੀ
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ
ਚੌਦਾਂ ਤਬਕ ਨੌ ਖੰਡ ਦੀ ਖਬਰ ਸਾਨੂੰ ਮੂੰਹ ਫਕਰ ਥੋਂ ਕਾਸ ਨੂੰ ਕੱਜੀਏ ਨੀ
ਜੈਂਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ ਏਸ ਅਕਲ ਦੇ ਨਾਲ ਕੁਚੱਜੀਏ ਨੀ
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ ਮੂੰਹ ਫਕਰ ਥੋਂ ਕਾਸਨੂੰ ਲੱਜੀਏ ਨੀ
ਵਾਰਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ ਜਦੋਂ ਆਪਨੀ ਜਾਨ ਨੂੰ ਤੱਜੀਏ ਨੀ

383. ਉੱਤਰ ਸਹਿਤੀ
ਕੇਹੀ ਵੈਦਗੀ ਆਨ ਮਚਾਇਆ ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ
ਵਾਂਗ ਚੌਧਰੀ ਆਨ ਕੇ ਪੈਂਚ ਬਨਿਉਂ ਕਿਸ ਚਿੱਠੀਆਂ ਘਲ ਸਦਾਇਆ ਹੈਂ
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ
ਵੱਡੇ ਦਜ਼ੇ ਤੇ ਫਨ ਫਰੇਬ ਫੜਿਉਂ ਔਵੇਂ ਕੰਨ ਪੜਾ ਗਵਾਇਆ ਹੈਂ
ਨਾ ਤੂੰ ਜਟ ਰਹਿਉਂ ਨਾ ਤੂੰ ਫਕੀਰ ਹੋਇਉ ਐਵੇਂ ਮੁੰਨ ਕੇ ਘੋਨ ਕਰਾਇਆ ਹੈਂ
ਨਾ ਜਮਿਉਂ ਨਾ ਕਿਸੇ ਮਤ ਦਿੱਤੀ ਮਰ ਪਿਟ ਕੇ ਕਿਸੇ ਅਲਾਹਿਆ ਹੈਂ
ਬੁਰੇ ਦੇਹਾਂ ਦੀਆਂ ਫੇਰੀਆਂ ਏਹ ਹੈਨੀ ਅੱਜ ਰਬ ਨੇ ਇੱਕ ਕੁਟਾਇਆਂ ਹੈਂ
ਵਾਰਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈਂ

384. ਉੱਤਰ ਰਾਂਝਾ
ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ
ਪੈਰੀਂ ਬੱਲੀਆਂ ਹੋਣ ਫਿਰੇਂਦੀਆਂ ਦੇ ਤੇਰੀ ਜੀਭ ਹਰਿਆਰੀਏ ਬਿੱਲੀਆਂ ਨੀ
ਕੇਹਾ ਰੋਗ ਹੈ ਦੱਸ ਇਸ ਵੌਹਟੜੀ ਨੂੰ ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ
ਕਿਸੇ ਏਸ ਨੂੰ ਚਾ ਮਸਾਨ ਘੱਤੇ ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ
ਸਹਿੰਸ ਵੇਦ ਤੇ ਧੂਪ ਹੋਰ ਫੁਲ ਹਰਮਲ ਹਰੇ ਸ਼੍ਰੀਂਹ ਦੀਆਂ ਛਮਕਾਂ ਗਿੱਲੀਆਂ ਨੀ
ਝਬ ਕਰਾਂ ਮੈਂ ਜਤਨ ਝੜ ਜਾਨ ਕਾਮਨ ਅਨੀ ਕਮਲੀਉ ਹੋਉ ਨਾ ਢਿੱਲੀਆਂ ਨੀ
ਹਥ ਫੇਰ ਕੇ ਧੂਪ ਦੇ ਕਰਾਂ ਝਾੜਾਂ ਫਿਰੇਂ ਮਾਰਦੀ ਨਏਂ ਤੇ ਖੱਲੀਆਂ ਨੀ
ਰੱਬ ਵੈਦ ਪੱਕਾ ਘਰ ਘੱਲਿਆ ਜੇ ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਨੈਨਾਂ ਹੀਰ ਦਿਆਂ ਕੱਚੀਆਂ ਪਿੱਲੀਆਂ ਨੇ

385. ਉੱਤਰ ਸਹਿਤੀ
ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ
ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਚੋਤਰਾ ਮੂਲ ਨਾ ਵਾਹਿਆ ਈ
ਕਿਸੇ ਜੋਗੜੇ ਠਗ ਫਕੀਰ ਕੀਤੋਂ ਅਨਜਾਨ ਕਕੋਹੜਾ ਫਾਹਿਆ ਈ
ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਉ ਕਿਸੇ ਨਾਲ ਨਾ ਕੌਲ ਨਬਾਹਿਆ ਈ
ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ ਉਸ ਅਰਸ਼ ਦਾ ਕਿੰਗਰਾ ਢਾਹਿਆ ਈ
ਪੇਟ ਰੱਖ ਕੇ ਆਪਣਾ ਪਾਲਿਉ ਈ ਕਿਤੇ ਰੰਨ ਨੂੰ ਚਾ ਤਰਾਹਿਆ ਈ
ਡੱਬੀ ਪੁਰੇ ਦਿਆ ਝੱਲ ਵੱਲਲਿਆ ਵੇ ਅਸਾਂ ਨਾਲ ਕੀ ਖਚਰ ਪੌ ਚਾਹਿਆ ਈ
ਸਵਾਹ ਲਾਇਆ ਪਾਣ ਨਾ ਲਥਿਆਈ ਐਵੇਂ ਕਪੜਾ ਚੱਥੜਾ ਲਾਹਿਆ ਈ

386. ਉੱਤਰ ਰਾਂਝਾ
ਮਾਨੀ ਮੱਤੀਏ ਰੂਪ ਗੁਮਾਨ ਭਰੀਏ ਭੈੜੋ ਕਾਰੀਏ ਗਰਬ ਗਹੇਲੀਏ ਨੀ
ਐਡੇ ਫਨ ਫਰੇਬ ਕਿਉਂ ਖੇਡਨੀ ਹੈਂ ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ
ਏਸ ਹੁਸਨ ਦਾ ਨਾ ਗੁਮਾਨ ਕੀਚੈ ਮਾਨ ਮੱਤੀਏ ਰੂਪ ਰੁਹੇਲੀਏ ਨੀ
ਤੇਰੀ ਭਾਬੀ ਦੀ ਨਹੀਂ ਪਰਵਾ ਸਾਨੂੰ ਵੱਡੀ ਹੀਰ ਦੀ ਅੰਗ ਸਹੇਲੀਏ ਨੀ
ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ
ਕੇਹਾ ਵੈਰ ਫਕੀਰ ਦੇ ਨਾਲ ਚਾਇਉ ਪਿੱਛਾ ਛੱਡ ਅਨੋਖੀਏ ਲੇਲੀਏ ਨੀ
ਇਹ ਜੱਟੀ ਸੀ ਕੂੰਜ ਤੇ ਜਟ ਉੱਲੂ ਪਰ ਬੱਧਿਆ ਜੇ ਗੁਲ ਖੇਲੀਏ ਨੀ
ਵਾਰਸ ਜਿਨਸ ਦੇ ਨਾਲ ਹਮਜਿਨਸੀ ਬਣਦੀ ਭੋਰ ਤਾਜ਼ ਨਾਂ ਗਧੇ ਗਲ ਮੇਲੀਏ ਨੀ

387. ਹੀਰ ਨੂੰ ਪਤਾ ਲੱਗੱਗਣਾ
ਹੀਰ ਕੰਨ ਧਰਿਆ ਇਹ ਕੌਣ ਆਇਆ ਕੋਈ ਇਹ ਤਾਂ ਹੈ ਖੈਰਖਾਹ ਮੇਰਾ
ਮੈਨੂੰ ਭੋਰ ਤਾਜ਼ਨ ਜਿਹੜਾ ਆਖਦਾ ਹੈ ਅਤੇ ਗਧਾ ਬਣਾਇਆ ਸੂ ਚਾ ਖੋੜਾ
ਮਤਾਂ ਚਾਕ ਮੇਰਾ ਕਿਵੇ ਆਨ ਭਾਸੇ ਓਸ ਨਾਲ ਮੈਂ ਉਠ ਕੇ ਕਰਾਂ ਝੇੜਾ
ਵਾਰਸ ਸ਼ਾਹ ਮਤ ਕੰਨ ਪੜਾ ਰਾਂਝਾ ਘਤ ਮੁੰਦਰਾਂ ਮੰਨਿਆ ਹੁਕਮ ਮੇਰਾ

388. ਹੀਰ ਦਾ ਉੱਤਰ
ਬੋਲੀ ਹੀਰ ਵੇ ਅੜਿਆ ਜਾ ਸਾਥੋਂ ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸਈਏ ਕਿਉਂ
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ ਵਿੱਚੋਂ ਜਿਉ ਦਾ ਭੇਤ ਚਾ ਦੱਸੀਏ ਕਿਊਂ
ਜੇ ਤਾਂ ਜਫਾ ਨਾ ਜਾਲਿਆ ਜਾਏ ਜੋਗੀ ਜੋਗ ਪੰਥ ਆਇਕੇ ਧੱਸੀਏ ਕਿਊਂ
ਜੇ ਤੂੰ ਅੰਤ ਰੰਨਾ ਵਲ ਵੇਖਨਾ ਸੀ ਵਾਹੀ ਜੋਤਰੇ ਛੱਡ ਕੇ ਨੱਸੀਏ ਕਿਊਂ
ਜੇ ਤਾਂ ਆਪ ਇਲਾਜ ਨਾ ਜਾਣੀਏ ਵੇ ਜਿਨ ਭੂਤ ਤੇ ਜਾਦੁੜੇ ਦੱਸੀਏ ਕਿਊਂ
ਫਕੀਰ ਭਾਰੜੇ ਗੋਰੜੇ ਹੋ ਰਹੀਏ ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਊਂ
ਜਿਹੜਾ ਕੰਨ ਲਪੇਟ ਕੇ ਨੱਸ ਜਾਏ ਮਗਰ ਲੱਗ ਕੇ ਓਸ ਨੂੰ ਧੱਸੀਏ ਕਿਊਂ
ਵਾਰਸ ਸ਼ਾਹ ਉਜਾੜ ਦੇ ਵਸਦਿਆਂ ਨੂੰ ਆਪ ਖੈਰ ਦੇ ਨਾਲ ਫੇਰ ਵੱਸੀਏ ਕਿਊਂ

389. ਉੱਤਰ ਰਾਂਝਾ
ਘਰੋਂ ਸੱਖਣਾ ਫਕਰ ਨਾ ਡੂਮ ਜਾਇ ਅਨੀ ਖੇੜਿਆਂ ਦੀਏ ਗਮਖ਼ੋਰੀਏ ਨੀ
ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ
ਘਰੋਂ ਸਰੇ ਫਕਰ ਨੂੰ ਖੈਰ ਦੀਜਏ ਨਹੀਂ ਤੁਰਤ ਜਵਾਬ ਦੇ ਟੋਰੀਏ ਨੀ
ਵਾਰਸ ਸ਼ਾਹ ਕੁੱਝ ਰੱਬ ਦੇ ਨਾਮ ਦੀਚੈ ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ

390. ਉੱਤਰ ਹੀਰ
ਹੀਰ ਆਖਦੀ ਜੋਗੀਆ ਝੂਠ ਆਖੇਂ ਕੌਣ ਰੁਠੜੇ ਯਾਰ ਮਿਲਾਂਊਂਦਾ ਈ
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਊ ਦਾ ਰੋਗ ਗਵਾਉਂਦਾ ਈ
ਭਲਾ ਦੱਸ ਖਾਂ ਚਿਰੀਂ ਵਿਛੁਨਿਆਂ ਨੂੰ ਕਦੋਂ ਰੱਬ ਸੱਚਾ ਘਰੀਂ ਲਿਆਂਉਂਦਾ ਈ
ਭਲਾ ਮੋਏ ਤੇ ਵਿਛੜੇ ਕੌਣ ਮੇਲੇ ਐਵੇਂ ਜਿਊੜਾ ਲੋਕ ਵਲਾਂਉਂਦਾ ਈ
ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ ਵੇਖਾਂ ਚੁਪ ਹੈ ਕਿ ਕੁਰਲਾਉਂ ਦਾ ਈ
ਇਕਸ ਜਟ ਦੇ ਖੇਤ ਨੂੰ ਅੱਗ ਲੱਗੀ ਵੇਖਾਂ ਆਨ ਕੇ ਕਦੋਂ ਬੁਝਾਉਂਦਾ ਈ
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ ਵਾਰਸ ਸ਼ਾਹ ਜੇ ਸੁਣਾਂ ਮੈਂ ਆਉਂਦਾ ਈ

ਔਖੇ ਲਫ਼ਜ਼ਾਂ ਦੇ ਮਾਅਨੇ

381
ਨਵਾਲੀਆਂ। ਝਾਂਠਾਂ
ਪੋਲੇ ਢਿਡ। ਹਾਮਲਾ
ਤਰਬੇਹੀ। ਤਿਬੇਹੀ, ਤਿੰਨਾਂ ਡੰਗਾਂ ਦੀ ਬੇਹੀ
ਛਾਹ। ਲੱਸੀ

382
ਚੌਦਾਂ ਤਬਕ। ਸਾਰੇ ਅਸਮਾਨ ਅਤੇ ਪਤਾਲ
ਨੌਖੰਡ। ਸਾਰੀ ਧਰਤੀ
ਆਲਮ। ਜਹਾਨ

383
ਸ਼ਾਹ ਭੋਲੂ। ਬਾਂਦਰ

384
ਸਿੱਲੀਆਂ। ਚੋਰਾਂ ਵਾਂਗੂੰ ਤਾੜਨਾ
ਟਰਪੱਲੀਆਂ। ਪਖੰਡੀ ਗੱਲਾਂ
ਸਹਿੰਸ। ਹਜ਼ਾਰ
ਖਿੱਲੀਆਂ ਮਾਰਨਾ। ਹੱਸਣਾ ਟੱਪਣਾ
ਪੂਰਬਾਂ ਦਿੱਲੀਆਂ। ਦਿੱਲੀ ਦੱਖਣ, ਦੂਰ ਦੂਰ

385
ਕਕੋਹੜਾ। ਤਿੱਖੀ ਆਵਾਜ਼ ਵਾਲਾ ਪਾਣੀ ਦਾ ਪੰਛੀ
ਤਜਿਆ। ਛਡਿਆ
ਆਪਣਾ ਪੇਟ ਪਾਲਣਾ। ਖੁਦਜ਼ਰਜ਼
ਪਾਣ ਲੱਥਣੀ। ਸੁਭਾ ਬਦਲਨਾ

386
ਗਰਬ ਗਹੇਲੀ। ਹੰਕਾਰੀ ਹੋਈ
ਰੋਹੇਲੀ। ਗੁਲਾਮ ਕਾਦਰ ਰੋਹੇਲਾ ਦਾ ਸਪਾਹੀ
ਖੇਲਾ। ਜਵਾਨ ਸਾਨ੍ਹ ਜਾਂ ਝੋਟਾ
ਹਮ ਜਿਣਸ। ਇੱਕੋ ਜਿਣਸ ਦੇ, ਜਿਵੇਂ ਬਾਜ਼ ਤੇ ਕਬੂਤਰ ਦੋ ਵੱਖਰੀਆਂ ਜਿਣਸਾਂ ਹਨ
ਭੌਰ ਤਾਜ਼ਨ। ਮੁਸ਼ਕੀ ਰੰਗ ਦੀ ਅਰਬੀ ਘੋੜੀ
ਮੇਲਨਾ। ਬੱਚੇ ਲੈਣ ਲਈ ਨਵੀਂ ਕਰਾਉਣਾ
ਕੰਨ ਧਰਿਆ। ਖਿਆਲ ਨਾਲ ਸੁਣਿਆ
ਦਾਦ ਖਾਹ। ਹਮਦਰਦ

388
ਜਫਾ ਜਾਲਨਾ। ਤੰਗੀ ਕੱਟਣੀ
ਧੱਸੀਏ। ਵੜੀਏ
ਜਾਦੂੜੇ। ਜਾਦੂ
ਭਾਰੜੇ ਗੋਰੜੇ। ਚੁਪ ਚਾਪ, ਸੰਜੀਦਾ
ਖਰਖੱਸ। ਖਰਮਸਤੀ

389
ਸਖਨਾ। ਖਾਲੀ

390
ਜਿਊੜਾ ਵਲਾਉਂਦੇ। ਤਸੱਲੀ ਦਿੰਦੇ
ਘਿਉ ਦੇ ਦੀਵੇ ਬਾਲਣੇ। ਖੁਸ਼ੀਆਂ ਕਰਨੀਆਂ

 

More

Your Name:
Your E-mail:
Subject:
Comments:


Powered by: PHPCow.com