کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੧੧-੫੨੦

ਹੀਰ ਵਾਰਸ ਸ਼ਾਹ : ਬੰਦ ੫੧੧-੫੨੦

ਵਾਰਸ ਸ਼ਾਹ

July 2nd, 2008

 

 

511. ਹੀਰ ਨੇ ਜਾਣ ਦੀ ਆਗਿਆ ਮੰਗੰਗੀ
ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ
ਬਹਿਰ ਇਸ਼ਕ ਦਾ ਖੁਸ਼ਕ ਗੰਮ ਨਾਲ ਹੋਇਆ ਮੀਂਹ ਅਕਲ ਦੇ ਨਾਲ ਭਰਾਈਏ ਜੀ
ਕਿਵੇਂ ਕਰਾਂ ਕੁਸ਼ਾਇਸ਼ ਮੈਂ ਅਕਲ ਵਾਲੀ ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ
ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ ਸਾਨੂੰ ਸਜਨੋ ਹੁਕਮ ਕਰਾਈਏ ਜੀ
ਹਜ਼ਰਤ ਸੂਰਾ ਇਖਲਾਸ ਲਿਖ ਦੋਵੋ ਮੈਨੂੰ ਫਾਲ ਕੁਰਆ ਨਜੂਮ ਦਾ ਪਾਈਏ ਜੀ
ਖੋਲ ਫਾਲ ਦੇ ਕਾਜ ਦੀਵਾਨ ਹਾਫਿਜ਼ ਵਾਰਸ ਸ਼ਾਹ ਥੋਂ ਫਾਲ ਕਢਾਈਏ ਜੀ

512. ਹੀਰ ਦੀ ਸਹਿਤੀ ਨਾਲ ਸਲਾਹ
ਅੱਵਲ ਪੈਰ ਪਕੜੇ ਇਹਤਕਾਦ ਕਰਕੇ ਫੇਰ ਨਾਲ ਕਲੇਜੇ ਦੇ ਲੱਗ ਗਈ
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ ਦੇਖੋ ਜਲ ਪਤੰਗ ਤੇ ਅੱਗ ਗਈ
ਕਹੇ ਲਗ ਗਈ ਚਿਣਗ ਜਗ ਗਈ ਖੁਬਰ ਜਗ ਗਈ ਵੱਜ ਧਰਗ ਗਈ
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ ਮੂੰਹ ਲਗਦਿਆਂ ਯਾਰ ਨੂੰ ਠਗ ਗਈ
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ ਦੁਆ ਕਿਸੇ ਫਕੀਰ ਦੀ ਵੱਗ ਗਈ
ਅੱਗੇ ਧੂੰਆਂ ਧੁਕੇਂਦੜਾ ਜੋਗੀੜੇ ਦਾ ਉਤੋਂ ਫੂਕ ਕੇ ਝੁੱਗੜੇ ਅੱਗ ਗਈ
ਯਾਰ ਯਾਰ ਦਾ ਬਾਜ਼ ਵਿੱਓ ਮੇਲ ਹੋਇਆ ਗੱਲ ਆਮ ਮਸ਼ਹੂਰ ਹੋ ਜਗ ਗਈ
ਵਾਰਸ ਤਰੁਟਿਆਂ ਨੂੰ ਰਬ ਮੇਲਦਾ ਏ ਦੇਖੋ ਕਮਲੜੇ ਨੂੰ ਪਰੀ ਲਗ ਗਈ

513. ਹੀਰ ਓਥੋਂ ਆ ਗਈ
ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ ਆਖੇ ਸਹਿਤੀਏ ਮਤਾ ਪਕਾਈਏ ਨੀ
ਠੂਠਾ ਭੰਨ ਫਕੀਰ ਨੂੰ ਕਢਿਆ ਸੀ ਕਿਵੇਂ ਓਸ ਨੂੰ ਖੈਰ ਭੀ ਪਾਈਏ ਨੀ
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ ਨਾਲ ਕਰਮ ਦੇ ਬੰਨੜੋ ਲਾਈਏ ਨੀ
ਮੇਰੇ ਵਾਸਤੇ ਓਸ ਨੇ ਲਏ ਤਰਲੇ ਕਿਵੇਂ ਓਸ ਦੀ ਆਸ ਪੁਜਾਈਏ ਨੀ
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ ਦੋਵੇਂ ਆਪਣੇ ਯਾਰ ਹੰਢਾਈਏ ਨੀ
ਰਾਂਝਾ ਕੰਨ ਪੜਾ ਫਕੀਰ ਹੋਇਆ ਸਿਰ ਓਸ ਦੇ ਵਰੀ ਚੜ੍ਹਾਈਏ ਨੀ
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ ਕਿਵੇਂ ਸਹਿਤੀਏ ਡੌਲ ਬਣਾਈਏ ਨੀ
ਹੋਇਆ ਮੇਲ ਜਾਂ ਚਿਰੀਂ ਵਿਛੁਨਿਆਂ ਦਾ ਯਾਰ ਰੱਜ ਕੇ ਗਲੇ ਲਗਾਈਏ ਨੀ
ਜਿਊ ਆਸ਼ਕਾਂ ਦਾ ਅਰਸ਼ ਰਬਦਾ ਹੈ ਕਿਵੇਂ ਓਸ ਨੂੰ ਠੰਡ ਪਵਾਈਏ ਨੀ
ਕੋਈ ਰੋਜ਼ ਦਾ ਇਸ਼ਕ ਪੁਰਾਹੁਣਾ ਈ ਮਜ਼ੇ ਖੂਬੀਆਂ ਨਾਲ ਹੰਢਾਈਏ ਨੀ
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ ਕੋਈ ਆਉ ਖਾਂ ਮਕਰ ਫੈਲਾਈਏ ਨੀ
ਬਾਜ਼ ਜਾਂਦਿਆਂ ਅਸੀਂ ਨਾ ਸੁੰਹਦੀਆਂ ਹਾਂ ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ
ਗਲ ਘਤ ਪੱਲਾ ਮੂੰਹ ਘਾਹ ਲੈ ਕੇ ਪੈਰੀਂ ਲਗ ਕੇ ਪੀਰ ਮਨਾਈਏ ਨੀ
ਵਾਰਸ ਸ਼ਾਹ ਗੁਨਾਹਾਂ ਦੇ ਅਸੀਂ ਲੱਗੇ ਚਲੋ ਕੁਲ ਤਕਸੀਰ ਬਖਸ਼ਾਈਏ ਨੀ

514. ਹੀਰ ਤੇ ਨਨਾਣ ਦੇ ਸਵਾਲ ਜਵਾਬ
ਅੱਗੋਂ ਰਾਇਬਾਂ ਸੈਰਫਾਂ ਬੋਲੀਆਂ ਨੇ ਕੇਹਾ ਭਾਬੀਏ ਨੀ ਮੱਥਾ ਖੇੜਿਆ ਈ
ਭਾਬੀ ਆਖ ਕੀ ਲਧਿਉ ਟਹਿਕ ਆਈਏਂ ਸੋਇਨ ਚਿੜੀ ਵਾਂਗੂੰ ਰਗ ਫੇਰਿਆ ਈ
ਮੋਈ ਗਈ ਸੈਂ ਜਿਉਂਦੀ ਆ ਵੜੀਏ ਸੱਚ ਆਖ ਕੀ ਸਹਿਜ ਸਹੇੜਿਆ ਈ
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ ਸਭੋ ਸੁਖ ਤੇ ਦੁਖ ਨਬੇੜਿਆ ਈ
ਨੈਣ ਸ਼ੋਖ ਹੋਏ ਰੰਗ ਚਮਕ ਆਇਆ ਕੋਈ ਜ਼ੋਬਨੇ ਦਾ ਖੂਹ ਗੇੜਿਆ ਈ
ਆਸ਼ਕ ਮਸਤ ਹਾਥੀ ਭਾਵੇਂ ਬਾਜ਼ ਵਾਲਾ ਤੇਰੀ ਸੰਗਲੀ ਨਾਲ ਖਹੇੜਿਆ ਈ
ਕਦਮ ਚੁਸਤ ਤੇ ਸਾਫ ਕਨੌਤੀਆਂ ਨੇ ਹੱਕ ਚਾਬਕ ਅਸਵਾਰ ਨੇ ਫੇਰਿਆ ਈ
ਵਾਰਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ

515. ਉਹੀ ਹੋਰ
ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ ਪੇਂਡੂ ਨਾਲ ਵਲੂੰਧਰਾਂ ਮੇਲੀਆਂ ਨੀ
ਕਿਸੇ ਅੰਬ ਤੇਰੇ ਅੱਜ ਚੂਪ ਲਏ ਦਿਲ ਪੀੜ ਕਢੇ ਜਿਵੇਂ ਤੇਲੀਆਂ ਨੀ
ਤੇਰਾ ਕਿਸੇ ਨਢੇ ਨਾਲ ਮੇਲ ਹੋਇਆ ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ
ਦਸ ਵਾਰਸਾ ਕਿਸ ਨਚੋਹੀਏਂ ਤੂੰ ਕਿਤੇ ਗੋਸ਼ੇ ਹੀ ਹੋਰੀਆਂ ਖੇਲੀਆਂ ਨੀ

516. ਉਹੁਹੀ, ਨਨਾਣ ਤੇ ਹੀਰ
ਸਭੋ ਮਲ ਦਲ ਸੁਟੀਏਂ ਵਾਂਗ ਫੁੱਲਾਂ ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ
ਕਿਸੇ ਜ਼ੁਅਮ ਭਰੇ ਫੜ ਨੱਪੀਏਂ ਤੂੰ ਧੜਕੇ ਕਾਲਜਾ ਪੌਂਦੀਆਂ ਤੇਲੀਆਂ ਨੇ
ਬਿਰ੍ਹਿਆ ਬਹੁਟੀਆ ਦਾ ਖੁੱਲਾ ਅੱਜ ਬਾਰਾ ਕੌਂਤਾਂ ਰਾਨੋਆਂ ਢਾ ਮਹੇਲੀਆਂ ਨੇ
ਕਿਸੇ ਲਈ ਹੁਸ਼ਨਾਕ ਨੇ ਜਿਤ ਬਾਜ਼ੀ ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ
ਸੂਬਾਦਾਰ ਨੇ ਕਿਲਏ ਨੂੰ ਢੋ ਤੋਪਾਂ ਕਰਕੇ ਜ਼ੇਰ ਰਈਤਾਂ ਮੇਲੀਆਂ ਨੇ
ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਜ਼ ਦਿੱਸਣ ਅੱਜ ਸੋਧੀਆਂ ਠਾਕਰਾਂ ਚੇਲੀਆਂ ਨੇ
ਅੱਜ ਨਹੀਂ ਇਆਲੀਆਂ ਖਬਰ ਲੱਧੀ ਬਘਿਆੜਾਂ ਨੇ ਰੋਲੀਆਂ ਛੇਲੀਆਂ ਨੇ
ਅੱਜ ਖੇਦੀਆਂ ਨੇ ਨਾਲ ਮਸਤੀਆਂ ਦੇ ਹਾਥੀ ਵਾਨਾਂ ਨੇ ਹਥਨੀਆਂ ਪੇਲੀਆਂ ਨੇ
ਛੁੱਟਾ ਝਾਂਜਰਾਂ ਬਾਜ਼ ਦੇ ਸੁਫੇ ਵਿੱਚੋਂ ਗਾਹ ਕਢੀਆਂ ਸਭ ਹਵੇਲੀਆਂ ਨੇ

517. ਉਹੀ, ਨਨਾਣ ਤੇ ਹੀਰ
ਜਿਵੇਂ ਸੂਹਣੇ ਆਦਮੀ ਫਿਰਨ ਬਾਹਰ ਕਿਚਰਕ ਜੌਲਤਾਂ ਰਹਿਨ ਛੁਪਾਈਆਂ ਨੇ
ਅੱਜ ਭਾਵੇਂ ਤਾਂ ਬਾਜ਼ ਵਿੱਚ ਈਦ ਹੋਈ ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ ਜਮ ਜਮ ਜਾਣ ਬਾਜ਼ੀਂ ਭਰਜਾਈਆਂ ਨੇ
ਵਸੇ ਬਾਜ਼ ਜੁੱਗਾਂ ਤਾਈਂ ਸਣੇ ਭਾਬੀ ਜਿੱਥੇ ਪੀਣ ਫਕੀਰ ਮਲਾਈਆਂ ਨੇ
ਖਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ
ਅੱਜ ਜੋ ਕੋਈ ਬਾਜ਼ ਵਿੱਚ ਜਾ ਵੜਿਆ ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ
ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ
ਅੱਜ ਸੁਰਮਚੂ ਪਾ ਕੇ ਛੈਲਿਆਂ ਨੇ ਸੁਰਮੇ ਦਾਨੀਆਂ ਖੂਹ ਹਲਾਈਆਂ ਨੇ
ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ ਭਰ ਭਰ ਪਾਉਂਦੇ ਰਹੇ ਸਲਾਈਆਂ ਨੇ
ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ ਜਿਉ ਆਈਆਂ ਭਾਬੀਆਂ ਆਈਆਂ ਨੇ
ਵਾਰਸ ਸ਼ਾਹ ਹੁਣ ਪਾਨੀਆਂ ਜ਼ੋਰ ਕੀਤਾ ਬਹੁਤ ਖੁਸ਼ੀ ਕੀਤੀ ਮਰਜ਼ਾਈਆਂ ਨੇ

518. ਉਹੁਹੀ, ਨਨਾਣ ਤੇ ਹੀਰ
ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ ਅੱਜ ਕਿਸੇ ਹੁਸ਼ਨਾਕ ਨੇ ਲੁੱਟ ਲੀਤੇ
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ ਨਾਫੇ ਮੁਸ਼ਕ ਵਾਲੇ ਦੋਂਵੇਂ ਪੁਟ ਲੀਤੇ
ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈ ਕਿਸੇ ਤੀਰ ਅੰਦਾਜ਼ ਨੇ ਚੁਟ ਲੀਤੇ
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ ਵਿੱਚੇ ਫੁਲ ਗੁਲਾਬ ਦੇ ਘੁਟ ਲੀਤੇ
ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ ਬੰਦ ਬੰਦ ਕਮਾਨ ਦੇ ਤਰੁਟ ਗਏ
ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ ਇਤਰ ਕਢ ਕੇ ਫੋਗ ਨੂੰ ਸੱਟ ਗਏ

519. ਉਹੁਹੀ, ਨਨਾਣ ਤੇ ਹੀਰ
ਤੇਰੀਹ ਗਾਧੀ ਨੂੰ ਅੱਜ ਕਿਸੇ ਧਕਿਆਈ ਕਿਸੇ ਅੱਜ ਤੇਰਾ ਖੂਹਾ ਗੇੜਿਆ ਈ
ਲਾਇਆ ਰੰਗ ਨਿਸੰਗ ਮਲੰਗ ਭਾਵੇਂ ਅੱਗ ਨਾਲ ਤੇਰੇ ਅੰਗ ਲਾਇਆ ਈ
ਲਾਹ ਚੀਨੀ ਦੁੱਧ ਦੀ ਦੇਗਚੀ ਦੀ ਕਿਸੇ ਅੱਜ ਮਲਾਈ ਨੂੰ ਛੇੜਿਆ ਈ
ਸੁਰਮੇ ਦਾਨੀ ਦਾ ਲਾਹ ਬਰੋਚਨਾ ਨੀ ਸੁਰਮੇ ਸੁਰਮਚੂ ਕਿਸੇ ਲਬੇੜਿਆ ਈ
ਵਾਰਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ ਇੱਕੇ ਨਵਾਂ ਹੀ ਕੋਈ ਸਹੇੜਿਆ ਈ

520. ਉਹੁਹੀ, ਨਨਾਣ ਤੇ ਹੀਰ
ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ ਜਿਵੇਂ ਨਦੀ ਦਾ ਨੀਰ ਉੱਛਲਿਆ ਈ
ਤੇਰੀ ਚੋਲੀ ਦੀਆਂ ਢਿੱਲੀਆਂ ਹੋਣ ਤਣੀਆਂ ਤੈਨੂੰ ਕਿਸੇ ਮਹਿਬੂਬ ਪੱਥਲਿਆ ਈ
ਕੁਫਲ ਜੰਦਰੇ ਤੋੜ ਕੇ ਚੋਰ ਵੜਿਆ ਅੱਜ ਬੀੜਾ ਕਸਤੂਰੀ ਦਾ ਹੱਲਿਆ ਈ
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ ਬੋਗ ਬੰਦ ਦੋ ਚੰਦ ਹੋ ਚੱਲਿਆ ਈ
ਸੁਰਖੀ ਹੇਠਾਂ ਦੀ ਕਿਸੇ ਨੇ ਚੂਪ ਲਈ ਅੰਬ ਸੱਖਣਾ ਮੋੜ ਕੇ ਘਲਿਆ ਈ
ਕਸਤੂਰੀ ਦੇ ਮਿਰਗ ਜਿਸ ਢਾ ਲਏ ਕੋਈ ਵੱਡਾ ਹੇੜੀ ਆ ਮਿਲਿਆ ਈ

ਔਖੇ ਲਫ਼ਜ਼ਾਂ ਦੇ ਮਾਅਨੇ

511
ਸਾਜ਼ ਬਣਾਈਏ। ਘਾੜਤ ਘੜੀਏ
ਬਹਿਰ। ਸਾਗਰ
ਕਸ਼ਾਇਸ਼। ਖੋਲਣਾ
ਸੂਰਾ ਇਖਲਾਸ। ਇਹ ਸੂਰਾ ਤਿੰਨ ਬਾਰੀ ਪੜ੍ਹਨ ਤੇ ਸਾਰੀ ਕੁਰਾਨ ਦਾ ਸਵਾਬ ਮਲਿਦਾ ਹੈ ਅਤੇ ਈਮਾਨ ਤਾਜ਼ਾ ਰਹਿੰਦਾ ਹੈ।
ਫਾਲ। ਸ਼ਗਨ
ਦੀਵਾਨ ਹਾਫਿਜ਼। ਦੀਵਾਨ ਹਾਫਿਜ਼ ਖੋਲ ਕੇ ਵੀ ਫਾਲ ਕੱਢਿਆ ਜਾਂਦਾ ਹੈ।
ਇਅਤਕਾਦ। ਯਕੀਨ
ਵੱਜ ਧਰਗ ਗਈ। ਨਗਾਰਾ ਵਜ ਗਿਆ, ਗੱਲ ਮਸ਼ਹੂਰ ਹੋ ਗਈ।
ਠਗਾਂ ਦੀ ਰਿਉੜੀ। ਨਸ਼ੇ ਵਾਲੀ ਰਿਉੜੀ
ਤਰੁਟਿਆਂ। ਜੁਦਾ ਹੋਇਆ, ਵਿਛੜਿਆਂ

513
ਵਰੀ ਚੜ੍ਹਾਈਏ। ਖੇਲ ਕੇ ਬਾਜ਼ੀ ਚੜ੍ਹਾਈਏ, ਉਹਦੇ
ਸਿਰ ਇਹਸਾਨ ਕਰੀਏ
ਡੌਲ। ਤਰੀਕਾ
ਪੀਰ ਮਨਾਈਏ। ਤਿੰਨੇ ਗੱਲਾਂ ਸੁਲਾਹ ਕਰਨ ਵਾਲੀਆਂ
ਹਨ: । 1. ਗਲ ਵਿੱਚ ਪੱਲਾ ਪਾਉਣਾ, 2. ਮੂੰਹ ਵਿੱਚ ਘਾਹ ਲੈਣਾ, 3. ਪੈਰੀਂ ਲੱਗਣਾ

514
ਰਾਇਬਾਂ, ਸੈਰਫਾਂ। ਦੇਖਣ ਪਰਖਣ ਵਾਲੀਆਂ ਗੁਆਂਢੀ ਔਰਤਾਂ
ਕਨੌਤੀਆਂ। ਕੰਨ
ਲਧਿਉ। ਲਭਿਉ

515
ਡੁੱਕਾਂ। ਹਥੇਲੀਆਂ
ਟੀਲੀਆਂ। ਘਿਸਰੀਆਂ
ਨਚੋਹੀ। ਨਚੋੜੀ

516
ਜ਼ੁਅਮ। ਜ਼ਰੂਰ
ਤੇਲੀ। ਪਸੀਨਾ
ਬਿਰ੍ਹਿਆਂ ਵਹੁਟੀ। ਬੀਰ ਬਹੁਟੀ, ਚੀਚ ਵਹੁਟੀ
ਬਾਰਾ ਖੁਲ੍ਹਨਾ। ਮੁਸ਼ਕਲ ਸੌਖੀ ਹੋਣੀ
ਜ਼ੇਰ। ਅਪਣੇ ਥੱਲੇ (ਮਤੀਅ) ਕਰਕੇ
ਛੇਲੀ। ਬਕਰੀ ਦੀ ਬੱਚੀ
ਸੁਫੇ। ਦਾਲਾਨ
ਗਾਹ ਕਢੀਆਂ। ਗਾਹ ਦਿੱਤੀਆਂ

517
ਸੂੰਹੇ। ਸੂਹ ਜਾਂ ਭੇਦ ਕੱਢਣ ਵਾਲੇ
ਕਿਚਰਕ। ਕਿੰਨੀ ਦੇਰ ਤੱਕ
ਪੁੰਨ। ਪੁੱਗੀ
ਖਾਕ ਤੋਦੇ। ਮਿੱਟੀ ਦੇ ਧੈੜੇ
ਛੈਲੇ। ਛੈਲਾ ਦਾ ਬਹੁ। ਵਚਨ, ਗਭਰੂ
ਆਬਦਾਰੀ। ਚਮਕ
ਜਿਊ ਆਈਆਂ। ਮਨਪਸੰਦ

518
ਨਾਫਾ। ਧੁੰਨੀ
ਮੁਸ਼ਕ। ਕਸਤੂਰੀ
ਨਾਫੇ ਮੁਸ਼ਕ। ਇਸ਼ਾਰਾ ਛਾਤੀਆਂ ਵੱਲ ਹੈ
ਚੁਟ। ਚੁੰਡ
ਕਸ਼ੀਸ਼। ਖਿਚ, ਕਸ਼ਿਸ਼
ਫੋਗ। ਖੁਸ਼ਕ ਗੁੱਦਾ

519
ਨਸੰਗ। ਬਿਨਾ ਸੰਗ (ਹਿਆ) ਦੇ
ਮਲੰਗ। ਫੱਕਰ
ਦੇਗਚੀ। ਪਤੀਲੀ
ਬਰੋਚਨਾ। ਢੱਕਣ

520
ਕੁਫਲ। ਜਿੰਦਰਾ
ਬੀੜ। ਢੱਕਣ
ਬੋਗਬੰਦ। ਗਿਲਾਫ
ਸਖਣਾ। ਖਾਲੀ
ਹਈਅੜੀ। ਸ਼ਿਕਾਰੀ

 

More

Your Name:
Your E-mail:
Subject:
Comments:


Powered by: PHPCow.com