کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੫੧-੪੬੦

ਹੀਰ ਵਾਰਸ ਸ਼ਾਹ : ਬੰਦ ੪੫੧-੪੬੦

ਵਾਰਸ ਸ਼ਾਹ

July 2nd, 2008

 

 

451. ਰਾਂਝੇ ਦੇ ਸੱਟੱਟਾਂ ਮਾਰਨੀਆਂ
ਦੋਵੇਂ ਮਾਰ ਸਵਾਰੀਆਂ ਰਾਵਲੇ ਨੇ ਪੰਜ ਸਤ ਫਾਹੁੜੀਆਂ ਲਾਈਆਂ ਸੂ
ਗੱਲ੍ਹਾ ਪੁਟ ਕੇ ਚੋਲੀਆਂ ਕਰੇ ਲੀਰਾਂ ਹਿੱਕਾਂ ਭੰਨ ਕੇ ਲਾਲ ਕਰਈਆਂ ਸੂ
ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ
ਖੋਹ ਚੁੰਡੀਆਂ ਗੱਲ੍ਹਾ ਤੇ ਮਾਰ ਹੁੰਝਾਂ ਦੋ ਦੋ ਧੌਣ ਤੇ ਮੁਢ ਟਿਕਾਈਆਂ ਸੂ
ਜੇਹਾ ਰਿਛ ਕਲੰਦਰਾਂ ਘੋਲ ਪੌਂਦਾ ਸੋਟੇ ਚੁਤੜੀਂ ਲਾ ਨਚਾਈਆਂ ਸੂ
ਗਿੱਟੇ ਲਕ ਠਕੋਰ ਕੇ ਪਕੜ ਤ੍ਰਿਗੋਂ ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ
ਜੋਗੀ ਵਾਸਤੇ ਰਬ ਦੇ ਬਸ ਕਰ ਜਾ ਹੀਰ ਅੰਦਰੋਂ ਆਖ ਛੁਡਾਈਆਂ ਸੂ

452. ਹੋਰੋਰ ਕੁੜੁੜੀਆਂ ਦਾ ਸਹਿਤੀ ਕੋਲੋਲ ਆਉਣੁਣਾ
ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ ਪੰਜ ਸੱਤ ਮੁਸ਼ਟੱਡੀਆਂ ਆ ਘਈਆਂ
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ ਦੋ ਦੋ ਅਲੀ ਉਲਹਿਸਾਬ ਟਿਕਾ ਗਈਆਂ
ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ
ਬਾਜ਼ ਤੋੜ ਕੇ ਤੁਅਮਿਉਂ ਲਾਹਿਉ ਨੇ ਮਾਅਸ਼ੂਕ ਦੀ ਦੀਦ ਹਟਾ ਗਈਆਂ
ਧੱਕਾ ਦੇ ਕੇ ਸੱਟ ਪੱਲਟ ਉਸ ਨੂੰ ਹੋੜਾ ਵੱਡਾ ਮਜ਼ਬੂਤ ਫਹਾ ਗਈਆਂ
ਸੂਬਾਦਾਰ ਤਜ਼ੀਅਰ ਕਰ ਕੱਢਿਉ ਨੇ ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ
ਘਰੋਂ ਕੱਢ ਅਰੂੜੀ ਤੇ ਸੱਟਿਉ ਨੇ ਬਹਿਸ਼ਤੋਂ ਕੱਢ ਕੇ ਦੋਜ਼ਖੇ ਪਾ ਗਈਆਂ
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ ਕੋਈ ਜਾਦੁੜਾ ਘੋਲ ਪਵਾ ਗਈਆਂ
ਅੱਗੇ ਠੂਠੇ ਨੂੰ ਝੂਰਦਾ ਖਫਾ ਹੁੰਦਾ ਉਤੋਂ ਨਵਾਂ ਪਸਾਰ ਬਣਾ ਗਈਆਂ
ਵਾਰਸ ਸ਼ਾਹ ਮੀਆਂ ਨਵਾਂ ਸ਼ਹਿਰ ਹੋਇਆ ਪਰੀਆਂ ਜਿੰਨ ਫਰਿਸ਼ਤੇ ਨੂੰ ਲਾ ਗਈਆਂ

452. 2. ਸ਼ਾਇਰ ਦਾ ਕਥਨ
ਘਰੋਂ ਕੱਢਿਆ ਅਕਲ ਸ਼ਊਰ ਗਇਆ ਆਦਮ ਜੰਨਤੋ ਕੱਢ ਹੈਰਾਨ ਕੀਤਾ
ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ
ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ ਨਮਰੂਦ ਮੱਛਰ ਪਰੇਸ਼ਾਨ ਕੀਤਾ
ਵਾਰਸ ਸ਼ਾਹ ਹੈਰਾਨ ਹੋ ਰਹਿਆ ਜੋਗੀ ਜਿਵੇਂ ਨੂਹ ਹੈਰਾਨ ਤੂਫਾਨ ਕੀਤਾ

453. ਰਾਂਝਾ ਆਪਣੇ ਆਪ ਨਾਲ
ਹੀਰ ਚੁਪ ਬੈਠੀ ਅਸੀਂ ਕੁਟ ਕੱਢੇ ਸਾਡਾ ਵਾਹ ਪਿਆ ਨਾਲ ਡੌਰਿਆਂ ਦੇ
ਉਹ ਵੇਲੜਾ ਹੱਥ ਨਾ ਆਂਵਦਾ ਹੈ ਲੋਕ ਦੇ ਰਹੇ ਲਖ ਢੰਡੋਰਿਆਂ ਦੇ
ਇੱਕ ਰੰਨ ਗਈ ਦੂਆ ਵਨ ਗਿਆ ਲੋਕ ਸਾੜਦੇ ਨਾਲ ਨਹੋਰਿਆਂ ਦੇ
ਨਿਉਂਹ ਰਾਚਿਆਂ ਤੇ ਰੰਨਾਂ ਡਾਢੀਆਂ ਦੇ ਕੀਕੂੰ ਹੱਥ ਆਵਨ ਨਾਲ ਜ਼ੋਰਿਆਂ ਦੇ
ਅਸਾਂ ਮੰਗਿਆ ਉਨ੍ਹਾਂ ਨਾਂ ਖੈਰ ਕੀਤਾ ਮੈਨੂੰ ਮਾਰਿਆ ਨਾਲ ਫਹੌੜਿਆਂ ਦੇ

454. ਰਾਂਝਾ ਦੁਖੀ ਹੋਕੇ
ਧੂਆਂ ਹੂੰਝਦਾ ਰੋਇਕੇ ਢਾਹ ਮਾਰੇ ਰੱਬਾ ਮੇਲ ਕੇ ਯਾਰ ਵਿਛੋੜਿਉ ਕਿਊਂ
ਮੇਰਾ ਰੜੇ ਜਹਾਜ਼ ਸੀ ਆਣ ਲੱਗਾ ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ ਸਾਥ ਫਜ਼ਲ ਦਾ ਲੱਦ ਕੇ ਮੋੜਿਉ ਕਿਉਂ
ਵਾਰਸ ਸ਼ਾਹ ਇਬਾਦਤਾਂ ਛਡ ਕੇ ਤੇ ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ

455. ਉਹੀ
ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ ਸਭ ਡੰਡੀਆਂ ਜ਼ਮਾਂ ਨੇ ਮੱਲੀਆਂ ਨੇ
ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ
ਜਿੱਥੇ ਸ਼ੀਂਹ ਬੁੱਕਣ ਫੂਕਣ ਨਾਗ ਕਾਲੇ ਬਘਿਆੜ ਘੱਤਨ ਨਿਤ ਜੱਲੀਆਂ ਨੇ
ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਡੀ ਭੀੜਾਂ ਵੱਜੀਆਂ ਆਣ ਅਵੱਲੀਆਂ ਨੇ
ਕੀਤੀਆਂ ਮਿਹਨਤਾਂ ਵਾਰਸਾਂ ਦੁਖ ਝਾਕੇ ਰਾਤਾਂ ਜਾਂਦੀਆਂ ਨਹੀਂ ਨਿਫਲੀਆਂ ਨੇ

456. ਰਾਂਝੇ ਨੂੰ ਪੀਰ ਯਾਦ ਆਏ
ਰੋਂਦਾ ਕਾਸਨੂੰ ਬੀਰ ਬੇਤਾਲਿਆ ਵੇ ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ
ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ ਤੇਰਾ ਦੂਰ ਹੋਵੇ ਦੁਖ ਤਾਪ ਮੀਆਂ
ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ
ਜ਼ੋਰ ਆਪਣਾ ਫਕਰ ਨੂੰ ਯਾਦ ਆਇਆ ਬਾਲਨਾਥ ਮੇਰਾ ਗੁਰੂ ਬਾਪ ਮੀਆਂ
ਵਾਰਸ ਸ਼ਾਹ ਭੁਖਾ ਬੂਹੇ ਰੋਏ ਬੈਠਾ ਦੇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ

457. ਰਾਂਝਾ ਆਪਣੇ ਆਪ ਨੂੰ ਕਹਿੰਦੰਦਾ
ਕਰਾਮਾਤ ਲਖਾਇ ਕੇ ਸ਼ਹਿਰ ਫੂਕਾਂ ਜੜ ਖੇੜਿਆਂ ਦੀ ਮੁਢੋਂ ਪੁਟ ਸੁੱਟਾਂ
ਫੌਜੀਰ ਨਾਹੀਂ ਪਕੜ ਕਵਾਰੜੀ ਨੂੰ ਹੱਥ ਪੈਰ ਤੇ ਨਕ ਕੰਨ ਕਟ ਸੁੱਟਾਂ
ਅਲਮ ਤਰ ਕੈਫ ਬਦੂਹ ਕਹਾਰ ਪੜ੍ਹ ਕੇ ਨਏ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ
ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ ਵਾਂਗ ਟਾਟ ਦੀ ਤਪੜੀ ਛਟ ਸੁਟਾਂ
ਪੰਜ ਪੀਰ ਜੇ ਬਾਹੁੜਨ ਆਨ ਮੈਨੂੰ ਦੁਖ ਦਰਦ ਕਜ਼ੀੜੇ ਕਟ ਸੱਟਾਂ
ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ ਮਗਰ ਲੱਗ ਕੇ ਦੂਤ ਨੂੰ ਚਟ ਸੁੱਟਾਂ
ਜਟ ਵਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੁਟਾਂ
ਵਟ ਸਟ ਤੇ ਪਟ ਤੇ ਫਟ ਬੱਧੇ ਵਰ ਦੇਣ ਸਿਆਣਿਆਂ ਸੱਤ ਸੁਟਾਂ
ਵਾਰਸ ਸ਼ਾਹ ਮਾਅਸ਼ੂਕ ਜੇ ਮਿਲੇ ਖਿਲਵਤ ਸਭ ਜਿਉ ਦੇ ਦੁਖ ਉੱਲਟ ਸੁੱਟਾਂ

458. ਰਾਂਝੇ ਦੀ ਹਾਲਤ
ਦਿਲ ਫਿਕਰ ਨੇ ਘਿਰਿਆ ਬੰਦ ਹੋਇਆ ਰਾਂਝਾ ਜਿਉ ਜ਼ੋਤੇ ਲਖ ਖਾਇ ਬੈਠਾ
ਸੱਥੋਂ ਹੂੰਝ ਧੂਆਂ ਸਿਰ ਚਾ ਟੁਰਿਆ ਕਾਲੇ ਬਾਜ਼ ਵਹੀਰ ਮਚਾਇ ਬੈਠਾ
ਅਖੀਂ ਮੀਟ ਕੇ ਰਬ ਧਿਆਨ ਧਰ ਕੇ ਚਾਰੋਂ ਤਰਫ ਹੈ ਧੂੰਨੜਾ ਲਾਇ ਬੈਠਾ
ਵਟ ਮਾਰ ਕੇ ਚਾਰੋਂ ਹੀ ਤਰਫ ਉੱਚੀ ਉੱਥੇ ਵਲਗਣਾਂ ਖੂਬ ਬਣਾਇ ਬੈਠਾ
ਅਸਾਂ ਕੱਚ ਕੀਤਾ ਰੱਬ ਸਚ ਕਰਸੀ ਇਹ ਆਖ ਕੇ ਵੇਲ ਜਗਾ ਬੈਠਾ
ਭੜਕੀ ਅੱਗ ਜਾਂ ਤਾਵਨੀ ਤਾ ਕੀਤਾ ਇਸ਼ਕ ਮੁਸ਼ਕ ਵਸਾਰ ਕੇ ਜਾਇ ਬੈਠਾ
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ
ਵਾਰਸ ਸ਼ਾਹ ਇਸ ਵਕਤ ਨੂੰ ਝੂਰਦਾ ਈ ਜਿਸ ਵੇਲੜੇ ਅੱਖੀਆਂ ਲਾਇ ਬੈਠਾ

459. ਉਹੀ ਚਲਦਾ
ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਘੱਤੇ ਜੱਲਿਆਂ ਚਿੱਲੇ ਵਿੱਚ ਹੋ ਰਹਿਆ
ਕਰੇ ਆਜਜ਼ੀ ਵਿੱਚ ਮੁਰਾਕਬੇ ਦੇ ਦਿਨੇ ਰਾਤ ਖੁਦਾਏ ਥੇ ਰੋ ਰਹਿਆ
ਵਿੱਚ ਯਾਦ ਖੁਦਾਏ ਦੀ ਮਹਿਵ ਰਹਿੰਦਾ ਕਦੀ ਬੈਠ ਰਹਿਆ ਕਦੀ ਸੋ ਰਹਿਆ
ਵਾਰਸ ਸ਼ਾਹ ਨਾ ਫਿਕਰ ਕਰ ਮੁਸ਼ਕਲਾਂ ਦਾ ਜੋ ਕੁਛ ਹੋਵਨਾ ਸੀ ਸੋਈ ਹੋ ਰਹਿਆ
ਨਿਉਲੀ ਕਰਮ ਕਰਦਾ ਕਦੀ ਉਰਧ ਤਪ ਵਿੱਚ ਕਦੀ ਹੋਮ ਸਰੀਰ ਵਿੱਚ ਝੋ ਰਹਿਆ

460. ਉਹੀ
ਕਦੀ ਨਖ ਤਪ ਸ਼ਾਮ ਤਪ ਪਵਨ ਭਖੀ ਸਦਾ ਬਰਤ ਨੇਮੇ ਚਿਤ ਲਾ ਰਹਿਆ
ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ ਕਦੀ ਜੋਗ ਜਤੀ ਚਿਤ ਲਾ ਰਹਿਆ
ਕਦੀ ਮਸਤ ਮਜਜ਼ੂਬ ਲਟ ਹੋ ਸੁਥਰਾ ਅਲਫ ਸਿਆਹ ਮੱਥੇ ਉਤੇ ਲਾ ਰਹਿਆ
ਆਵਾਜ਼ ਆਇਆ ਬੱਚਾ ਰਾਂਝਣਾ ਵੋ ਤੇਰਾ ਸੁਬਾਹ ਮੁਕਾਬਲਾ ਆ ਰਹਿਆ

ਔਖੇ ਲਫ਼ਜ਼ਾਂ ਦੇ ਮਾਅਨੇ

451
ਹੁੰਦਾਂ। ਹੁੰਝਾਂ
ਤ੍ਰਿਗੋਂ। ਤਿੱਗੋਂ

452. 1
ਅਲਲ। ਹਿਸਾਬ। ਹਿਸਾਬ ਅਨੁਸਾਰ, ਕ੍ਰਮਵਾਰ
ਤਾਕ ਚੜ੍ਹਾ ਗਈਆਂ। ਬੰਦ ਕਰ ਗਈਆਂ
ਤੁਅਮਾ। ਬਾਜ਼ ਨੂੰ ਸ਼ਿਕਾਰ ਲਈ ਤਿਆਰ ਕਰਨ ਵਾਸਤੇ ਉਹਦੇ ਮੂੰਹ ਨੂੰ ਲਾਇਆ ਮਾਸ
ਫਹਾ ਗਈਆਂ। ਫਸਾ ਜਾਂ ਅੜਾ ਗਈਆਂ
ਸੂਬਾਦਾਰ। ਗਵਰਨਰ
ਤਜ਼ਈਅਰ। ਬਦਲ ਕੇ
ਵਾਇਦਾ। ਮੁਸ਼ਕਲ, ਸਮੱਸਿਆ
ਅਰੂੜੀ। ਢੇਰ
ਸ਼ਹਿਰ। ਜਾਦੂ

452. 2
ਅਕਲ ਸ਼ਊਰ ਗਿਆ। ਮਤ ਮਾਰੀ ਗਈ
ਰਦ ਕਰ ਦਿੱਤਾ। ਨਾਪਸੰਦ ਕਰ ਦਿੱਤਾ
ਸ਼ੱਦਾਦ। ਆਦ ਕੌਮ ਦਾ ਇੱਕ ਬਾਦਸ਼ਾਹ
ਮਰਾਕਬਾ। ਸਿਰ ਝੁਕਾ ਕੇ ਰਬ ਵਲ ਧਿਆਨ ਧਰਨਾ ਜਿਸ ਨੇ ਦਾਅਵਾ ਕੀਤਾ ਸੀ ਕਿ ਉਹ ਰਬ ਹੈ।
ਨਮਰੂਦ। ਹਜ਼ਰਤ ਮੂਸਾ ਦੇ ਸਮੇਂ ਦਾ ਬਾਦਸ਼ਾਹ ਇਸ ਨੇ ਵੀ ਰਬ ਹੋਣ ਦਾ ਦਾਅਵਾ ਕੀਤਾ ਸੀ। ਇਸ ਨੇ ਇਬਰਾਹੀਮ ਨੂੰ ਅੱਗ ਵਿੱਚ ਸੁੱਟਿਆ ਪਰ ਅੱਗ ਰਬ ਦੇ ਹੁਕਮ ਨਾਲ ਗੁਲਜ਼ਾਰ ਬਣ ਗਈ। ਇੱਕ ਮੱਛਰ ਦੇ ਨਾਸ ਵਿੱਚ ਵੜ ਜਾਣ ਨਾਲ ਇਹਦੀ ਮੌਤ ਹੋਈ। ਸੂਫੀ ਸ਼ਾਇਰ ਬੁੱਲ੍ਹਾ ਵੀ ਨਮਰੂਰ ਬਾਬਤ ਲਿਖਦੇ ਹਨ। ''ਨਮਰੂਦ ਨੇ ਵੀ ਖੁਦਾ ਸਦਾਇਆ, ਉਸ ਨੇ ਰੱਬ ਨੂੰ ਤੀਰ ਚਲਾਇਆ, ਮੱਛਰ ਤੋਂ ਨਮਰੂਦ ਮਰਵਾਇਆ . . ਰਹੁ ਰਹੁ ਵੇ ਇਸ਼ਕਾ ਮਾਰਿਆ ਈ।'

453
ਡੌਰਾ। ਬੋਲਾ, ਜਿਹਨੂੰ ਉੱਚਾ ਸੁਣੇ
ਵੰਨ। ਜ਼ਾਤ, ਸ਼ਕਲ, ਵਰਨ
ਜ਼ੋਰੀ। ਤਾਕਤ
ਜ਼ੋਰ। ਕਮਜ਼ੋਰ, ਨਤਾਣੇ

454
ਢਾਹ। ਧਾਹ

455
ਤਾਂਘ। ਖਾਹਿਸ਼, ਅਰਮਾਨ
ਜੱਲੀਆਂ ਘੱਤਣ। ਚਾਂਭੜਾਂ ਪਾਉਂਦੇ
ਨਿਫਲੀਆਂ। ਬੇਕਾਰ, ਅਜਾਈਂ ਬਿਨਾ ਫਲ ਤੋਂ

457
ਸਹਿਰ ਫੂਕਾਂ। ਜਾਦੂ ਕਰਾਂ
ਅੰਲਮ ਤਰ ਕੈਫ਼। ਸੂਰਾ ਫੀਲ ਜਿਸ ਵਿੱਚ ਅਬਰਹਿ ਦੇ ਹਾਥੀਆਂ ਤੇ ਅਬਾਬੀਲਾਂ ਦੇ ਲਸ਼ਕਰ ਵੱਲੋਂ ਹਮਲੇ ਦਾ ਵਰਣਨ ਹੈ। ਆਬਬੀਲਾਂ ਨੇ ਕੰਕਰੀਆਂ ਮਾਰ ਮਾਰ ਕੇ ਹਾਥੀਆਂ ਦਾ ਕਚੂਮਰ ਕੱਢ ਦਿੱਤਾ।
ਬਦੂਹ ਕਹਾਰ। ਇਹ ਇੱਕ ਜਲਾਲੀ ਅਮਲ ਹੈ ਜਿਹੜਾ ਵੈਰੀ ਉਤੇ ਗਾਲਬ ਆਉਣ ਲਈ ਪੜ੍ਹਿਆ ਜਾਂਦਾ ਹੈ।
ਨਏਂ ਵਹੰਦੀਆਂ। ਵਗਦੀਆਂ ਨਦੀਆਂ ਨੂੰ ਅੱਖ ਦੇ ਫੋਰੇ ਵਿੱਚ ਸੁਕਾ ਕੇ ਉਨ੍ਹਾਂ ਨੂੰ ਮਿੱਟੀ ਨਾਲ ਭਰ ਦੇਵਾਂ।
ਕਜ਼ੀੜੇ। ਕਜ਼ੀਏ
ਝਟ ਸੱਟਾਂ। ਖਾਲੀ ਕਰ ਦੇਵਾਂ
ਜਟ, ਵਟ, ਪਟ (ਪਟਕਾ) ਅਤੇ ਫਟ (ਜ਼ਖਮ) ਇੱਕੋ ਆਵਾਜ਼ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਕਵੀ ਨੇ ਕਿੰਨਾ ਸੁਹਣਾ ਰੰਗ ਬੱਧਾ ਹੈ।
ਨਚਿਤ। ਬੇਫਿਕਰ, ਬਿਨਾ ਚਿੰਤਾ ਦੇ
ਘੁਲੱਟ। ਪਹਿਲਵਾਨ
ਝਟ ਵਟਕੇ। ਸਬਰ ਕਰਕੇ

458
ਸਥੋਂ। ਸਥ ਵਿੱਚੋਂ
ਵਹੀਰ ਮਚਾ ਬੈਠਾ। ਡੇਰਾ ਲਾ ਦਿੱਤਾ
ਧੂੰਨੜਾ। ਧੂੰਆਂ
ਵਲ। ਐਬ
ਅਹਿਦੀ। ਪਿਆਦਾ
ਤਾਉਨੀ। ਭੱਠੀ
ਮਹਿਵ। ਲੱਗਾ ਹੋਇਆ
ਹੋਮ। ਸਰੀਰ ਨੂੰ ਅੱਗ ਵਿੱਚ ਝੋਕ ਕੇ ਦੇਵਤਿਆਂ ਨੂੰ ਕੁਰਬਾਨੀ ਦੇ ਲਈ

460
ਨਖੀ ਤਪ। ਸਰੀਰ ਦਾ ਸਾਰਾ ਪਾਰ ਹੱਥਾਂ ਅਤੇ ਪੈਰਾਂ ਦੇ ਪੰਜਿਆਂ ਤੇ ਪਾਉਣਾ
ਪਵਨ ਪੱਖੀ। ਅਪਣੇ ਅੰਦਰ ਸਾਫ ਹਵਾ ਖਿਚਣਾ ਅਤੇ ਗੰਦੀ ਹਵਾ ਬਾਹਰ ਕੱਢਣਾ
ਨਿਉਲੀ ਕਰਮ। ਯੋਗ ਅਭਿਆਸ ਵਿੱਚ ਛੇ ਕਰਮ ਹਨ:
1. ਨਿਉਲੀ ਕਰਮ, 2. ਨੀਤੀ ਕਰਮ, 3. ਧੋਤੀ ਕਰਮ, 4. ਦਸਤੀ ਕਰਮ, 5. ਤਰਾਟਕ, 6 ਕਪਾਲ ਭਾਤੀ
ਅਰਧ ਤਪ। ਆਕਾਸ਼ ਵਲ ਮੂੰਹ ਕਰਕੇ ਬਾਹਾਂ ਖੜੀਆਂ
ਕਰਕੇ ਕੀਤੀ ਹੋਈ ਕਸਰਤ
ਤਪ। ਤਪੱਸਿਆ
ਸਾਸ। ਸਾਹ
ਗਰਾਸ। ਬੁਰਕੀ
ਮਜਜ਼ੂਬ। ਲੀਲ ਹੋਇਆ, ਰਬ ਦੀ ਯਾਦ ਵਿੱਚ ਡੁਬਾ ਹੋਇਆ।

 

More

Your Name:
Your E-mail:
Subject:
Comments:


Powered by: PHPCow.com