کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੧੧-੪੨੦

ਹੀਰ ਵਾਰਸ ਸ਼ਾਹ : ਬੰਦ ੪੧੧-੪੨੦

ਵਾਰਸ ਸ਼ਾਹ

July 2nd, 2008

 

 

411. ਹੀਰ ਦਾ ਸਹਿਤੀ ਨੂੰ ਉੱਤਰ
ਹੀਰ ਆਖਦੀ ਏਸ ਫਕੀਰ ਨੂੰ ਨੀ ਕੇਹਾ ਘਤਿਉ ਜ਼ੈਬ ਦਾ ਵਾਇਦਾ ਈ
ਏਨ੍ਹਾਂ ਆਜਜ਼ਾਂ ਭੌਰ ਨਮਾਣਿਆਂ ਨੂੰ ਪਈ ਮਾਰਨੀ ਹੈਂ ਕੇਹਾ ਫਾਇਦਾ ਈ
ਅੱਲਾਹ ਵਾਲਿਆਂ ਨਾਲ ਕੀ ਵੈਰ ਪਈ ਹੈਂ ਭਲਾ ਕਵਾਰੀਏ ਏਹ ਕੀ ਕਾਇਦਾ ਈ
ਪੈਰ ਚੁੰਮ ਫਕੀਰ ਦੀ ਟਹਿਲ ਕੀਚੇ ਏਸ ਕੰਮ ਵਿੱਚ ਖੈਰ ਦਾ ਜ਼ਾਇਦਆ ਈ
ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ ਕੌਣ ਜਾਣਦਾ ਕਿਹੜੀ ਜਾਇ ਦਾ ਈ
ਵਾਰਸ ਸ਼ਾਹ ਫਕੀਰ ਜੇ ਹੋਣ ਗੁੱਸੇ ਖੌਫ ਸ਼ਹਿਰ ਨੂੰ ਕਹਿਤ ਵਬਾ ਦੀ ਈ

412. ਉੱਤਰ ਸਹਿਤੀ
ਭਾਬੀ ਇੱਕ ਧਿਰੋਂ ਲੜੇ ਫਕੀਰ ਸਾਨੂੰ ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ
ਜੇ ਤਾਂ ਜੰਗ ਦੇ ਨਿਰਖ ਦੀ ਖਬਰ ਨਾਹੀਂ ਕਾਹ ਪੁਛੀਏ ਭਾ ਕਸਤੂਰੀਆਂ ਦੇ
ਏਨ੍ਹਾਂ ਜੋਗੀਆਂ ਦੇ ਨਹੀਂ ਵੱਸ ਕਾਈ ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ
ਜੇ ਤਾਂ ਪਟ ਪੜਾਵਨਾ ਨਾ ਹੋਵੇ ਕਾਹ ਖਹਿਣ ਕੀਚੇ ਨਾਲ ਭੂਰੀਆਂ ਦੇ
ਜਾਣ ਸਹਿਤੀਏ ਫਕਰ ਨੀ ਨਾਗ ਕਾਲੇ ਮਿਲੇ ਹੱਕ ਕਮਾਈਆਂ ਪੂਰੀਆਂ ਦੇ
ਕੋਈ ਦੇ ਬਦ ਦੁਆ ਤੇ ਕਾਲ ਸੱਟੇ ਪਿੱਛੋਂ ਫਾਇਦੇ ਕੀ ਏਨ੍ਹਾਂ ਝੂਰੀਆਂ ਦੇ
ਲਛੂ ਲਛੂ ਕਰਦੀ ਫਿਰੇਂ ਲਾਲ ਫੱਕਰਾਂ ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ
ਵਾਰਸ ਸ਼ਾਹ ਫਕੀਰ ਦੀ ਰੰਨ ਵੈਰਨ ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ

413. ਉੱਤਰ ਸਹਿਤੀ
ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ
ਜਿਹੜੀ ਦੀਦ ਦਖਾਇਕੇ ਕਰੇ ਆਕੜ ਮੈਂ ਤਾਂ ਪਟ ਸੁੱਟਾਂ ਉਹਦੀਆਂ ਚੌੜੀਆਂ ਨੀ
ਗਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ ਜਿਥੇ ਅਕਲਾਂ ਅਸਾਡੀਆਂ ਦੌੜੀਆ ਨੀ
ਮਾਰ ਮੁਹਲਿਆਂ ਸੁੱਟਾਂ ਸੂ ਭੰਨ ਟੰਗਾਂ ਫਿਰੇ ਢੂੰਡਦਾ ਕਾਟ ਕਠੋਰੀਆਂ ਨੀ
ਜਿੰਨ ਭੂਤ ਤੇ ਦਿਉ ਦੀ ਅਕਲੀ ਜਾਵੇ ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ
ਵਾਰਸ ਸ਼ਾਹ ਫਕੀਰ ਦੇ ਨਾਲ ਲੜਨਾ ਕੱਪਨ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ

414. ਉੱਤਰ ਹੀਰ
ਹਾਏ ਹਾਏ ਫਕੀਰ ਨੂੰ ਬੁਰਾ ਬੋਲੇਂ ਬੁਰੇ ਸਹਿਤੀਏ ਤੇਰੇ ਅਪੌੜ ਹੋਏ
ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ ਸਣੇ ਜਾਨ ਦੇ ਮਾਲ ਦੇ ਚੌੜ ਹੋਏ
ਕੰਨ ਪਾਟਿਆਂ ਨਾਲ ਜਿਸ ਚਹਿ ਬੱਧੀ ਪਸ ਪੇਸ਼ ਥੀਂ ਅੰਤ ਨੂੰ ਰੌੜ ਹੋਏ
ਰਹੇ ਔਤ ਨਖੱਤਰੀ ਰੰਡ ਸੁੰਞੀ ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ
ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ ਜਿਹੜੇ ਆਸ਼ਕ ਫਕੀਰ ਤੇ ਭੌਰ ਹੋਏ
ਵਾਰਸ ਸ਼ਾਹ ਲੜਾਈ ਦਾ ਮੂਲ ਬੋਲਨ ਦੇਖ ਦੋਹਾਂ ਦੇ ਲੜਨ ਦੇ ਤੌਰ ਹੋਏ

415. ਉੱਤਰ ਸਹਿਤੀ
ਭਾਬੀ ਏਸ ਜੇ ਗਧੇ ਦੀ ਅੜੀ ਬੱਧੀ ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ
ਇਹ ਮਾਰਿਆ ਏਸ ਜਹਾਨ ਤਾਜ਼ਾ ਅਸੀਂ ਰੋਜ਼ੇ ਮੀਸਾਕ ਦੀਆਂ ਮਾਰੀਆਂ ਹਾਂ
ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ ਅਸੀਂ ਚਹਿ ਦੀਆਂ ਤੇਜ਼ ਕਟਾਰੀਆਂ ਹਾਂ
ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ
ਇਹ ਆਪ ਨੂੰ ਮਰਦ ਸਦਾਂਵਦਾ ਹੈ ਇਹ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ
ਏਸ ਚਾਕ ਦੀ ਕੌਣ ਮਜਾਲ ਹੈ ਨੀ ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ
ਵਾਰਸ ਸ਼ਾਹ ਵਿੱਚ ਹੱਕ ਸਫੈਦ ਪੋਸ਼ਾਂ ਅਸੀਂ ਹੋਲੀ ਦੀਆਂ ਰੰਗ ਪਚਕਾਰੀਆਂ ਹਾਂ

416. ਉੱਤਰ ਹੀਰ
ਜਿਨ੍ਹਾਂ ਨਾਲ ਫਕੀਰ ਦੇ ਅੜੀ ਬੱਧੀ ਹੱਥ ਧੋ ਜਹਾਨ ਥੀਂ ਚੱਲੀਆਂ ਨੀ
ਆ ਟਲੀਂ ਕਵਾਰੀਏ ਡਾਰੀਏ ਨੀ ਕੋਹੀਆਂ ਚਾਈਓਂ ਭਵਾਂ ਅਵੱਲੀਆਂ ਲੀ
ਹੈਨ ਵੱਸਦੇ ਮੀਂਹ ਭੀ ਹੋ ਨੀਂਵੇਂ ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ
ਕਾਰੇ ਹੱਥੀਆਂ ਕਵਾਰੀਆਂ ਵਿੱਚ ਭਰੀਆਂ ਭਵਾ ਕੀਕਰੋਂ ਰਹਿਣ ਨੱਚਲੀਆਂ ਨੀ
ਮੁਣਸ ਮੰਗਦੀਆਂ ਜੋਗੀਆਂ ਨਾਲ ਲੜਕੇ ਰਾਤੀਂ ਔਖੀਆਂ ਹੋਦ ਇਕੱਲੀਆਂ ਨੀ
ਪੱਛੀ ਚਰਖੜਾ ਰੁਲੇ ਹੈ ਸੜਣ ਜੋਗਾ ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ
ਜਿੱਥੇ ਗਭਰੂ ਹੋਣ ਜਾ ਖਹਿਣ ਆਪੇ ਪਰ੍ਹੇ ਮਾਰ ਕੇ ਬਹਿਨ ਪਥੱਲੀਆਂ ਨੀ
ਟਲ ਜਾ ਫਕੀਰ ਥੋਂ ਗੁੰਡੀਏ ਨੀ ਆ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ
ਲੱਕ ਬੱਧਿਆ ਨਾਲ ਨਾ ਹਿਲਕ ਜਾਂਦਾ ਵਾਰਸ ਸ਼ਾਹ ਜੋ ਅੰਦਰੋਂ ਹੱਲੀਆਂ ਨੀ

417. ਉੱਤਰ ਸਹਿਤੀ
ਭਲਾ ਦੱਸ ਭਾਬੀ ਕੇਹਾ ਵੈਰ ਚਾਇਉ ਭਈਆਂ ਪਿੱਟਿਆਂ ਨੂੰ ਪਈ ਲੂਹਣੀ ਹੈਂ
ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ ਘਾ ਅੱਲੜੇ ਪਈ ਖਨੂਹਨੀ ਹੈਂ
ਆਪ ਛਾਨਣੀ ਛੇਕਦੀ ਦੀ ਦੋਹਨੀ ਨੂੰ ਐਵੇਂ ਕੰਡਿਆਂ ਤੋਂ ਪਈ ਧੋਹਨੀ ਹੈ
ਸੋਹਨੀ ਹੋਈ ਹੈਂ ਨਹੀਂ ਤੂੰ ਜ਼ਜ਼ਬ ਚਾਇਆ ਖੂਨ ਖ਼ਲਕ ਦਾ ਪਈ ਨਚੋਹਨੀ ਹੈਂ
ਆਪ ਚਾਕ ਹੰਢਾਇਕੇ ਛੱਡ ਆਈਂ ਹੋਰ ਖਲਕ ਨੂੰ ਪਈ ਵਡੋਹਨੀ ਹੈਂ
ਆਖ ਭਾਈ ਨੂੰ ਹੁਣੇ ਕੁਟਾਇਅ ਕੱਢੂੰ ਜੇਹਾ ਅਸਾਂ ਨੂੰ ਮੇਹਣੇ ਲੂਹਨੀ ਹੈਂ
ਆਪ ਕਮਲੀ ਲੋਕਾਂ ਦੇ ਸਾਂਗ ਲਾਏਂ ਖਰਵਾਈਆਂ ਦੀ ਵੱਡੀ ਖੂਹਨੀ ਹੈਂ
ਵਾਰਸ ਸ਼ਾਹ ਕਹੀ ਬਘਿਆੜੀ ਏਂ ਨੀ ਮੁੰਡੇ ਮੋਹਣੀ ਤੇ ਵੱਡੀ ਸੂਹਨੀ ਹੈਂ

418. ਉੱਤਰ ਹੀਰ
ਖੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ ਅੱਖੀਂ ਦੇਖਦਿਆਂ ਹੋਰ ਦੀਆਂ ਹੋਰ ਹੋਈਆਂ
ਰਤੀ ਦੁਧ ਦੀਆਂ ਧੋਤੀਆਂ ਨੇਕ ਨੀਤਾਂ ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ ਇਹ ਉਲਟ ਅਵੱਲੀਆਂ ਜ਼ੋਰ ਹੋਈਆਂ
ਬਦਜ਼ੇਬ ਤੇ ਕੋਝੀਆਂ ਭੇੜ ਮੂੰਹੀਆਂ ਆਕੇ ਹੁਸਨੇ ਦ ਬਾਗ ਦੀਆਂ ਮੋਰ ਹੋਈਆਂ
ਇਹ ਚੁਜ਼ਲ ਬਲੋਚਾਂ ਦੇ ਨੇਹੋਂ ਨਹਿ ਮੁਠੀ ਜ਼ਮੀਂ ਦੋਜ਼ ਘੂਠੀ ਮਨ ਖੋਰ ਹੋਈਆਂ
ਇਹਦੀ ਬਣਤ ਦੇਖੋ ਨਾਲ ਨਖਰਿਆਂ ਦੇ ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ
ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ ਫਿਰਨ ਮੁੰਡੀਆਂ ਵਿੱਚ ਲਲੋਰ ਹੋਈਆਂ
ਵਾਰਸ ਸ਼ਾਹ ਚਨ੍ਹਾਉਂ ਤੇ ਧੁਮ ਇਹਦੀ ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ

419. ਉੱਤਰ ਸਹਿਤੀ
ਲੜੇ ਜਟ ਤੇ ਕੁੱਟੀਏ ਡੂਮ ਨਾਈ ਸਿਰ ਜੋਗੀੜੇ ਦੇ ਗੱਲ ਆਈ ਏ
ਆ ਕੱਢੀਏ ਵੱਢੀਏ ਇਹ ਫਸਤਾ ਜਗ ਧੂੜ ਕਾਈ ਏਸ ਪਾਈ ਏ
ਏਸ ਮਾਰ ਮੰਤਰ ਵੈਰ ਪਾ ਦਿੱਤਾ ਚਾਣਚਕ ਦੀ ਪਈ ਲੜਾਈ ਏ
ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ ਵਾਰਸ ਕਲ੍ਹਾ ਫਕੀਰ ਥੇ ਆਈ ਏ

420. ਹੀਰ ਦਾ ਨੌਕੌਕਰਾਨੀ ਨੂੰ ਉਤੁਤਰ
ਸਹਿਤੀ ਆਖਿਆ ਉਠ ਰਬੇਲ ਬਾਂਦੀ ਖੈਰ ਪਾ ਫਕੀਰ ਨੂੰ ਕਢੀਏ ਨੀ
ਆਟਾ ਘਤ ਕੇ ਰੁਗ ਕਿ ਬੁਕ ਚੀਣਾਂ ਵਿੱਚੋਂ ਅਲਖ ਫਸਾਦ ਦੀ ਵੱਢੀਏ ਨੀ
ਦੇ ਭਿਛਿਆ ਵਿਹੜਿਉਂ ਕਢ ਆਈਏ ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ
ਅੰਮਾਂ ਅਵੇ ਤਾਂ ਭਾਬੀ ਤੋਂ ਵਧ ਹੋਈਏ ਸਾਥ ਉਠ ਬਲੇਦੇ ਦਾ ਛੱਡੀਏ ਨੀ
ਆਵੇ ਖੋਹ ਨਵਾਲੀਆਂ ਹੀਰ ਸੁੱਟੇ ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ
ਵਾਂਗ ਕਿਲਾਅ ਦੀਪਾਲਪੁਰ ਹੋ ਆਕੀ ਝੰਡਾ ਵਿੱਚ ਮਵਾਸ ਦੇ ਗੱਡੀਏ ਨੀ
ਵਾਰਸ ਸ਼ਾਹ ਦੇ ਨਾਲ ਦੋ ਹੱਥ ਕਰੀਏ ਆਇ ਉਠ ਤੂੰ ਸਾਰ ਦੀਏ ਹੱਡੀਏ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

412
ਕਾਹ। ਕਿਊਂ
ਲਛੂ ਲਛੂ ਕਰਦੀ। ਗੱਲਾਂ ਬਾਤਾਂ ਨਾਲ ਲੜਨ ਦਾ ਸੱਦਾ ਦਿੰਦੀ
ਅੰਗੂਰੀ। ਪੌਦੇ ਦੇ ਤਾਜ਼ੇ ਫੁੱਟੇ ਪੱਤੇ

413
ਚਥੌੜੀਆਂ। ਹੱਥ ਕੰਙਨ
ਕਾਠ ਕਠੋਰੀਆਂ। ਬਸਾਖੀਆਂ (ਫੌਹੜੀਆਂ)

414
ਅਪੌੜ। ਪੁਠੇ ਕੰਮ
ਚਹਿ। ਜ਼ਿਦ
ਨਖੱਤਰੀ। ਬੇਨਸੀਬ ਔਰਤ
ਚੌੜ। ਬਰਬਾਦ
ਤਿਹਾਂ। ਤਿੰਨਾਂ 1. ਆਸ਼ਕ, 2. ਫਕੀਰ, 3. ਭੌਰ

415
ਚਹਿ ਚਹਾਰੀਆਂ। ਜ਼ਿਦ ਦੀਆਂ ਪੱਕੀਆਂ
ਰੋਜ਼। ਏ। ਮੀਸਾਕ। ਰਬ ਨਾਲ ਕੌਲ ਅਕਰਾਰ ਦਾ ਦਿਨ
ਚਹਿ। ਜ਼ਿਦ
ਇਸ਼ਰਤ। ਐਸ ਆਰਾਮ
ਮਾੜੀਆਂ। ਮਹਿਲ
ਰਾਜੇ ਭੋਜ। ਕਾਜੇ ਭੋਗ ਦੀ ਬੇਵਫਾ ਪਤਨੀ ਉਸ ਦੇ ਕਿਸੇ ਛੋਟੀ ਪੱਧਰ ਦੇ ਨੌਕਰ ਨੂੰ ਪਿਆਰ ਕਰਨ ਲੱਗੀ। ਰਾਜੇ ਨੂੰ ਪਤਾ ਲੱਗਣ ਤੇ ਰਾਣੀ ਨੂੰ ਆਖਿਆ ਕਿ ਉਹ ਉਸ ਪੁਰਸ਼ ਨੂੰ ਕੀ ਆਖੇ ਭਾਵ ਉਹ ਉਹਦੇ ਬਰਾਬਰ ਦਾ ਨਹੀਂ। ਰਾਣੀ ਨੇ ਆਪਣੇ ਯਾਰ ਪਿਆਰੇ ਨੂੰ ਇਹ ਸਾਬਤ ਕਰਨ
ਲਈ ਕਿ ਰਾਜਾ ਕੁੱਝ ਕਰਨ ਜੋਗਾ ਨਹੀਂ ਉਹਦੇ ਸਾਮਣੇ ਰਾਜੇ ਉਤੇ ਸਵਾਰੀ ਕਰ ਲਈ।
ਹੋਰੀ। ਹੋਲੀ

417
ਹੱਥ ਧੋ। ਖਾਲੀ
ਅੱਲੜੇ। ਤਾਜ਼ੇ
ਵਡੋਹਨੀ। ਬਦਨਾਮ ਕਰਦੀ
ਸੂਹਣੀ। ਸੂਹ ਲੈਣ ਵਾਲੀ

418
ਰਤੀ ਦੁਧ ਧੋਤੀਆਂ। ਬਦਮਾਸ਼
ਅਵੱਲੀ। ਜ਼ਿਆਦਾ
ਬਦਜ਼ੇਬ। ਕੋਝਾ
ਭੇੜ ਮੂੰਹੀਆਂ। ਭੱਦੀਆਂ
ਜ਼ਮੀਂ ਦੋਜ਼। ਭਾਵ ਜਿੰਨੀ ਧਰਤੀ ਦੇ ਬਾਹਰ ਓਨੀ ਧਰਤੀ ਦੇ ਵਿੱਚ
ਘੂਠੀ। ਚੁਪ ਗੁਪ, ਘੁੱਟੀ ਘੁੱਟੀ, ਜਿਹੜੀ ਖੁਲ ਕੇ ਦਿਲ ਦੀ ਗੱਲ ਨਾ ਕਰੇ।

419
ਫਸਤਾ ਵੱਢੀਏ। ਝਗੜਾ ਮੁਕਾਈਏ
ਚਾਣਚਕ। ਅਚਾਨਕ
ਕਲ੍ਹ। ਲੜਾਈ

420
ਰਬੇਲ ਬਾਂਦੀ। ਨੌਕਰਾਨੀ
ਹੋੜਾ ਵਿੱਚ ਬਰੂੰਹ। ਦਰਵਾਜ਼ਾ ਬੰਦ ਕਰੀਏ
ਬਲੇਦਾ। ਬਲਦ
ਆਕੀ। ਬਾਜ਼ੀ
ਮਵਾਸ। ਪਨਾਹ ਘਰ

 

More

Your Name:
Your E-mail:
Subject:
Comments:


Powered by: PHPCow.com