کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੦੧-੫੧੦

ਹੀਰ ਵਾਰਸ ਸ਼ਾਹ : ਬੰਦ ੫੦੧-੫੧੦

ਵਾਰਸ ਸ਼ਾਹ

July 2nd, 2008

 

 

501. ਉੱਤਰ ਸਹਿਤੀ
ਲਖੀ ਸੋਹਣੀ ਮੋਹਣੀ ਹੱਸ ਰਾਣੀ ਮਿਰਗ ਨੈਣੀ ਨੂੰ ਜਾਇਕੇ ਘਲਣੀ ਹਾਂ
ਤੇਰੀਆਂ ਅਜ਼ਮਤਾਂ ਦੇਖ ਕੇ ਪੀਰ ਮੀਆਂ ਬਾਂਦੀ ਹੋਇਕੇ ਘਰਾਂ ਨੂੰ ਚਲਨੀ ਹਾਂ
ਪੀਰੀ ਪੀਰ ਦੀ ਦੇਖ ਮਰੀਦ ਹੋਈ ਤੇਰੇ ਪੈਰ ਹੀ ਆ ਕੇ ਮਲਲੀ ਹਾਂ
ਮੈਨੂੰ ਬਖਸ ਮੁਰਾਦ ਬਲੋਚ ਸਾਈਆਂ ਤੇਰੀਆਂ ਜੁੱਤੀਆਂ ਸਿਰੇ ਤੇ ਝਲਨੀ ਹਾਂ
ਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਦੀ ਦਰਾਰ ਇੱਲਾਹ ਦਾ ਮੱਲਨੀ ਹਾਂ

502. ਸਹਿਤੀ ਦਾ ਹੀਰ ਨੂੰ ਉੱਤਰ
ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ ਭੇਤ ਯਾਰ ਦਾ ਸੱਭੋ ਸਮਝਾਇਆ ਈ
ਜਿਹਨੂੰ ਮਾਰ ਕੇ ਘਰੋਂ ਫਕੀਰ ਕੀਤੋ ਉਹ ਜੋਗਿੜਾ ਹੋਇਕੇ ਆਇਆ ਈ
ਉਹਨੂੰ ਠਗ ਕੇ ਮਹੀਂ ਚਰਾ ਲਇਉਂ ਏਥੇ ਆਇਕੇ ਰੰਗ ਵਟਾਇਆ ਈ
ਤੇਰੇ ਨੈਣਾਂ ਨੇ ਚਾ ਮਲੰਗ ਕੀਤਾ ਮਨੋ ਓਸ ਨੂੰ ਚਾਇ ਭੁਲਾਇਆ ਈ
ਉਹਦੇ ਕੰਨ ਪੜਾਇਕੇ ਵਨ ਲੱਥਾ ਆਪ ਵੌਹਟੜੀ ਆਨ ਸਦਾਇਆ ਈ
ਆਪ ਹੋ ਜ਼ਲੇਖਾ ਦੇ ਵਾਂਗ ਸੱਚੀ ਉਹਨੂੰ ਯੂਸਫ ਚਾ ਬਣਾਇਆ ਈ
ਕੀਤੇ ਕੌਲ ਕਰਾਰ ਵਸਾਰ ਸਾਰੇ ਆਣ ਸੈਦੇ ਨੂੰ ਕੰਤ ਬਣਾਇਆ ਈ
ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ ਕੰਨ ਪਾੜ ਕੇ ਹਾਲ ਵਣਜਾਇਆ ਈ
ਦੇਣੇ ਦਾਰ ਮਵਾਸ ਹੋ ਵਿਹਰ ਬੈਠੀ ਲੈਣੇ ਦਾਰ ਬੀ ਅੱਕ ਕੇ ਆਇਆ ਈ
ਗਾਲੀਂ ਦੇ ਕੇ ਵਿਹੜਿਉ ਕਢ ਉਸਨੂੰ ਕਲ ਮੋਲ੍ਹਿਆਂ ਨਾਲ ਕੁਟਆਇਆ ਈ
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ ਤੈਨੂੰ ਬਾਜ਼ ਵਿੱਚ ਓਸ ਬੁਲਾਇਆ ਈ
ਜ਼ਿਆਰਤ ਮਰਦ ਕੁੱਫਾਰਤ ਹੋਣ ਅਸਿਆਂ ਨੂਰ ਫਕਰ ਦਾ ਦੇਖਨਾ ਆਇਆ ਈ
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ ਮੈਨੂੰ ਕਸ਼ਫ ਬੇਰੂਜ਼ ਦਖਾਇਆ ਈ
ਝਬ ਨਜ਼ਰ ਲੈ ਕੇ ਮਿਲ ਹੋ ਰਈਅਤ ਫੌਜਦਾਰ ਬਹਾਲ ਹੋ ਆਇਆ ਈ
ਉਹਦੀ ਨਜ਼੍ਹਾ ਤੋਂ ਆਬੇਹਿਆਤ ਓਸ ਦਾ ਕਿਹਾ ਭਾਬੀਏ ਝੱਕੜਾ ਲਇਆ ਈ
ਚਾਕ ਲਾਇਕੇ ਕੰਨ ਪੜਾਇਉ ਨੀ ਨੈਣਾਂ ਵਾਲਈ ਜ਼ੈਬ ਕਿਉਂ ਚਾਇਆ ਈ
ਬਚੇ ਉਹ ਫਕੀਰਾਂ ਥੋਂ ਹੀਰ ਕੁੜੀਏ ਹੱਥ ਬੰਨ੍ਹ ਕੇ ਜਿਨ੍ਹਾਂ ਬਖਸ਼ਾਇਆ ਈ
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ ਇਹ ਮੀਂਹ ਅਨਿਆਉਂ ਦਾ ਆਇਆ ਈ
ਅਮਲ ਫੌਤ ਤੇ ਵੱਡੀ ਦਸਤਾਰ ਫੁੱਲੀ ਕੇਹਾ ਭੀਲ ਦਾ ਸਾਂਗ ਬਣਾਇਆ ਈ
ਵਾਰਸ਼ ਕੌਲ ਭੁਲਾਇਕੇ ਕੇ ਖੇਡ ਰੁਧੋਂ ਕੇਹਾ ਨਵਾਂ ਮਖੌਲ ਜਗਾਇਆ ਈ

503. ਉੱਤਰ ਹੀਰ
ਹੀਰ ਆਖਿਆ ਜਾਇਕੇ ਖੋਲ ਬੁੱਕਲ ਉਹਦੀ ਵੇਸ ਨੂੰ ਫੂਕ ਦਖਾਵਨੀ ਹਾਂ
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਗੱਲਾਂ ਪੁਰਜ਼ੇ ਕਤਲ ਆਸ਼ਕਾਂ ਦੇ ਉਤੇ ਧਾਵਨੀ ਹਾਂ
ਅੱਗੇ ਚਾਕ ਸੀ ਖਾਕ ਕਰ ਸਾੜ ਸੁੱਟਾਂ ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ
ਉਹਦੇ ਪੈਰਾਂ ਦੀ ਖਾਕ ਹੈ ਜਾਨ ਮੇਰੀ ਸਾਰੀ ਸੱਚ ਦੀ ਨਿਸ਼ਾ ਦਵਾਵਨੀ ਹਾਂ
ਮੋਇਆ ਪਿਆ ਹੈ ਨਾਲ ਫਰਾਕ ਰਾਂਝਾ ਈਸਾ ਵਾਂਗ ਮੁੜ ਫੇਰ ਜਵਾਵਨੀ ਹਾਂ
 
504. ਹੀਰ ਸਜ ਕੇ ਤੁਰੁਰ ਪਈ
ਹੀਰ ਨਹਾਇਕੇ ਪਟ ਦਾ ਪਹਿਨ ਤੇਵਰ ਵਾਲੀਂ ਇਤਰ ਫਲੇਲ ਮਲਾਂਵਦੀ ਹੈ
ਵਲ ਪਾਇਕੇ ਮੀਢੀਆਂ ਖੂਨੀਆਂ ਨੂੰ ਗੋਰੇ ਮੁਖ ਤੇ ਜ਼ੁਲਫ ਪਲਮਾਂਵਦੀ ਹੈ
ਕੱਜਲ ਭਿੰਨੜੇ ਨੈਣ ਅਪਰਾਧ ਲੁੱਟੇ ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ
ਮਲ ਵਟਨਾ ਹੋਠਾਂ ਤੇ ਲਾ ਸੁਰਖੀ ਨਵਾਂ ਲੋੜ੍ਹ ਤੇ ਲੋੜ੍ਹ ਚੜ੍ਹਾਵਦੀ ਹੈ
ਸਿਰੀ ਸਾਫ ਸੰਦਾ ਭੋਛਨ ਸੁੰਹਦਾ ਸੀ ਕੰਨੀਂ ਬੁਕ ਬੁਕ ਵਾਲੀਆਂ ਪਾਂਵਦੀ ਹੈ
ਕੀਮਖਾਬ ਦੀ ਚੋਲੜੀ ਹਿਕ ਪੇਧੀ ਮਾਂਗ ਚੌਂਕ ਲੈ ਤੇੜ ਵਲਾਂਵਦੀ ਹੈ
ਘਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ ਹੀਰ ਸਿਆਲ ਲਟਕਦੀ ਆਂਵਦੀ ਹੈ
ਟਿੱਕਾ ਬੁੰਦਲੀ ਬਣੀ ਹੈ ਨਾਲ ਲੂਹਲਾਂ ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ
ਹਾਥੀ ਮਸਤ ਛੁੱਟਾ ਛਣਾ ਛਣ ਛੱਣਕੇ ਕਤਲ ਆਮ ਖਲਕਤ ਹੁੰਦੀ ਆਂਵਦੀ ਹੈ
ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ ਕਦੀ ਖੋਲ ਕੇ ਮਾਰ ਮੁਕਾਂਵਦੀ ਹੈ
ਘੁੰਡ ਲਾਹ ਕੇ ਲਟਕ ਵਿਖਾ ਸਾਰੀ ਜੱਟੀ ਰੁੱਠੜਾ ਯਾਰ ਮਨਾਂਵਦੀ ਹੈ
ਵਾਰਸ ਮਾਲ ਦੇ ਨੂੰ ਸੱਭਾ ਖੋਲ ਦੌਲਤ ਵੱਖੋ ਵੱਖ ਕਰ ਚਾਇ ਵਖਾਂਵਦੀ ਹੈ
ਵਾਰਸ ਸ਼ਾਹ ਸ਼ਹਿ ਪਰੀ ਦੀ ਨਜ਼ਰ ਚੜ੍ਹਿਆ ਖਲਕਤ ਸੈਫੀਆਂ ਫੂਕਨੇ ਆਂਵਦੀ ਹੈ

505. ਰਾਂਝੇ ਨੇ ਹੀਰ ਨੂੰ ਦੇਖੇਖਣਾ
ਰਾਂਝਾ ਦੇਖ ਕੇ ਆਖਦਾ ਪਰੀ ਕੋਈ ਇੱਕੇ ਭਾਂਵੇਂ ਤਾਂ ਹੀਰ ਸਿਆਲ ਹੋਵੇ
ਕੋਈ ਹੂਰ ਕਿ ਮੋਹਣੀ ਇੰਦਰਾਣੀ ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ
ਨੇੜੇ ਆ ਕੇ ਕਾਲਜੇ ਧਾ ਗਿਉਸ ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ
ਰਾਂਝਾ ਆਖਦਾ ਅਬਰ ਬਹਾਰ ਆਇਆ ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ
ਹਾਠੰ ਜੋੜ ਕੇ ਬੱਦਲਾਂ ਹਾਂਠ ਬੱਧੀ ਵੇਖਾਂ ਕੇਹੜਾ ਦੇਸ ਨਿਹਾਲ ਹੋਵੇ
ਚਮਕੀ ਲੈਲਾਤੂਲਕਦਰ ਸਿਆਹ ਸ਼ਬ ਥੀਂ ਜਿਸ ਤੇ ਪਵੇ ਗੀ ਨਜ਼ਰ ਨਿਹਾਲ ਹੋਵੇ
ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ ਜੇਹਾ ਪੀਖਣੇ ਦਾ ਕੋਈ ਖਿਆਲ ਹੋਵੇ
ਯਾਰ ਸੋਈ ਮਹਿਬੂਬ ਥੋਂ ਫਿਦਾ ਹੋਵੇ ਜਿਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ
ਵਾਰਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ ਜੇਹਾ ਗਧੇ ਦੇ ਗਲ ਵਿੱਚ ਲਾਅਲ ਹੋਵੇ

506. ਇੱਕੱਕ ਦੂਜੂਜੇ ਨਾਲ ਮੁਲੁਲਾਕਾਤ
ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ ਰਹਿਆ ਹੋਸ਼ ਨਾ, ਅਕਲ ਥੀਂ ਆਕ ਕੀਤਾ
ਲੰਕ ਬਾਜ਼ ਦੀ ਪਰੀ ਨੇ ਝਾਕ ਦੇ ਕੇ ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ ਤੇਰੇ ਇਸ਼ਕ ਨੇ ਮਾਰ ਕੇ ਖਾਕ ਕੀਤਾ
ਮਾਂ ਬਾਪ ਤੇ ਅੰਗ ਭੁਲਾ ਬੈਠੀ ਅਸਾਂ ਚਾਕ ਨੂੰ ਆਪਣਾ ਸਾਕ ਕੀਤਾ
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ ਸੀਨਾ ਸਾੜ ਕੇ ਬਿਰਹੋਂ ਨੇ ਖਾਕ ਕੀਤਾ
ਦੇਖ ਨਵੀਂ ਨਰੋਈ ਅਮਾਨ ਤੇਰੀ ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ
ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ ਮਜ਼ੇ ਜ਼ੌਕ ਨੂੰ ਚਾ ਤਲਾਕ ਕੀਤਾ
ਵਾਰਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ ਕਿਸ ਵਾਸਤੇ ਜਿਊ ਜ਼ੰਮਨਾਕ ਕੀਤਾ

507. ਉੱਤਰ ਰਾਂਝਾ
ਚੌਧਰਾਈਆਂ ਛੱਡ ਕੇ ਚਾਕ ਬਣੇ ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ
ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ ਓਲੋ ਹਾਰੀਆਂ ਦੇ ਹੋਰ ਹੋਰ ਹੋਏ
ਮਾਂ ਬਾਪ ਕਰਾਰ ਕਰ ਕੌਲ ਹਾਰੇ ਕੰਮ ਖੇੜਿਆਂ ਦੇ ਜ਼ੋਰ ਜ਼ੋਰ ਹੋਏ
ਰਾਹ ਸੱਚ ਦੇ ਤੇ ਕਦਮ ਧਰਲ ਨਾਹੀਂ ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ ਅਸੀਂ ਆਪਣੇ ਦਸ ਦੇ ਚੋਰ ਹੋਏ
ਵਾਰਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ ਮਾਰੇ ਹੀਰ ਦੇ ਸਹਿਰ ਦੇ ਮੋਰ ਹੋਏ

508. ਉੱਤਰ ਹੀਰ
ਮਿਹਤਰ ਨੂਹ ਦਿਆਂ ਬੇਟਿਆਂ ਜ਼ਿਦ ਕੀਤੀ ਡੁਬ ਮੋਏ ਨੇਂ ਛੱਡ ਮੁਹਾਨਿਆਂ ਨੂੰ
ਯਾਕੂਬ ਦਿਆਂ ਪੱਤਰਾਂ ਜ਼ੁਲਮ ਕੀਤਾ ਸੁਣਿਆ ਹੋਸਿਆ ਯੂਸੁਫੋਂ ਵਾਨੀਆਂ ਨੂੰ
ਹਾਬੀਲ ਕਾਬੀਲ ਦੀ ਜੰਗ ਹੋਈ ਛੱਡ ਗਏ ਕੁਤਬ ਟਿਕਾਨਿਆਂ ਨੂੰ
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ ਛਡ ਚਲਦੀ ਝੰਗ ਸਮਾਣਿਆਂ ਨੂੰ
ਖਾਹਿਸ਼ ਹੱਕ ਦੀ ਕਮਲ ਤਕਦੀਰ ਵੱਗੀ ਮੋੜੇ ਕੌਣ ਅੱਲਾਹ ਦੇ ਭਾਣਿਆਂ ਨੂੰ
ਕਿਸੇ ਤੱਤੜੇ ਵਕਤ ਸੀ ਨਿੰਹ ਤੁਸਾਂ ਬੀਜਿਆ ਭੁਨਿਆਂ ਦਾਣਿਆਂ ਨੂੰ
ਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਖ ਤੇਰੀ ਵਲੀਂ ਕਾਸ ਨੂੰ ਏਡ ਵਲਾਨੀਆਂ ਨੂੰ
ਗੁੰਗਾ ਨਹੀਂ ਕੁਰਆਨ ਦਾ ਹੋਇ ਹਾਫਿਜ਼ ਅੰਨ੍ਹਾ ਦੇਖਦਾ ਨਹੀਂ ਟਟ੍ਹਾਨਿਆਂ ਨੂੰ
ਵਾਰਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ ਪਿੱਛਾ ਟੁੱਟਿਆ ਅਤੇ ਨਮਾਣਿਆਂ ਨੂੰ

509. ਰਾਂਝੇ ਦਾ ਉੱਤਰ
ਤੇਰੇ ਮਾਪਿਆਂ ਸਾਕ ਕੁਥਾਂ ਕੀਤਾ ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ
ਆਪੇ ਰੁਪ ਗਈ ਏਂ ਨਾਲ ਖੇੜਿਆਂ ਦੇ ਸਾਡੀ ਗੱਲ ਗਵਾਇਆ ਹਾਸਿਆਂ ਤੇ
ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ ਆਪ ਹੋਈ ਏਂ ਦਾਬਿਆਂ ਧਾਸਿਆਂ ਤੇ
ਸਾਢੇ ਤਿੰਨ ਮਣ ਦਿਹ ਮੈਂ ਫਿਦਾ ਕੀਤੀ ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ
ਸ਼ਸ਼ ਪੰਜ ਬਾਰਾਂ ਦੱਸਾ ਤਿੰਨ ਕਾਣੇ ਲਿੱਖੇ ਏਸ ਜ਼ਮਾਨੇ ਦੇ ਪਾਸਿਆਂ ਤੇ
ਵਾਰਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ

510. ਉੱਤਰ ਹੀਰ
ਜੋ ਕੋ ਏਸ ਜਹਾਨ ਤੇ ਆਦਮੀ ਹੈ ਰੌਂਦਾ ਮਰੇ ਗਾ ਉਮਰ ਤੇ ਝੂਰਦਾ ਈ
ਸਦਾ ਖੁਸ਼ੀ ਨਾਹੀਂ ਕਿਸੇ ਨਾਲ ਨਿਭਦੀ ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ
ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ ਅਜ਼ਰਾਈਲ ਸਿਰੇ ਉਤੇ ਘੂਰਦਾ ਈ
ਵਾਰਸ ਸ਼ਾਹ ਏਸ ਇਸ਼ਕ ਦੇ ਕਰਨ ਹਾਰਾ ਵਾਲ ਵਾਲ ਤੇ ਖਾਰ ਖਜੂਰ ਦਾ ਈ

ਔਖੇ ਲਫ਼ਜ਼ਾਂ ਦੇ ਮਾਅਨੇ

501
ਅਜ਼ਮਤ। ਵਡਿਆਈ
ਪੈਰ ਮਲਨੀ ਹਾਂ। ਪੈਰਾਂ ਵਿੱਚ ਬਹਿੰਦੀ ਹਾਂ, ਸ਼ਰਨ ਆਉਂਦੀ ਹਾਂ
ਝਲਨੀ ਹਾਂ। ਸਹਿੰਦੀ ਹਾਂ

502
ਵਣ ਲੱਥਾ। ਜੰਗਲ ਵਿੱਚ ਡੇਰਾ ਲਾ ਲਿਆ ਜ਼ੁਲੇਖਾ ਅਤੇ ਯੂਸਫ। ਯੂਸਫ ਅਤੇ ਜ਼ੁਲੇਖਾ ਦੀ ਕਹਾਣੀ ਕੁਰਾਨ ਸ਼ਰੀਫ ਵਿੱਚ ਵੀ ਆਉਂਦੀ ਹੈ। ਯੂਸਫ
ਯਾਕੂਬ ਦਾ ਪੁੱਤਰ ਅਤੇ ਇਬਰਾਹੀਮ ਦਾ ਪੜੋਤਾ ਸੀ। ਕਥਾ ਹੈ ਕਿ ਯੂਸਫ ਬਹੁਤ ਸੁੰਦਰ ਸੀ। ਉਸਦੇ ਮਤੇਰ ਭਰਾਵਾਂ ਨੇ ਈਰਖਾ ਨਾਲ ਉਸ ਨੂੰ ਜੰਗਲ ਦੇ ਇੱਕ ਅੰਨ੍ਹੇ ਖੂਹ ਵਿੱਚ ਸੁੱਟ ਦਿੱਤਾ ਅਤੇ ਯਾਕੂਬ ਕੋਲ ਝੂਠ ਕਹਿ ਦਿੱਤਾ ਕਿ ਉਸ ਨੂੰ ਜੰਗਲੀ ਦਰਿੰਦੇ ਲੈ ਗਏ। ਯੂਸਫ ਨੂੰ ਕੋਲੋਂ ਲੰਘਦੇ ਵਪਾਰੀਆਂ ਦੇ ਕਾਫਲੇ ਨੇ ਖੂਹੋਂ ਕੱਢ ਕੇ ਮਿਸਰ ਵਿੱਚ ਕਿਤਫੀਰ ਨਾਂ ਦੀ ਮੰਡੀ ਵਿੱਚ ਲਿਜਾ ਕੇ ਇੱਕ ਗੁਲਾਮ ਵਜੋਂ ਵੇਚ ਦਿੱਤਾ। ਕਹਿੰਦੇ ਹਨ ਕਿ ਏਨਾ ਸੁਹਣਾ ਹੋਣ ਦੇ ਬਾਵਜੂਦ ਉਹਦਾ ਮੁੱਲ ਸੂਤ ਦੀ ਇੱਕ ਅੱਟੀ ਪਿਆ ਸੀ।
ਓਥੇ ਦੀ ਇੱਕ ਇਸਤਰੀ ਜ਼ੁਲੇਖਾ ਨੇ ਉਸ ਉਤੇ ਮੋਹਤ ਹੋਕੇ ਉਸ ਨਾਲ ਆਯੋਗ ਸਬੰਧ ਸਥਾਪਤ ਕਰਨੇ ਚਾਹੇ ਐਪਰ ਯੂਸਫ ਨਾ ਮੰਨਿਆ। ਜ਼ੁਲੇਖਾ ਨੇ ਦੋਸ਼ ਲਾਕੇ ਯੂਸਫ ਨੂੰ ਕੈਦ ਕਰਵਾ ਦਿੱਤਾ।
ਯੂਸਫ ਨੂੰ ਸਪਨਿਆਂ ਦੇ ਠੀਕ ਅਰਥ ਕੱਢਣੇ ਆਉਂਦੇ ਸਨ। ਕੈਦ 'ਚੋਂ ਛੱਡੇ ਜਾਦ ਪਿੱਛੋਂ ਉਹ ਮਿਸਰ ਦਾ ਚੰਗਾ ਵਜ਼ੀਰ ਬਣਿਆ। ਭੁਖੇ ਮਰਦ ਮੰਗਣ ਆਏ ਆਪਣੇ ਉਨ੍ਹਾਂ ਭਰਾਵਾਂ ਦੀ ਵੀ ਮਦਦ ਕੀਤੀ ਜੋ ਉਹਨੂੰ ਖੂਹ ਵਿੱਚ ਸੁਟ ਗਏ ਸਨ।
ਮਵਾਸ। ਬਾਜ਼ੀਆਂ ਦਾ ਡੇਰਾ
ਜ਼ਿਆਰਤ। ਦੀਦਾਰ
ਜ਼ਿਆਰਤੇ ਮਰਦ ਕੁਫਾਰਤ ਹੋਣ ਇਸਿਆਂ। ਮਰਦਾਂ ਦਾ ਦੀਦਾਰ ਕਰਨ ਨਾਲ ਗੁਨਾਹ ਧੋ ਹੋ ਜਾਂਦੇ ਹਨ।
ਜ਼ੁਹਦ। ਪਰਹੇਜ਼ਗਾਰੀ
ਝਬ। ਛੇਤੀ
ਨਜ਼ਰ ਲੈ ਕੇ । ਨਵੇਂ ਲੱਗੇ ਫੌਜਦਾਰ ਕੋਲ ਨਜ਼ਰਾਨਾ ਲੈ ਕੇ, ਗਲ ਵਿੱਚ ਪਰਨਾ ਪਾ ਕੇ ਹਾਜ਼ਰ ਹੁੰਦੇ ਸਨ।
ਨਜ਼੍ਹਾ। ਮਰਨ ਵੇਲਾ
ਝੱਕੜਾ। ਝਕ ਝਕ, ਬਕਵਾਸ
ਅਮਲ ਫੌਤ। (ਚੰਗੇ) ਕੰਮਕਾਰ ਕਰਨ ਵਾਲੇ ਸਾਰੇ ਮਰ ਗਏ ਪਰ ਸਿਰ ਤੇ ਕੁੱਝ ਵੱਡੀ ਪਗੜੀ ਭੀਲ ਦੇ ਸਾਂਗ ਵਾਂਗੂੰ ਸਜਾਈ ਬੈਠੇ ਹਨ।

503
ਫੂਕ ਦੇਣਾ। ਸਾੜ ਦੇਣਾ
ਸਿਕਲ ਚੜ੍ਹਾਉਣਾ। ਚਮਕਾਉਣਾ, ਤੇਜ਼ ਕਰਨਾ
ਨਿਸ਼ਾ। ਯਕੀਨ
ਈਸਾ। ਮਸੀਹ ਵਾਂਗੂੰ ਦੂਜੀ ਵਾਰ ਜਿਊਂਦਾ ਕਰਦੀ ਹਾਂ।
ਪਤੰਗ। ਪਰਵਾਨਾ, ਭੰਬਟ

504
ਤੇਵਰ। ਸੂਟ, ਤਿਉਰ
ਪਲਮਾਂਵਦੀ। ਖਿਲਾਰਦੀ
ਭੋਸ਼ਨ। ਪੁਸ਼ਾਕ
ਬੁਕ ਬੁਕ ਬਾਲੀਆਂ। ਢੇਰ ਸਾਰੀਆਂ ਬਾਲੀਆਂ
ਕੀਮਖਾਬ। ਕੰਮਖਾਬ, ਇੱਕ ਕਪੜਾ
ਪੇਧੀ। ਪਾਈ, ਪਹਿਨੀ
ਟਿੱਕਾ ਬੰਦਲੀ। ਮੱਥੇ ਦੇ ਗਹਿਣੇ
ਲਟਕ। ਸ਼ਾਨ
ਸੈਫੀਆਂ ਫੂਕਣ। ਜਾਦੂ ਕਰਨੇ

505
ਧਾਗਿਉਸ। ਕਲੇਜੇ ਵਿੱਚ ਧਸ ਗਿਆ
ਬਹਾਰ। ਬਸੰਤ
ਅਬਰ ਬਹਾਰ। ਖੁਸ਼ੀਆਂ ਦਾ ਮੀਂਹ
ਜੰਗਲਾ ਬੇਲਾ। ਜੰਗਲ ਬੇਲਾ, ਹਰ ਪਾਸੇ
ਹਾਠ ਜੋੜ। ਘਟਾ ਵਾਂਗੂ ਜੁੜ ਕੇ
ਲੈਲਾਤੁਲ ਕਦਰ। ਨਸੀਬਾਂ ਵਾਲੀ ਰਾਤ
ਸਿਆਹ ਸ਼ਬ। ਕਾਲੀ ਰਾਤ
ਪੇਖਣੇ। ਪੀਕਿੰਗ, ਚੀਨ
ਗਧੇ ਦੇ ਗਲ ਵਿੱਚ ਲਾਲ। ਰਾਂਝਾ ਫਕੀਰ ਬਣ ਕੇ ਬਦ ਸੂਰਤ ਲਗਦਾ ਸੀ। ਹੀਰ ਪੂਰੀ ਸਜ ਘਜ ਭਾਵ ਬਣ ਠਣ ਕੇ ਆਈ ਸੀ।

506
ਅਕਲ ਥੀਂ ਆਕ ਕੀਤਾ। ਹੋਸ਼ ਜਾਂਦੀ ਰਹੀ
ਚਾਕ ਕੀਤਾ। ਪਾੜ ਦਿੱਤਾ, ਚੀਰ ਦਿੱਤਾ
ਖਾਕ ਕੀਤਾ। ਮਿੱਟੀ ਵਿੱਚ ਰਲਾ ਦਿੱਤਾ
ਅੰਗ। ਸਾਕ
ਅਮਾਨ। ਅਮਾਨਤ
ਸ਼ਾਹਦ। ਗਵਾਹ
ਤਲਾਕ ਕੀਤਾ। ਜੁਦਾ ਕੀਤਾ

507
ਓਲੋ ਹਾਰੀ। ਕੁਆਰੀ ਮੁਟਿਆਰ ਜਿਹੜੀ ਮਰਦ ਦੇ ਛੂਹਣ ਨਾਲ ਬੇਕਰਾਰ (ਉਪਰਾਮ) ਵੀ ਹੋਵੇ ਪਰ ਚਾਹੁੰਦੀ ਵੀ ਹੋਵੇ ਕਿ ਉਹ ਉਹਨੂੰ ਛੇੜੇ ਵੀ
ਮਨ ਖੋਰ। ਮੰਨਚੋਰ
ਹੀਰ ਦੇ ਸਹਰ ਨਾਲ ਮੋਰ ਹੋਏ। ਹੀਰ ਨੇ ਜਾਦੂ ਨਾਲ ਮੋਰ ਬਣਾ ਦਿੱਤਾ ਹੈ ਅਤੇ ਨੱਚਦੇ ਫਿਰਦੇ ਹਾਂ।

508
ਮਿਹਤਰ। ਸਰਦਾਰ
ਮਹਾਨਿਆਂ। ਜਿਹੜੇ ਨੂਹ ਦੀ ਕਿਸ਼ਤੀ ਵਿੱਚ ਬੈਠੇ ਹੋਏ ਸਨ।
ਵਾਣਾ। ਭੇਸ।
ਹਾਬੀਲ, ਕਾਬੀਲ। ਦੋ ਭਾਈ ਅਪਣੇ ਕੁਤਬ ਭਾਵ ਅਪਣੇ ਟਿਕਾਣੇ ਰਹਿੰਦੇ ਪਰ ਦੋਨਾਂ ਭਰਾਵਾਂ ਨੇ ਆਪਣਾ ਅਸੂਲ ਛੱਡ ਦਿੱਤਾ। ਇੱਕ ਔਰਤ ਕਾਰਨ ਲੜਣ ਲੱਗੇ। ਹਜ਼ਰਤ ਆਦਮ ਨੇ ਸ਼ਰਤ ਲਾਈ ਹੋਈ ਸੀ ਕਿ ਜਿਹਦੀ ਨਿਆਜ਼ ਰਬ ਕਬੂਲ ਕਰ ਲਵੇ ਔਰਤ ਉਹਦੀ ਹੋ ਜਾਏਗੀ। ਰਬ ਨੇ ਹਾਬੀਲ ਦੀ ਨਿਆਜ਼ ਅਸਮਾਨੀ ਅੱਗ ਨਾਲ ਜਾਲ ਕੇ ਕਬੂਲ ਕਰ ਲਈ, ਇਸ ਲਈ ਝਗੜਾ ਖਤਮ ਹੋ ਜਾਣਾ ਚਾਹੀਦਾ ਸੀ ਪਰ ਕਾਬੀਲ ਨੇ ਜ਼ਿਦਕੀਤੀ ਅਤੇ ਕਿਸੇ ਅਸੂਲ ਤੇ ਕਾਇਮ ਨਾ ਰਿਹਾ।
ਸਮਾਣ। ਇੱਜ਼ਤ
ਟਟਾਹਣੇ। ਜੁਗਨੂੰ
ਸਾਢੇ ਤਿੰਨ ਹੱਥ ਥਾਂ। ਕਬਰ ਦੀ ਲੰਬਾਈ
ਪਿੱਛਾ ਟੁੱਟੇ। ਜਿਨ੍ਹਾਂ ਦੀ ਪੁਸ਼ਤ ਪਨਾਹ ਜਾਂ ਪਿੱਛਾ ਪੂਰਨ ਵਾਲਾ ਨਾ ਹੋਵੇ

509
ਸਾਢੇ ਤਿੰਨ ਮਨ ਦੇਹ। ਮੋਟਾ ਤਾਜ਼ਾ, ਪਲਿਆ ਹੋਇਆ
ਬਾਬਾ ਫਰੀਦ ਵੀ ਕਹਿੰਦੇ ਹਨ: । 'ਸਾਢੇ ਤ੍ਰੈ ਮਣ ਦੇ ਹੜੀ, ਚੱਲੇ ਪਾਣੀ ਅੰਨ"
ਤੋਲੇ ਮਾਸੇ। ਬਹੁਤ ਕੰਮਜ਼ੋਰ

510
ਨੇਸ਼। ਡੰਗ
ਜ਼ੰਬੂਰ ਦਾ। ਧਮੋੜੀ ਦਾ
ਖਾਰ। ਕੰਡਾ

 

More

Your Name:
Your E-mail:
Subject:
Comments:


Powered by: PHPCow.com