کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੬੧੧-੬੨੦

ਹੀਰ ਵਾਰਸ ਸ਼ਾਹ : ਬੰਦ ੬੧੧-੬੨੦

ਵਾਰਸ ਸ਼ਾਹ

July 2nd, 2008

 

 

611. ਰਾਂਝੇ ਦਾ ਸਰਾਪ
ਰਾਂਝੇ ਹੱਥ ਉਠਾ ਦੁਆ ਮੰਗੀ ਤੇਰਾ ਨਾਮ ਕਹਾਰ ਜੱਬਾਰ ਸਾਈਂ
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ ਏਸ ਦੇਸ ਤੇ ਜ਼ੈਬ ਦਾ ਜ਼ਜ਼ਬ ਪਾਈ
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ ਕਿਵੇਂ ਮੁਝ ਜ਼ਰੀਬ ਭੀ ਦਾਦ ਪਾਈਂ
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ ਬੰਨੇ ਬੇੜੀਆਂ ਸਾਡੀਆਂ ਚਾ ਲਾਈਂ

612. ਉਹੁਹੀ (ਹਿੰਦੰਦੂ ਮਿਥਿਹਾਸ)
ਜਿਵੇਂ ਇੰਦ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪਰੀ ਲੁਟਵਾਇਆ ਈ
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ ਦੇਵ ਪੁਰੀ ਮੁਖ ਆਸਣ ਲਾਇਆ ਈ
ਰਿੱਕਤ ਬੀਜ ਮਹਿਘਸਰੋਂ ਲਾ ਸੱਭੇ ਪਰਚੰਡ ਕਰ ਪਲਕ ਵਿੱਚ ਆਇਆ ਈ
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਨ ਰਾਮ ਚੰਦ ਥੋਂ ਲੰਕ ਲੁਟਵਾਇਆ ਈ
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਥੋਂ ਚਖਾ ਬੂਹ ਦੇ ਵਿੱਚ ਕਰਵਾਇਆ ਈ
ਦ੍ਰੋਨਾਂ ਚਾਰਜੋਂ ਲਾਇਕੇ ਭੀਮ ਭੇਖਮ ਜਿਹੜਾ ਕੈਰਵਾਂ ਦੇ ਗਲ ਪਾਇਆ ਈ
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ ਨਾਲ ਨਖਾਂ ਦੇ ਢਿਡ ਪੜਵਾਇਆ ਈ
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ ਬੋਦੀ ਕਾਨ੍ਹ ਥੋਂ ਚਾ ਪਟਾਇਆ ਈ
ਘਤ ਕ੍ਰੋਪ ਜੋ ਪਾਇ ਕਲਖੇਤਰੇ ਨੂੰ ਕਈ ਖੂਹਣੀ ਸੈਨ ਗਲਵਾਇਆ ਈ
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਏ ਪਤ ਨਾਲ ਪਰ ਅੰਤ ਬਚਾਇਆ ਈ
ਘਤ ਕ੍ਰੋਪ ਜੋ ਰਾਮ ਦੀ ਬੈਠ ਗਤ ਮੋਂ ਸਰੂਪ ਨਖਾ ਬਿਨ ਨਕ ਕਟਵਾਇਆ ਈ
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ ਕੁੰਭ ਕਰਨ ਦੇ ਬਾਬਾ ਬਣਾਇਆ ਈ
ਘਤ ਕ੍ਰੋਪ ਜੋ ਰਾਮ ਨੇ ਕ੍ਰੋਧ ਕਰਕੇ ਬਲੀ ਸਿੰਘ ਦੀ ਖੇਡ ਮੁਕਾਇਆ ਈ
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ ਅਤੇ ਤਾਰਕਾ ਪਕੜ ਚਰਵਾਇਆ ਈ
ਘਤ ਕ੍ਰੋਪ ਸਬਾਹੂ ਮਰੀਖ ਮਾਰਿਉ ਮਹਾ ਦੇਵ ਦਾ ਕੁੰਢ ਭਨਾਇਆ ਈ
ਉਹ ਕ੍ਰੋਪ ਕਰ ਜਿਹੜਾ ਏਤਨਿਆਂ ਤੇ ਜੁਗਾ ਜੁਗ ਹੀ ਧੁੰਮ ਕਰਾਇਆ ਈ
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ ਧੁੰਮ ਰਾਜੇ ਦੇ ਪਾਸ ਫਿਰ ਆਇਆ ਈ
ਵਾਰਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ ਚਾਰੋਂ ਤਰਫ ਬੀ ਅੱਗ ਮਚਾਇਆ ਈ

613. ਸਾਰੇ ਸ਼ਹਿਰ ਨੂੰ ਅੱਗੱਗ ਲੱਗੱਗਣੀ
ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ ਸਭ ਝੁਘੀਆਂ ਝਾਹੀਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਖਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ
ਲੋਕਾਂ ਆਖਿਆ ਫਕਰ ਬਦ ਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਪਾਹੀਆਂ ਨੂੰ
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ ਖੇੜੇ ਫੜੇ ਨੇ ਦੇਖ ਲੈ ਕਾਹੀਆਂ ਨੂੰ
ਵਾਰਸ ਸੋਮ ਸਲਾਤ ਦੀ ਛੁਰੀ ਕੱਪੇ ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ

614. ਹੀਰ ਨੇ ਰਾਂਝੇ ਨੂੰ ਰੋਕਿਆ
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ ਕਰੀਂ ਜੋਗੀਆ ਖ਼ੈਰ ਦੁਆ ਮੀਆਂ
ਰਾਂਝਾ ਹੱਥ ਉਠਾ ਕੇ ਦੁਆ ਦਿੱਤੀ ਤੇਸ਼ੋ ਜ਼ੁਲ ਜਲਾਲ ਖੁਦਾ ਮੀਆਂ
ਤੇਰੇ ਹੁਕਮ ਤੇ ਮੁਲਕ ਤੇ ਖੈਰ ਹੋਵੇ ਤੇਰੀ ਦੂਰ ਹੋ ਕੁੱਲ ਬਲਾ ਮੀਆਂ
ਅੰਨ ਧੰਨ ਤੇ ਲਛਮੀ ਹੁਕਮ ਦੌਲਤ ਨਿਤ ਹੋਵਨੀ ਦੂਣ ਸਵਾ ਮੀਆਂ
ਘੋੜੇ ਊਠ ਹਾਥੀ ਦਮ ਤੋਪ ਖਾਨੇ ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਵਾਰਸ ਸ਼ਾਹ ਰਬ ਨਾਲ ਹਿਆ ਰੱਖੇ ਮੀਟੀ ਮੁਠ ਹੀ ਦੇ ਲੰਘਾ ਮੀਆਂ

615. ਉੱਤਰ ਰਾਂਝਾ
ਲੈ ਕੇ ਚਲਿਆ ਆਪਣੇ ਦੇਸ ਤਾਈਂ ਚਲ ਨੱਢੀਏ ਰੱਬ ਵਧਾਈ ਨੀ
ਚੌਧਰਾਣੀਏ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਆਣ ਬਹਾਈਂ ਨੀ
ਕਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ ਅਤੇ ਮੁਲਕ ਪਹਾੜ ਪਹੁੰਚਾਈਂ ਨੀ
ਹੀਰ ਆਖਿਆ ਐਵੇ ਜੇ ਜਾ ਵੜਸਾਂ ਰੰਨਾ ਆਖਸਨ ਉਧਲੇ ਆਈਂ ਨੀ
ਪੀਏ ਸਹੁਰੇ ਡੋਬ ਕੇ ਗਾਲਿਉ ਨੀ ਖੋਹ ਕੌਣ ਨਵਾਲੀਆਂ ਆਈਂ ਨੀ
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ ਐਵੇਂ ਬੋਦਲ ਹੋਇਕੇ ਆਈਂ ਨੀ
ਘਤ ਜਾਦੂੜਾ ਦੇਵ ਨੇ ਪਰੀ ਠੱਗੀ ਹੂਰ ਆਦਮੇ ਦੇ ਹੱਥ ਆਈ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਮਸਤਾਨੜੇ ਚਾਕ ਰਹਾਈ ਨੀ

616. ਪਹਾੜੀ ਔਰੌਰਤਾਂ ਦੀ ਗੱਲੱਲ ਬਾਤ
ਰੰਨਾਂ ਦੇਸ ਪਹਾੜ ਦੀ ਠੀਕਰੀ ਦੀਆਂ ਆਈਆਂ ਹੋ ਕੇ ਧੁੰਬਲਾ ਬੱਡਾ ਭਾਰਾ
ਰਾਜੇ ਮਾਹਣੂਆਂ ਜਿਉ ਕੌਣ ਸੇਵਕਣਾਂ ਕਦੇ ਪ੍ਰੇਮ ਦੀ ਝੋਕ ਥੀਂ ਜਿਉ ਮਹਾਰਾ
ਥਾਰੋ ਅਥਰੂ ਥਾਰ ਹੀ ਥਾਇ ਜਾਂਦੇ ਅਨਾ ਕੀਕਣੌ ਚੜ੍ਹਿਉ ਅਪਰਾਧ ਭਾਰਾ
ਐਡੋ ਵੀਨ ਆਧਾਨ ਗਲਾਇਕੇ ਤੇ ਮਹਾਰੇ ਦੇਸ ਕੋ ਲੁਟੀਏ ਜਾਨ ਕਾਰਾ
ਧਰਮੀ ਰਾਜੇ ਕੂੰ ਮਾਹਣੂਆਂ ਕਹਿ ਲਿਤੇ ਕੀ ਬੀ ਕਾਂਡ ਅੰਧੇਰੀ ਹੈ ਚੜ੍ਹੀ ਧਾੜਾ
ਬਹਿਰਮ ਗਲੇ ਕੂੰ ਪੀਰ ਪੰਚਾਲ ਭੀਤਰ ਬਲ੍ਹੋ ਘਾਟ ਕੂੰ ਕੁਬੜੇ ਚਲਣ ਹਾਰਾ
ਕਦੇ ਕਦੇ ਵੰਝੇਂ ਛੁੱਕੇ ਮਾਹਣੂਆਂ ਵੋ ਜੰਘੀਂ ਕਾਪ ਸੁਟੂੰ ਜਿਵੇਂ ਕੰਟ ਕਾਰਾ
ਕੀ ਬੀ ਲਾੜੀਆਂ ਕਬੀ ਗਲਾਈ ਮੰਡੀ ਵਾਰਸ ਕੌਣ ਕਵਰਾਜ ਕਰ ਖੇਡ ਧਾਰਾ

617. ਉਹੀ ਚਾਲੂ
ਥਾਰੋ ਸੁਸਰੋ ਕੌਣ ਕੀ, ਮਾਤ ਪਿਤਾ ਪਿਤਰ ਕਿਨ, ਕਿਨ ਹੋ ਬਦਾਈ ਕੋਲੜੋ ਰੀ
ਕਦੀ ਦਿਸ਼ਰੋ ਚੰਦਰ ਮੁਖ ਕਾਲ ਬੇਧੀ, ਏਰੋ ਲਾਗੜੋ ਭਟ ਕੰਨ ਖੱਲੜੋ ਰੀ
ਅਠਕੇਲੜੋ ਖੇਲ ਕਟਕਨੇ ਧਾਇਉ ਕਰ ਠਾਕ ਕਿਨ ਦੇਸ ਲੈ ਚਲੜੋ ਰੀ
ਧੂਨ ਧਾਰਕੇ ਕੀਲ ਲੈ ਧੌਂਸ ਧਾਂਕੋ ਸਰਵਸਿੱਆ ਬਸੁਰਤ ਅਲਵੜੋ ਰੀ

618. ਉੱਤਰ ਹੀਰ
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ ਹੀਰ ਆਖਿਆ ਦੇਖ ਲੈ ਜੂਹ ਮੀਆਂ
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ ਤਕਦੀਰ ਲਾਹੇ ਵਿੱਚ ਖੂਹ ਮੀਆਂ
ਜਦੋਂ ਜੰਜ ਆਈ ਘਰ ਖੇੜਿਆਂ ਦੀ ਤੂਫਾਨ ਆਇਆ ਸਿਰ ਨੂਹ ਮੀਆਂ
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ

619. ਸਿਆਲਾਂ ਨੂੰ ਖਬਰ ਹੋਣੋਣੀ
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ ਨਢੀ ਹੀਰ ਨੂੰ ਚਾਕ ਲੈ ਆਇਆ ਜੇ
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇ
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ ਜਾ ਕੇ ਚਾਕੜੇ ਨੂੰ ਘਰੀਂ ਲਿਆਇਆ ਜੇ
ਆਖੋ ਰਾਂਝਣੇ ਨੂੰ ਜੰਜ ਬਣਾ ਲਿਆਵੇ ਬਨ੍ਹ ਸਿਹਰੇ ਡੋਲੜੀ ਪਾਇਆ ਜੇ
ਜੋ ਕੁੱਝ ਹੈ ਨਸੀਬ ਸੋ ਦਾਜ ਦਾਮਨ ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ ਓਧਰੋਂ ਖੇੜਿਆਂ ਦਾ ਨਾਈ ਆਇਆ ਜੇ
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ ਕੋਈ ਖੈਰ ਦੇ ਪੇਚ ਨਾ ਪਾਇਆ ਜੇ
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ ਮੂੰਹ ਧੀ ਦਾ ਨਾ ਦਖਾਇਆ ਜੇ
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ ਕੇਹਾ ਦੇਸ ਤੇ ਪੁਛਨਾ ਲਾਇਆ ਜੇ
ਸਾਡੀ ਧੀ ਦਾ ਖੋਜ ਮੁਕਾਇਆ ਜੇ ਕੋਈ ਅਸਾਂ ਨੂੰ ਸਾਕ ਦਵਾਇਆ ਜੇ
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ ਮੁੜ ਫੇਰ ਨਾ ਅਸਾਂ ਵੱਲ ਆਇਆ ਜੇ
ਓੜਕ ਤੁਸਾਂ ਤੇ ਇਹ ਉਮੀਦ ਆਹੀ ਡੰਡੇ ਸੁਥਰਿਆਂ ਵਾਂਗ ਵਜਾਇਆ ਜੇ

620. ਹੀਰ ਨੂੰ ਘਰ ਲਿਆਉਣਾ
ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਰਾਂਝਨਾ ਨਾਲ ਹੀ ਘਰੇ ਮੰਗਾਇਉ ਨੇ
ਲਾਹ ਮੁੰਦਰਾਂ ਜਟਾਂ ਮੁਨਾ ਸੁਟੀਆਂ ਸਿਰ ਸੋਹਣੀ ਪਗ ਬਨ੍ਹਾਇਉ ਨੇ
ਘਿਨ ਘਤ ਉਤੇ ਖੰਡ ਦੁਧ ਚਾਵਲ ਅੱਗੇ ਰਖ ਪਲੰਗ ਬਹਾਇਉ ਨੇ
ਯਾਅਕੂਬ ਦੇ ਪਿਆਰੜੇ ਪੁਤ ਵਾਂਗੂ ਕਢ ਖੂਹ ਥੀਂ ਤਖਤ ਬਹਾਇਉ ਨੇ
ਜਾ ਭਾਈਆਂ ਦੀ ਜੰਜ ਜੋੜ ਲਿਆਵੀਂ ਅੰਦਰ ਵਾੜ ਕੇ ਬਹੁਤ ਸਮਝਾਇਉ ਨੇ
ਨਾਲ ਦੇ ਲਾਗੀ ਖੁਸ਼ੀ ਹੋ ਸਭਨਾਂ ਤਰਫ ਘਰਾਂ ਦੇ ਓਸ ਪਹੁੰਚਾਇਉ ਨੇ
ਭਾਈਚਾਰੇ ਨੂੰ ਮੇਲ ਬਹਾਇਉ ਨੇ ਸਭੋ ਹਾਲ ਅਹਿਵਾਲ ਸੁਣਾਇਉ ਨੇ
ਦੇਖੋ ਦਜ਼ੇ ਦੇ ਫੰਦ ਲਾਇਉ ਨੇ ਧੀਉ ਮਾਰਨ ਦਾ ਮਤਾ ਪਕਾਇਉ ਨੇ
ਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ ਦੇਖ ਨਵਾਂ ਪਖੰਡ ਰਚਾਇਉ ਨੇ

ਔਖੇ ਲਫ਼ਜ਼ਾਂ ਦੇ ਮਾਅਨੇ

611
ਕਹਾਰ। ਕਹਿਰ ਵਰਤਾਉਣ ਵਾਲਾ
ਜੱਬਾਰ। ਜਬਰ ਕਰਨੇ ਵਾਲਾ, ਜ਼ਾਲਮ
ਨਾਂਉ ਨਿਆਉਂ। ਅਪਣੇ ਨਾਮ ਨਾਲ ਇਨਸਾਫ ਕਰਨ ਲਈ

612
ਮਹਿਘਾਸਰ (ਮਹਿਖਾਸਰ)। ਸੰਢੇ ਦੀ ਸ਼ਕਲ ਦਾ ਇੱਥ ਦੈਂਤ ਜਿਹੜਾ ਰੰਭ ਦੈਂਤ ਦੇ ਵੀਰਜ ਨਾਲ ਮੱਝ ਦੇ ਪੇਟ ਤੋਂ ਜਨਮਿਆਂ। ਇਹਨੂੰ ਦੁਰਗਾ ਨੇ ਮਾਰਿਆ ਸੀ। ਚੰਡੀ ਦੀ ਵਾਰ ਵਿੱਚ ਵੀ ਇਹਦਾ ਨਾਉਂ ਆਉਂਦਾ ਹੈ, ''ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ"
ਸੁਰਗਾ ਪੁਰੀ, ਇੰਦਰਪੁਰੀ, ਅਮਰਪੁਰੀ, ਦੇਵ ਪੁਰੀ ਅਤੇ ਮਖੂ ਅਸਨ ਪੰਜ ਸਵਰਗ ਹਨ। ਮੇਘਾਸਰ ਨੇ ਬ੍ਰਹਮਾ ਦੀ ਪੂਜਾ ਕਰਕੇ ਪੰਜ ਸੁਰਗ ਉਸ ਤੋਂ ਵਰ ਵਿੱਚ ਪ੍ਰਾਪਤ ਕਰ ਲਏ ਸਨ।
ਭੱਦਰਕਾ। ਭੱਦਰ ਕਾਲੀ ਇੱਕ ਦੇਵੀ ਜਿਹਨੇ ਦੁਰਗਾ ਨਾਲ ਰਲ ਕੇ ਚੁੰਡ ਮੁੰਡ ਆਦਿ ਰਾਕਸ਼ਾਂ ਨੂੰ ਮਾਰਨ ਵਿੱਚ ਸਹਾਇਤਾ ਕੀਤੀ ਸੀ। ਇਹ ਨਾਮ ਦੁਰਗਾ ਲਈ ਆਮ ਵਰਤਿਆ ਜਾਂਦਾ ਹੈ।
ਛੰਡ ਮੁੰਡ। ਚੰਡ ਅਤੇ ਮੁੰਡ ਦੋ ਦੈਂਤ ਸਨ ਜਿਨ੍ਹਾਂ ਨੂੰ ਮਾਰਨ ਵਾਸਤੇ ਦੁਰਗਾ ਦੇਵੀ ਦੇ ਮਸਤਕ ਵਿੱਚੋਂ 'ਚਾ ਮੁੰਡਾ' ਨਾਮ ਦੀ ਦੇਵੀ ਪ੍ਰਗਟ ਹੋਈ ਸੀ। ਮਾਰਕੰਡੇ ਪਰਾਨ ਵਿੱਚ ਆਉਂਦਾ ਹੈ ਕਿ ਜਦੋਂ ਇਸ ਦੇਵੀ ਨੇ ਦੋਹਾਂ ਦੈਂਤਾਂ ਨੂੰ ਮਾਰ ਦਿੱਤਾ ਤਾਂ ਦੁਰਗਾ ਬਹੁਤ ਖੁਸ਼ ਹੋਈ।
ਰਕਤਬੀਜ। ਸ਼ੰਭੂ ਦਾ ਸੈਨਾਪਤਿ ਸੀ ਜਿਸ ਦੇ ਰਕਤ ਦੀਆਂ ਬੂੰਦਾਂ ਤੋਂ ਅਨੇਕਾਂ ਰਾਕਸ਼ ਪੈਦਾ ਹੋ ਜਾਂਦੇ ਸਨ। ਇਹਨੂੰ ਦੁਰਗਾ ਅਤੇ ਕਾਲੀ ਨੇ ਰਲ ਕੇ ਮਾਰਿਆ।
ਬਿਸ਼ਵਾ ਮਿੱਤਰ। ਤਕਦੀਰ ਨੇ ਬਿਸ਼ਵਾਮਿੱਤਰ ਦੇ ਹੱਥੋਂ ਵਸ਼ਿਸ਼ਟ ਜੋਗੀ ਦੇ 99 ਪੁੱਤਰ ਮਰਵਾ ਦਿੱਤੇ ਸਨ। ਤਕਦੀਰ ਲਈ ਇਹ ਕੰਮ ਕੇਵਲ ਇੱਕ ਖੇਡ ਸੀ।
ਕਰੋਪ। ਗੁੱਸਾ
ਦਰੋਨਾਚਾਰਜ। ਬ੍ਰਹਮਾਂ ਭਾਰਦਵਾਜ ਦੇ ਪੁੱਤਰ ਸਨ। ਅਸਲੀ ਨਾਮ। ਦਰੋਨ ਹੈ ਅਤੇ ਕੌਰਵਾਂ। ਪਾਂਡਵਾਂ ਦਾ ਗੁਰੂ ਹੋਣ ਦੇ ਨਾਤੇ ਇਸ ਨਾਲ 'ਅਚਾਰੀਯ' (ਉਸਤਾਦ) ਜੋੜ ਦਿੱਤਾ ਗਿਆ ਹੈ। ਮਹਾਂ ਭਾਰਤ ਯੁਧ ਵਿੱਚ ਇਹਨੇ ਕੌਰਵਾਂ ਦਾ ਸਾਥ ਦਿੱਤਾ। ਭੀਸ਼ਮ ਦੀ ਮੌਤ ਪਿੱਛੋਂ ਕਮਾਂਡਰ ਇਨ ਚੀਫ ਬਣ ਗਿਆ। ਆਪਣੇ ਪੁੱਤਰ ਦੀ ਮੌਤ ਪਿੱਛੋਂ ਉਹ ਵੀ ਮਾਰਿਆ ਗਿਆ।
ਦਰੋਪਦੀ। ਪੰਚਾਲ ਦੇ ਰਾਜਾ ਦਰੋਪਦ ਦੀ ਬੇਟੀ ਅਤੇ ਪੰਜਾਂ ਪਾਂਡਵਾਂ ਦੀ ਸਾਂਝੀ ਧਰਮਪਤਨੀ। ਉਹ ਹਸਤਨਾਪੁਰ ਸ਼ਹਿਰ ਵਿੱਚ ਜੂਏ ਵਿੱਚ ਦਰਯੋਧਨ ਕੋਲ ਇਹਨੂੰ ਹਾਰ ਗਏ। ਉਹਨੇ ਇਹਨੂੰ ਆਪਣੇ ਪੱਟ ਤੇ ਬੈਠਣ ਲਈ ਕਿਹਾ ਅਤੇ ਨਾਂਹ ਕਰਨ ਤੇ ਇਹਦੇ ਕੱਪੜੇ ਲਾਹ ਕੇ ਇਹਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਭਗਵਾਨ ਨੇ ਹਿਹਦੀ ਲਾਜ ਰੱਖਣ ਲਈ ਇਹਨੂੰ ਵਸਤਰ ਹੀਨ ਨਾ ਹੋਣ ਦਿੱਤਾ।
ਭੀਮ। ਪੰਜਾਂ ਭਰਾਵਾਂ ਵਿੱਚੋਂ ਇੱਕ ਭਰਾ ਬਹੁਤ ਸ਼ਕਤੀ ਵਾਲਾ ਸੀ। ਕਿਹਾ ਜਾਂਦਾ ਹੈ ਕਿ ਜਿਊਂਦੇ ਹਾਥੀ ਨੂੰ ਪੂਛ ਤੋਂ ਘੁਮਾਕੇ ਪੁਲਾੜ ਵਿੱਚ ਪੁਚਾ ਦਿੰਦਾ ਸੀ। ਮਹਾਂਭਾਰਤ ਵਿੱਚ ਇਹਨੇ ਦਰਧੋਦਨ ਦੀ ਟੰਗ ਦੀ ਪਿੰਨੀ ਤੋੜ ਦਿੱਤੀ ਸੀ ਅਤੇ ਉਹ ਮਰ ਗਿਆ ਸੀ।
ਭੀਸ਼ਮ ਪਤਾਮਾ। ਰਾਜਾ ਸ਼ਾਂਤੂ ਦਾ ਬੇਟਾ ਕੌਰੂ ਫੌਜ ਦਾ ਸਿਪਾਹ ਸਾਲਾਰ, ਮਹਾਂ ਭਾਰਤ ਦੇ ਯੁੱਧ ਵਿੱਚ ਇਹਨੇ ਅਰਜਨ ਤੇ ਹਮਲਾ ਕੀਤਾ ਸੀ। ਅਰਜਨ ਨੇ ਇਹਨੂੰ ਤੀਰਾਂ ਨਾਲ ਏਦਾ ਵਿਨ੍ਹਿਆ ਕਿ ਸਾਰੇ ਸਰੀਰ ਤੇ ਦੋ ਉਂਗਲੀਆਂ ਜਿੰਨੀ ਥਾਂ ਵੀ ਨਹੀਂ ਬਚੀ ਸੀ।
ਨਖਾਂ। ਨੁਹਾਂ
ਸਰੂਪ ਨਖਾ। ਰਾਮਾਇਨ ਦੀ ਕਥਾ ਵਿੱਚ ਰਾਵਨ ਦੀ ਭੈਣ ਜਿਹੜੀ 'ਡੰਡੌਕ' ਜੰਗਲ ਵਿੱਚ ਵਣਬਾਸੀ ਰਾਮਚੰਦਰ ਦੇ ਭਰਾ ਲਛਮਣ ਉਤੇ ਆਸ਼ਿਕ ਹੋ ਗਈ। ਰਾਮ ਚੰਦਰ ਦੇ ਇਸ਼ਾਰੇ ਤੇ ਲਛਮਣ ਨੇ ਉਹਦੇ ਕੰਨ ਅਤੇ ਨੱਕ ਕੱਟ ਦਿੱਤੇ। ਇਹਦਾ ਬਦਲਾ ਲੈਣ ਲਈ ਰਾਵਨ ਰਾਮਚੰਦਰ ਦੀ ਪਤਨੀ ਸੀਤਾ ਨੂੰ ਚੁਕ ਕੇ ਲੰਕਾ ਲੈ ਗਿਆ ਅਤੇ ਰਾਮ ਨੂੰ ਲੰਕਾ ਤੇ ਚੜ੍ਹਾਈ ਕਰਨੀ ਪਈ।
ਹਰਨਾਕਸ਼। ਮਹਾਂ ਭਾਰਤ ਅਨੁਸਾਰ ਇੱਕ ਦੈਂਤ ਜਿਸ ਨੇ ਸ਼ਿਵਜੀ ਪਾਸੋਂ ਦਸ ਲਖ ਸਾਲ ਲਈ ਤ੍ਰੈਲੋਕੀ ਦਾ ਰਾਜ ਪ੍ਰਾਪਤ ਕਰ ਲਿਆ ਸੀ। ਇਸ ਨੇ ਆਪਦੇ ਪੁੱਤਰ ਪ੍ਰਹਿਲਾਦ ਨੂੰ ਵਿਸ਼ਨੂੰ ਦਾ ਭਗਤ ਹੋਣ ਕਾਰਨ ਬਹੁਤ ਤਸੀਹੇ ਅਤੇ ਕਸ਼ਟ ਦਿੱਤੇ। ਅਖੀਰ ਵਿਸ਼ਨੂੰ ਨੇ ਨਰ। ਸਿੰਘ ਦਾ ਰੂਪ ਧਾਰ ਕੇ, ਹਰਨਕਸ਼ ਨੂੰ ਨੁਹਾਂ ਨਾਲ ਪਾੜ ਕੇ ਮਾਰ ਦਿੱਤਾ। ਗ੍ਰੰਥ ਸਾਹਿਬ ਵਿੱਚ ਵੀ ਇਸ ਬਾਰੇ ਫਰਮਾਇਆ ਹੈ। ''ਹਰਣਾਖਸੁ ਦੁਸਟੁ ਹਰਿ ਮਾਰਿਆ, ਕ੍ਰਹਿਲਾਦ ਤਰਾਇਆ" ਆਸਾ ਦੀ ਵਾਰ
ਕੁਲਖੇਤਰ। ਕੁਰੂਕਸ਼ੇਤਰ, ਦਿੱਲੀ ਲਾਗੇ ਇੱਕ ਮੈਦਾਨ ਜਿੱਥੇ ਮਹਾ ਭਾਰਤ ਦਾ ਯੁੱਧ ਹੋਇਆ। ਥਾਨੇਸਰ ਦੇ ਦੱਖਣ, ਪਾਣੀ ਪਤ ਲਾਗੇ ਹੈ
ਨਲ ਨੀਲ। ਰਾਜਾ ਰਾਮ ਚੰਦਰ ਦੀ ਮਦਦ ਵਿੱਚ ਕੁੰਭਕਰਨ ਅਤੇ ਰਾਵਨ ਨਾਲ ਲੜਨ ਵਾਲੀ ਬਾਨਰ ਕੌਮ ਦਾ ਰਾਜਾ ਸੀ ਤੇ ਵਿਸ਼ਵਕਰਮਾ ਦਾ ਪੁੱਤਰ ਸੀ। ਇਹਨੇ ਸਮੁੰਦਰ ਉਤੇ ਪੁਲ ਬਣਾਉਣ ਵਿੱਚ ਬਹੁਤ ਮਦਦ ਕੀਤੀ।
ਕੁੰਭ ਕਰਨ। ਰਾਵਨ ਦਾ ਸਕਾ ਭਰਾ ਸੀ। ਇਹ ਲਗਾਤਾਰ ਛੇ ਮਹੀਨੇ ਸੌਂਦਾ ਸੀ ਤੇ ਇੱਕ ਦਿਨ ਲਈ ਜਾਗਦਾ ਸੀ। ਜਦੋਂ ਰਾਵਨ ਅਤੇ ਰਾਮ ਦੀ ਜੰਗ ਲੱਗੀ ਤਾਂ ਕੁੰਭ ਕਰਨ ਦੋ ਹਜ਼ਾਰ ਸੁਰਾਹੀਆਂ ਪੀ ਕੇ ਹਨੂਮਾਨ ਦੇ ਸਾਮ੍ਹਣੇ ਆਇਆ। ਸੁਗ੍ਰੀਵ ਨੂੰ ਕੈਦੀ ਬਣਾ ਕੇ ਲੰਕਾ ਵਿੱਚ ਲੈ ਆਇਆ। ਦੂਜੀ ਵਾਰੀ ਫਿਰ ਜੰਗ ਵਿੱਚ ਗਿਆ ਪਰ ਇਸ ਵਾਰੀ ਰਾਮਚੰਦਰ ਨੇ ਇਹਦਾ ਸਿਰ ਵੱਢ ਦਿੱਤਾ।
ਬਲੀ ਸਿੰਧ। ਸਮੁੰਦਰ ਤਰਨ ਵਾਲਾ
ਬਾਲੀ। ਸਿਕਿੰਧਾ ਦਾ ਬਾਨਰ ਰਾਜਾ ਜਿਸ ਨੂੰ ਰਾਮਚੰਦਰ ਨੇ ਮਾਰ ਕੇ, ਉਸ ਦਾ ਰਾਜ, ਉਸ ਦੇ ਭਰਾ ਸੁਗ੍ਰੀਵ ਨੂੰ ਦੇ ਦਿੱਤਾ। ਸੁਗ੍ਰੀਵ ਰਾਮ ਜੀ ਦਾ ਮਿੱਤਰ ਸੀ। ਬਾਲੀ ਦੇ ਮਰਨ ਪਿੱਛੋਂ ਇਹਦੀ ਪਤਨੀ ਤਾਰਾ ਨੇ ਸੁਗ੍ਰੀਵ ਨਾਲ ਵਿਆਹ ਕਰਾ ਲਿਆ।
ਤਾਰਕਾ (ਤਾੜਕਾ)। ਇੱਕ ਦੈਂਤਨੀ ਸੀ ਜਿਹੜੀ ਸਮੰਦ ਦੀ ਬੇਟੀ ਆਤੇ ਮਰੀਖ ਦੀ ਮਾਂ ਸੀ। ਅਗਸਤ ਰਿਸ਼ੀ ਦੇ ਸਰਾਪ ਨਾਲ ਰਾਕਸ਼ਸ਼ ਬਣ ਗਈ। ਗੰਗਾ ਨਦੀ ਦੇ ਕੰਢੇ ਤਾਰਕਾ ਨਾਮੇ ਜੰਗਲ ਵਿੱਚ ਰਹਿੰਦੀ ਸੀ। ਇਹਨੇ ਆਲੇ ਦੁਆਲੇ ਦਾ ਸਾਰਾ ਇਲਾਕਾ ਉਜਾੜ ਦਿੱਤਾ ਸੀ। ਵਿਸ਼ਵਾ ਮਿੱਤਰ ਨੇ ਰਾਮਚੰਦਰ ਨੂੰ ਇਹਦੇ ਮਾਰਨ ਲਈ ਭੇਜਿਆ, ਰਾਮਚੰਦਰ ਨੇ ਇਹਦੀਆਂ ਦੋਨੋਂ ਬਾਹਾਂ ਵੱਢ ਦਿੱਤੀਆਂ। ਲਛਮਣ ਨੇ ਇਹਦੇ ਕੰਨ ਅਤੇ ਨੱਕ ਦਾ ਸਫਾਇਆ ਕੀਤਾ। ਫਿਰ ਰਾਮਚੰਦਰ ਨੇ ਇਹਨੂੰ ਮਾਰ ਦਿੱਤਾ।
ਸਬਾਹੂ। ਰਾਵਨ, ਸੁਹਣੀਆਂ ਬਾਹਾਂ ਵਾਲਾ
ਕੰਸ। (ਕੰਸ਼)। ਮਥੁਰਾ ਦੇ ਇੱਕ ਜ਼ਾਲਮ ਰਾਜਾ ਉੱਗਰਸੇ ਨ ਦਾ ਪੁੱਤਰ ਅਤੇ ਕ੍ਰਿਸ਼ਨ ਜੀ ਦੀ ਮਾਂ ਦੇਵਕਾ ਦੇ ਚਾਚੇ ਦਾ ਪੁੱਤ ਭਰਾ ਸੀ। ਇਸ ਨਾਤੇ ਕ੍ਰਿਸ਼ਨ ਜੀ ਦਾ ਮਾਮਾ ਸੀ। ਭਵਿੱਖ ਬਾਣੀ ਹੋਈ ਕਿ ਕੰਸ ਦੇ ਵਕੀ ਦੇ ਪੁੱਤਰ ਹੱਥੋਂ ਮਾਰਿਆ ਜਾਵੇਗਾ। ਇਸ ਨੇ ਦੇਵਕੀ ਦੇ ਸਾਰੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੱਤਵਾਂ ਬਾਲ ਬਲਰਾਮ ਗੋਕਲ ਵਿੱਚ ਚੋਰੀ ਭੇਜ ਦਿੱਤਾ ਜਿੱਥੇ ਉਸ ਨੂੰ ਰੋਹਣੀ ਨੇ ਪਾਲਿਆ। ਜਦੋਂ ਅਠਵੇਂ ਬੱਚੇ ਦਾ ਜਨਮ ਹੋਇਆ ਤਾਂ ਉਹਦੇ ਮਾਪੇ ਬਾਲਕ ਨੂੰ ਚੋਰੀ ਲੈ ਕੇ ਨੱਠ ਗਏ। ਕੰਸ ਕ੍ਰਿਸ਼ਨ ਦਾ ਵੱਡਾ ਦੋਖੀ ਬਣ ਗਿਆ ਅਤੇ ਅੰਤ ਕ੍ਰਿਸ਼ਨ ਦੇ ਹੱਥੋਂ ਮਾਰਿਆ ਗਿਆ।
ਮਹਾ ਦੇਵ। 'ਮਹਾਨ ਦੇਵਤਾ' ਹਿੰਦੂ ਤ੍ਰਿਮੂਰਤੀ ਦਾ ਤੀਜਾ ਦੇਵਤਾ, ਸ਼ਿਵਜੀ ਦੇਵਤਾ ਅਤੇ ਇਸਨੂੰ 'ਮਹਾਂ' ਦੇਵਤਾ ਵੀ ਕਹਿੰਦੇ ਹਨ। ਇਹ ਸ੍ਰਿਸ਼ਟੀ ਨੂੰ ਨਾਸ ਕਰਨ ਵਾਲਾ ਹੈ। ਅਜੇਹਾ ਕਰਨ ਲਈ ਇਹ 'ਤਾਂਡਵ' ਨਾਚ ਨੱਚਦਾ ਹੈ।
ਕੁੰਡ। ਚਲ੍ਹਾ, ਹੌਜ਼
ਮਰੀਚ। ਇੱਕ ਰਾਕਸ਼ ਜਿਹਨੇ ਵਿਸ਼ਵਾ ਮਿੱਤਰ ਦੇ ਯਗ ਵਿੱਚ ਦਖਲ ਦਿੱਤਾ ਤਾਂ ਰਾਮਚੰਦਰ ਨੇ ਇਹਦਾ ਮੁਕਾਬਲਾ ਕੀਤਾ।

613
ਝਾਹੀ। ਕੁੱਲੀ
ਜ਼ਬਤ। ਜ਼ਾਬਤਾ, ਕਾਨੂੰਨ
ਸੋਮ ਸਲਵਾਤ। ਰੋਜ਼ਾ ਨਮਾਜ਼

614
ਤੇਸ਼ੋਂ। ਰਾਜ਼ੀ ਕਰ
ਜ਼ੁਲਜਲਾਲ। ਰਬ
ਸਿੰਧ। ਸਮੁੰਦਰੋਂ ਪਾਰ

615
'ਉਧਲੇ ਆਈ ਨੀ'। ਨਿੱਕ ਕੇ ਆਈ, ਕੱਢ ਕੇ ਲਿਆਂਦੀ
ਅਕਦ। ਗੰਢ
ਅਕਦ ਨਕਾਹ। ਵਿਆਹ ਦੀ ਗੰਢ
ਬੋਦਲੀ। ਆਵਾਰਾ
ਚਾਕ ਰਹਾਈਂ। ਚਾਕ ਦੀ ਰਾਹੀ ਹੋਈ
ਬੋਦਲੀ। ਬੋਦਲੇ ਪੀਰ ਦੀ ਫਕੀਰਨੀ ਭਾਵ ਮੁਰੀਦਨੀ

616
ਠੀਕਰੀ। ਟਿੱਕਰੀ, ਖਿੱਤਾ
ਧੁੰਬਲਾ। ਟੋਲਾ
ਰਾਜਾ ਮਾਹਨੂ। ਰਸਪੂਤਨ ਵਰਗਾ ਨੌਸ਼ਹਿਰੇ ਦਾ ਇੱਕ
ਰਾਜਾ
ਥਾਰੋ। ਤੇਰੇ
ਅੱਥਰੂ। ਹੰਝੂ
ਥਾਰ ਥਾਰ। ਬਹੁਤ ਵਗਦੇ ਹਨ
ਉਨਾਂ ਕੀ। ਇਨਾਂ ਤੇ
ਐਡੋ। ਏਡਾ
ਆਧਾਨ। ਹਮਨ ਕਰਕੇ
ਗਲਾਇ ਕੇ। ਗੱਲਾਂ ਵਿੱਚ ਲਾਕੇ
ਜਾਣਕਾਰ। ਵਾਕਿਫ
ਕਬ ਬੀ। ਕਦੇ
ਕਾਂਡ। ਤਿੱਖੀ ਤੇਜ਼
ਬਹਿਰਮ ਗਿਲਾ। ਪਾਕਿਸਤਾਨੀ ਕਸ਼ਮੀਰ ਦਾ ਇੱਕ ਇਲਾਕਾ
ਛੁਕੇ। ਇੱਜੜ
ਕੰਟਕਾਰਾ। ਕੰਢਿਆਂ ਵਾਲੀ ਝਾੜੀ
ਲਾੜੀਆਂ ਤੇ ਮੰਡੀ। ਪੂਨਛ ਦੇ ਇਲਾਕੇ ਵਿੱਚ ਦੋ ਥਾਵਾਂ

617
ਬਦਾਈ। ਵਿਦਾ
ਦਿਸ਼ਰੋ। ਦਿਸਦਾ
ਭਟ। ਬ੍ਰਾਹਮਣ
ਕੰਨ ਖਲੜੋ। ਕੰਖਲ ਦੀਆਂ ਪਹਾੜੀਆਂ
ਕਾਲ ਬੇਧੂ। ਕਾਲਖ ਨੂੰ ਵਿਨ੍ਹਣ ਵਾਲਾ
ਠਾਕ। ਰੋਕ ਕੇ
ਧਾਗਿਉ। ਧਸ ਗਿਆ
ਠਾਗ। ਠਗ ਕੇ
ਧੌਂਸ। ਧਮਕੀ
ਥਰ ਹਰੀ। ਕਾਂਬਾਂ
ਕਨਖਣੇ। ਬਾਲਾਂ ਦੇ ਲਿਖਣ ਲਈ ਪੈਨਸਲ ਨਾਲ ਪਾਏ ਪੂਰਨੇ
ਬਸੁਰਤ। ਬੇਹੋਸ਼

618
ਲਾਹੇ। ਉਤਾਰੇ
ਧਰੂਹ। ਧੂਹ ਕੇ

619
ਮਾਹੀਆਂ। ਮਾਹੀ ਮੁੰਡਿਆਂ
ਫੂਹੀ। (ਪਾਣੀ ਦਾ) ਤੁਪਕਾ
ਦਾਜ ਦਾਮਨ। ਦਾਜ
ਪੀਚ। ਖਿਚ, ਗੰਢ
ਖੋਜ। ਖੁਰਾ ਖੋਜ, ਨਾਮ ਨਿਸ਼ਾਨ
ਸੁਥਰਿਆਂ ਵਾਂਗ ਡੰਡੇ ਵਜਾਉਣਾ। ਬਰਾਮਪਰ ਪਿੰਡ ਨਿਵਾਸੀ ਨੰਦੇ ਖਤਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆਂ, ਜਿਸ ਨੂੰ ਜੋਤਸ਼ੀਆਂ ਨੇ
ਵਿਘਨਕਾਰੀ ਕਹਿ ਕੇ ਬਾਹਰ ਸੁਟ ਦਿੱਤਾ। ਸ਼੍ਰੀ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਪਰਤ ਰਹੇ ਸਨ। ਉਨ੍ਹਾਂ ਨੇ ਬਾਲਕ ਨੂੰ ਦੇਖ ਕੇ ਸੰਭਾਲ ਲਿਆ ਅਤੇ ਬੜੇ ਯਤਨਾਂ ਨਾਲ ਪਾਲਿਆ। ਅਤੇ ਇਹਦਾ ਨਾਉ 'ਸੁਥਰਾ' ਰੱਖਿਆ। ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਰਿਹਾ। ਸੁਥਰੇਸ਼ਾਹ ਬੜਾ ਵਿਲਾਸੀ ਹੋਇਆ। ਇਸਦੀਆਂ ਹਾਸਰਸ ਦੀਆਂ ਬਹੁਤ ਕਹਾਣੀਆਂ ਮਸ਼ਹੂਰ ਹਨ। ਦਿੱਲੀ ਦੇ ਹਾਕਮਾਂ ਤੋਂ ਇਸਨੇ ਪੈਸਾ ਹੱਟੀ ਉਗਰਾਹਨ ਦਾ ਹੁਕਮ ਪ੍ਰਾਪਤ ਕੀਤਾ। ਹੁਣ ਸੁਥਰੇ ਸਿੱਖ ਧਰਮ ਭੁਲ ਗਏ ਹਨ ਅਤੇ ਡੰਡੇ ਵਜਾਕੇ ਹੱਟੀਆਂ ਤੋਂ ਮੰਗਕੇ ਖਾਂਦੇ ਹਨ।

620
ਯਾਕੂਬ ਦਾ ਪੁੱਤਰ। ਯੂਸਫ
ਫੰਦ। ਜਾਲ

 

More

Your Name:
Your E-mail:
Subject:
Comments:


Powered by: PHPCow.com