کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੯੧-੪੦੦

ਹੀਰ ਵਾਰਸ ਸ਼ਾਹ : ਬੰਦ ੩੯੧-੪੦੦

ਵਾਰਸ ਸ਼ਾਹ

July 2nd, 2008

 

 

391. ਉੱਤਰ ਰਾਂਝਾ
ਜਦੋਂ ਤੀਕ ਜ਼ਮੀਂ ਅਸਮਾਨ ਕਾਇਮ ਤਦਾਂ ਤੀਕ ਇਹ ਵਾਹ ਵਹਿਣ ਗੇ ਨੀ
ਸੱਭਾ ਕਿਬਰ ਹੰਕਾਰ ਗੁਮਾਨ ਲੱਗੇ ਆਪ ਵਿੱਚ ਇਹ ਅੰਤ ਨੂੰ ਢੈਣ ਗੇ ਨੀ
ਇਸਰਾਫੀਲ ਜਾਂ ਸੂਰ ਕਰਨਾ ਫੂਕੇ ਜਦੋਂ ਜ਼ਮੀਂ ਅਸਮਾਨ ਸਭ ਢੈਣ ਗੇ ਨੀ
ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ ਰੂਹ ਦੋਜ਼ਖਾਂ ਸਤ ਇਹ ਰਹਿਣ ਗੇ ਨੀ
ਕੁਰਆ ਸੁਟ ਕੇ ਪਸ਼ਨ ਮੈਂ ਲਾਵਨਾ ਹਾਂ ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ
ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ ਵਾਰਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ

392. ਉਹੀ
ਤੁਸੀਂ ਛੱਤਿਆ ਨਾਲ ਉਹ ਮਸ ਭਿੰਨਾ ਤਦੋਂ ਦੋਹਾਂ ਜਾ ਜਿਉ ਰਲ ਗਿਆ ਸੀ ਨੀ
ਓਸ ਵੰਝਲੀ ਨਾਲ ਤੂੰ ਨਾਲ ਲਟਕਾਂ ਜਿਉ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ
ਉਹ ਇਸ਼ਕ ਦੇ ਹੱਟ ਵਿਕਾਇ ਰਹਿਆ ਮਹੀਂ ਕਿਸੇ ਦੀਆ ਚਾਰਦਾ ਪਿਆ ਸੀ ਨੀ
ਨਾਲ ਸ਼ੌਕ ਮਹੀਂ ਉਹ ਚਾਰਦਾ ਸੀ ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ
ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ ਟਮਕ ਚਾਇਕੇ ਨਾਲ ਲੈ ਗਿਆ ਸੀ ਨੀ
ਹੁਣ ਕੰਨ ਪੜਾ ਫਕੀਰ ਹੋਇਆ ਨਾਲ ਜੋਗੀਆਂ ਦੇ ਰਲ ਗਿਆ ਸੀ ਨੀ
ਅੱਜ ਪਿੰਡ ਤੁਸਾਡੜੇ ਆ ਵੜਿਆ ਅਜੇ ਲੰਘ ਕੇ ਅਗਾਂ ਨਾ ਗਿਆ ਸੀ ਨੀ
ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ
ਵਾਰਸ ਸ਼ਾਹ ਮੈਂ ਪੱਤਰੀ ਪਾਲ ਡਿੱਠੀ ਕੁਰਆ ਇਹ ਨਜੂਮ ਦਾ ਪਿਆ ਸੀ ਨੀ

393. ਉਹੀ
ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ
ਕੰਨ ਪਾੜ ਫਕੀਰ ਹੋ ਜਾਣ ਰਾਜੇ ਦਰਦ ਮੰਦ ਪਹਿਰਨ ਵਿੱਚ ਬਾਰ ਦੇ ਨੇ
ਰੰਨਾ ਵਾਸਤੇ ਕੰਨ ਪੜਾ ਰਾਜੇ ਸੱਭਾ ਜ਼ਾਤ ਸਫਾਤ ਨਿਘਾਰਦੇ ਨੇ
ਭਲੇ ਦਿੰਹੁ ਤੇ ਨੇਕ ਨਸੀਬ ਹੋਵਨ ਸੱਜਨ ਆ ਬਹਿਸਨ ਕੋਲ ਯਾਰ ਦੇ ਨੇ
ਵਾਰਸ ਸ਼ਾਹ ਜਾਂ ਜ਼ੌਕ ਦੀ ਲੱਗੀ ਗੱਦੀ ਜੌਹਰ ਨਿਕਲੇ ਅਸਲ ਤਲਵਾਰ ਦੇ ਨੇ

394. ਉਹੀ
ਜਿਸ ਜਟ ਦੇ ਖੇਤ ਨੂੰ ਅੱਗ ਲੱਗੀ ਉਹ ਰਾਹਕਾਂ ਵੱਢ ਕੇ ਗਾਹ ਲਇਆ
ਲਾਵੇ ਹਾਰ ਰਾਖੇ ਸਭ ਵਿਦਾ ਹੋਏ ਨਾਉਮੀਦ ਹੋ ਕੇ ਜਟ ਰਾਹ ਪਇਆ
ਜਿਹੜੇ ਬਾਜ਼ ਥੋਂ ਕਾਂਉ ਨੇ ਕੂੰਜ ਖੋਹੀ ਸਬਰ ਸ਼ੁਕਰ ਕਰ ਬਾਜ਼ ਫਨਾ ਥਇਆ
ਦੁਨੀਆ ਛਡ ਉਦਾਸੀਆਂ ਪਹਿਨ ਲਈਆਂ ਜਸ ਦਾ ਵਾਰਸੀ ਹੋ ਵਾਰਸ ਸ਼ਾਹ ਭਇਆ

395. ਹੀਰ ਸਮਝ ਗਈ
ਹੀਰ ਉਠ ਬੈਠੀ ਪਤੇ ਠੀਕ ਲੱਗੇ ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ
ਇਹ ਤਾਂ ਜੌਗੀੜਾ ਪੰਡਤ ਠੀਕ ਮਿਲਿਆ ਬਾਤਾਂ ਆਖਦਾ ਖੂਬ ਕਰਾਰੀਆਂ ਨੀ
ਪਤੇ ਵੰਝਲੀ ਦੇ ਏਸ ਠੀਕ ਦਿੱਤੇ ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ
ਵਾਰਸ ਸ਼ਾਹ ਇਹ ਇਲਮ ਦਾ ਧਨੀ ਢਾਡਾ ਖੋਲ ਕੇ ਨਿਸ਼ਾਨੀਆਂ ਸਾਰੀਆਂ ਨੀ

396. ਹੀਰ ਦਾ ਉੱਤਰ
ਭਲਾ ਦੱਸ ਖਾਂ ਜੋਗੀਆ ਚੋਰ ਸਾਡਾ ਹੁਣ ਕਿਹੜੀ ਤਰਫ ਨੂੰ ਉਠ ਗਿਆ
ਵੇਖਾਂ ਆਪ ਹੁਣ ਕਿਹੜੀ ਤਰਫ ਫਿਰਦਾ ਅਤੇ ਮੁਝ ਜ਼ਰੀਬ ਨੂੰ ਕੁਠ ਗਿਆ
ਰੁਠੇ ਆਦਮੀ ਘਰਾਂ ਵਿੱਚ ਆ ਮਿਲਦੇ ਗੱਲ ਸਮਝ ਜਾ ਬੱਧੜੀ ਮੁਠ ਗਿਆ
ਘਰੇ ਵਿੱਚ ਪੌਂਦਾ ਗੁਣਾ ਸੱਜਣਾਂ ਦਾ ਯਾਰ ਹੋਰ ਨਾਹੀਂ ਕਿਤੇ ਗੁਠ ਗਿਆ
ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ ਕਦੇ ਮਹਿਲ ਨਾ ਮਾੜੀਆਂ ਉਠ ਗਿਆ
ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ ਵਾਰਸ ਸ਼ਾਹ ਜਦੋਕਨਾ ਉਠ ਗਿਆ

397. ਉੱਤਰ ਰਾਂਝਾ
ਏਸ ਘੁੰਡ ਵਿੱਚ ਬਹੁਤ ਖਰਾਬੀਆਂ ਨੇ ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ
ਘੁੰਡ ਹੁਸਨ ਦੀ ਆਬ ਛੁਪਾ ਲੈਂਦਾ ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ
ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ
ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਫੁਲ ਅੱਗ ਦੇ ਵਿੱਚ ਨਾ ਸਾੜੀਏ ਨੀ

398. ਹੀਰ ਰਾਂਝੇ ਦੀ ਆਪੋ ਵਿੱਚ ਗੱਲੱਲ
ਅੱਖੀਂ ਸਾਮਣੇ ਚੋਰ ਜੇ ਆਇ ਭਾਸਨ ਕਿਉਂ ਦੁਖ ਵਿੱਚ ਆਪ ਨੂੰ ਗਾਲੀਏ ਵੇ
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ
ਅੱਗ ਬੁਝੀ ਨੂੰ ਧੀਰੀਆਂ ਲਖ ਦੀਚਨ ਬਿਨਾ ਫੂਕ ਮਾਰੇ ਨਾ ਬਾਲੀਏ ਵੇ
ਹੀਰ ਦੇਖ ਕੇ ਤੁਰਤ ਪਛਾਨ ਲੀਤਾ ਹੱਸ ਆਖਦੀ ਬਾਤ ਸੰਭਾਲੀਏ ਵੇ
ਸਹਿਤੀ ਪਾਸ ਨਾ ਦੇਵਨਾ ਭੇਤ ਮੂਲੇ ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ
ਦੇਖ ਮਾਲ ਚੁਰਾਇਕੇ ਪਿਆ ਮੁੱਕਰ ਰਾਹ ਜਾਂਦੜਾ ਕੋਈ ਨਾ ਭਾਲੀਏ ਵੇ
ਵਾਰਸ ਸ਼ਾਹ ਮਲਖਾਇਨਾ ਮਾਲ ਲੱਧਾ ਚਲੋ ਕੁੱਜੀਆਂ ਬਦਰ ਪਵਾਲੀਏ ਵੇ

399. ਉੱਤਰ ਰਾਂਝਾ
ਕਹੀ ਦੱਸਣੀ ਅਕਲ ਸਿਆਨਿਆਂ ਨੂੰ ਕਦੀ ਨਫਰ ਕਦੀਮ ਸੰਭਾਲੀਏ ਨੀ
ਦੌਲਤਮੰਦ ਨੂੰ ਜਾਣਦਾ ਸਭ ਕੋਈ ਨੇਂਹ ਨਾਲ ਜ਼ਰੀਬ ਦੇ ਪਾਲੀਏ ਨੀ
ਗੋਦੀ ਬਾਲ ਢੰਡੋਰੜਾ ਜਗ ਸਾਰੇ ਜਿਉ ਸਮਝ ਲੈ ਖੇੜਿਆਂ ਵਾਲੀਏ ਨੀ
ਸਾੜ ਘੁੰਡ ਨੂੰ ਖੋਲ ਕੇ ਦੇਖ ਨੈਨਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ
ਵਾਰਸ ਸ਼ਾਹ ਹੈ ਇਸ਼ਕ ਦਾ ਗਾਉਤਕੀਆ ਅਨੀ ਹੁਸਨ ਦੀਏ ਗਰਮ ਨਿਹਾਲੀਏ ਨੀ

400. ਉੱਤਰ ਸਹਿਤੀ
ਸਹਿਤੀ ਸਮਝਿਆ ਇਹ ਰਲ ਗਏ ਦੋਵੇਂ ਲਈਆਂ ਘੁਟ ਫਕੀਰ ਬਲਾਈਆਂ ਨੀ
ਇਹ ਦੇਖ ਫਕੀਰ ਨਿਹਾਲ ਹੋਈ ਜੜੀਆਂ ਏਸ ਨੇ ਘੇਲ ਪਵਾਈਆਂ ਨੀ
ਸਹਿਤੀ ਆਖਦੀ ਮਜ਼ਜ਼ ਖਪਾ ਨਾਹੀਂ ਨੀ ਮੈਂ ਤੇਰੀਆਂ ਲਿਆਂ ਬਲਾਈਆਂ ਨੀ
ਮਤਾਂ ਘਤ ਜੁਗ ਧੂੜ ਤੇ ਕਰੂ ਕਮਲੀ ਕਲ੍ਹਾਂ ਏਸ ਦੇ ਨਾਲ ਕੀ ਲਾਈਆਂ ਨੀ
ਆਟਾ ਖ਼ੈਰ ਨਾ ਭਿਤਿਆ ਲਏ ਦਾਣੇ ਕਿੱਥੋਂ ਕੱਢੀਏ ਦੁਧ ਮਲਾਈਆਂ ਨੀ
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ
ਖੈਰ ਘਿਨ ਕੇ ਜਾ ਫਰਫੇਜੀਆ ਵੇ ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ ਏਥੇ ਕਈ ਵਲੱਲੀਆਂ ਪਾਈਆਂ ਨੀ
ਵਾਰਸ ਸ਼ਾਹ ਗਰੀਬ ਦੀ ਅਕਲ ਘੁੱਥੀ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

391
ਵਾਹ ਵਹਿਣਗੇ। ਦੁਨੀਆਂ ਦਾ ਕਾਰੋਬਾਰ ਚਲਦਾ ਰਹੇ ਗਾ
ਅਰਾਫੀਲ। ਸੂਰ ਕਰਨਾ। ਕਿਆਮਤ ਵਾਲੇ ਦਿਨ ਜਦੋਂ ਅਸਰਾਫੀਲ ਬਿਗਲ ਵਜਾਵੇਗਾ
ਇਹ ਸੱਤ। 1. ਕੁਰਸੀ ਭਾਵ ਰਥ 2. ਅਰਸ਼, 3. ਲੋਹਫੱਟੀ, 4. ਕਲਮ, 5. ਜੰਨਤ, 6. ਦੋਜ਼ਖ, 7. ਰੂਹ
ਕੁਰਆ ਸੁਟ .. ਜੋਤਸ਼ ਨਾਲ ਪਤਾ ਕਰਨਾ
ਫਾਲ ਘੱਤਾਂ। ਸ਼ਗਨ ਦੱਸਾਂ

392
ਛੱਤੀ। ਕੁਆਰੀ
ਮਸ ਭਿੰਨਾਂ। ਮੁਛ ਫੁਟਦੀ
ਲਟਕ। ਸਜਣੀ ਦੀ ਨਖਰੀਲੀ ਚਾਲ
ਲੁੜ੍ਹ ਗਿਆ। ਬਰਬਾਦ ਹੋ ਗਿਆ
ਅਗਾਂ। ਅਗਾਂਹ

393
ਪਹਿਰਨ। ਪਹਿਰਾ ਦਿੰਦੇ
ਦੀਦ ਮਾਰਦੇ। ਨਜ਼ਾਰੇ ਲੁਟਦੇ
ਗਦੀ। ਢਾਲ ਦਾ ਵਿਚਕਾਰਲਾ ਹਿੱਸਾ ਜਿੱਥੇ ਫੜਨ ਵਾਲਾ ਹੱਥ ਪਾਉਂਦਾ ਹੈ।

394
ਰਾਹਕਾਂ। ਮਜਾਰਾ
ਲਾਵੇਹਾਰ। ਫਸਲ ਵੱਢਣ ਵਾਲੇ ਲਾਵੇ
ਫਨਾ। ਫਨਾਹ ਭਾਵ ਜੀਂਦਾ ਹੀ ਮਰ ਗਿਆ
ਉਦਾਸੀ। ਉਦਾਸੀ ਫਕੀਰ
ਜੱਸ। ਨੇਕਨਾਮੀ

395
ਇਲਮ ਦਾ ਧਨੀ। ਬਹੁਤ ਇਲਮ ਵਾਲਾ

396
ਕੁਠ ਗਿਆ। ਮਾਰ ਗਿਆ
ਗੁਠੇ। ਪਾਸੇ
ਜਦੋਕਨਾ। ਜਿਸ ਵੇਲੇ ਦਾ
ਬਧੜੀ ਮੁਠ। ਚੁਪ ਕਰਕੇ
ਗੁਣਾ ਪੌਣਾ। ਵੰਡ ਕਰਨ ਵੇਲੇ ਕੁਦਰਤ ਤੇ ਛਡ ਦੇਣਾ

397
ਤਾੜਨਾ। ਬੰਦ ਕਰਨਾ

398
ਭਾਸਨ। ਆ ਜਾਵਨ
ਧੀਰੀਆਂ ਦੇਣਾਂ। ਛੇੜਨਾ
ਮਲਖਾਇਨਾਂ। ਮਾਲ ਦੀ ਮਾਲਕ

399
ਸੁਜਾਖਾ। ਸੂਝ ਅੱਖਾਂ, ਅਕਲਮੰਦ
ਗੋਦੀ ਬਾਲ, ਢੰਡੋਰ ਜਗ ਵਿੱਚ। ਗੁਆਚੀ ਵਸਤ ਕੋਲ ਹੁੰਦਿਆਂ ਏਧਰ ਓਧਰ ਭਾਵ ਦੂਰ ਪਰੇ ਭਾਲਨਾ
ਗਾਉ ਤਕੀਆ। ਵੱਡਾ ਸਰ੍ਹਾਨਾ
ਨਿਹਾਲੀ। ਰਜਾਈ

400
ਜੁਗ ਧੂੜ। ਕਿਸੇ ਨੂੰ ਕਾਬੂ ਕਰਨ ਦਾ ਤਵੀਤ
ਘੁਥੀ। ਜਾਂਦੀ ਰਹੀ, ਗੁਮ ਹੋ ਗਈ

 

More

Your Name:
Your E-mail:
Subject:
Comments:


Powered by: PHPCow.com