کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੬੨੧-੬੩੧

ਹੀਰ ਵਾਰਸ ਸ਼ਾਹ : ਬੰਦ ੬੨੧-੬੩੧

ਵਾਰਸ ਸ਼ਾਹ

July 2nd, 2008

 

 

621. ਰਾਂਝਾ ਤਖਤ ਹਜ਼ਾਰੇ ਆ ਗਿਆ
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ ਗੰਢ ਫੇਰਿਆ ਸੂ ਵਿੱਚ ਭਾਈਆਂ ਦੇ
ਸਾਰੋ ਕੋੜਮਾ ਆਇਕੇ ਗਿਰਦ ਹੋਇਆ ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ ਹੀਰ ਲਈ ਹੈ ਨਾਲ ਦੁਆਈਆਂ ਦੇ
ਜੰਜ ਜੋੜ ਕੇ ਰਾਂਝੇ ਤਿਆਰ ਕੀਤੀ ਟਮਕ ਚਾ ਬੱਧੇ ਮਗਰ ਨਾਈਆਂ ਦੇ
ਵਾਜੇ ਪਛਮੀ ਧਰਗਾਂ ਦੇ ਨਾਲ ਵੱਜਣ ਲਖ ਰੰਗ ਛੈਣੇ ਸਰਨਾਈਆਂ ਦੇ
ਵਾਰਸ ਸ਼ਾਹ ਵਸਾਹ ਕੀ ਜਿਊਣੇ ਦਾ ਬੰਦਾ ਬੱਕਰਾ ਹੱਥ ਕਸਾਈਆਂ ਦੇ

622. ਸਿਆਲਾਂ ਨੇ ਹੀਰ ਨੂੰ ਮਾਰਨ ਦੀ ਸਲਾਹ ਬਣਾਈ
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭਲੇ ਆਦਮੀ ਜ਼ੈਰਤਾਂ ਪਾਲਦੇ ਜੇ
ਯਾਰੋ ਗਲ ਮਸ਼ਹੂਰ ਜਹਾਨ ਉਤੇ ਸਾਨੂੰ ਮੇਹਣੇ ਹੀਰ ਲਿਆਲ ਦੇ ਜੀ
ਪਤ ਰਹੇ ਗੀ ਨਾ ਜੇ ਟੋਰ ਦਿੱਤੀ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਜੀ
ਫਟ ਜੀਭ ਦੇ ਕਾਲਕਾ ਬੇਟੀਆਂ ਦੀ ਐਬ ਜੂਆਂ ਦੇ ਮੇਹਣੇ ਗਾਲ ਦੇ ਜੀ
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ ਦਜ਼ਾ ਕਰਨ ਧਨ ਮਾਲ ਦਾ ਜੀ
ਕਬਰ ਵਿੱਚ ਦੇਵਸ ਖ਼ਨਜ਼ੀਰ ਹੋ ਸਨ ਜਿਹੜੇ ਲਾੜ੍ਹ ਕਰਨ ਧਨ ਮਾਲ ਦੇ ਜੀ
ਔਰਤ ਆਪਣੀ ਕੋਲ ਜੇ ਜ਼ੈਰ ਦੇਖਣ ਜ਼ੈਰਤ ਕਰਨ ਨਾ ਓਸ ਦੇ ਹਾਲ ਦੇ ਜੀ
ਮੂੰਹ ਤਿੰਨਾਂ ਦਾ ਦੇਖਣਾ ਖੂਕ ਵਾਂਗੂੰ ਕਤਲ ਕਰਨ ਰਜਫੀਕ ਜੋ ਨਾਲ ਦੇ ਜੀ
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਏ ਅਮਲ ਕਰੇ ਜੇ ਉਹ ਚੰਡਾਲ ਦੇ ਜੀ
ਹੋਏ ਚੂਹੜਾ ਤਰਕ ਹਰਾਮ ਮੁਸਲਮ ਮੁਸਲਮਾਨ ਸਭ ਓਸ ਦੇ ਨਾਲ ਦੇ ਜੀ
ਦੌਲਤਮੰਦ ਦੇਵਸ ਦੀ ਤਰਕ ਸੁਹਬਤ ਮਗਰ ਲੱਗੀਏ ਨੇਕ ਕੰਗਾਲ ਦੇ ਜੀ
ਕੋਈ ਕਚਕਰਾ ਲਾਅਲ ਨਾ ਹੋ ਜਾਂਦਾ ਜੇ ਪਰੋਈ ਨਾਲ ਉਹ ਲਾਅਲ ਦੇ ਜੀ
ਜ਼ਹਿਰ ਦੇ ਕੇ ਮਾਰੀਏ ਨਢੜੀ ਨੂੰ ਗੁਨਾਹਗਾਰ ਹੋ ਜ਼ੁਲਜਲਾਲ ਦੇ ਜੀ
ਮਾਰ ਸੁਟਿਆ ਹੀਰ ਨੂੰ ਮਾਪਿਆਂ ਨੇ ਇਹ ਪੇਖਨੇ ਓਸ ਦੇ ਖਿਆਲ ਦੇ ਜੀ
ਬਦ ਅਮਲੀਆਂ' ਜਿਨ੍ਹਾਂ ਥੋਂ ਕਰੇਂ ਚੋਰੀ ਮਹਿਰਮ ਤਰੇ ਵਾਲ ਵਾਲ ਦੇ ਜੀ
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ ਅਸਾਂ ਆਸਰੇ ਫਜ਼ਲ ਕਮਾਲ ਦੇ ਜੀ
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੇਂਗੇ ਵਾਰਸ ਸ਼ਾਹ ਫਕੀਰ ਦੇ ਨਾਲ ਦੇ ਜੀ

623. ਹੀਰ ਦੀ ਮੌਤੌਤ ਦੀ ਖਬਰ ਰਾਂਝੇ ਨੂੰ ਦੇਣੇਣੀ
ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫਨ ਕੇ ਖਤ ਲਿਖਾਇਆ ਈ
ਵਲੀ ਜ਼ੌਸ ਤੇ ਕੁਤਬ ਸਭ ਖਤਮ ਹੋਏ ਮੌਤ ਸੱਚ ਹੈ ਰਬ ਫਰਮਾਇਆ ਈ
'ਕੱਲੂ ਸ਼ਈਇਨ ਹਾਲੇਕੁਨ ਇੱਲਾ ਵਜ ਹਾ ਹੂ' ਹੁਕਮ ਵਿੱਚ ਕੁਰਆਨ ਦੇ ਆਇਆ ਈ
ਅਸਾਂ ਸਬਰ ਕੀਤਾ ਸਤੁਸਾਂ ਸਬਰ ਕਰਨਾ ਇਹ ਧਰੋਂ ਹੀ ਹੁੰਦੜਾ ਆਇਆ ਈ
ਅਸਾਂ ਹੋਰ ਉਮੀਦ ਸੀ ਹੋਰ ਹੋਈ ਖਾਲੀ ਜਾਏ ਉਮੀਦ ਫਰਮਾਇਆ ਜੀ
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼ ਲਿਖ ਆਦਮੀ ਤੁਰਤ ਭਜਾਇਆ ਈ
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ ਖਤ ਰੋਇਕੇ ਹੱਥ ਫੜਾਇਆ ਈ
ਇਹ ਰੋਵਨਾ ਖਬਰ ਕੀ ਲਿਆਇਆ ਏ ਮੂੰਹ ਕਾਸ ਥੋਂ ਬੁਰਾ ਬਣਾਇਆ ਈ
ਮਾਅਜ਼ੂਲ ਹੋਇਉਂ ਤਖਤ ਜ਼ਿੰਦਗੀ ਥੋਂ ਪਰਮਾਨ ਤਜ਼ੱਈਅਰ ਦਾ ਆਇਆ ਈ
ਮੇਰੇ ਮਾਲ ਨੂੰ ਖੈਰ ਹੈ ਕਾਸਦਾ ਓ ਆਖ ਕਾਸਨੂੰ ਡੁਸਕਣਾ ਲਾਇਆ ਈ
ਤੇਰੇ ਮਾਲ ਨੂੰ ਧਾੜਵੀ ਉਹ ਪਿਆ ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਜਾਇਆ ਈ
ਵਾਰਸ ਸ਼ਾਹ ਮੀਆਂ ਗੱਲ ਠੀਕ ਜਾਣੀਂ ਤੈਥੇ ਕੂਚ ਦਾ ਉੱਦਮੀਂ ਆਇਆ ਈ

624. ਰਾਂਝੇ ਨੇ ਆਹ ਮਾਰੀ
ਰਾਂਝੇ ਵਾਂਗ ਫਰਹਾਦ ਦੇ ਆਹ ਕੱਢੀ ਜਾਨ ਗਈ ਸੂ ਹੋ ਹਵਾ ਮੀਆਂ
ਦੋਵੇਂ ਦਾਰੇ ਫਨਾ ਥੀਂ ਗਏ ਸਾਬਤ ਜਾ ਰੁੱਪੇ ਨੇ ਦਾਰ ਬਕਾ ਮੀਆਂ
ਦਵੇਂ ਰਾਹ ਮਜਾਜ਼ ਦੇ ਰਹੇ ਸਾਬਤ ਨਾਲ ਸਿਦਕ ਦੇ ਗਏ ਵਹਾ ਮੀਆਂ
ਵਾਰਸ ਸ਼ਾਹ ਇਸ ਖਾਬ ਸਰਾਏ ਅੰਦਰ ਕਈ ਵਾਜੜੇ ਗਏ ਵਦਾ ਮੀਆਂ

625. ਉਹੀ ਚਲਦਾ
ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ ਏਥੇ ਆਲ੍ਹਣਾ ਕਿਸੇ ਨਾ ਪਾਇਆ ਈ
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾ ਸਾਥ ਲਦਾਇਆ ਈ
ਵੱਡੀ ਉਮਰ ਆਵਾਜ਼ ਔਲਾਦ ਵਾਲਾ ਜਿਸ ਨੂਹ ਤੂਫਾਨ ਮੰਗਵਾਇਆ ਈ
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਈ
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ ਸ਼ਿਅਰ ਬਹੁਤ ਮਰਜ਼ੂਬ ਬਣਾਇਆ ਈ
ਵਾਰਸ ਸ਼ਾਹ ਲੋਕ ਕਮਲਿਆਂ ਨੂੰ ਕਿੱਸਾ ਜੋੜਾ ਹੁਸ਼ਿਆਰ ਸੁਣਾਇਆ ਈ


626. ਹਿਜਰੀ ਸੰਮੰਮਤ 1180, ਤਾਰੀਖ 1823 ਬਿਕਰਮੀ
ਸਨ ਯਾਰਾਂ ਸੈ ਅੱਸੀਆਂ ਨਬੀ ਹਿਜਰਤ ਲੰਮੇ ਦੇਸ ਦੇ ਵਿੱਚ ਤਿਆਰ ਹੋਈ
ਅਠਾਰਾਂ ਸੈ ਤਰੇਈਆਂ ਸਮਤਾਂ ਦਾ ਰਾਜੇ ਬਿਕਰਮਜੀਤ ਦੀ ਸਾਰ ਹੋਈ
ਜਦੋਂ ਦੇਸ ਤੇ ਜਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ
ਅਸ਼ਰਾਫੂ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ
ਚੋਰ ਚੌਧਰੀ ਯਾਰਨੀ ਪਾਕ ਦਾਮਨ ਭੂਤ ਮੰਡਲੀ ਇੱਕ ਥੋਂ ਚਾਰ ਹੋਈ
ਵਾਰਸ ਸ਼ਾਹ ਨੇ ਆਖਿਆ ਪਾਕ ਕਲਮਾ ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋ

627. ਸ਼ਾਇਰ ਦਾ ਕਥਨ
ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਤਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ
ਪੜ੍ਹਣ ਗਭਰੂ ਦਿਲੀਂ ਵਿੱਚ ਖੁਸ਼ੀਂ ਹੋ ਕੇ ਫੁਲ ਬੀਜਿਆ ਵਾਸਤੇ ਬਾਸ ਦੇ ਮੈਂ
ਵਾਰਸ ਸ਼ਾਹ ਨਾ ਅਮਲ ਦੀ ਰਾਸ ਮੈਥੇ ਕਰਾਂ ਮਾਨ ਨਮਾਨੜਾ ਕਾਸ ਦੇ ਮੈਂ

628. ਉਹੀ ਚਾਲੂ
ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏ
ਇਹਨਾਂ ਮੋਮਨਾਂ ਖੌਫ ਈਮਾਨ ਦਾ ਹੈ ਅਤੇ ਹਾਜੀਆਂ ਬੈਤ ਮਾਅਮੂਰ ਦਾ ਏ
ਸੂਬਾ ਦਾਰ ਨੂੰ ਤਲਬ ਸਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਏ
ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਏ
ਸਾਨੂੰ ਸ਼ਰਮ ਹਿਆ ਦਾ ਖੌਫ਼ ਰਹਿੰਦਾ ਜਿਵੇਂ ਮੂਸਾ ਨੂੰ ਖੌਫ ਕੋਹ ਤੂਰ ਦਾ ਏ
ਇਹਨਾਂ ਜ਼ਾਜ਼ੀਆਂ ਕਰਮ ਬਹਿਸ਼ਤ ਹੋਵੇ ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ
ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ ਜਿਵੇਂ ਢੋਲ ਸੁਹਾਵਨਾ ਦੂਰ ਦਾ ਏ
ਵਾਰਸ ਸ਼ਾਹ ਵਸਨੀਕ ਜੰਡਿਆਲੜੇ ਦਾ ਸ਼ਾਗਿਰਦ ਮਖਦੂਮ ਕਸੂਰ ਦਾ ਏ
ਰਬ ਆਬਰੂ ਨਾਲ ਈਮਾਨ ਬਖਸ਼ੇ ਸਾਨੂੰ ਆਸਰਾ ਫਜ਼ਲ ਜ਼ਫੂਰ ਦਾ ਏ
ਵਾਰਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ ਆਪ ਬਖਸ਼ ਲਕਾ ਹਜ਼ੂਰ ਦਾ ਏ
ਵਾਰਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ ਕਰਮ ਹੋਵੇ ਜੇ ਰਬ ਸ਼ੁਕਰ ਦਾ ਏ
ਵਾਰਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ ਹਿੱਸਾ ਬਖਸ਼ਣਾ ਆਪਣੇ ਨੂਰ ਦਾ ਏ

629. ਕਿਤਾਬ ਦਾ ਭੋਗੋਗ
ਖਤਮ ਰਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ
ਐਸਾ ਸਿਅਰ ਕੀਤਾ ਪੁਰਮਜ਼ਜ਼ ਮੋਜ਼ੂੰ ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ
ਤੂਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ
ਤਮਸੀਲ ਦੇ ਨਾਲ ਬਣਾਇ ਕਹਿਆ ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ ਵਾਹ ਵਾਹ ਸਭ ਖਲਕ ਪੁਕਾਰਦੀ ਸੀ
ਵਾਰਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ

630. ਉਹੀ
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ ਪੜ੍ਹਣ ਵਾਲਿਆਂ ਕਰੀਂ ਅਤਾ ਸਾਈ
ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ ਜ਼ੌਕ ਤੇ ਸ਼ੌਕ ਦਾ ਚਾ ਸਾਈਂ
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ ਮੀਟੀ ਮੁਠ ਹੀ ਦੇਈਂ ਲੰਘਾ ਸਾਈ
ਵਾਰਸ ਸ਼ਾਹ ਤਮਾਮੀਆਂ ਮੋਮਨਾਂ ਨੂੰ ਦੇਈਂ ਦੀਨ ਈਮਾਨ ਲਿਕਾ ਸਾਈਂ

631. ਸ਼ਾਇਰ ਦਾ ਕਥਨ
ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲਨਾਥ ਏਹ ਪੀਰ ਬਣਾਇਆ ਈ
ਪੰਜ ਪੀਰ ਹਵਾਸ ਇਹ ਪੰਜ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈ
ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ ਇਆਲ ਮੁਨਕਰ ਨਕੀਰ ਠਹਿਰਾਇਆ ਈ
ਕੋਠਾ ਗੋਰ ਅਜ਼ਰਾਈਲ ਹੈ ਇਹ ਖੇੜਾ ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ ਜਿਸ ਨੇ ਵਿੱਚ ਦੀਵਾਨ ਫੜਾਇਆ ਈ
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ ਜਿੰਨ੍ਹਾਂ ਨਾਲ ਪੈਵੰਦ ਬਣਾਇਆ ਈ
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਈ
ਜਿਹੜਾ ਬੋਲਦਾ ਨਾਤਕਾ ਵੰਝਲੀ ਹੈ ਜਿਸ ਹੋਸ਼ ਦਾ ਰਾਗ ਸੁਣਾਇਆ ਈ
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ
ਜੋਗੀ ਹੈ ਔਰਤ ਕੰਨ ਪਾੜ ਜਿਸ ਨੇ ਸਭ ਅੰਗ ਭਬੂਤ ਰਮਾਇਆ ਈ
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ ਗੋਰ ਕਾਲੜਾ ਬਾਗ ਬਣਾਇਆ ਈ
ਤ੍ਰਿੰਜਨ ਇਹ ਬਦ ਅਮਲੀਆਂ ਤੇਰੀਆਂ ਨੇ ਕਢ ਕਬਰ ਥੀਂ ਦੋਜ਼ਖੇ ਪਾਇਆ ਈ
ਉਹ ਮਸੀਤ ਹੈ ਮਾਂਉ ਦੇ ਸ਼ਿਕਮ ਬੰਦੇ ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ
ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ ਜਿਸ ਹੀਰ ਈਮਾਨ ਦਵਾਇਆ ਈ
ਵਾਰਸ ਸ਼ਾਹ ਮੀਆਂ ਬੇੜੀ ਪਾਰ ਤੇਰੀ ਕਲਮਾ ਪਾਕ ਜ਼ਬਾਨ ਤੋ ਆਇਆ ਈ

ਔਖੇ ਲਫ਼ਜ਼ਾਂ ਦੇ ਮਾਅਨੇ

621
ਗੰਢ ਫੇਰੀ। ਵਿਆਹ ਦਾ ਸੱਤਾ ਦਿੱਤਾ
ਕੋੜਮਾ। ਖਾਨਦਾਨ
ਧਰਗ। ਢੋਲ
ਸਰਨਾਈਆਂ। ਬੈਗ ਪਾਈਪਾਂ, ਬੀਨਾਂ, ਮਸ਼ਕ ਵਰਗੀਆਂ ਬੀਨਾਂ

622
ਜ਼ੈਰਤ। ਅਣਖ
ਮਹੀਂਵਾਲ। ਮਝਾਂ ਚਾਰਨ ਵਾਲਾ
ਐਬਜੂ। ਨੁਕਸ ਭਾਲਣ ਵਾਲਾ
ਦੇਵਸ। ਬੇਗੈਰਤ
ਖਨੀਜ਼। ਸੂਰ
ਲਾੜ੍ਹ। ਬਦਫਿਅਲੀ, ਭੋਗ, ਸੂਰ ਨੂੰ ਜਦੋਂ ਸ਼ਹਿਵਤ ਆਉਂਦੀ ਹੈ ਤਾਂ ਮਾਂ ਭੈਣ ਨਾਲ ਵੀ ਭੋਗ ਕਰਦਾ ਹੈ।
ਖੂਕ। ਸੂਰ
ਧਨ। ਔਰਤ
ਰਫੀਕ। ਸਾਥੀ
ਚੰਡਾਲ। ਜ਼ਾਲਮ
ਤਰਕ ਹਰਾਮ। ਹਰਾਮ ਖਾਣਾ ਛਡ ਦੇਵੇ
ਬਦ ਅਮਲੀਆਂ। ਮਾੜੇ ਕੰਮ ਕਰਨ ਵਾਲਿਆਂ

623
ਜਨ ਬਹੱਕ ਤਸਲੀਮ। ਮਰ ਗਈ
ਕੁੱਲੂ ਸ਼ੱਈਇਨ ਹਾਲੇ ਕੁਲ ਇੱਲਾ ਵਜਹਾਹੂ। ਹਰ ਸ਼ੈ ਹਲਾਕ ਹੋ ਜਾਏਗੀ ਸਿਵਾ ਉਸ ਦੇ ਜਿਹਦੇ ਵਲ ਰਬ ਦੀ ਤਵੱਜੁ ਹੈ।
ਹਲਾਕ ਹੋ ਜਾਵੇਗੀ। ਮਰ ਜਾਏ ਗੀ।
ਮਾਅਜ਼ੂਲ ਹੋਇਉ ਤਖਤ। ਗੱਦੀ ਤੋਂ ਲਾਹ ਦਿੱਤਾ
ਫਰਮਾਨ। ਹੁਕਮ
ਤਗੱਈਅਰ। ਬਦਲੀ
ਡੁਸਕਣਾ। ਰੋਂਦਾ (ਕਿਊਂ ਏ?)
ਕੂਚ ਦਾ ਉੱਦਮੀਂ। ਏਥੋਂ ਕੂਚ ਕਰਨ ਦੇ ਹੁਕਮ ਤੇ ਜ਼ਬਰਦਸਤੀ ਅਮਲ ਕਰਾਉਣ ਵਾਲਾ

624
ਦਾਰ। ਏ। ਫਨਾ। ਮੌਤ ਦਾ ਘਰ, ਇਹ ਦੁਨੀਆਂ
ਦਾਰ। ਏ। ਬਕਾ। ਅਮਰ ਘਰ, ਸਦਾ ਰਹਿਣ ਵਾਲੀ ਦੁਨੀਆਂ, ਅਗਲਾ ਜਹਾਨ
ਰਾਹ ਮਜਾਜ਼। ਇਸ਼ਕ ਮਜਾਜ਼ੀ ਭਾਵ ਪਿਆਰ ਦੇ ਰਾਹ
ਸਾਬਤ। ਕਾਇਮ, ਪੱਕੇ
ਵਹਾ ਗਏ। ਕਟ ਗਏ

625
ਸਾਥ ਲਦਾਇਆ। ਨਾਲ ਨਹੀਂ ਲੈ ਗਏ
ਅਵਾਜ਼ ਵਾਲਾ। ਪ੍ਰਸਿੱਧ
ਤੂਫਾਨ ਮੰਗਵਾਇਆ। ਮੰਗ ਕੇ ਤੁਫਾਨ ਲਿਆ
ਮਰਜ਼ੂਬ। ਸੁਹਣਾ

626
ਲੰਮਾ ਦੇਸ਼। ਪੰਜਾਬ (ਪਾਕਿਸਤਾਨ) ਦਾ ਦੱਢਣ ਪੱਛਮ ਦਾ ਇਲਾਕਾ
ਦੇਸ ਤੇ ਜਟ ਸਰਦਾਰ ਹੋਏ। ਆਦੀਨਾ ਬੇਗ ਦੀ ਮੌਤ 1758 ਈ. ਪਿੱਛੋਂ ਸਿੱਖ ਸਰਦਾਰਾਂ ਦੀਆਂ 12 ਮਿਸਲਾਂ। 1762 ਵਿੱਚ ਮਲਕਾ ਹਾਂਸ ਦਾ ਸਰਦਾਰ ਮਹੰਮਦ ਅਜ਼ੀਮ ਸੀ, ਉਹਦੇ ਉਤੇ ਅਤੇ 1766 ਵਿੱਚ ਸੂਬਾ ਮੁਲਤਾਨ ਉਤੇ ਸਰਦਾਰ ਝੰਡਾ ਸਿੰਘ ਗੰਡਾ ਸਿੰਘ ਨੇ ਹਮਲਾ ਕੀਤਾ ਅਤੇ ਇਹ ਇਲਾਕੇ ਮੁਹੰਮਦ ਅਜ਼ਮੀ ਤੋਂ ਖੋਹ ਲਏ।
ਅਸ਼ਰਾਫ। ਸ਼ਰੀਫ ਦਾ ਬਹੁ। ਵਚਨ, ਭਲੇਮਾਣਸ
ਖਰਾਬ। ਬਰਬਾਦ
ਤਾਜ਼ੇ। ਤਰੱਕੀ ਤੇ
ਭੂਤ ਮੰਡਲੀ। ਬੁਰੇ ਲੋਕ
ਆਕਬਤ। ਅਖੀਰ, ਅੰਤ

627
ਮਲਕਾ ਹਾਂਸ। ਪਾਕਪਟਨ ਸਾਹੀਵਾਲ ਸੜ੍ਹਕ ਤੇ ਪਾਕਪਟਨ ਤੋਂ 9 ਮੀਲ ਦੂਰ ਇੱਕ ਪੁਰਾਣਾ ਕਸਬਾ ਹੈ ਜਿਸਦੇ ਵਿੱਚ ਮਹੱਲਾ ਉੱਚਾ ਟਿੱਬਾ ਦੀ ਮਸੀਤ ਵਿੱਚ ਬੈਠ ਕੇ ਵਾਰਸ ਸ਼ਾਹ ਨੇ ਕਿੱਸਾ ਹੀਰ ਪੂਰਾ ਕੀਤਾ। ਇਸ ਪਿੰਡ ਦਾ ਪੰਜਾਬੀ ਸਾਹਿਤ ਵਿੱਚ ਇੱਕ ਖਾਸ ਥਾਂ ਹੈ।
ਰਾਸ। ਰਾਸਤ ਦਾ ਛੋਟਾ ਕੀਤਾ ਸ਼ਬਦ ਜਿਵੇਂ ''ਰਾਹ ਰਾਸਤ" ਤੋਂ ਰਹੁ। ਰਾਸ
ਨਖਾਸ। ਮੰਡੀ
ਖੁਸ਼ੀਂ। ਖੁਸ਼
ਬਾਸ। ਮਹਿਕ
ਰਾਸ। ਦੌਲਤ
ਕਾਸ ਦੇ। ਕਿਸ ਤੇ

628
ਨਾਕਸੀ। ਘਟ ਅਕਲ, ਨੁਕਸਾਂ, ਊਣਤਾਈਆਂ
ਹਸ਼ਰ ਦਾ ਸੂਰ। ਕਿਆਮਤ ਦੇ ਬਿਗਲ
ਮੋਮਨ। ਮੁਸਲਮਾਨ
ਬੈਤ ਮਾਮੂਰ। ਖਾਨਾ ਕਾਅਬਾ ਦੇ ਉਤੇ ਰਬ ਦਾ ਘਰ ਜਿੱਥੇ ਫਰਿਸ਼ਤੇ ਭਜਨ ਬੰਦਗੀ ਕਰਦੇ ਹਨ।
ਹਾਜੀ। ਹੱਜ ਕਰਨ ਵਾਲੇ
ਤਲਬ। ਤਨਖਾਹ
ਕਸੂਰ। ਕਸਰ ਦਾ ਬਹੁ। ਵਚਨ, ਕਿਲਾ, ਮਹਲ ਇੱਕ ਸ਼ਹਿਰ ਦਾ ਨਾਉ (ਨਹੀਂ ਤੇਰਾ ਨਸ਼ੇਮਨ ਕਸਰ-ਏ- ਸੁਲਤਾਨੀ ਕੇ ਗੁੰਬਦ ਪਰ ਤੂ ਸ਼ਾਹੀਂ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋ ਪਰ। ਡਾ. ਇਕਬਾਲ)
ਹਜ਼ਰਤ ਮੂਸਾ। ਉਮਰਾਨ ਦਾ ਪੁੱਤਰ ਤੇ ਯਹੂਦੀਆਂ ਦਾ ਰਸੂਲ। ਇਨ੍ਹਾਂ ਨੂੰ 'ਤੌਰੇਤ' ਰੱਬ ਵੱਲੋਂ ਨਾਜ਼ਲ ਹੋਈ। ਏਮਨ ਦੀ ਵਾਦੀ (ਘਾਟੀ) ਵਿੱਚੋਂ ਲੰਘ ਕੇ ਇਹ ਕੋਹ ਤੂਰ (ਸੇਨਾਈ ਪਰਬਤ) ਉਤੇਅੱਗ ਲੈਣ ਗਏ। ਓਥੋਂ ਇਹਨੇ ਰੱਬ ਨੂੰ ਕਿਹਾ। ''ਰੱਬੇ ਅਰਨੀ"। ''ਐ ਰੱਬ ਮੈਨੂੰ ਆਪਣਾ ਆਪ ਦਿਖਾ"। ਰਬ ਵਲੋਂ ਆਵਾਜ਼ ਆਈ, ''ਲਨ ਤੁਰਾਨੀ। ਭਾਵ ਤੂੰ ਮੈਨੂੰ ਨਹੀਂ ਦੇਖ ਸਕਦਾ" ਅਤੇ ਅੱਗ ਦਾ ਵੱਡਾ ਭਬਾਕਾ ਉਠਿਆ ਜਿਸ ਨਾਲ ਉਹ ਬੇਹੋਸ਼ ਹੋ ਗਿਆ। ਫਰਔਨ ਨੇ ਹਜ਼ਰਤ ਮੂਸਾ ਨੂੰ ਮਾਰਨਾ ਚਾਹਿਆ ਤੇ ਆਪਣੀ ਫੌਜ ਭੇਜੀ। ਮੂਸਾ ਨੀਲ ਦਰਿਆ ਵਿੱਚ ਜਾ ਨਿਕਲਿਆ ਤੇ ਸਮੇਤ ਸਾਥੀਆਂ ਦੇ ਪਾਰ ਹੋ ਗਿਆ। ਫਰਔਨ ਦੀ ਫੌਜ ਦਰਿਆ ਵਿੱਚ ਹੀ ਜ਼ਰਕ ਹੋ ਗਈ।
ਇਸ ਦੇ ਕੋਲ ਇੱਥ ਸੋਟਾ ਹੁੰਦਾ ਸੀ ਜਿਹੜਾ ਧਰਤ ਤੇ ਸੁੱਟਣ ਨਾਲ ਵੱਡਾ ਸੱਪ ਬਣ ਜਾਂਦਾ ਸੀ। ਇਸ ਸੋਟੇ ਨੇ ਸਾਮਰੀ ਦੇ ਸੋਨੇ ਦੇ ਵੱਛੇ ਨੂੰ ਨਿਗਲ ਲਿਆ ਤੇ ਸਾਮਰੀ ਦੇ ਜਾਦੂ ਦਾ ਭੇਦ ਉਘਾੜ ਦਿੱਤਾ।
ਜ਼ਾਜ਼ੀ। ਕਾਫਰਾਂ ਨਾਲ ਲੜਨ ਵਾਲਾ, ਜਿਹੜਾ ਗਾਜ਼ੀ ਲੜਦਾ ਹੋਇਆ ਮਰ ਜਾਏ ਉਹ ਸ਼ਹੀਦ ਬਣਦਾ ਹੈ ਅਤੇ ਉਹਨੂੰ ਸੁਰਗ ਵਿੱਚ ਹੂਰਾਂ ਮਿਲਦੀਆਂ ਹਨ।
ਮਖਦੂਮ। ਆਕਾ, ਮਾਲਕ, ਪੀਰ
ਆਬਰੂ। ਇੱਜ਼ਤ
ਗਫੂਰ। ਮੁਆਫ ਕਰਨ ਵਾਲਾ
ਟਾਂਕ। ਚਾਰ ਤੋਲੇ ਭਾਰ ਤੋਲਣ ਦਾ ਵੱਟਾ ਜੋ ਕੀਮਤੀ ਵਸਤਾਂ ਹੀਰੇ ਜਵਾਹਰਾਤ ਤੋਲਣ ਲਈ ਵਰਤਿਆ ਜਾਂਦਾ ਸੀ।
ਲਕਾ। ਚਿਹਰਾ, ਦੀਦਾਰ
ਜੁਮਲਿਆਂ। ਸਾਰਿਆਂ
ਕਰਮ। ਮਿਹਰਬਾਲੀ, ਕਿਰਪਾ, ਗਰੇਸ, ''ਕਰਮ ਮਿਲਾਵਨਹਾਰ" ਗੁਰੂ ਗ੍ਰੰਥ ਸਾਹਿਬ
ਪੁਰ ਮਜ਼ਜ਼। ਠੋਸ, ਲਹਣਾ
ਮੌਜ਼ੂ ਕੀਤਾ। ਬਣਾਇਆ, ਲਿਖਿਆ, ਸੋਧਿਆ
ਸ਼ਹਿਵਾਰ। ਬਾਦਸ਼ਾਹਾਂ ਲਾਇਕ
ਤੂਲ ਖੋਲ ਕੇ। ਵਿਸਥਾਰ ਨਾਲ
ਮਿਆਨ। ਅੰਦਰ, ਵਿਸ਼ੇ ਦਾ
ਤਮਸੀਲ। ਉਦਾਹਰਲ ਦੇ ਕੇ, ਦ੍ਰਿਸ਼ਟਾਂਤ,
ਦੂਹਰੇ ਭਾਵ ਵਾਲੀ ਕਵਿਤਾ
ਬਣਾਇ। ਸਜਾ ਕੇ
ਜ਼ੀਨਤ। ਸਜਾਵਟ
ਖੁਰਸੰਦ। ਖੁਸ਼, ਪ੍ਰਸੰਨ
ਸਿਕ। ਖਾਹਿਸ਼
ਅਤਾ ਕਰੀਂ। ਮਿਹਰਬਾਨੀ ਨਾਲ ਕੁੱਝ ਤੁਹਫਾ ਦੇਈਂ ਜ਼ੌਕ ਤੇ ਸ਼ੌਕ। ਸ਼ਾਇਰ ਰੱਬ ਕੋਲ ਅਰਦਾਸ ਕਰਦਾ ਹੈ ਕਿ ''ਹੀਰ" ਪੜ੍ਹਣ, ਸੁਣਨ ਵਾਲਿਆਂ ਦਾ ਜ਼ੌਰ (ਸ਼ੌਕ, ਮੱਸ) ਅਤੇ ਖੁਸ਼ੀ ਕਾਇਮ ਰੱਖੀਂ। ਡਾਕਟਰ
ਇਕਬਾਲ ਨੇ ਵੀ ਇੱਕ ਥਾਂ ਕਿਹਾ ਹੈ: ।
॥ ਜੋ ਹੋ ਜ਼ੌਕ। ਏ। ਯਕੀਂ ਪੈਦਾ ਤੋ ਕਟ ਜਾਤੀ ਹੈਂ ਜ਼ੰਜੀਰੇਂ" (ਬਾਲੇ ਜਬਰੀਲ) ਭਾਵ ਕਿ ਜੇ ਭਰੋਸੇ (ਸਵੈ। ਭਰੋਸੇ) ਦਾ ਮੱਸ ਪੈਦਾ ਹੋ ਜਾਵੇ ਤਾਂ ਜ਼ੰਜੀਰਾਂ ਕਟ ਜਾਂਦੀਆਂ ਹਨ। ਸ਼ੌਕ ਦੇ ਸਬੰਧ ਵਿੱਚ ਇੱਕ ਸ਼ਿਅਰ ਰੱਬ ਨੂੰ ਮਖਾਤਬ ਕਰਕੇ ਕਿਹਾ ਗਿਆ ਹੋ:
ਨਾ ਪੁੱਜਣ ਤਿਰੇ ਫਰਿਸ਼ਤੇ ਕਦੇ ਸ਼ੌਕ ਦੋ ਸਥਾਨੀਂ ਇਹ
ਕੰਮ ਉਨ੍ਹਾਂ ਦਾ ਕੇਵਲ ਜਿਹੜੇ ਹੌਸਲਾ ਨਿਰੇ ਹਨ'

631
ਥਾਪਨਾ ਲਾਇਆ। ਥਾਪੀ ਦਿੱਤੀ
ਮੁਨਕਰ ਅਤੇ ਨਕੀਰ। ਦੋ ਫਰਿਸ਼ਤੇ ਜਿਹੜੇ ਹਰ ਵੇਲੇ ਬੰਦੇ ਦੇ ਚੰਗੇ ਮੰਦੇ ਕੰਮ ਦਾ ਹਿਸਾਬ ਰੱਖਦੇ ਹਨ।
ਮਲਊਨ। ਰੱਦ ਕੀਤਾ ਹੋਹਿਆ, ਬਰਾਦਰੀ ਵਿੱਚੋਂ ਸੇ ਕਿਆ ਹੋਇਆ
ਪੈਵੰਦ। ਰਿਸ਼ਤਾ, ਜੋੜ
ਨਾਤਕਾ। ਬੋਲਣ ਸ਼ਕਤੀ
ਭੇੜ। ਝਗੜਾ
ਸ਼ਹਿਵਤ। ਜਿਣਸੀ ਭੁਖ ਤੇ ਲਾਲਸਾ
ਨੇਕ ਅਮਲ। ਭਲੇ ਕੰਮ
ਸ਼ਿਕਮ। ਪੇਟ, ਗਰਭ।
ਸ਼ਬ ਰੂਜ਼। ਦਿਨ ਰਾਤ

 

More

Your Name:
Your E-mail:
Subject:
Comments:


Powered by: PHPCow.com