کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੪੧-੪੫੦

ਹੀਰ ਵਾਰਸ ਸ਼ਾਹ : ਬੰਦ ੪੪੧-੪੫੦

ਵਾਰਸ ਸ਼ਾਹ

July 2nd, 2008

 

 

441. ਉੱਤਰ ਹੀਰ
ਇਹ ਮਸਤ ਫਕੀਰ ਨਾ ਛੇਡ ਲੀਕੇ ਕੋਈ ਵੱਡਾ ਫਸਾਦ ਗਲ ਪਾਸਿਆ ਨੀ
ਮਾਰੇ ਜਾਣ ਖੇੜੇ ਉਜੜ ਜਾਣ ਮਾਪੇ ਤੁਧ ਲੰਡੀ ਦਾ ਕੁੱਝ ਨਾ ਜਾਸਿਆ ਨੀ
ਪੈਰ ਪਕੜ ਫਕੀਰ ਦੇ ਕਰਸ ਰਾਜ਼ੀ ਨਹੀਂ ਏਸ ਦੀ ਆਹ ਪੈ ਜਾਸਿਆ ਨੀ
ਵਾਰਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ ਜਾ ਗੋਰ ਅੰਦਰ ਪਛੋਤਾਸਿਆ ਨੀ

444. ਉੱਤਰ ਸਹਿਤੀ
ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ ਇੱਕੇ ਭਾਬੀਏ ਤੁਧ ਮਰਾਇਸ਼ਾਂ ਨੀ
ਰੋਵਾਂ ਮਾਰ ਭੁੱਬਾਂ ਭਾਈ ਆਵਦੇ ਬੇ ਤੈਨੂੰ ਖਾਹ ਮਖਾਹ ਕੁਟਾਇਸਾਂ ਨੀ
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ
ਇੱਕੇ ਮਾਰਏਂ ਤੂੰ ਇੱਕੇ ਹੇਠ ਜੋਗੀ ਇਹੋ ਘਗਰਰੀ ਚਾ ਵਛਾਇਸਾਂ ਨੀ
ਸੀਤਾ ਦਹਸਰੇ ਨਾਲ ਜੋ ਗਾਹ ਕੀਤਾ ਕੋਈ ਵੱਡਾ ਕਮੰਦ ਪਵਾਇਸਾਂ ਨੀ
ਰੰਨ ਤਾ ਨਹੀਂ ਜੇ ਘਰੋਂ ਕਢਾ ਤੈਨੂੰ ਮੈਂ ਬਲੋਚ ਹੰਢਾਇਸਾਂ ਨੀ
ਸਿਰ ਏਸ ਦਾ ਵਢ ਕੇ ਅਤੇ ਤੇਰਾ ਏਸ ਠੂਠੇ ਦੇ ਨਾਲ ਰਲਾਇਸਾਂ ਨੀ
ਰਖ ਹੀਰੇ ਤੂੰ ਏਤਨੀ ਜਮ੍ਹਾਂ ਖਾਤਰ ਤੇਰੀ ਰਾਤ ਨੂੰ ਭੰਗ ਝੜਾਇਸ਼ਾਂ ਨੀ
ਕੁਟਾਇਸਾਂ ਅਤੇ ਮਰਾਇਸਾਂ ਨੀ ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ
ਵਾਰਸ ਸ਼ਾਹ ਕੋਲੋਂ ਬਨ੍ਹਾ ਟੰਗਾਂਇਸਾਂ ਨੀ ਤੇਰੇ ਸਭ ਚੂਰ ਕਰਾਇਸਾਂ ਨੀ

445. ਉੱਤਰ ਹੀਰ
ਖੂਨ ਭੇਡ ਦੇ ਜੇ ਪਿੰਡ ਮਾਰ ਲੈਇਨ ਉਜੜ ਜਾਏ ਜਹਾਨ ਤੇ ਜਗ ਸਾਰਾ
ਹੱਥੋਂ ਜੂਆ ਦੇ ਜੁਲ ਜੇ ਸੁਟ ਵੇਚਣ ਕੀਕੂੰ ਕੱਟੀਏ ਪੋਹ ਤੇ ਮਾਂਘ ਸਾਰਾ
ਤੇਰੇ ਭਾਈ ਦੀ ਭੈਣ ਨੂੰ ਖੜਨ ਜੋਗੀ ਹੱਥ ਲਾਏ ਮੈਨੂੰ ਕਈ ਹਊਸ ਕਾਰਾ
ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ
ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ ਆਖ ਕਵਾਰੀਏ ਪਾਇਉ ਕੇਹਾ ਝੇੜਾ
ਵਾਰਸ ਖੋਹ ਕੇ ਚੁੰਡੀਆਂ ਤੇਰੀਆਂ ਨੂੰ ਕਰਾਂ ਖੂਬ ਪੈਜ਼ਾਰ ਦੇ ਨਾਲ ਝਾੜਾ

446. ਉੱਤਰ ਸਹਿਤੀ
ਕੱਜਲ ਪੂਛਲਿਆਲੜਾ ਘਤ ਨੈਣੀ ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ
ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ ਛੱਲੇ ਘਤ ਕੇ ਰੰਗ ਵਟਾਵਨੀ ਹੈਂ
ਰੱਤੀ ਆਸ਼ਕਾਂ ਨੂੰ ਦਖਲਾਵਨੀ ਹੈਂ ਨਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ
ਬਾਂਕੀ ਭਖ ਰਹੀ ਚੋਲੀ ਬਾਫਤੇ ਦੀ ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ
ਠੋਡੀ ਗੱਲ੍ਹ ਤੇ ਪਾਇਕੇ ਖਾਲ ਖੂਨੀ ਰਾਹ ਜਾਂਦੜੇ ਮਿਰਗ ਫਹਾਵਨੀ ਹੈਂ
ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ ਅਖੀਂ ਪਾ ਸੁਰਮਾ ਮਟਕਾਵਨੀ ਹ਼ੈਂ
ਮਲ ਵਟਨਾਂ ਲੋੜ੍ਹ ਦੰਦਾਸੜੇ ਦਾ ਜ਼ਰੀ ਬਾਦਲਾ ਪਟ ਹੰਢਾਵਨੀ ਹੈਂ
ਤੇੜ ਚੂੜੀਆਂ ਪਾ ਕੇ ਕਹਿਰ ਵਾਲਾ ਕੂੰਜਾਂ ਘਤ ਕੇ ਲਾਵਨਾ ਲਾਵਨੀ ਹੈਂ
ਨਵਾਂ ਵੇਸ ਤੇ ਵੇਸ ਬਣਾਵਲੀ ਹੈ ਲਏਂ ਫੇਰੀਆਂ ਤੇ ਘਮਕਾਵਨੀ ਹੈਂ
ਨਾਲ ਹੁਸਨ ਗੁਮਾਨ ਦੇ ਪਲੰਗ ਬਹਿ ਕੇ ਹੂਰ ਪਰੀ ਦੀ ਭੈਣ ਸਦਾਵਨੀ ਹੈਂ
ਪੈਰ ਨਾਲ ਚਵਾ ਦੇ ਚਾਵਨੀ ਹੈਂ ਲਾਡ ਨਾਲ ਗਹਿਣੇ ਛਨਕਾਵਨੀ ਹੈਂ
ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਜਨਾਂ ਦੀ ਖਾਤਰ ਤਲੇ ਨਾ ਕਿਸੇ ਲਿਆਵਨੀ ਹੈਂ
ਦੋਖ ਹੋਰਨਾਂ ਨੱਕ ਚੜ੍ਹਾਵਨੀ ਹੈ ਬੈਠੀ ਪਲੰਘ ਤੇ ਤੂਤੀਏ ਲਾਵਲੀ ਹੈਂ
ਪਰ ਅਸ਼ੀ ਭੀ ਨਹ਼ੀ ਹਾਂ ਘਟ ਤੈਥੋਂ ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ
ਸਾਡੇ ਚਣਨ ਸਰੀਰ ਮਥੇਲੀਆਂ ਦੇ ਸਾਨੂੰ ਚੂਹੜੀ ਹੀ ਨਜ਼ਰ ਆਵਲੀ ਹੈਂ
ਨਾਢੂ ਸ਼ਾਹ ਰੰਨ ਹੋ ਪਲੰਘ ਬਹਿ ਕੇ ਸਾਡੇ ਜਿਉ ਨੂੰ ਜ਼ਰਾ ਨਾ ਭਾਵਨੀ ਹੈਂ
ਤੇਰਾ ਕੰਮ ਨਾ ਕੋਈ ਵਗਾੜਿਆ ਮੈਂ ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ
ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ ਜੈਂਦੀ ਚਾਵੜਾਂ ਪਈ ਦਖਾਵਨੀ ਹੈਂ
ਤੇਰਾ ਯਾਰ ਜਾਨੀ ਅਸਾਂ ਨਾਂ ਭਾਵੇ ਹੁਣੇ ਹੋਰ ਕੀ ਮੂੰਹੋਂ ਅਖਵਾਨੀ ਹੈਂ
ਸੱਭਾ ਅੜਤਨੇ ਪੜਤਨੇ ਪਾੜ ਸੁੱਟੂੱ ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ
ਦੇਖ ਜੋਗੀ ਨੂੰ ਮਾਰ ਖਦੇੜ ਕੱਢਾਂ ਦੇਖਾਂ ਓਸਨੂੰ ਆ ਛਡਾਵਨੀ ਹੈਂ
ਤੇਰੇ ਨਾਲ ਜੋ ਕਰਾਂਗੀ ਮੁਲਕ ਦੋਖੇ ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ
ਤੁਧ ਚਾਹਦਾ ਕੀ ਏਸ ਗੱਲ ਵਿੱਚੋਂ ਵਾਰਸ ਸ਼ਾਹ ਥੇ ਚੁਜ਼ਲੀਆਂ ਲਾਵਨੀ ਹੈਂ

447. ਉੱਤਰ ਹੀਰ
ਭਲਾ ਕਵਾਰੀਏ ਸਾਂਗ ਕਿਊ ਲਾਵਨੀ ਹੈਂ ਜਿੱਬੇ ਹੋਠ ਕਿੰਊ ਪਈ ਬਣਾਵਨੀ ਹੈਂ
ਭਲਾ ਜਿਉ ਕਿਊ ਭਰਮਾਵਨੀ ਹੈ ਅਤੇ ਜੀਭ ਕਿਉਂ ਪਈ ਪਕਾਵਨੀ ਹੈਂ
ਲੱਗੀ ਵਸ ਖਣੇ ਖੂਹ ਪਾਵਨੀ ਹੈਂ ਸੜੇ ਕਾਂਦ ਕਿਊਂ ਲੂਤੀਆਂ ਲਾਵਨੀ ਹੈਂ
ਐਡੀ ਲਟਕਣੀ ਨਾਲ ਕਿਊਂ ਕਰੇਂ ਗੱਲਾਂ ਸੈਦੇ ਨਾਲ ਨਕਾਹ ਪੜ੍ਹਾਵਨੀ ਹੈਂ
ਵਾਰਸ ਨਾਲ ਉਠ ਜਾ ਤੂੰ ਉਧਲੇ ਨੀ ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ

448. ਸਹਿਤੀ ਰਾਂਝੇ ਨਾਲ ਜੰਗੰਗ ਲਈ ਤਿਆਰ
ਸਹਿਤੀ ਨਾਲ ਲੌਂਡੀ ਹਥੀਂ ਪਕੜ ਮੋਲ੍ਹੇ ਜੈਂਦੇ ਨਾਲ ਛੜੇਂਦੀਆਂ ਚਾਵਲੇ ਨੀ
ਗਿਰਦ ਆ ਭੰਵੀਆਂ ਵਾਂਗ ਜੋਗਣਾਂ ਦੇ ਤਾਉ ਘਤਿਉ ਨੇ ਓਸ ਰਾਵਲੇ ਨੂੰ
ਖਪਰ ਸੇਲ੍ਹੀਆਂ ਤੋੜ ਕੇ ਗੁਥ ਹੋਈਆਂ ਢਾਹ ਲਿਉ ਨੇ ਲਡ ਸੋਹਣੇ ਸਾਂਵਲੇ ਨੂੰ
ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ ਬਾਹਰ ਕੁਟਿਉ ਨੇ ਬਾਵਲੇ ਨੂੰ
ਘੜੀ ਘੜੀ ਵਲਾਇ ਕੇ ਵਾਰ ਕੀਤਾ ਓਹਨਾਂ ਟਕਿਆ ਸੀ ਏਸ ਲਾਵਨੇ ਨੂੰ
ਵਾਰਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ ਠੰਡਾ ਕੀਤੋ ਲੇ ਓਸ ਉਤਾਵਲੇ ਨੂੰ

449. ਉਹੀ
ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ ਕਾਰੇ ਦੇਖ ਲੈ ਮੁੰਡੀਆਂ ਮੋਹਣੀਆਂ ਦੇ
ਨਿਕਲ ਝੁਟ ਕੀਤਾ ਸਹਿਤੀ ਰਾਵਲੇ ਤੇ ਪਾਸੇ ਭਨ੍ਹਿਉ ਨੇ ਨਾਲ ਕੂਹਣੀਆਂ ਦੇ
ਜਟ ਮਾਰ ਮਧਾਣੀਆਂ ਫੇਂਹ ਸੁਟਿਆ ਸਿਰ ਭੰਨਿਆਂ ਮਾਰ ਦਧੂਨਿਆਂ ਦੇ
ਢੋ ਕਟਕ ਹੁਸੈਨ ਖਾਨ ਨਾਲ ਲੜਿਆ ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਵੇ

450. ਰਾਂਝੇ ਨਾਲ ਲੜਾਈ
ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ ਮਾਰੂ ਮਾਰਿਆ ਭੂਤ ਫਤੂਰ ਦੇ ਨੇ
ਦੇਖ ਪਰੀ ਦੇ ਨਾਲ ਖੁਮ ਮਾਰਿਆਈ ਏਸ ਫਰੇਸ਼ਤੇ ਬੈਤ ਮਾਅਮੂਰ ਦੇ ਨੇ
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ
ਡੇਰਾ ਬਖਸ਼ੀ ਦਾ ਮਾਰ ਕੇ ਲੁਟ ਲੀਤਾ ਪਾਈ ਫਤਹਿ ਪਠਾਨ ਕਸੂਰ ਦੇ ਨੇ
ਜਦੋ ਨਾਲ ਟਕੋਰ ਦੇ ਗਰਮ ਹੋਇਆ ਦਿੱਤਾ ਦੁਖੜਾ ਘਾਉ ਨਾਸੁਰ ਦੇ ਨੇ
ਵਾਰਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ

ਔਖੇ ਲਫ਼ਜ਼ਾਂ ਦੇ ਮਾਅਨੇ

441
ਕਵਾਰ ਨੂੰ ਖੁਆਰ ਕਰਨਾ। ਉਧਾਲੀ ਗਈ ਔਰਤ ਉਤੇ ਹਰ ਥਾਂ ਹਮਲੇ ਕਰਨੇ।
ਚੂਹੜੇ ਦਾ ਖਤਰੀ ਘੋਲ। ਹਰ ਹਾਲਤ ਵਿੱਚ ਖਤਰੀ ਦਾ ਨੁਕਸਾਨ ਹੈ, ਕਮੀਨੇ ਨੂੰ ਮਾਰਨਾ ਵੀ ਬੇਇਜ਼ਤੀ ਹੈ ਅਤੇ ਉਸ ਤੋਂ ਮਾਰ ਖਾਣੀ ਵੀ ਨਿਰਾਦਰੀ।
ਹਮਾਇਤਨ। ਮਦਦਗਾਰ
ਖੋਤੜੀ। ਖੋਤੀ
ਭੌਰ ਤਾਜ਼ੀ। ਵਧੀਆ ਨਸਲ ਦਾ ਘੋੜਾ
ਪੂਠੇ। ਚੁਤੜ
ਇੱਕ ਕਮਜ਼ੋਰ ਘੋੜੀ ਨੂੰ ਵਧੀਆ ਨਸਲ ਦਾ ਘੋੜਾ ਤੰਗ ਕਰਦਾ ਸੀ, ਉਹਨੇ ਗਲ ਇੱਕ ਗਧੀ ਨੂੰ ਦੱਸੀ, ਗਧੀ ਨੇ ਮਦਦ ਦਾ ਵਚਨ ਦਿੱਤਾ, ਇੱਕ ਪਿੱਦੀ ਨੇ ਵੀ ਮਦਦ ਕਰਨ ਲਈ ਕਿਹਾ। ਜਦੋਂ ਘੋੜਾ ਜਿਣਸੀ ਗਰਮੀ ਵਿੱਚ ਘੋੜਾ ਨੂੰ ਪਿਆ ਤਾਂ ਪਿੱਦੀ ਘੋੜੇ ਨੂੰ ਰੋਕਣ ਲਈ ਘੋੜੀ ਦੀ ਪਿੱਠ ਤੇ ਬੈਠ ਗਈ। ਖੋਤੀ ਨੇ ਮਦਦ ਲਈ ਘੋੜੇ ਦੇ ਬਥੇਰੇ ਦੁਲੱਤੇ ਮਾਰੇ ਪਰ ਘੋੜੀ ਦੇ ਲਿੰਗਕ ਅੰਗ ਦੇ ਅੱਗੇ ਰੋਕ ਲਈ ਬੈਠੀ ਸੀ। ਬੇਸ਼ੱਕ ਉਹ ਘੋੜੀ ਦੇ ਲਿੰਗਕ ਅੰਕ ਦੇ ਅੱਗੇ ਰੋਕ ਲਈ ਬੈਠੀ ਸੀ। ਘੋੜੇ ਨੇ ਉਸ ਨੂੰ ਬਥੇਰਾ ਕਿਹਾ ਕਿ ਇਹ ਸਾਡੇ ਘਰੇਲੂ ਮਾਮਲੇ ਵਿੱਚ ਦਖਲ ਨਾ ਦੇਵੇ।
ਖੌਂਸੜਾ। ਟੁੱਟਾ ਛਿੱਤਰ
ਚਵਾੜੀਆਂ। ਬਾਂਸਾਂ

443
ਕਰਸ ਰਾਜ਼ੀ। ਉਹ ਨੂੰ ਰਾਜ਼ੀ ਕਰ

444
ਦਹਿਸਰਾ। ਰਵਨ
ਸਬਾਹੂ॥ ਰਾਵਨ (ਸਲ਼ਬਾਹੂ)। ਭਾਵ ਸੁਹਣੀਆਂ ਬਾਂਹਾਂ ਵਾਲਾ, ਵਿਸ਼ਵਾ ਦਾ ਪੁੱਤਰ, ਮਾਤਾ ਨਿਕਸ਼ਾ, ਕੁੰਭਕਰਨ ਅਤੇ ਭੀਭਖਨ ਇਸ ਦੇ ਭਾਈ ਸਨ। ਸਰੂਪ ਨਖਾ ਇਸ ਦੀ ਭੈਣ। ਰਾਵਨ ਲੰਕਾ ਦਾ ਰਾਜਾ ਸੀ। ਮਸ਼ਹੂਰ ਹੈ ਇਸ ਦੇ ਦਸ ਸਿਰ ਸਨ ਇਸ ਲਈ 'ਦਹਿਸਰ' ਕਹਿੰਦੇ ਸਨ। ਸੰਸਕ੍ਰਿਤ ਦਾ ਵੱਡਾ ਪੰਡਤ ਅਤੇ ਜਾਤਿ ਦਾ ਬ੍ਰਾਹਮਣ ਸੀ। ਰਾਮ ਨੇ ਇਹਨੂੰ ਮਾਰਕੇ ਇਹਦਾ ਰਾਜ ਇਹਦੇ ਭਰਾ ਭਭੀਖਣ ਨੂੰ ਦਿੱਤਾ।
ਜੋ ਗਾਹ। ਜਿੱਦਾਂ ਕਰੇ
ਜਮ੍ਹਾਂ ਖਾਤਰ ਰਖ। ਤਸੱਲੀ ਰੱਖ

445
ਜੁੱਲ। ਜੁੱਲੀ
ਹਊਸ। ਹੋਵੇ ਗਾ
ਭੰਗ ਝਾੜੇ। ਮੈਨੂੰ ਕੁੱਟੇ
ਆੜਾ। ਝਗੜਾ
ਪੈਜ਼ਾਰ। ਜੁੱਤੀ
ਝਾੜਾ ਕਰਨਾ। ਭੂਤ ਲਾਹੁਣੇ

446
ਪੂਛਲਿਆਲੜਾ। ਪੂਛਾਂ ਵਾਲਾ
ਪਲਮਾ ਜ਼ੁਲਫਾਂ। ਜ਼ੁਲਫਾਂ ਇਖਲਾਰ ਕੇ
ਰੁੱਤੀ। ਜਿਣਸੀ ਭਾਵ ਲਿੰਗਕ ਖਾਹਿਸ਼
ਭਖ ਰਹੀ। ਚਮਕਾਂ ਮਾਰਦੀ
ਅੱਲੀਆਂ। ਕਨਾਰੀਆਂ
ਜ਼ਰੀ। ਸੁਨਹਿਰੀ ਤਾਰਾਂ ਵਾਲੀ ਬ੍ਰੋਕੇਡ
ਬਾਦਲਾ। ਚਾਂਦੀ ਰੰਗਾ
ਚੂੜੀਆਂ। ਇੱਕ ਭਾਂਤ ਦਾ ਧਾਰੀਦਾਰ ਕੱਪੜਾ
ਲਾਵਣ। ਕੱਪੜੇ ਤੇ ਲੱਗੀ ਕੋਰ
ਖਾਤਰ ਤਲੇ ਨਾ ਲਿਆਉਣਾ। ਕਿਸੇ ਨੂੰ ਕੁੱਝ ਨਾ ਸਮਝਣਾ
ਚਣਨ। ਚੰਦਨ
ਮਥੇਲੀ। ਮਨਮੋਹਣੀ
ਅੜਤਣੇ ਪੜਤਣੇ ਪਾੜ ਸੁਟੂੰ। ਸਾਰੇ ਭੇਤ ਫੋਲ ਦੇਊਂ
ਖਦੇੜ ਕਢਾਂ। ਕੁਟ ਕੁਟ ਕੇ ਮਿਝ ਕੱਢਣੀ

447
ਚਿੱਬੇ। ਵਿੰਗੇ ਟੇਢੇ
ਖਣੇ ਖੂਹ ਪਾਉਣਾ। ਲਾਸ਼ ਦੇ ਟੋਟੇ ਕਰਕੇ ਖੂਹ ਵਿੱਚ ਪਾਉਣੇ
ਕਾਂਦ। ਅੰਗਾਰੀ
ਲੂਤੀ। ਅੱਗ

448
ਗਿਰਦ ਆਣ ਭੰਵੀਆਂ। ਆਲੇ ਦੁਆਲੇ ਘੁੰਮੀਆਂ, ਘੇਰ
ਲਿਆ
ਲਾਵਾ। ਦਹਾੜੀ ਕਰਨ ਆਇਆ
ਉਤਾਵਲਾ। ਜੋਸ਼ੀਲਾ, ਤੇਜ਼

449
ਕਟਕ ਢੋ ਕੇ। ਫੌਜ ਲਿਆ ਕੇ
ਹਸੈਨ ਖਾਂ . . ਚੂਹਣੀਆਂ। ਨਵਾਬ ਹੁਸੈਨ ਖਾਂ ਪੇਸ਼ਗੀ ਦੀ ਜੰਗ ਅਬਦਲ ਸਮਦ ਹਾਕਮ ਲਹੌਰ ਨਾਲ ਚੂਨੀਆਂ ਵਿੱਚ ਹੋਈ ਸੀ।

450
ਮਾਰੂ। ਐਲਾਨੇ ਜੰਗ ਦਾ ਨਗਾਰਾ
ਖੁੰਮ ਮਾਰਿਆ। ਥਾਪੀ ਮਾਰੀ
ਬੈਤ ਮਾਅਮੂਰ। ਖਾਨਾ ਕਾਅਬਾ
ਫਤੂਰ ਦਾ ਭੂਤ। ਫਸਾਦ ਦਾ ਸ਼ੈਤਾਨ
ਕਸੂਰ ਦਾ ਪਠਾਨ। ਮਈ 1762 ਨੂੰ ਹਰੀ ਸਿੰਘ ਭੰਗੀ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਬਹੁਤ ਸਾਰੇ ਪਠਾਨਾਂ ਨੂੰ ਕਤਲ ਕਰਕੇ ਕਸੂਰ ਨੂੰ ਬਰਬਾਦ ਕਰ ਦਿੱਤਾ। ਉਹਦੇ ਪਿੱਛੋਂ ਨਵਾਬ ਵਲੀ ਦਾਦ ਖਾ ਦੇ ਪੁੱਤਰ ਸ਼ਹਿਬਾਜ਼ ਖਾਂ ਮਿਸਲ ਦੇ ਸਰਦਾਰ ਹੀਰਾ ਸਿੰਘ ਨੂੰ ਹਾਰ ਦਿੱਤੀ ਅਤੇ ਉਹਨੂੰ ਮਾਰ ਕੇ ਅਟਾਰੀ ਡੰਡੀਆਂ ਵਾਲੀ ਜਿੱਤ ਕੇ ਸਤਲੁਜ ਨਦੀ ਦੇ ਦੋਨਾਂ ਕੰਢਿਆਂ ਤੇ ਕਬਜ਼ਾ ਕਰ ਲਿਆ।

 

More

Your Name:
Your E-mail:
Subject:
Comments:


Powered by: PHPCow.com