کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੯੧-੫੦੦

ਹੀਰ ਵਾਰਸ ਸ਼ਾਹ : ਬੰਦ ੪੯੧-੫੦੦

ਵਾਰਸ ਸ਼ਾਹ

July 2nd, 2008

 

 

491. ਉੱਤਰ ਰਾਂਝਾ
ਜਾ ਖੋਲ ਕੇ ਦੇਖ ਜੋ ਸਿਦਕ ਆਵੀ ਕੇਹਾ ਸ਼ਕ ਦਿਲ ਆਪਣੇ ਪਾਇਉਈ
ਕਿਹਿਆ ਅਸਾਂ ਸੋ ਰਬ ਤਹਿਕੀਕ ਕਰਸੀ ਕੇਹਾ ਆਣ ਕੇ ਮਜ਼ਜ਼ ਖਪਾਇਉਈ
ਜਾ ਦੇਖ ਜੋ ਵਸਵਸਾ ਦੂਰ ਹੋਵੀ ਕੇਹਾ ਡੌਰੂਵੜਾ ਆਨ ਵਜਾਇਉਈ
ਸ਼ਕ ਮਿਟੀ ਜੋ ਥਾਲ ਨੂੰ ਖੋਲ ਵੇਖੇਂ ਏਥੇ ਮਕਰ ਕੀ ਆਣ ਫੈਲਾਇਉਈ

492. ਸਹਿਤੀ ਨੇ ਕਰਾਮਾਤ ਦੇਖੇਖੀ
ਸਹਿਤੀ ਖੋਲ ਕੇ ਥਾਲ ਜਾਂ ਧਿਆਨ ਕੀਤਾ ਖੰਡ ਚਾਵਲਾਂ ਦਾ ਕਾਲ ਹੋ ਗਿਆ
ਛੁਟਾ ਤੀਰ ਫਕੀਰ ਦੇ ਮੁਅਜਜ਼ੇ ਦਾ ਵਿੱਚੋਂ ਕੁਫਰ ਦਾ ਜਿਊ ਪਰੋ ਗਿਆ
ਜਿਹੜਾ ਚਲਿਆ ਨਿਕਲ ਯਕੀਨ ਆਹਾ ਕਰਾਮਾਤ ਨੂੰ ਦੇਖ ਖਲੋ ਗਿਆ
ਗਰਮ ਜ਼ਜ਼ਬ ਦੀ ਆਤਸ਼ੋਂ ਆਬ ਆਹਾ ਬਰਫ ਕਸ਼ਫ ਦੀ ਨਾਲ ਸਮੋ ਗਿਆ
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ ਓਸ ਕੋਹ ਲਿਆ ਉਹ ਰੋ ਗਿਆ
ਵਾਰਸ ਸ਼ਾਹ ਜੋ ਕੀਮੀਆ ਨਾਲ ਛੁੱਥਾ ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ

493. ਸਹਿਤੀ ਨੂੰ ਹੀਰ ਤੇ ਯਕੀਨ
ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ
ਕਰਾਂ ਬਾਂਦੀਆਂ ਵਾਂਗ ਬਜਾ ਖਿਦਮਤ ਨਿਤ ਪਾਂਵਦੀ ਰਹਾਂ ਗੀ ਫੇਰੀਆਂ ਮੈਂ
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ ਦਿਲ ਜਾਨ ਥੀਂ ਤੁਧ ਤੇ ਹੀਰੀਆਂ ਮੈਂ
ਕਰਾਮਾਤ ਤੇਰੀ ਉਤੇ ਸਿਦਕ ਕੀਤਾ ਤੇਰੇ ਕਸ਼ਫ ਦੇ ਹੁਕਮ ਨੇ ਘੇਰੀਆਂ ਮੈਂ
ਸਾਡੀ ਜਾਨ ਤੇ ਮਾਲ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ ਤੇਰੇ ਇਸਮ ਆਜ਼ਮ ਹੁਬ ਟੇਰੀਆਂ ਮੈਂ
ਇੱਕ ਫਕਰ ਇੱਲਾਹ ਦਾ ਰਖ ਤਕਵਾ ਹੋਰ ਢਾਹ ਬੈਠੀ ਸਭੇ ਢੇਰੀਆਂ ਮੈਂ
ਪੂਰੀ ਨਾਲ ਹਿਸਾਬ ਨਾ ਹੋ ਸਕਾਂ ਵਾਰਸ ਸ਼ਾਹ ਕੀ ਕਰਾਂ ਗੀ ਸੀਰੀਆਂ ਮੈਂ

494. ਉੱਤਰ ਰਾਂਝਾ
ਘਰ ਆਪਣੇ ਵਿੱਚ ਚਵਾ ਕਰਕੇ ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ
ਨਾਲ ਜੋਗੀਆਂ ਮੋਰਚਾ ਲਾਇਉਈ ਰੱਜੇ ਜਟ ਵਾਂਗੂੰ ਵੱਡੀ ਫੂਕੀਏ ਨੀ
ਜਦੋਂ ਬੰਨ੍ਹ ਝੇੜੇ ਥਕ ਹੁਟ ਰਹੀਏ ਜਾ ਪਿੰਡ ਦੀਆਂ ਰੰਨਾਂ ਤੇ ਕੂਕੀਏ ਨੀ
ਕਢ ਗਾਲੀਆਂ ਸਣੇ ਰਬੇਲ ਬਾਦੀ ਘਿਨ ਮੋਲ੍ਹਿਆਂ ਅਸਾਂ ਤੇ ਘੂਕੀਏ ਨੀ
ਭਲੋ ਭਲੀ ਜਾਂ ਢਿਠਿਆਂ ਆਸ਼ਕਾਂ ਦੀ ਵਾਂਗ ਕੁਤਿਆਂ ਅੰਤ ਨੂੰ ਚੂਕੀਏਂ ਨੀ
ਵਾਰਸ ਸ਼ਾਹ ਕੀਂ ਪੁਛ ਲੈ ਬੰਦਗੀ ਨੂੰ ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ

495. ਉਤਰ ਸਹਿਤੀ
ਸਾਨੂੰ ਬਖਸ਼ ਇੱਲਾਹ ਦੇ ਨਾਂਉ ਮੀਆਂ ਸਾਥੋਂ ਭੁੱਲਿਆ ਇਹ ਗੁਨਾਹ ਹੋਇਆ
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਨਾ ਧੁਰੋਂ ਆਦਮੋਂ ਭੁਲਨਾ ਰਾਹ ਹੋਇਆ
ਆਦਮ ਭੁਲ ਕੇ ਕਣਕ ਖਾ ਬੈਠਾ ਕਢ ਜੰਨਤੋਂ ਹੁਕਮ ਫਨਾ ਹੋਇਆ
ਸ਼ੈਤਾਨ ਉਸਤਾਦ ਫਰਿਸ਼ਤਿਆਂ ਦਾ ਭੁੱਲਾ ਸਿਜਦਿਉਂ ਕਿਬਰ ਦੇ ਰਾਹ ਹੋਇਆ
ਮੁਢੋਂ ਰੂਹ ਹੈ ਕੌਲ ਦੇ ਕਾਲ ਵੜਿਆ ਜੁੱਸਾ ਛੱਡ ਕੇ ਅੰਤ ਫਨਾ ਹੋਇਆ
ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ ਵਾਰਦ ਓਸ ਤੇ ਕਹਿਰ ਇੱਲਾਹ ਹੋਇਆ
ਭੁਲ ਜ਼ਕਰੀਏ ਲਈ ਪਨਾਹ ਹੇਜ਼ਮ ਆਰੇ ਨਾਲ ਉਹ ਚੀਰ ਦੋ ਫਾਹ ਹੋਇਆ
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ ਲੋਕਾਂ ਵਿੱਚ ਮੀਆਂ ਵਾਰਸ ਸ਼ਾਹ ਹੋਇਆ

496. ਉੱਤਰ ਰਾਂਝਾ
ਘਰ ਪਈੜੇ ਵੱਡੀ ਹਵਾ ਤੈਨੂੰ ਦਿਤਿਉਂ ਛਿਬੀਆਂ ਨਾਲ ਅੰਗੂਠੀਆਂ ਦੇ
ਅੰਤ ਸੱਚ ਦਾ ਸੱਚ ਆ ਨਿਤਰੇ ਗਾ ਕੋਈ ਦੇਸ ਨਾ ਵਸਦੇ ਝੂਠੀਆਂ ਦੇ
ਫਕਰ ਮਾਰਿਉ ਅਸਾ ਨੇ ਸਬਰ ਕੀਤਾ ਨਹੀਂ ਜਾਣਦੀ ਦਾਉ ਤੂੰ ਘੂਠੀਆਂ ਦੇ
ਜਟੀ ਹੋ ਫਕੀਰ ਦੇ ਨਾਲ ਲੜਏਂ ਛੰਨਾ ਭੇੜਿਉਈ ਨਾਲ ਠੂਠਿਆਂ ਦੇ
ਸਾਨੂੰ ਬੋਲੀਆਂ ਮਾਰ ਕੇ ਨਿੰਦ ਦੀ ਸੈਂ ਯੁੰਮਨ ਡਿਠੋ ਈ ਟੁੱਕਰਾਂ ਜੂਠਿਆਂ ਦੇ
ਵਾਰਸ ਸ਼ਾਹ ਫਕੀਰ ਨੂੰ ਛੇੜਦੀ ਸਏ ਡਿਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ

497. ਉਹੀ
ਕਰੇ ਜਿਨ੍ਹਾਂ ਦੀਆਂ ਰਬ ਹਮਾਇਥਤਾਂ ਨੀ ਹੱਕ ਤਿਨ੍ਹਾਂ ਦਾ ਖੂਬ ਮਾਅਮੂਲ ਕੀਤਾ
ਜਦੋਂ ਮੁਸ਼ਰਕਾਂ ਆਨ ਸਵਾਲ ਕੀਤਾ ਤਦੋਂ ਚੰਨ ਦੋ ਖਣ ਰਸੂਲ ਕੀਤਾ
ਕਢ ਪੱਥਰੋਂ ਊਠਨੀ ਰਬ ਸੱਚੇ ਕਰਾਮਾਤ ਪੈਗੰਹਰੀ ਮੂਲ ਕੀਤਾ
ਵਾਰਸ ਸ਼ਾਹ ਨੇ ਕਸ਼ਫ ਦਿਖਾਇ ਦਿੱਤਾ ਤਦੋਂ ਜੱਟੀ ਨੇ ਫਕਰ ਕਬੂਲ ਕੀਤਾ

498. ਉਹੀ
ਫਿਰੇਂ ਜ਼ੁਅਮ ਦੀ ਭਰੀ ਤੇ ਸਾਣ ਚੜ੍ਹੀ ਆ ਟਲੀਂ ਨੀ ਮੁੰਡੀਏ ਵਾਸਤਾ ਈ
ਮਰਦ ਮਾਰ ਮਰਖਣੇ ਜੰਗ ਬਾਜ਼ੇ ਮਾਨ ਮੱਤੀਏ ਗੁੰਡੀਏ ਵਾਸਤਾ ਈ
ਬਖਸ਼ੀ ਸਭ ਗੁਨਾਹ ਤਕਸੀਰ ਤੇਰੀ ਲਿਆ ਹੀਰ ਨੀ ਨੁੰਦੀਏ ਵਾਸਤਾ ਈ
ਵਾਰਸ ਸ਼ਾਹ ਸਮਝਾ ਜਟੇਟੜੀ ਨੂੰ ਲਾਹ ਦਿਲੇ ਦੀ ਘੁੰਢੀਏ ਵਾਸਤਾ ਈ

499. ਉੱਤਰ ਸਹਿਤੀ
ਜੀਕੂੰ ਤੁਸੀਂ ਫਰਮਾਉ ਸੋ ਜਾ ਆਖਾਂ ਤੇਰੇ ਹੁਕਮ ਦੀ ਤਾਬਿਅ ਹੋਈਆਂ ਮੈਂ
ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ ਵਿਸਰੀ ਆਨ ਵਗੋਈਆਂ ਮੈਂ
ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ ਕਾਸਦ ਹੋਇਕੇ ਜਾ ਖਲੋਈਆਂ ਮੈਂ
ਵਾਰਸ ਸ਼ਾਹ ਦੇ ਮੁਆਜਜ਼ੇ ਸਾਫ ਕੀਤੀ ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ

500. ਉੱਤਰ ਰਾਂਝਾ
ਲਿਆ ਹੀਰ ਸਿਆਲ ਜੋ ਦੀਦ ਕਰੀਏ ਆ ਜਾ ਵੋ ਦਿਲਬਰਾ ਵਾਸਤਾ ਈ
ਜਾਇਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ ਘੁੰਢ ਲਾਹ ਵੋ ਦਿਲਬਰਾ ਵਾਸਤਾ ਈ
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ ਝਾਕ ਲਾਹ ਵੋ ਦਿਲਬਰਾ ਵਾਸਤਾ ਮੈਂ ਈ
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ ਗਲੋਂ ਲਾਹ ਵੋ ਦਿਲਬਰਾ ਵਾਸਤਾ ਈ
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ ਤੇਰੀ ਚਾਹ ਵੋ ਦਿਲਬਰਾ ਵਾਸਤਾ ਈ
ਲੋੜ੍ਹੇ ਲੁਟਿਆਂ ਨੈਨਾਂ ਦੀ ਝਾਕ ਦੇ ਕੇ ਲੋੜ੍ਹ ਜਾ ਵੋ ਦਿਲਬਰਾ ਵਾਸਤਾ ਈ
ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ ਮੂੰਹ ਘਾਹ ਵੋ ਦਿਲਬਰਾ ਵਾਸਤਾ ਈ
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ ਮਿਲ ਜਾ ਵੋ ਦਿਲਬਰਾ ਵਾਸਤਾ ਈ
ਵਾਰਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ ਸਿਰੋਂ ਲਾ ਵੋ ਦਿਲਬਰਾ ਵਾਸਤਾ ਈ

ਔਖੇ ਲਫ਼ਜ਼ਾਂ ਦੇ ਮਾਅਨੇ

491
ਆਵੀ। ਆਵੇ
ਰਬ ਤਹਿਕੀਕ ਕਰਸੀ। ਰਬ ਉਹੀ ਕਰੇਗਾ
ਵਸਵਸਾ। ਸ਼ਕ
ੜੌਰੂੜਾ। ਡੌਰੂ

492
ਮੁਅਜਜ਼ੇ। ਕਰਾਮਾਤਾਂ
ਆਤਿਸ਼। ਅੰਗਾਰ
ਆਬ। ਪਾਣੀ
ਕਸ਼ਫ। ਢਕੀ ਹੋਈ ਵਸਤ ਬਾਰੇ ਜ਼ੈਬ ਦੇ ਇਲਮ ਨਾਲ ਪਤਾ ਕਰ ਲੈਣਾ
ਵਗੋਇ। ਖਰਾਬ ਹੋ ਗਿਆ
ਛੁਥਾ। ਛੋਹਿਆ ਗਿਆ
ਝੋਵਣੇ ਝੋ ਗਿਆ। ਕੰਮ ਕਰ ਗਿਆ

493
ਇਸਮ ਆਅਜ਼ਮ। ਰਬ ਦਾ ਨਾਮ
ਟੇਰਨਾ। ਕਿਸੇ ਸਾਜ਼ ਨੂੰ ਸੁਰ ਕਰਨਾ
ਤਕਵਾ। ਸਹਾਰਾ
ਢੇਰੀਆਂ ਢਾਹ ਦੇਣਾ। ਆਸ ਛੱਡ ਦੇਣੀ
ਸ਼ੀਰੀਆਂ। ਹਿਸਾਬ ਕਿਤਾਬ ਨਾਲੋਂ ਵਾਧੂ ਵਸੂਲ ਕਰਨਾ

494
ਭਲੋ ਭਲੀ। ਦੁਨੀਆਂ ਵਿੱਚ ਭਲੀ ਤੋਂ ਭਲੀ ਹੈ।
ਵਾਰਸ ਸ਼ਾਹ . ਰੂਹ ਸਾਜ਼ ਕਲਬੂਤ। ਵਾਰਸ ਸ਼ਾਹ ਕੋਲੋਂ
ਰੂਹ ਤੇ ਕਲਬੂਤ ਭਾਵ ਰਬ ਅਤੇ ਬੰਦੇ ਦੇ ਸਬੰਧ ਬਾਰੇ ਪੁੱਛ ਲੈ।

495
ਕੱਚਾ ਸ਼ੀਰ। ਕੱਚਾ ਦੁੱਧ
ਕਿਬਰ। ਗਰੂਰ
ਕਾਲ ਵੜਿਆ। ਕਾਲਬ ਵਿੱਚ ਦਾਖਲ ਹੋਇਆ
ਜੁੱਸਾ। ਤਾਕਤ
ਹੇਜ਼ਮ। ਸੁੱਕਾ ਦਰਖਤ, ਬਾਲਣ ਯੋਗ ਲਕੜੀ
ਜ਼ਕਾਤ। ਖੈਰਾਤ, ਸਦਕਾ
ਦੋ ਫਾਹ। ਦੋ ਫਾਕੜਾਂ
ਪੌਲੇ। ਜੁੱਤੀਆਂ
ਹਜ਼ਰਤ ਜ਼ਕਰੀਆ। ਆਪ ਹਜ਼ਰਤ ਸੁਲੇਮਾਨ ਬਿਨ ਦਾਊਦ ਦੀ ਸੰਤਾਨ ਵਿੱਚੋਂ ਸਨ। ਜਦੋਂ ਇਸਰਾਈਲੀ ਕਾਤਲ ਇਹਦੇ ਪਿੱਛੇ ਦੌੜੇ ਤਾਂ ਆਪ ਇੱਕ ਸ਼ਰੀਂਹ ਦੇ ਦਰਖਤ ਵਿੱਚ ਲੁਕ ਗਏ ਐਪਰ ਇਹਦੀ ਪੁਸ਼ਾਕ ਦਾ ਇੱਕ ਸਿਰਾ ਬਾਹਰ ਰਹਿ ਗਿਆ। ਵੈਰੀਆਂ ਨੇ ਨਿਸ਼ਾਨੀ ਨੂੰ ਦੇਖ ਕੇ ਦਰਖਤ ਨੂੰ ਆਰੇ ਨਾਲ ਚੀਰ ਦਿੱਤਾ ਅਤੇ ਆਪ ਵੀ ਵਿੱਚੇ ਚੀਰੇ ਗਏ।

496
ਪਈੜੇ। ਪੇਕੇ, ਸਹੁਰੇ ਘਰ ਦਾ ਉਲਟ
ਲੂਠਿਆਂ। ਝੁਲਸੇ ਹੋਏ

497
ਮਾਅਮੂਲ। ਨਿਤ ਦਾ ਆਮ ਕੰਮ
ਮਸ਼ਰਕਾਂ। ਮੂਰਤੀ ਪੂਜਾ
ਦੋਖਣ। ਦੋ ਟੁਕੜੇ

498
ਜ਼ੁਅਮ। ਗੁਮਾਨ
ਸਾਣ ਚੜ੍ਹੀ। ਤਿੱਖੀ
ਮਰ ਖਣੀ। ਮਾਰ ਖਾਣੀ
ਨੁੰਦੀਏ। ਨਣਦੇ

499
ਆਣ ਵਗੋਈਆਂ। ਸਿੱਧੇ ਰਾਹ ਆ ਗਈ ਹਾਂ
ਕਾਸਦ। ਸੁਨੇਹਾ ਲਿਜਾਣ ਵਾਲਾ
ਸਾਫ। ਨੇਕ ਨੀਤ
ਬਦ ਖੋਈ। ਬੁਰੀ ਆਦਤ

500
ਵੋ। ਓ
ਝਾਕ। ਆਸ
ਚੱਕਰ ਘਤ। ਕੁੰਡਲੀ ਮਾਰਕੇ
ਮੂੰਹ ਵਿੱਚ ਘਾਹ ਲੈ ਕੇ। ਮੇਰਾ ਵਾਸਤਾ ਹੈ
ਨਿਆਜ਼। ਨਮਾਜ਼, ਆਜਜ਼ੀ

 

More

Your Name:
Your E-mail:
Subject:
Comments:


Powered by: PHPCow.com